ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 808

ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥ ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥ ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥ ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥ ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥ ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥ ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥੪॥੧॥੩੧॥ {ਪੰਨਾ 808}

ਪਦਅਰਥ: ਮ੍ਰਿਤ ਮੰਡਲਮੌਤ ਦਾ ਚੱਕਰ। ਮ੍ਰਿਤ ਮੰਡਲ ਜਗੁਉਹ ਜਗਤ ਜਿਸ ਉਤੇ ਮੌਤ ਦਾ ਅਧਿਕਾਰ ਹੈ। ਬਾਲੂਰੇਤ। ਬਿਨਸਤਨਾਸ ਹੁੰਦਿਆਂ। ਬਾਰਚਿਰ। ਕਾਗਦਕਾਗ਼ਜ਼। ਬੂੰਦਾਰਮੀਂਹ ਦੀਆਂ ਕਣੀਆਂ।੧।

ਮਨਸਾ—{मनीषाਮਨ ਦਾ ਫੁਰਨਾ} ਹੇ ਮੇਰੇ ਮਨ! ਮਨੈ ਮਾਹਿਮਨ ਵਿਚ ਹੀ, ਧਿਆਨ ਨਾਲ। ਸਤਿਸੱਚ। ਬੀਚਾਰਿਵਿਚਾਰ ਕੇ। ਸਿਧਜੋਗਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕਜੋਗਸਾਧਨ ਕਰਨ ਵਾਲੇ। ਗਿਰਹੀਗ੍ਰਿਹਸਤੀ। ਤਜਿਛੱਡ ਕੇ। ਗਏਚਲੇ ਗਏ। ਘਰ ਬਾਰਘਟ ਘਾਟ, ਸਭ ਕੁਝ।੧।ਰਹਾਉ।

ਰੈਨਿਰਾਤ। ਦ੍ਰਿਸਟਿਮਾਨਜੋ ਕੁਝ ਦਿੱਸ ਰਿਹਾ ਹੈ। ਕਿਆ ਲਗਹਿਤੂੰ ਕਿਉਂ ਇਸ ਨਾਲ ਚੰਬੜਿਆ ਹੋਇਆ ਹੈਂ? ਗਵਾਰਹੇ ਮੂਰਖ!੨।

ਕਹਾਕਹਾਂ? ਕਿੱਥੇ? ਨੈਨਅੱਖਾਂ। ਪਸਾਰਿਖੋਹਲ ਕੇ। ਇਕਿ—{ਲਫ਼ਜ਼ 'ਇਕ' ਤੋਂ ਬਹੁ-ਵਚਨ}ਚਾਲੇਚਲੇ ਗਏ ਹਨ। ਚਾਲਸਹਿਚਲੇ ਜਾਣਗੇ। ਸਭਿਸਾਰੇ।੩।

ਸੇਵਿਆਸਰਨ ਲਈ। ਸੇ—{ਬਹੁ-ਵਚਨ} ਉਹ ਬੰਦੇ। ਅਸਥਿਰੁਟਿਕੇ ਹੋਏ, ਅਡੋਲ। ਦੁਆਰਿਦਰ ਤੇ। ਜਨੁ ਨਾਨਕੁਦਾਸ ਨਾਨਕ {ਕਰਤਾ ਕਾਰਕ, ਇਕ-ਵਚਨ}ਪੈਜਲਾਜ, ਇੱਜ਼ਤ। ਮੁਰਾਰਿਹੇ ਮੁਰਾਰਿ!੪।

ਅਰਥ: ਹੇ ਮੇਰੇ ਮਨ ਦੇ ਫੁਰਨੇ! (ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ) ਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰੇ ਜਾ ਰਹੇ ਹਨ।੧।ਰਹਾਉ।

(ਹੇ ਮੇਰੇ ਮਨ!) ਇਹ ਜਗਤ (ਪਰਮਾਤਮਾ ਨੇ ਐਸਾ) ਬਣਾਇਆ ਹੈ (ਕਿ ਇਸ ਉਤੇ) ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਆਦਿਕ ਹੋਣ। ਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।੧।

(ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ। ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ?੨।

ਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ? ਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ)੩।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ (ਦਿੱਸਦੇ ਜਗਤ ਵਿਚ ਮੋਹ ਪਾਣ ਦੇ ਥਾਂ) ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ। ਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! (ਮੈਂ ਤੇਰੀ ਸਰਨ ਆਇਆ ਹਾਂ, ਮੇਰੀ) ਲਾਜ ਰੱਖ।੪।੧।੩੧।

ਨੋਟ: ਇਥੋਂ ਫਿਰ ਚਉਪਦੇ ਸ਼ੁਰੂ ਹੋ ਗਏ ਹਨ। 'ਘਰੁ ੫' ਦੇ।

ਬਿਲਾਵਲੁ ਮਹਲਾ ੫ ॥ ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥ ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ ॥੧॥ ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥ ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥੧॥ ਰਹਾਉ ॥ ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ ॥ ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥੨॥ ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥ ਰਿਦੈ ਪ੍ਰਗਾਸੁ ਪ੍ਰਗਟ ਭਇਆ ਨਿਸਿ ਬਾਸੁਰ ਜਾਗਉ ॥੩॥ ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥ ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥੪॥੨॥੩੨॥ {ਪੰਨਾ 808}

ਪਦਅਰਥ: ਕੀਆਕੀਆਂ, ਦੀਆਂ। ਬੈਸੰਤਰਿਅੱਗ ਵਿਚ। ਪਾਗਉਪਾਗਉਂ, ਮੈਂ ਪਾ ਦਿਆਂ। ਤੇ—{ਬਹੁ-ਵਚਨ} ਉਹ। ਕਰਾਗਉਕਰਾਗਉਂ, ਮੈਂ ਕਰਾਂਗਾ।੧।

ਜਉਜਦੋਂ। ਲਾਗਊਲਾਗਉਂ, ਮੈਂ ਲੱਗਦਾ ਹਾਂ। ਲਪਟਿ ਰਹਿਓਚੰਬੜ ਰਿਹਾ ਹੈ। ਗੁਰ ਮਿਲਿਗੁਰੂ ਨੂੰ ਮਿਲ ਕੇ। ਇਹਇਹ ਵਾਸਨਾ। ਤਿਆਗਉਂਮੈਂ ਤਿਆਗ ਦਿਆਂਗਾ।੧।ਰਹਾਉ।

ਕਰਉਕਰਉਂ, ਮੈਂ ਕਰਦਾ ਹਾਂ। ਅਤਿ ਘਨੀਬਹੁਤ ਵਧੀਕ। ਜੀਉਜਿੰਦ। ਹੋਮਾਗਉਹੋਮਾਗਉਂ, ਮੈਂ ਵਾਰ ਦਿਆਂਗਾ। ਅਰਥ ਆਨਹੋਰ (ਸਾਰੇ) ਪਦਾਰਥ। ਸਭਿਸਾਰੇ। ਵਾਰਿਆਕੁਰਬਾਨ ਕੀਤੇ। ਪ੍ਰਿਅ ਸੁਹਾਗਉਪਿਆਰੇ ਦੇ ਸੁਹਾਗ ਤੋਂ, ਪਿਆਰੇ ਦੇ ਮਿਲਾਪ ਦੇ ਆਨੰਦ ਤੋਂ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ।੨।

