ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 804

ਬਿਲਾਵਲੁ ਮਹਲਾ ੫ ॥ ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥ ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥ ਕਰਿ ਆਸਾ ਆਇਓ ਪ੍ਰਭ ਮਾਗਨਿ ॥ ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥ ਸਾਧਸੰਗਿ ਇਸੁ ਮਨਹਿ ਉਧਾਰਉ ॥੨॥ ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥ ਤਾ ਮਿਲੀਐ ਜਾ ਲਏ ਮਿਲਾਈ ॥੩॥ ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥ ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥ {ਪੰਨਾ 804}

ਪਦਅਰਥ: ਅਰਪਉਅਰਪਉਂ, ਮੈਂ ਭੇਟਾ ਕਰਦਾ ਹਾਂ, ਮੈਂ ਭੇਟਾ ਕਰਨ ਨੂੰ ਤਿਆਰ ਹਾਂ। ਕਵਨਕੇਹੜੀ? ਸੁਮਤਿਚੰਗੀ ਮਤਿ। ਜਿਤੁਜਿਸ ਦੀ ਰਾਹੀਂ।੧।

ਕਰਿਕਰ ਕੇ, ਧਾਰ ਕੇ। ਪ੍ਰਭਹੇ ਪ੍ਰਭੂ! ਮਾਗਨਿਮੰਗਣ ਵਾਸਤੇ। ਤੁਮ੍ਹ੍ਹ ਪੇਖਤਤੇਰਾ ਦਰਸਨ ਕਰਦਿਆਂ {ਅੱਖਰ 'ਮ੍ਹ੍ਹ' ਦੇ ਨਾਲ ਅੱਧਾ '' ਹੈ}ਸੋਭਾਰੌਣਕ, ਉਤਸ਼ਾਹ। ਮੇਰੈ ਆਗਨਿਮੇਰੇ (ਹਿਰਦੇ-) ਵੇਹੜੇ ਵਿਚ।੧।ਰਹਾਉ।

ਜੁਗਤਿਢੰਗ। ਬੀਚਾਰਉਬੀਚਾਰਉਂ, ਮੈਂ ਵਿਚਾਰਦਾ ਹਾਂ। ਸੰਗਿਸੰਗ ਵਿਚ। ਮਨਹਿਮਨ ਨੂੰ! ਉਧਾਰਉਉਧਾਰਉਂ, ਮੈਂ ਬਚਾ ਸਕਦਾ ਹਾਂ।੨।

ਤਾਤਦੋਂ ਹੀ। ਜਾਜਦੋਂ। ਲਏ ਮਿਲਾਈਮਿਲਾ ਲਏ।੩।

ਨੈਨਅੱਖਾਂ। ਸੰਤੋਖੇਰੱਜ ਗਏ। ਸੋਉਹ ਮਨੁੱਖ।੪।

ਅਰਥ: ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ। ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ।੧।ਰਹਾਉ।

ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? (ਜੇ ਕੋਈ ਗੁਰਮੁਖਿ ਮੈਨੂੰ ਉਹ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।੧।

ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ। ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ।੨।

ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ।੩।

ਹੇ ਨਾਨਕ! ਆਖ-ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ, ਤੇ (ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ।੪।੪।੯।

ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥ ਕੋਟਿ ਜਤਨ ਸੰਤੋਖੁ ਨ ਪਾਇਆ ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥ ਦੇਹੁ ਭਗਤਿ ਪ੍ਰਭ ਅੰਤਰਜਾਮੀ ॥ ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥ {ਪੰਨਾ 804}

ਪਦਅਰਥ: ਸੁਤਪੁੱਤਰ। ਸਾਧ ਸੰਗਿਗੁਰਮੁਖਾਂ ਦੀ ਸੰਗਤਿ। ਸਭੁਸਾਰਾ।੧।

ਰਵਿ ਰਹਿਆਮੌਜੂਦ ਹੈ। ਆਪੇਆਪ ਹੀ। ਰਸਨਾਜੀਭ (ਨਾਲ)ਨ ਵਿਆਪੇਜ਼ੋਰ ਨਹੀਂ ਪਾ ਸਕਦਾ।੧।ਰਹਾਉ।

ਤਿਖਾਮਾਇਆ ਦੀ ਤ੍ਰੇਹ। ਤਪਤਿਤਪਸ਼, ਸੜਨ, ਖਿੱਝ। ਵਿਆਪਿਆਫਸਿਆ ਹੋਇਆ।੨।

ਕੋਟਿਕ੍ਰੋੜਾਂ। ਤ੍ਰਿਪਤਾਨਾਰੱਜ ