ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 810

ਬਿਲਾਵਲੁ ਮਹਲਾ ੫ ॥ ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥ ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ ॥੧॥ ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥ ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥ ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ ॥ ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ ॥੨॥ ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ॥੩॥ ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥ ਸੂਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥੪॥੮॥੩੮॥ {ਪੰਨਾ 810}

ਪਦਅਰਥ: ਅਹੰਬੁਧਿ—{अहंबुध्दि} ਮੈਂ ਮੈਂ ਕਰਨ ਵਾਲੀ ਅਕਲ। ਪਰਬਾਦ—{प्रवाद, ਪ੍ਰਵਾਦ} ਦੂਜਿਆਂ ਨੂੰ ਵੰਗਾਰਨ ਵਾਸਤੇ ਜੋਸ਼ਭਰੇ ਖਰ੍ਹਵੇ ਬੋਲ। ਨੀਤਨਿੱਤ, ਸਦਾ। ਸਾਦਿਸੁਆਦ ਵਿਚ। ਰਸਨਾਜੀਭ। ਲਪਟਿਲਪਟ ਕੇ, ਫਸ ਕੇ। ਕਪਟਿਕਪਟ ਵਿਚ, ਠੱਗੀਫ਼ਰੇਬ ਵਿਚ। ਗ੍ਰਿਹਿਘਰ (ਦੇ ਮੋਹ) ਵਿਚ। ਮਿਥਿਆਨਾਸਵੰਤ। ਬਿਖਿਆਦਿਬਿਖਿਆ ਆਦਿ, ਮਾਇਆ ਆਦਿਕ।੧।

ਪੇਖੀਵੇਖੀ ਹੈ। ਮਹਿਵਿਚ। ਗੁਰ ਪਰਸਾਦਿਗੁਰੂ ਦੀ ਕਿਰਪਾ ਨਾਲ। ਬਾਦਿਵਿਅਰਥ।੧।ਰਹਾਉ।

ਧੂਪਧੁਖਾਣ ਵਾਲੀਆਂ ਸੁਗੰਧੀ ਵਾਲੀਆਂ ਚੀਜ਼ਾਂ। ਸੋਗੰਧਤਾਖ਼ੁਸ਼ਬੂ। ਕਾਪਰਕੱਪੜੇ। ਭੋਗਾਦਿਭੋਗ ਆਦਿ, ਖਾਣ ਵਾਲੇ ਚੰਗੇ ਪਦਾਰਥ। ਸੰਗਿਨਾਲ। ਪਾਪਿਸਟਮਹਾਂ ਪਾਪੀ। ਤਨਸਰੀਰ। ਦੁਰਗਾਦਿਦੁਰਗੰਧੀ।

ਫਿਰਤ ਫਿਰਤ—(ਕਈ ਜੂਨਾਂ ਵਿਚ) ਭਟਕਦਾ ਭਟਕਦਾ। ਖਿਨ ਭੰਗਨਇਕ ਖਿਨ ਵਿਚ ਨਾਸ ਹੋ ਜਾਣ ਵਾਲਾ। ਦੇਹਾਦਿਦੇਹ, ਸਰੀਰ। ਅਉਸਰਮੌਕਾ, ਵੇਲਾ। ਤੇਤੋਂ। ਚੁਕਿਆਖੁੰਝਿਆ। ਭ੍ਰਮਾਦਿਭਟਕਦਾ ਹੈ।੩।

ਕਿਰਪਾ ਤੇਕਿਰਪਾ ਤੋਂ, ਕਿਰਪਾ ਨਾਲ। ਬਿਸਮਾਦਅਸਚਰਜਰੂਪ। ਤਾ ਕੈਉਸ (ਮਨੁੱਖ) ਦੇ ਹਿਰਦੇ ਵਿਚ। ਨਾਦਧੁਨੀ, ਸ਼ਬਦ, ਵਾਜੇ। ਸਹਜਆਤਮਕ ਅਡੋਲਤਾ।੪।

ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ (ਜਗਤ ਦੇ ਪਦਾਰਥਾਂ ਦੀ) ਇਹੋ ਜਿਹੀ ਹਾਲਤ ਵੇਖ ਲਈ ਹੈ (ਕਿ ਦੁਨੀਆ ਦੀਆਂ) ਪਾਤਸ਼ਾਹੀਆਂ, ਜ਼ਮੀਨਾਂ (ਦੀ ਮਾਲਕੀ), ਧਨ ਅਤੇ ਜੁਆਨੀ (ਆਦਿਕ ਸਾਰੇ ਹੀ) ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ।੧।ਰਹਾਉ।