ਪੰਚ ਸੰਗ—(ਕਾਮਾਦਿਕ) ਪੰਜਾਂ ਦਾ ਸਾਥ। ਤੇਤੋਂ, ਦੀ ਰਾਹੀਂ। ਛੁਟੇਦੂਰ ਹੁੰਦਾ ਹੈ। ਦੋਖਦ੍ਵੈਖ। ਰਾਗਉਰਾਗ, ਮੋਹ। ਅਰੁਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣਜੋਗ ਹੈ}ਰਿਦੈਹਿਰਦੇ ਵਿਚ। ਪ੍ਰਗਾਸੁਚਾਨਣ, ਸਹੀ ਜੀਵਨ ਦਾ ਚਾਨਣ। ਨਿਸਿਰਾਤ। ਬਾਸੁਰਦਿਨ। ਜਾਗਉਜਾਗਉਂ, ਮੈਂ ਜਾਗਦਾ ਹਾਂ, ਮੈਂ (ਕਾਮਾਦਿਕ ਦੇ ਰੌਲੇ ਤੋਂ) ਸੁਚੇਤ ਰਹਿੰਦਾ ਹਾਂ।੩।

ਜਿਸੁ ਮਸਤਕਿਜਿਸ ਦੇ ਮੱਥੇ ਉਤੇ। ਭਾਗਉਚੰਗਾ ਭਾਗ, ਚੰਗੀ ਕਿਸਮਤ। ਤਿਨਿਉਸ ਨੇ। ਸੀਤਲਾਗਉਸੀਤਲ, ਠੰਢਾਠਾਰ।੪।

ਅਰਥ: ਹੇ ਭਾਈ! ਜਦੋਂ ਪ੍ਰਭੂ ਜੀ ਮੇਰੇ ਉਤੇ ਦਇਆਵਾਨ ਹੋਣ, ਤਦੋਂ ਹੀ ਮੈਂ ਉਸ ਦੀ ਭਗਤੀ ਵਿਚ ਲੱਗ ਸਕਦਾ ਹਾਂ। ਇਹ ਮਨ (ਸੰਸਾਰਕ ਪਦਾਰਥਾਂ ਦੀਆਂ) ਵਾਸਨਾਂ ਵਿਚ ਫਸਿਆ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਇਹ ਵਾਸ਼ਨਾਂ ਛੱਡੀਆਂ ਜਾ ਸਕਦੀਆਂ ਹਨ (ਮੈਂ ਛੱਡ ਸਕਦਾ ਹਾਂ)੧।ਰਹਾਉ।

(ਹੇ ਭਾਈ! ਪਰਮਾਤਮਾ ਦੇ ਮਿਲਾਪ ਦੇ ਟਾਕਰੇ ਤੇ) ਲੋਕਾਂ ਵਲੋਂ ਮਿਲ ਰਹੀਆਂ ਇੱਜ਼ਤਾਂ ਨੂੰ ਤਾਂ ਮੈਂ ਅੱਗ ਵਿਚ ਪਾ ਦੇਣ ਨੂੰ ਤਿਆਰ ਹਾਂ। (ਦੁਨੀਆ ਦੇ ਲੋਕਾਂ ਦੀ ਖ਼ੁਸ਼ਾਮਦ ਕਰਨ ਦੇ ਥਾਂ) ਮੈਂ ਤਾਂ ਉਹੀ ਬੋਲ ਬੋਲਾਂਗਾ, ਜਿਨ੍ਹਾਂ ਦਾ ਸਦਕਾ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲ ਪਏ।੧।

(ਹੇ ਭਾਈ! ਪ੍ਰਭੂ ਦੇ ਦਰ ਤੇ) ਮੈਂ ਬੜੀ ਅਧੀਨਗੀ ਨਾਲ ਅਰਦਾਸਾਂ ਕਰਾਂਗਾ, ਆਪਣੀ ਇਹ ਜਿੰਦ ਭੀ ਕੁਰਬਾਨ ਕਰ ਦਿਆਂਗਾ। ਪਿਆਰੇ ਦੇ ਇਕ ਪਲ ਭਰ ਦੇ ਮਿਲਾਪ ਦੇ ਆਨੰਦ ਦੇ ਵੱਟੇ ਵਿਚ ਮੈਂ (ਦੁਨੀਆ ਦੇ) ਸਾਰੇ ਪਦਾਰਥ ਸਦਕੇ ਕਰ ਦਿਆਂਗਾ।੨।

(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰੋਂ ਕਾਮਾਦਿਕ) ਪੰਜਾਂ ਦਾ ਸਾਥ ਮੁੱਕ ਗਿਆ ਹੈ, (ਮੇਰੇ ਅੰਦਰੋਂ) ਦ੍ਵੈਖ ਅਤੇ ਮੋਹ ਦੂਰ ਹੋ ਗਏ ਹਨ। ਮੇਰੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਗਿਆ ਹੈ, ਹੁਣ ਮੈਂ (ਕਾਮਾਦਿਕਾਂ ਦੇ ਹੱਲੇ ਵੱਲੋਂ) ਰਾਤ ਦਿਨ ਸੁਚੇਤ ਰਹਿੰਦਾ ਹਾਂ।੩।

ਹੇ ਨਾਨਕ! ਆਖ-ਜਿਸ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ, ਉਹ ਸੁਹਾਗਣ ਇਸਤ੍ਰੀ ਵਾਂਗ (ਗੁਰੂ ਦੀ) ਸਰਨ ਪੈਂਦਾ ਹੈ, (ਗੁਰੂ ਦੀ ਕਿਰਪਾ ਨਾਲ) ਉਸ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਮਨ ਉਸ ਦਾ ਸਰੀਰ (ਕਾਮਾਦਿਕਾਂ ਵਲੋਂ ਖ਼ਲਾਸੀ ਪ੍ਰਾਪਤ ਕਰ ਕੇ) ਠੰਢਾ-ਠਾਰ ਹੋ ਜਾਂਦਾ ਹੈ।੪।੨।੩੨।

ਬਿਲਾਵਲੁ ਮਹਲਾ ੫ ॥ ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥ ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥ ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥ ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥੧॥ ਰਹਾਉ ॥ ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ ॥ ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥੨॥ ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥ ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥੩॥ ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ ॥ ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ ॥੪॥੩॥੩੩॥ {ਪੰਨਾ 808}

ਪਦਅਰਥ: ਲਾਲ ਰੰਗੁ—{ਲਾਲ ਰੰਗ ਸੁਹਾਗ ਦੀ ਨਿਸ਼ਾਨੀ ਹੈ। ਨਵੀਂ ਵਿਆਹੀ ਸੁਹਾਗਣ ਪਹਿਲਾਂ ਪਹਿਲਾਂ ਲਾਲ ਕੱਪੜੇ ਪਹਿਨਦੀ ਹੈ} ਸੁਹਾਗਣਾਂ ਵਾਲਾ ਗੂੜ੍ਹਾ ਪ੍ਰੇਮ ਰੰਗ। ਤਿਸ ਕਉ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}ਜਿਸ ਕੇ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}ਨ ਹੋਵਈਨ ਹੋਵਏ, ਨ ਹੋਵੈ, ਨਹੀਂ ਹੁੰਦਾ। ਦਾਗਾ—(ਵਿਕਾਰਾਂ ਦਾ) ਦਾਗ਼।੧।

ਸੁਖਦਾਈਆਸੁਖ ਦੇਣ ਵਾਲਾ। ਸੁਖ ਭਾਇਸੁਖ ਦੇ ਭਾਵ ਨਾਲ, ਆਤਮਕ ਆਨੰਦ ਦੀ ਰਾਹੀਂ। ਸਹਜਿਆਤਮਕ ਅਡੋਲਤਾ ਵਿਚ। ਭੀਤਰੇਹਿਰਦੇ ਵਿਚ, ਅੰਦਰ ਹੀ।੧।ਰਹਾਉ।

ਜਰਾਬੁਢੇਪਾ। ਮਰਾਮੌਤ, ਆਤਮਕ ਮੌਤ। ਨਹ ਵਿਆਪਈਜ਼ੋਰ ਨਹੀਂ ਪਾ ਸਕਦਾ। ਪੀਪੀ ਕੇ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਆਘਾਨਿਆਰੱਜ ਜਾਂਦਾ ਹੈ। ਗੁਰਿਗੁਰੂ ਨੇ। ਅਮਰਅਟੱਲ ਆਤਮਕ ਜੀਵਨ ਦਾ ਮਾਲਕ।੨।

ਜਿਨਿਜਿਸ ਨੇ। ਅਮੋਲਾਜੋ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ। ਕਿਆ ਕਹਿਕੀਹ ਆਖ ਕੇ? ਮੁਖਿਮੂੰਹੋਂ। ਬੋਲਾਬੋਲਾਂ, ਮੈਂ ਬੋਲਾਂ।੩।

ਸਫਲਫਲ ਦੇਣ ਵਾਲਾ, ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲਾ। ਪਾਰਬ੍ਰਹਮਹੇ ਪਾਰਬ੍ਰਹਮ! ਗੁਣ ਨਿਧਿਗੁਣਾਂ ਦਾ ਖ਼ਜ਼ਾਨਾ। ਪਾਵਉਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਧੂਰਿਚਰਨਾਂ ਦੀ ਧੂੜ। ਨਾਨਕਹੇ ਨਾਨਕ!੪।

ਅਰਥ: ਹੇ ਭਾਈ! ਜਿਸ ਮਨੁੱਖ ਨੇ (ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਲੱਭ ਲਿਆ, ਜਿਸ ਮਨੁੱਖ ਨੂੰ ਆਤਮਕ ਆਨੰਦ ਅਤੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਮਿਲ ਪਿਆ, ਉਹ (ਸਦਾ) ਅੰਦਰੋਂ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, (ਉਸ ਨੂੰ ਇਤਨਾ ਰਸ ਆਉਂਦਾ ਹੈ ਕਿ ਫਿਰ ਉਹ ਉਸ ਨੂੰ) ਛੱਡ ਨਹੀਂ ਸਕਦਾ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਹੀ ਮਨ ਨੂੰ ਪ੍ਰਭੂ-ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਦਾ ਹੈ। ਇਹ ਰੰਗ ਐਸਾ ਹੈ ਕਿ ਇਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਇਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ।੧।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਅਟੱਲ ਆਤਮਕ ਜੀਵਨ ਦੇ ਦਿੱਤਾ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦਾ ਹੈ। ਉਸ ਦੀ ਇਸ ਆਤਮਕ ਉੱਚਤਾ ਨੂੰ ਕਦੇ ਬੁਢੇਪਾ ਨਹੀਂ ਆਉਂਦਾ, ਕਦੇ ਮੌਤ ਨਹੀਂ ਆਉਂਦੀ, ਉਸ ਨੂੰ ਫਿਰ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।੨।

ਹੇ ਭਾਈ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ। ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜਿਸ ਨੇ ਕਦੇ ਚੱਖ ਵੇਖਿਆ ਹੈ। ਹੇ ਭਾਈ! ਹਰਿ-ਨਾਮ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਮੈਂ ਕੀਹ ਆਖ ਕੇ ਮੂੰਹੋਂ (ਇਸ ਦਾ ਮੁੱਲ) ਦੱਸਾਂ?੩।

ਹੇ ਪਰਮਾਤਮਾ! ਤੇਰਾ ਦਰਸ਼ਨ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗੁਣਾਂ ਦਾ ਖ਼ਜ਼ਾਨਾ ਹੈ। ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੇ ਪੈਰਾਂ ਦੀ ਖ਼ਾਕ ਹਾਸਲ ਕਰ ਸਕਾਂ, ਮੈਂ ਤੇਰੇ ਸੇਵਕ ਤੋਂ ਸਦਕੇ ਜਾਵਾਂ।੪।੩।੩੩।

TOP OF PAGE

Sri Guru Granth Darpan, by Professor Sahib Singh