ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 817

ਬਿਲਾਵਲੁ ਮਹਲਾ ੫ ॥ ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥ ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥੧॥ ਰਹਾਉ ॥ ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥ ਸਾਧਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥੧॥ ਜਿਸੁ ਸਿਮਰਤ ਸੁਖੁ ਪਾਈਐ ਬਿਨਸੈ ਬਿਓਗੁ ॥ ਨਾਨਕ ਪ੍ਰਭ ਸਰਣਾਗਤੀ ਕਰਣ ਕਾਰਣ ਜੋਗੁ ॥੨॥੩੪॥੬੪॥ {ਪੰਨਾ 817}

ਪਦਅਰਥ: ਆਰਾਧੀਐਆਰਾਧਨਾ ਕਰਨੀ ਚਾਹੀਦੀ ਹੈ। ਹੋਈਐਹੋ ਜਾਈਦਾ ਹੈ। ਆਰੋਗਅਰੋਗ, ਨਰੋਏ। ਲਸਟੀਕਾਲਾਠੀ, ਸੋਟੀ, ਰਾਜਦੰਡ। ਜਿਨਿਜਿਸ (ਹਰਿਆਰਾਧਨ) ਨੇ। ਮਾਰਿਆਮੁਕਾ ਦਿੱਤਾ।੧।ਰਹਾਉ।

ਜਾਪੀਐਜਪਣਾ ਚਾਹੀਦਾ ਹੈ। ਨਿਤਸਦਾ। ਕੀਚੈਕਰ ਸਕੀਦਾ ਹੈ। ਭੋਗੁਆਤਮਕ ਆਨੰਦ। ਕੈ ਵਾਰਣੈਤੋਂ ਸਦਕੇ। ਸੰਜੋਗਮਿਲਾਪ ਦਾ ਅਵਸਰ।੧।

ਪਾਈਐਪਾ ਲਈਦਾ ਹੈ। ਬਿਓਗੁਵਿਛੋੜਾ। ਸਰਣਾਗਤੀਸਰਨ ਪੈਣਾ ਚਾਹੀਦਾ ਹੈ। ਜੋਗੁਸਮਰੱਥ। ਕਰਣ ਕਾਰਣ ਜੋਗੁਜਗਤ ਦੀ ਰਚਨਾ ਕਰਨ ਦੇ ਸਮਰੱਥ।੨।

ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਵਿਕਾਰ ਆਦਿਕ) ਰੋਗਾਂ ਤੋਂ ਰਹਿਤ ਹੋ ਜਾਈਦਾ ਹੈ। ਇਹ ਸਿਮਰਨ ਹੀ ਸ੍ਰੀ ਰਾਮਚੰਦ੍ਰ ਜੀ ਦੀ ਸੋਟੀ ਹੈ (ਜਿਸ ਸੋਟੀ ਦੇ ਡਰ ਕਰਕੇ ਕੋਈ ਦੁਸ਼ਟ ਸਿਰ ਨਹੀਂ ਚੁੱਕ ਸਕਦਾ ਸੀ)ਇਸ (ਸਿਮਰਨ) ਨੇ (ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ) ਰੋਗ ਦੂਰ ਕਰ ਦਿੱਤਾ ਹੈ।੧।

ਹੇ ਭਾਈ! ਪੂਰੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਅਤੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। (ਇਸ ਤਰ੍ਹਾਂ) ਸਦਾ ਆਤਮਕ ਆਨੰਦ ਮਾਣ ਸਕੀਦਾ ਹੈ। ਗੁਰੂ ਦੀ ਸੰਗਤਿ ਤੋਂ ਕੁਰਬਾਨ ਜਾਣਾ ਚਾਹੀਦਾ ਹੈ (ਸਾਧ ਸੰਗਤਿ ਦੀ ਕਿਰਪਾ ਨਾਲ) ਪਰਮਾਤਮਾ ਦੇ ਮਿਲਾਪ ਦਾ ਅਵਸਰ ਬਣਦਾ ਹੈ।੧।

ਹੇ ਨਾਨਕ! ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਜੋ ਜਗਤ ਦੀ ਰਚਨਾ ਕਰਨ ਦੇ ਸਮਰੱਥ ਹੈ, ਜਿਸ ਦਾ ਸਿਮਰਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਪ੍ਰਭੂ ਨਾਲੋਂ ਵਿਛੋੜਾ ਦੂਰ ਹੋ ਜਾਂਦਾ ਹੈ।੨।੩੪।੬੪।

ਨੋਟ: ਇਹ ਉਪਰਲਾ ਸੰਗ੍ਰਹ ੩੪ ਸ਼ਬਦਾਂ ਦਾ ਹੈ। ਇਸ ਵਿਚ ਪਹਿਲੇ ੩੩ ਚਉਪਦੇ (ਚਾਰ ਬੰਦਾਂ ਵਾਲੇ ਸ਼ਬਦ) ਹਨ, ਅਖ਼ੀਰਲਾ ਸ਼ਬਦ ਦੋ ਬੰਦਾਂ ਵਾਲਾ ਹੈ।

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫    ੴ ਸਤਿਗੁਰ ਪ੍ਰਸਾਦਿ ॥ ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥ {ਪੰਨਾ 817}

ਨੋਟ: ਦੁਪਦੇ-ਦੋ ਬੰਦਾਂ ਵਾਲੇ ਸ਼ਬਦ।

ਪਦਅਰਥ: ਅਵਰਿ—{ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ ਸਾਰੇ। ਉਪਾਵ—{ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਜਤਨ। ਸਭਿਸਾਰੇ। ਦਾਰੂਦਵਾਈ। ਸੀਤਲਸ਼ਾਂਤ। ਭਇਆਹੋ ਗਿਆ।੧।

ਆਰਾਧਿਆਹਿਰਦੇ ਵਿਚ ਵਸਾਇਆ। ਸਗਲਾਸਾਰਾ। ਰਾਖਨਹਾਰੈਰੱਖ ਸਕਣ ਵਾਲੇ ਪ੍ਰਭੂ ਨੇ। ਕਰਿਕਰ ਕੇ। ਮਇਆਦਇਆ।੧।ਰਹਾਉ।

ਪਕੜਿਫੜ ਕੇ। ਪ੍ਰਭਿਪ੍ਰਭੂ ਨੇ। ਅਪਨਇਆਆਪਣਾ। ਸਿਮਰਿਸਿਮਰ ਕੇ। ਨਿਰਭਇਆਨਿਰਭਉ।੨।

ਅਰਥ: ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, (ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ।੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ, ਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ।੧।

(ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ।੨।੧।੬੫।

ਬਿਲਾਵਲੁ ਮਹਲਾ ੫ ॥ ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥ ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ ਹਾਨਿ ॥੧॥ ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥ ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥੧॥ ਰਹਾਉ ॥ਸਰਣਿ ਪਰੇ ਚਰਣਾਰਬਿੰਦ ਜਨ ਪ੍ਰਭ ਕੇ ਪ੍ਰਾਨ ॥ ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥੨॥੨॥੬੬॥ {ਪੰਨਾ 817}

ਪਦਅਰਥ: ਕਰੁਹੱਥ {ਇਕ-ਵਚਨ}ਧਾਰਿਧਰ ਕੇ। ਮਸਤਕਿਮੱਥੇ ਉੱਤੇ। ਥਾਪਿਆਥਾਪਣਾ ਦਿੱਤੀ। ਦਾਨਿਦਾਨ ਦੇ ਤੌਰ ਤੇ। ਤਾ ਕੀਉਸ (ਸੇਵਾ) ਦਾ। ਹਾਨਿਨੁਕਸਾਨ।੧।

ਆਪੇਆਪ ਹੀ। ਆਨਿਇੱਜ਼ਤ, ਲਾਜ। ਚਿਤਵਹਿਚਿਤਵਦੇ ਹਨ, ਮਨ ਵਿਚ ਧਾਰਦੇ ਹਨ। ਲੇਤਾ ਮਾਨਿਮੰਨ ਲੈਂਦਾ ਹੈ।੧।ਰਹਾਉ।

ਚਰਣਾਰਬਿੰਦ—{ਚਰਣਅਰਬਿੰਦ। ਅਰਬਿੰਦਕੌਲਫੁੱਲ} ਕੌਲ ਫੁੱਲ ਵਰਗੇ ਸੋਹਣੇ ਚਰਨ। ਪ੍ਰਾਨਜਿੰਦ (ਵਰਗੇ ਪਿਆਰੇ)ਸਹਜਿਆਤਮਕ ਅਡੋਲਤਾ ਵਿਚ। ਸੁਭਾਇਪ੍ਰੇਮ ਵਿਚ। ਸਮਾਨਲੀਨ ਹੋ ਜਾਂਦੀ ਹੈ। ਜੋਤੀਪਰਮਾਤਮਾ।੨।

ਅਰਥ: ਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਹੀ ਬਚਾਂਦਾ ਹੈ। ਪਰਮਾਤਮਾ ਦੇ ਭਗਤ ਜੋ ਕੁਝ ਆਪਣੇ ਮਨ ਵਿਚ ਧਾਰਦੇ ਹਨ, ਪਰਮਾਤਮਾ ਉਹੀ ਕੁਝ ਮੰਨ ਲੈਂਦਾ ਹੈ।੧।ਰਹਾਉ।

ਹੇ ਭਾਈ! (ਪ੍ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ। ਹੇ ਭਾਈ! ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ, ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ ਜਾਂਦੀ।੧।

ਹੇ ਭਾਈ! ਜੇਹੜੇ ਸੰਤ ਜਨ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਨੂੰ ਜਿੰਦ ਵਰਗੇ ਪਿਆਰੇ ਹੋ ਜਾਂਦੇ ਹਨ। ਹੇ ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਜਾਂਦੇ ਹਨ। ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।੨।੨।੬੬।

ਨੋਟ: ਦੋ ਬੰਦਾਂ ਵਾਲੇ ਸ਼ਬਦਾਂ ਦੇ ਇਸ ਨਵੇਂ ਸੰਗ੍ਰਹ ਦਾ ਇਹ ਦੂਜਾ ਸ਼ਬਦ ਹੈ।

ਬਿਲਾਵਲੁ ਮਹਲਾ ੫ ॥ ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥ ਪ੍ਰਭ ਸਰਣਾਗਤਿ ਜਨ ਪਰੇ ਤਾ ਕਾ ਸਦ ਪਰਤਾਪੁ ॥੧॥ ਰਾਖਨਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ॥ ਰਾਮ ਰਾਜ ਰਾਮਦਾਸ ਪੁਰਿ ਕੀਨ੍ਹ੍ਹੇ ਗੁਰਦੇਵ ॥੧॥ ਰਹਾਉ ॥ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ ਲਾਗੈ ॥ ਨਾਨਕ ਨਾਮੁ ਸਲਾਹੀਐ ਭਇ ਦੁਸਮਨ ਭਾਗੈ ॥੨॥੩॥੬੭॥ {ਪੰਨਾ 817}

ਪਦਅਰਥ: ਪ੍ਰਭਿਪ੍ਰਭੂ ਨੇ। ਤਾ ਕਾ—(ਪ੍ਰਭੂ) ਦਾ।੧।

ਰਾਖਨਹਾਰਰੱਖਿਆ ਕਰਨ ਦੀ ਸਮਰੱਥਾ ਵਾਲਾ। ਤਾ ਕੀ ਸੇਵਉਸ (ਪ੍ਰਭੂ) ਦੀ ਸੇਵਾਭਗਤੀ। ਨਿਰਮਲਪਵਿੱਤਰ। ਰਾਮਦਾਸ ਪੁਰਿਰਾਮ ਦੇ ਦਾਸਾਂ ਦੇ ਸ਼ਹਿਰ ਵਿਚ, ਸਤਸੰਗੀਆਂ ਦੇ ਟਿਕਣ ਵਾਲੇ ਥਾਂ ਵਿਚ, ਸਾਧ ਸੰਗਤਿ ਵਿਚ। ਰਾਮ ਰਾਜਰੂਹਾਨੀ ਰਾਜ।੧।ਰਹਾਉ।

ਸਲਾਹੀਐਸਲਾਹੁਣਾ ਚਾਹੀਦਾ ਹੈ। ਭਾਇਭੈ, (ਨਾਮ ਤੋਂ) ਡਰ ਨਾਲ।੨।

ਅਰਥ: ਹੇ ਭਾਈ! ਗੁਰੂ ਨੇ ਸਾਧ ਸੰਗਤਿ ਵਿਚ ਰੂਹਾਨੀ ਰਾਜ ਕਾਇਮ ਕਰ ਦਿੱਤਾ ਹੈ। ਪ੍ਰਭੂ ਬੇਅੰਤ ਅਤੇ ਰੱਖਿਆ ਕਰਨ ਦੇ ਸਮਰੱਥ ਹੈ, (ਸਾਧ ਸੰਗਤਿ ਵਿਚ ਟਿਕ ਕੇ ਕੀਤੀ ਹੋਈ) ਉਸ ਦੀ ਸੇਵਾ-ਭਗਤੀ (ਜੀਵਨ ਨੂੰ) ਪਵਿੱਤਰ (ਬਣਾ ਦੇਂਦੀ ਹੈ)੧।ਰਹਾਉ।

ਹੇ ਭਾਈ! (ਜਿਨ੍ਹਾਂ ਸੇਵਕਾਂ ਨੂੰ ਸਾਧ ਸੰਗਤਿ ਵਿਚ) ਪ੍ਰਭੂ ਨੇ ਆਪ ਆਪਣੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ, ਉਹ ਸੇਵਕ ਉਸ ਦਾ ਸਦਾ ਕਾਇਮ ਰਹਿਣ ਵਾਲਾ ਪਰਤਾਪ ਵੇਖ ਕੇ ਉਸ ਦੀ ਸਰਨ ਪਏ ਰਹਿੰਦੇ ਹਨ।੧।

ਹੇ ਨਾਨਕ! (ਸਾਧ ਸੰਗਤਿ ਵਿਚ ਟਿਕ ਕੇ) ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ (ਇਸ ਤਰ੍ਹਾਂ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ। ਪਰਮਾਤਮਾ ਦੇ ਨਾਮ ਦੀ ਵਡਿਆਈ ਕਰਨੀ ਚਾਹੀਦੀ ਹੈ (ਪ੍ਰਭੂ ਦੇ) ਡਰ ਦੇ ਕਾਰਨ (ਕਾਮਾਦਿਕ) ਸਾਰੇ ਵੈਰੀ ਨੱਸ ਜਾਂਦੇ ਹਨ।੨।੩।੬੭।

ਬਿਲਾਵਲੁ ਮਹਲਾ ੫ ॥ ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥ ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥ ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥੧॥ ਰਹਾਉ ॥ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ॥ ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ ॥੨॥੪॥੬੮॥ {ਪੰਨਾ 817-818}

ਪਦਅਰਥ: ਮਨਿਮਨ ਵਿਚ। ਤਨਿਤਨ ਵਿਚ, ਹਿਰਦੇ ਵਿਚ। ਆਰਾਧੀਐਆਰਾਧਨਾ ਚਾਹੀਦਾ ਹੈ। ਮਿਲਿਮਿਲ ਕੇ। ਸਾਧ ਸਮਾਗੈਸਾਧਸਮਾਗਮ ਵਿਚ, ਸਾਧ ਸੰਗਤਿ ਵਿਚ। ਉਚਰਤਉਚਾਰਦਿਆਂ। ਜਸੁਸਿਫ਼ਤਿ-ਸਾਲਾਹ। ਤੇਤੋਂ।੧।

ਅਨਦਿਨੁਹਰ ਰੋਜ਼, ਹਰ ਵੇਲੇ। ਸਦਸਦਾ। ਜਾਗੈ—(ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ। ਤੰਤੁ ਮੰਤੁਜਾਦੂ ਟੂਣਾ। ਜੋਹਈਜੋਹੈ, ਤੱਕ ਸਕਦਾ, ਅਸਰ ਕਰ ਸਕਦਾ। ਤਿਤੁਉਸ (ਮਨੁੱਖ) ਉੱਤੇ। ਚਾਖੁਭੈੜੀ ਨਜ਼ਰ।੧।ਰਹਾਉ।

ਮਦ ਮਾਨਅਹੰਕਾਰ ਦੀ ਮਸਤੀ। ਮਦਮਸਤੀ। ਅਨ ਰਾਗੈਹੋਰ ਹੋਰ ਮੋਹਪਿਆਰ। ਮਗਨਮਸਤ। ਰਸਿਰਸ ਵਿਚ, ਸੁਆਦ ਵਿਚ। ਰੰਗਿਪ੍ਰੇਮ ਵਿਚ।੨।

ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਹਰ ਵੇਲੇ ਸਦਾ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ। ਕੋਈ ਜਾਦੂ ਟੁਣਾ ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ।੧।ਰਹਾਉ।

ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨਾਲ ਹਿਰਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿਣਾ ਚਾਹੀਦਾ ਹੈ। ਜਗਤ ਦੇ ਰੱਖਿਅਕ ਪ੍ਰਭੂ ਦੇ ਗੁਣ ਅਤੇ ਜਸ ਉਚਾਰਦਿਆਂ ਜਮ (ਭੀ) ਦੂਰ ਤੋਂ ਹੀ ਭੱਜ ਜਾਂਦਾ ਹੈ।੧।

ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ। (ਉਸ ਦੇ ਅੰਦਰੋਂ) ਕਾਮ, ਕ੍ਰੋਧ, ਅਹੰਕਾਰ ਦੀ ਮਸਤੀ, ਮੋਹ, ਹੋਰ ਹੋਰ ਪਦਾਰਥਾਂ ਦੇ ਚਸਕੇ ਸਭ ਨਾਸ ਹੋ ਜਾਂਦੇ ਹਨ।੨।੪।੬੮।

TOP OF PAGE

Sri Guru Granth Darpan, by Professor Sahib Singh