(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਮਨੁੱਖ) ਅਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰ੍ਹਵੇ ਬੋਲ ਬੋਲਦਾ ਹੈ, ਸਦਾ ਲਾਲਚ ਅਤੇ ਜੀਭ ਦੇ ਸੁਆਦ ਵਿਚ (ਫਸਿਆ ਰਹਿੰਦਾ ਹੈ); ਘਰ (ਦੇ ਮੋਹ) ਵਿਚ, ਠੱਗੀ-ਫ਼ਰੇਬ ਵਿਚ ਫਸ ਕੇ, ਨਾਸਵੰਤ ਮਾਇਆ (ਦੇ ਮੋਹ) ਵਿਚ ਵਿੱਝਾ ਰਹਿੰਦਾ ਹੈ।੧।

(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮਹਾ ਵਿਕਾਰੀ ਮਨੁੱਖ (ਸਰੀਰ ਦਾ ਮਾਣ ਕਰਦਾ ਹੈ, ਪਰ ਇਸ) ਸਰੀਰ ਦੇ ਨਾਲ ਛੁਹ ਕੇ ਸੋਹਣੇ ਸੋਹਣੇ ਪਦਾਰਥ, ਧੂਪ ਆਦਿਕ ਸੁਗੰਧੀਆਂ, ਕੱਪੜੇ, ਚੰਗੇ ਚੰਗੇ ਖਾਣੇ (ਇਹ ਸਾਰੇ ਹੀ) ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ।੨।

ਹੇ ਭਾਈ! ਅਨੇਕਾਂ ਜੂਨਾਂ ਵਿਚ ਭਟਕਦਾ ਭਟਕਦਾ ਜੀਵ ਮਨੁੱਖ ਬਣਦਾ ਹੈ, ਇਹ ਸਰੀਰ ਭੀ ਇਕ ਖਿਨ ਵਿਚ ਨਾਸ ਹੋ ਜਾਣ ਵਾਲਾ ਹੈ (ਇਸ ਦਾ ਮਾਣ ਭੀ ਕਾਹਦਾ? ਇਸ ਸਰੀਰ ਵਿਚ ਭੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ। ਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ (ਫਿਰ) ਅਨੇਕਾਂ ਜੂਨਾਂ ਵਿਚ ਜਾ ਭਟਕਦਾ ਹੈ।੩।

ਹੇ ਨਾਨਕ! ਪਰਮਾਤਮਾ ਦੀ ਕਿਰਪਾ ਨਾਲ ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਉਹਨਾਂ ਨੇ ਅਚਰਜ-ਰੂਪ ਹਰੀ ਦਾ ਨਾਮ ਜਪਿਆ, ਉਹਨਾਂ ਦੇ ਹਿਰਦੇ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ।੪।੮।੩੮।

ਬਿਲਾਵਲੁ ਮਹਲਾ ੫ ॥ ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥ ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥੧॥ ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥ ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥੧॥ ਰਹਾਉ ॥ ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥ ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥੨॥ ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ ॥ ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥੩॥ ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥ ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ ॥੪॥੯॥੩੯॥ {ਪੰਨਾ 810}

ਪਦਅਰਥ: ਬੋਹਿਥਾਜਹਾਜ਼। ਸਾਗਰੁ—(ਸੰਸਾਰ-) ਸਮੁੰਦਰ। ਜੇਤਜਿਤੁ, ਜਿਸ (ਜਹਾਜ਼) ਦੀ ਰਾਹੀਂ। ਮਾਰਗਰਸਤਾ। ਉਦਿਆਨਜੰਗਲ, (ਵਿਕਾਰਾਂ ਵਲ ਲੈ ਜਾਣ ਵਾਲਾ) ਔਝੜ। ਗੁਰਿਗੁਰੂ ਨੇ।੧।

ਹੇਤਹਿਤੁ, ਪਿਆਰ। ਚੇਤਚੇਤੇ ਕਰ, ਸਿਮਰ।੧।ਰਹਾਉ।

ਪੰਚ—(ਕਾਮਾਦਿਕ) ਪੰਜ। ਆਗੈਟਾਕਰੇ ਤੇ। ਭਗੇਦੌੜ ਜਾਂਦੇ ਹਨ। ਸੰਗੇਤਸੰਗਤਿ। ਪੂੰਜੀ (ਆਤਮਕ ਜੀਵਨ ਵਾਲੀ) ਰਾਸ, ਸਰਮਾਇਆ। ਘਣੋਬਹੁਤ। ਗ੍ਰਿਹਿਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੇਤਸੇਤੀ, ਨਾਲ।੨।

