ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 811

ਬਿਲਾਵਲੁ ਮਹਲਾ ੫ ॥ ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥ ਪਰਤਾਪੁ ਤੁਮ੍ਹ੍ਹਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥ ਤੁਮ੍ਹ੍ਹਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥ ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥ ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥ ਜਤ ਕਤ ਤੁਮ੍ਹ੍ਹ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥ ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥ ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥ {ਪੰਨਾ 811}

ਪਦਅਰਥ: ਕੀਤਾ ਲੋੜਹਿ—(ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ। ਕਰਹਿਤੂੰ ਕਰਦਾ ਹੈਂ।੧।

ਕ੍ਰਿਪਾ ਤੇਕਿਰਪਾ ਨਾਲ। ਅਹੰਮੇਵ—{अहं एवਮੈਂ ਹੀ ਹਾਂ} ਹਉਮੈ, ਅਹੰਕਾਰ। ਕਲਾਤਾਕਤ। ਗੁਰਦੇਵਹੇ ਸਭ ਤੋਂ ਵੱਡੇ ਦੇਵਤੇ!੧।ਰਹਾਉ।

ਨਾਮੈ ਬਿਨੁ—(ਪਰਮਾਤਮਾ ਦੇ) ਨਾਮ ਤੋਂ ਬਿਨਾ। ਕੂਰੁਕੂੜ, ਝੂਠ। ਸਭੁਸਾਰਾ। ਪ੍ਰਭਹੇ ਪ੍ਰਭੂ! ਮਨਸਾ—{मनीषा} ਮਨ ਦਾ ਫੁਰਨਾ। ਪੂਰੁਪੂਰਾ ਕਰ।੨।

ਜਿਤੁਜਿਸ ਵਿਚ। ਜਿਤੁ ਜਿਤੁਜਿਸ ਜਿਸ ਕੰਮ ਵਿਚ। ਲਗਹਿ—(ਜੀਵ) ਲੱਗਦੇ ਹਨ। ਸਭਸਾਰੀ। ਜਾਲੀਸਾੜ ਦਿੱਤੀ। ਜਤ ਕਤਜਿੱਥੇ ਕਿੱਥੇ, ਹਰ ਥਾਂ।੩।

ਤੁਮ ਤੇਤੇਰੇ ਪਾਸੋਂ। ਜੀਵਾਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਗਾਏਗਾਇ, ਗਾ ਕੇ।੪।

ਅਰਥ: ਹੇ ਸਾਰੀਆਂ ਤਾਕਤਾਂ ਵਾਲੇ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਹੇ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਭ ਤੋਂ ਵੱਡੇ ਦੇਵਤੇ ਪ੍ਰਭੂ! ਤੇਰੀ ਮੇਹਰ ਨਾਲ (ਹੀ ਵਿਕਾਰਾਂ ਤੋਂ) ਬਚ ਸਕੀਦਾ ਹੈ। (ਤੇਰੀ ਕਿਰਪਾ ਨਾਲ ਹੀ) (ਜੀਵਾਂ ਦੀ) ਹਉਮੈ ਦੂਰ ਹੋ ਸਕਦੀ ਹੈ।੧।ਰਹਾਉ।

ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹੀ ਤੂੰ ਕਰਦਾ ਹੈਂ, ਤੇਰੀ ਪ੍ਰੇਰਨਾ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ। ਤੇਰਾ ਤੇਜ-ਪ੍ਰਤਾਪ ਵੇਖ ਕੇ ਜਮਦੂਤ (ਭੀ ਜੀਵ ਨੂੰ) ਛੱਡ ਜਾਂਦੇ ਹਨ।੧।

ਹੇ ਪ੍ਰਭੂ! ਭਾਲ ਕਰਦਿਆਂ ਕਰਦਿਆਂ (ਆਖ਼ਰ ਮੈਂ ਇਹ ਗੱਲ) ਲੱਭ ਲਈ ਹੈ ਕਿ (ਤੇਰੇ) ਨਾਮ ਤੋਂ ਬਿਨਾ (ਹੋਰ ਸਭ ਕੁਝ) ਨਾਸਵੰਤ ਹੈ। ਜ਼ਿੰਦਗੀ ਦਾ ਸਾਰਾ ਸੁਖ ਸਾਧ ਸੰਗਤਿ ਵਿਚ (ਹੀ ਪ੍ਰਾਪਤ ਹੁੰਦਾ ਹੈ)ਹੇ ਪ੍ਰਭੂ! (ਮੈਨੂੰ ਭੀ ਸਾਧ ਸੰਗਤਿ ਵਿਚ ਟਿਕਾਈ ਰੱਖੀਂ, ਮੇਰੀ ਇਹ) ਤਾਂਘ ਪੂਰੀ ਕਰ।੨।

ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਸੇ ਉਸੇ ਵਿਚ (ਜੀਵ) ਲੱਗਦੇ ਹਨ। (ਇਸ ਵਾਸਤੇ, ਹੇ ਪ੍ਰਭੂ!) ਮੈਂ ਆਪਣੀ ਸਾਰੀ ਚਤੁਰਾਈ ਮੁਕਾ ਦਿੱਤੀ ਹੈ (ਤੇ, ਤੇਰੀ ਰਜ਼ਾ ਵਿਚ ਤੁਰਨਾ ਲੋੜਦਾ ਹਾਂ)ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਤੂੰ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈਂ (ਤੈਥੋਂ ਕੋਈ ਆਕੀ ਨਹੀਂ ਹੋ ਸਕਦਾ)੩।

ਹੇ ਪ੍ਰਭੂ! (ਅਸੀ ਜੀਵ) ਸਭ ਕੁਝ ਤੇਰੇ ਪਾਸੋਂ ਹੀ ਮੰਗ ਸਕਦੇ ਹਾਂ। (ਜੇਹੜਾ) ਵਡ-ਭਾਗੀ (ਮਨੁੱਖ ਮੰਗਦਾ ਹੈ, ਉਹ) ਪ੍ਰਾਪਤ ਕਰ ਲੈਂਦਾ ਹੈ। ਹੇ ਪ੍ਰਭੂ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ (ਮੇਹਰ ਕਰ, ਮੈਂ ਨਾਨਕ) ਤੇਰੇ ਗੁਣ ਗਾ ਕੇ ਆਤਮਕ ਜੀਵਨ ਹਾਸਲ ਕਰ ਲਵਾਂ।੪।੧੨।੪੨।

ਬਿਲਾਵਲੁ ਮਹਲਾ ੫ ॥ ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥ ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥ ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥ ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥ ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥ {ਪੰਨਾ 811}

ਪਦਅਰਥ: ਕੈ ਬਾਸਬੈਦੇ ਵਸੇਬੇ ਨਾਲ। ਕਲਮਲਪਾਪ। ਸਭਿਸਾਰੇ। ਸੇਤੀਨਾਲ। ਰੰਗਿਪ੍ਰੇਮਰੰਗ ਵਿਚ। ਤਾ ਤੇਉਸ (ਪ੍ਰੇਮਰੰਗ) ਦੇ ਕਾਰਨ। ਤੇਤੋਂ, ਦੇ ਕਾਰਨ। ਗਰਭਿਗਰਭ ਵਿਚ, ਜਨਮ ਮਰਨ ਦੇ ਗੇੜ ਵਿਚ। ਗ੍ਰਸਨਾਫਸਣਾ।੧।

ਸੂਚੀਸੁੱਚੀ, ਪਵਿੱਤਰ। ਰਸਨਾਜੀਭ। ਨਿਰਮਲਸਾਫ਼, ਪਵਿੱਤਰ। ਹੋਈ ਹੈਹੋ ਜਾਂਦੇ ਹਨ।੧।ਰਹਾਉ।

ਰਸੁਸੁਆਦ। ਧ੍ਰਾਪਿਆਰੱਜ ਗਿਆ। ਮਨਿਮਨ ਵਿਚ। ਹਸਨਾਖਿੜ ਪਿਆ। ਉਲਟਿ—(ਮਾਇਆ ਦੇ ਮੋਹ ਵਲੋਂ) ਪਰਤ ਕੇ। ਕਮਲੁਹਿਰਦੇ ਦਾ ਕੌਲ ਫੁੱਲ। ਬਿਗਸਨਾਖਿੜ ਪਿਆ।੨।

ਸੀਤਲਠੰਢਾਠਾਰ। ਸਭ ਤ੍ਰਿਸਨਾਸਾਰੀ ਤ੍ਰੇਹ (ਮਾਇਆ ਦੀ। ਦਹ ਦਿਸਦਸੀਂ ਪਾਸੀਂ। ਧਾਵਤਦੌੜਭੱਜ। ਥਾਨਿਥਾਂ ਵਿਚ।੩।

ਰਾਖਨਹਾਰੈਰੱਖਿਆ ਕਰ ਸਕਣ ਵਾਲੇ ਪ੍ਰਭੂ ਨੇ। ਭ੍ਰਮਭਟਕਣਾ, ਭਰਮਵਹਿਮ। ਭਸਨਾਭਸਮ, ਸੁਆਹ। ਨਿਧਾਨਖ਼ਜ਼ਾਨੇ। ਪੇਖਿਵੇਖ ਕੇ। ਸਾਧ ਦਰਸਨਾਗੁਰੂ ਦਾ ਦਰਸ਼ਨ।੪।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ। ਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ।੧।ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ। (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਨਾਲ (ਸਾਂਝ ਬਣਿਆਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਜਿਸ ਕਰਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ।੧।

(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪਰਮਾਤਮਾ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ। ਬੁੱਧੀ ਵਿਚ (ਸਹੀ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ (ਮਾਇਆ ਦੇ ਮੋਹ ਵਲੋਂ) ਪਰਤ ਕੇ ਸਦਾ ਖਿੜਿਆ ਰਹਿੰਦਾ ਹੈ।੨।

(ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਮਨੁੱਖ ਦਾ ਮਨ) ਠੰਢਾ-ਠਾਰ ਹੋ ਜਾਂਦਾ ਹੈ, (ਮਨ ਵਿਚ) ਸ਼ਾਂਤੀ ਤੇ ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ। (ਮਾਇਆ ਦੀ ਖ਼ਾਤਰ) ਦਸੀਂ ਪਾਸੀਂ (ਸਾਰੇ ਜਗਤ ਵਿਚ) ਦੌੜ-ਭੱਜ ਮਿਟ ਜਾਂਦੀ ਹੈ, (ਪ੍ਰਭੂ ਦੇ ਚਰਨਾਂ ਦੇ) ਪਵਿੱਤਰ ਥਾਂ ਵਿਚ ਨਿਵਾਸ ਹੋ ਜਾਂਦਾ ਹੈ।੩।

ਹੇ ਨਾਨਕ! ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਜਿਸ ਮਨੁੱਖ ਦੀ (ਵਿਕਾਰਾਂ ਵਲੋਂ) ਰਾਖੀ ਕੀਤੀ, ਉਸ ਦੀਆਂ ਸਾਰੀਆਂ ਹੀ ਭਟਕਣਾਂ (ਸੜ ਕੇ) ਸੁਆਹ ਹੋ ਗਈਆਂ। ਗੁਰੂ ਦਾ ਦਰਸਨ ਕਰ ਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜੋ, ਮਾਨੋ, ਦੁਨੀਆ ਦੇ ਸਾਰੇ ਹੀ) ਖ਼ਜ਼ਾਨੇ (ਹੈ), (ਤੇ ਨਾਮ ਦੀ ਬਰਕਤਿ ਨਾਲ ਉਹ ਸਦਾ ਲਈ) ਸੁਖੀ ਹੋ ਗਿਆ।੪।੧੩।੪੩।

ਬਿਲਾਵਲੁ ਮਹਲਾ ੫ ॥ ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥ ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ ਮਾਇਆਧਾਰੀ ਛਤ੍ਰਪਤਿ ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥ ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥ ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥ ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥ ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥ {ਪੰਨਾ 811}

ਪਦਅਰਥ: ਪੀਸੁਪੀਸਣਾ, ਪੀਹਣਾ। ਦਾਸ ਕੈਪ੍ਰਭੂ ਦੇ ਸੇਵਕ ਦੇ ਘਰ ਵਿਚ। ਨਿਹਾਲੁਆਨੰਦਭਰਪੂਰ। ਮਿਲਖਭੂਇਂ (ਦੀ ਮਾਲਕੀ)ਜਾਲੁਸਾੜ ਦੇ।੧।

ਛੋਹਰਾਮੁੰਡਾ, ਨੌਕਰ। ਛਤ੍ਰਪਤਿਰਾਜੇ, ਛਤ੍ਰ ਦੇ ਮਾਲਕ।੧।ਰਹਾਉ।

ਦਾਨਾਅੰਨ। ਸਰਬਸਾਰੇ। ਨਿਧਾਨਖ਼ਜ਼ਾਨੇ। ਗ੍ਰਿਹਿਘਰ ਵਿਚ। ਸਾਕਤਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਗ੍ਰਿਹਿ ਸਾਕਤਸਾਕਤ ਦੇ ਘਰ ਵਿਚ। ਛਤੀਹ ਪ੍ਰਕਾਰਛੱਤੀ ਕਿਸਮਾਂ ਦੇ (ਭੋਜਨ)ਬਿਖੁਜ਼ਹਿਰ। ਸਮਾਨਬਰਾਬਰ, ਵਰਗੇ।੨।

ਲੂਗਰਾਪਾਟੀ ਹੋਈ ਲੋਈ। ਓਢਿਪਹਿਨ ਕੇ। ਸਿਰਪਾਉਸਿਰੋਪਾ। ਪਤਿਇੱਜ਼ਤ। ਖੋਈਗਵਾ ਲਈ।੩।

ਸਿਉਨਾਲ। ਮੁਖਿ ਜੋਰਿਐਜੇ ਮੂੰਹ ਜੋੜਿਆ ਜਾਏ, ਜੇ ਮੇਲਜੋਲ ਰੱਖਿਆ ਜਾਏ। ਇਤ ਊਤਹਿਇਤੁ ਹੀ ਉਤੁ ਹੀ, ਇਥੇ ਭੀ ਅਤੇ ਪਰਲੋਕ ਵਿਚ ਭੀ।੪।

ਤੇਤੋਂ। ਬਣਤਰਚਨਾ। ਦਰਸਨੁ ਭੇਟਤਦਰਸ਼ਨ ਕਰਦਿਆਂ। ਭੇਟਤਪਰਸਿਆਂ। ਸਾਧੂਗੁਰੂ। ਗਾਈਗਾਈਂ, ਮੈਂ ਗਾਵਾਂ।੫।

ਅਰਥ: ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ। (ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ)੧।ਰਹਾਉ।

ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ), ਪੱਖਾ (ਝੱਲਿਆ ਕਰ), (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ। ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ)੧।

ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ)ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ)੨।

ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ। ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ।੩।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ। ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ।੪।

(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ। ਹੇ ਨਾਨਕ! (ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ।੫।੧੪।੪੪।

TOP OF PAGE

Sri Guru Granth Darpan, by Professor Sahib Singh