ਨਿਹਚਲਅਡੋਲ। ਡੋਲੇਤ—(ਵਿਕਾਰਾਂ ਵਿਚ) ਡੋਲਦਾ। ਭਰਮੁਭਟਕਣਾ। ਨੇਤਨੇਤ੍ਰੀ, ਅੱਖਾਂ ਨਾਲ।੩।

ਗਭੀਰਡੂੰਘਾ (ਸਮੁੰਦਰ)ਗੁਣ ਨਾਇਕਾਗੁਣਾਂ ਦਾ ਮਾਲਕ, ਗੁਣਾਂ ਦਾ ਖ਼ਜ਼ਾਨਾ। ਕਹੀਅਹਿਕਹੇ ਜਾਂਦੇ ਹਨ। ਕਹੀਅਹਿ ਕੇਤਕਿਤਨੇ ਕੁ (ਗੁਣ) ਕਹੇ ਜਾ ਸਕਣ? ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਅੰਮ੍ਰੇਤਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਹਰਿਨਾਮ ਜਲ।੪।

ਅਰਥ: ਹੇ ਭਾਈ! ਉਠਦਿਆਂ ਬੈਠਦਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕਰਿਆ ਕਰ। ਸਦਾ ਹੀ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਪਿਆਰ ਪਾ।੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ) ਭੇਤ ਗੁਰੂ ਨੇ ਦੱਸ ਦਿੱਤਾ, ਉਸ ਨੇ (ਵਿਕਾਰਾਂ ਵਲ ਲੈ ਜਾਣ ਵਾਲੇ) ਔਝੜ ਵਿਚ (ਜੀਵਨ ਦਾ ਸਹੀ) ਰਸਤਾ ਲੱਭ ਲਿਆ, ਗੁਰੂ ਦੇ ਚਰਨ (ਉਸ ਮਨੁੱਖ ਵਾਸਤੇ) ਜਹਾਜ਼ ਬਣ ਗਏ ਜਿਸ (ਜਹਾਜ਼) ਦੀ ਰਾਹੀਂ ਉਹ ਮਨੁੱਖ (ਸੰਸਾਰ-) ਸਮੁੰਦਰ ਤੋਂ ਪਾਰ ਲੰਘ ਗਿਆ।੧।

(ਹੇ ਭਾਈ!) ਜਦੋਂ (ਮਨੁੱਖ) ਸਾਧ ਸੰਗਤਿ ਵਿਚ (ਜਾ ਟਿਕਦਾ ਹੈ, ਤਦੋਂ ਕਾਮਾਦਿਕ) ਪੰਜੇ ਚੋਰ ਉਸ ਦੇ ਟਾਕਰੇ ਤੋਂ ਭੱਜ ਜਾਂਦੇ ਹਨ, ਉਸ ਦੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ (ਲੁੱਟੇ ਜਾਣ ਤੋਂ) ਬਚ ਜਾਂਦੀ ਹੈ, (ਸਗੋਂ ਉਸ ਨੂੰ ਇਸ ਨਾਮ-ਵਣਜ ਵਿਚ) ਬਹੁਤਾ ਨਫ਼ਾ ਭੀ ਪੈਂਦਾ ਹੈ, ਅਤੇ ਪਰਲੋਕ ਵਿਚ ਸੋਭਾ ਨਾਲ ਜਾਂਦਾ ਹੈ।੨।

(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ ਹਰ ਥਾਂ) ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਕਰ ਕੇ ਉਸ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ, ਕੁਰਾਹੇ ਜਾਣ ਵਾਲੀ ਆਦਤ ਦੂਰ ਹੋ ਜਾਂਦੀ ਹੈ, (ਵਿਕਾਰਾਂ ਦੇ ਟਾਕਰੇ ਤੇ) ਉਸ ਦਾ ਹਿਰਦਾ-ਆਸਣ ਅਟੱਲ ਹੋ ਜਾਂਦਾ ਹੈ, ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਜਾਂਦੀ ਹੈ, ਉਹ ਮਨੁੱਖ (ਵਿਕਾਰਾਂ ਦੇ ਸਾਹਮਣੇ) ਡੋਲਦਾ ਨਹੀਂ।੩।

ਹੇ ਨਾਨਕ! ਪਰਮਾਤਮਾ ਗੁਣਾਂ ਦਾ ਅਥਾਹ ਸਮੁੰਦਰ ਹੈ, ਗੁਣਾਂ ਦਾ ਖ਼ਜ਼ਾਨਾ ਹੈ (ਬਿਆਨ ਕੀਤਿਆਂ) ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਪਰ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ।੪।੯।੩੯।

ਬਿਲਾਵਲੁ ਮਹਲਾ ੫ ॥ ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥ ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥ ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥ ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥ ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥ ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥ ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥ ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥ ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥ {ਪੰਨਾ 810}

ਪਦਅਰਥ: ਸਾਧੂਗੁਰੂ। ਤੇਤੋਉਤਨਾ ਹੀ, ਉਹ ਸਾਰਾ ਹੀ। ਸੰਗ—(ਗੁਰੂ ਦੇ) ਨਾਲ। ਭ੍ਰਮਭਟਕਣਾ। ਗਤਿਉੱਚੀ ਆਤਮਕ ਅਵਸਥਾ।੧।

ਜਾ ਦਿਨਜਿਸ ਦਿਨ। ਸਾਧੂਗੁਰੂ ਜੀ। ਭੇਟੇਮਿਲੇ। ਮੋਹਿਮੈਨੂੰ। ਉਆ ਦਿਨਉਸ ਦਿਨ ਤੋਂ। ਜੀਅਰਾਪਿਆਰੀ ਜਿੰਦ। ਹਉਮੈਂ। ਵਾਰੀਵਾਰੀਂ, ਕੁਰਬਾਨ ਕਰਾਂ।੧।ਰਹਾਉ।

ਏਤਏਤ (ਅਪਰਾਧੀ), ਇਤਨੀ ਅਪਣੱਤ। ਮੋਹਿ ਤੇਮੈਥੋਂ। ਇਤਨੀਇਤਨੀ (ਨਿੰਮ੍ਰਤਾ)ਦ੍ਰਿੜਤਾਰੀਪਕਿਆਈ। ਰੇਨਚਰਨਧੂੜ। ਅਪਧਾਰੀਅਪਣੱਤ।੨।

ਨਿੰਦ ਚਿੰਦਨਿੰਦਾ ਦਾ ਖ਼ਿਆਲ। ਪਰ ਦੂਖਨਾਦੂਜਿਆਂ ਦਾ ਮੰਦਾ ਚਿਤਵਣਾ। ਏਇਹ ਵਿਕਾਰ। ਜਾਰੀਸਾੜ ਦਿੱਤੇ। ਮਇਆਤਰਸ। ਅਰੁਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣਜੋਗ ਹੈ}ਨਿਕਟਿ ਪੇਖੁਪ੍ਰਭੂ ਨੂੰ ਨੇੜੇ ਵੇਖਣਾ। ਦੂਰਾਰੀਦੂਰ।੩।

ਸੀਤਲਠੰਢੇਠਾਰ ਸ਼ਾਂਤ। ਅਬਹੁਣ। ਮੁਕਤੇਆਜ਼ਾਦ। ਸੰਸਾਰੀਦੁਨੀਆ ਦੇ ਬੰਧਨਾਂ ਤੋਂ। ਹੀਤਹਿਤ, ਲਗਨ। ਚੀਤਚਿੱਤ, ਸੁਰਤਿ। ਪ੍ਰਾਨਜਿੰਦ।੪।

ਅਰਥ: (ਹੇ ਭਾਈ!) ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ, ਜਿਸ ਦਿਨ ਮੈਨੂੰ ਮੇਰੇ ਗੁਰੂ (ਪਾਤਿਸ਼ਾਹ) ਮਿਲ ਪਏ। ਹੁਣ ਮੈਂ (ਆਪਣੇ ਗੁਰੂ ਤੋਂ) ਆਪਣਾ ਸਰੀਰ, ਆਪਣਾ ਮਨ, ਆਪਣੀ ਪਿਆਰੀ ਜਿੰਦ ਮੁੜ ਮੁੜ ਸਦਕੇ ਕਰਦਾ ਹਾਂ।੧।ਰਹਾਉ।

(ਹੇ ਭਾਈ! ਗੁਰੂ (ਦੇ ਮਿਲਾਪ) ਤੋਂ ਬਿਨਾ ਜਿਤਨੀ ਭੀ ਉਮਰ ਗੁਜ਼ਾਰਨੀ ਹੈ, ਉਹ ਸਾਰੀ ਵਿਅਰਥ ਚਲੀ ਜਾਂਦੀ ਹੈ। ਗੁਰੂ ਦੀ ਸੰਗਤਿ ਵਿਚ ਮਿਲਦਿਆਂ ਹੀ ਸਾਰੀਆਂ ਭਟਕਣਾ ਮਿਟ ਜਾਂਦੀਆਂ ਹਨ, (ਗੁਰੂ ਦੀ ਕਿਰਪਾ ਨਾਲ) ਅਸਾਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ।੧।

ਹੇ ਭਾਈ! (ਗੁਰੂ ਨੇ ਕਿਰਪਾ ਕਰ ਕੇ) ਮੈਥੋਂ ਅਪਣੱਤ ਇਤਨੀ ਛਡਾ ਦਿੱਤੀ ਹੈ, ਅਤੇ ਨਿੰਮ੍ਰਤਾ (ਮੇਰੇ ਹਿਰਦੇ ਵਿਚ) ਇਤਨੀ ਪੱਕੀ ਕਰ ਦਿੱਤੀ ਹੈ ਕਿ ਹੁਣ ਮੇਰਾ ਇਹ ਮਨ ਸਭਨਾਂ ਦੀ ਚਰਨ-ਧੂੜ ਬਣ ਗਿਆ ਹੈ, ਹਰ ਵੇਲੇ ਆਪਣੇ ਹੀ ਸੁਆਰਥ ਦਾ ਖ਼ਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ।੧।

ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ ਪਰਾਈ ਨਿੰਦਾ ਦਾ ਖ਼ਿਆਲ, ਦੂਜਿਆਂ ਦਾ ਬੁਰਾ ਤੱਕਣਾ-ਇਹ ਸਭ ਕੁਝ ਇਕ ਖਿਨ ਵਿਚ ਹੀ ਸਾੜ ਦਿੱਤੇ ਹਨ। (ਦੂਜਿਆਂ ਉਤੇ) ਦਇਆ (ਕਰਨੀ), (ਲੋੜਵੰਦਿਆਂ ਉਤੇ) ਤਰਸ (ਕਰਨਾ), ਅਤੇ (ਪਰਮਾਤਮਾ ਨੂੰ ਹਰ ਵੇਲੇ) ਆਪਣੇ ਨੇੜੇ ਵੇਖਣਾ-ਇਹ ਹਰ ਵੇਲੇ ਮੇਰੇ ਅੰਦਰ ਵੱਸਦੇ ਹਨ।੩।

ਹੇ ਨਾਨਕ! (ਆਖ-ਹੇ ਭਾਈ! ਜਦੋਂ ਤੋਂ ਮੈਨੂੰ ਗੁਰੂ ਮਿਲ ਪਿਆ ਹੈ, ਉਸ ਦੀ ਮੇਹਰ ਨਾਲ) ਹੁਣ ਮੇਰਾ ਮਨ ਅਤੇ ਤਨ (ਵਿਕਾਰਾਂ ਵਲੋਂ) ਸ਼ਾਂਤ ਹੋ ਗਏ ਹਨ, ਦੁਨੀਆ ਦੇ ਮੋਹ ਤੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਹੁਣ ਮੇਰੀ ਲਗਨ, ਮੇਰੀ ਸੁਰਤਿ, ਮੇਰੀ ਜਿੰਦ ਪ੍ਰਭੂ ਦੇ ਦਰਸਨ ਵਿਚ ਹੀ ਮਗਨ ਹੈ, ਪ੍ਰਭੂ ਦਾ ਦਰਸਨ ਹੀ ਮੇਰੇ ਵਾਸਤੇ ਧਨ ਹੈ।੪।੧੦।੪੦।

ਬਿਲਾਵਲੁ ਮਹਲਾ ੫ ॥ ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥ ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ ਤੁਮ੍ਹ੍ਹ ਮਿਲਹੁ ਦਇਆਲ ॥ ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥ਜਗਤ ਉਧਾਰਨ ਸਾਧ ਪ੍ਰਭ ਤਿਨ੍ਹ੍ਹ ਲਾਗਹੁ ਪਾਲ ॥ ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥ ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥ ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥ ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥ ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥ {ਪੰਨਾ 810-811}

ਪਦਅਰਥ: ਕਰਉਕਰਉਂ, ਮੈਂ ਕਰਦਾ ਰਹਾਂ। ਪਗਪੈਰ, ਚਰਨ। ਝਾਰਉਝਾਰਉਂ, ਮੈਂ ਝਾੜਾਂ। ਬਾਲਕੇਸਾਂ ਨਾਲ। ਮਸਤਕੁਮੱਥਾ, ਸਿਰ। ਭੇਟ ਦੇਉਭੇਟ ਦੇਉਂ, ਮੈਂ ਅਰਪਣ ਕਰ ਦਿਆਂ। ਸੁਨਉਸੁਨਉਂ, ਮੈਂ ਸੁਣਾਂ। ਰਸਾਲ—{ਰਸ ਆਲਯ} ਸੁਆਦਲੇ।੧।

ਜੀਓਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਦਇਆਲਹੇ ਦਇਆ ਦੇ ਸੋਮੇ! ਨਿਸਿਰਾਤ। ਬਾਸੁਰਦਿਨ। ਮਨਿਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਵਿਆਕਰਨਿਕ ਫ਼ਰਕ ਚੇਤੇ ਰਹੇ}ਕਿਰਪਾਲਹੇ ਕਿਰਪਾ ਦੇ ਸੋਮੇ!੧।ਰਹਾਉ।

ਉਧਾਰਨਬਚਾਣ ਵਾਲੇ। ਸਾਧ ਪ੍ਰਭਪ੍ਰਭੂ ਦਾ ਭਜਨ ਕਰਨ ਵਾਲੇ ਗੁਰਮੁਖ। ਤਿਨ੍ਹ੍ਹ ਪਾਲਉਹਨਾਂ ਦੇ ਪੱਲੇ, ਉਹਨਾਂ ਦੀ ਸਰਨ। ਮੋ ਕਉਮੈਨੂੰ। ਪ੍ਰਭਹੇ ਪ੍ਰਭੂ! ਪਗ ਰਾਲਪੈਰਾਂ ਦੀ ਧੂੜ।੨।

ਉਕਤਿਯੁਕਤਿ, ਦਲੀਲ। ਘਾਲਮੇਹਨਤ, ਸੇਵਾ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਮੋਹ ਤੇਮੋਹ ਤੋਂ। ਜਮ ਜਾਲਜਮ ਦਾ ਜਾਲ।੩।

ਬਿਨਉ—{विनय} ਬੇਨਤੀ। ਕਰਉਕਰਉਂ। ਕਰੁਣਾ ਪਤੇ—{ਕਰੁਣਾਤਰਸ, ਦਇਆ। ਪਤੇਹੇ ਪਤੀ!} ਹੇ ਦਇਆ ਦੇ ਮਾਲਕ! ਗਾਵਉਗਾਵਉਂ। ਸਾਲ—{ਸ਼ਾਲਾ} ਘਰ। ਸੁਖ ਸਾਲਸੁਖਾਂ ਦਾ ਘਰ।੪।

ਅਰਥ: ਹੇ ਦਇਆ ਦੇ ਸੋਮੇ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਹੇ ਕਿਰਪਾ ਦੇ ਘਰ ਪ੍ਰਭੂ! (ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ।

(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ। ਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ।੧।

ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਮਨੁੱਖ ਦੁਨੀਆ (ਦੇ ਬੰਦਿਆਂ) ਨੂੰ (ਵਿਕਾਰਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, (ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਾਂ) ਉਹਨਾਂ ਦੀ ਸਰਨ ਪਏ ਰਹੋ। ਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ।੨।

ਹੇ ਪ੍ਰਭੂ! ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ, (ਮੇਰੀ ਤਾਂ ਤੇਰੇ ਹੀ ਦਰ ਤੇ ਅਰਜ਼ੋਈ ਹੈ-ਹੇ ਪ੍ਰਭੂ!) ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ (ਇਹ ਭਟਕਣ, ਇਹ ਡਰ, ਇਹ ਮੋਹ ਸਭ ਜਮ ਦੇ ਜਾਲ, ਜਮ ਦੇ ਵੱਸ ਪਾਣ ਵਾਲੇ ਹਨ, ਮੇਰਾ ਇਹ) ਜਮਾਂ ਦਾ ਜਾਲ ਕੱਟ ਦੇ।੩।

ਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ। ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। (ਹੇ ਪ੍ਰਭੂ!) ਤੇਰੀ ਸਾਧ ਸੰਗਤਿ ਸੁਖਾਂ ਦਾ ਘਰ ਹੈ।੪।੧੧।੪੧।

TOP OF PAGE

Sri Guru Granth Darpan, by Professor Sahib Singh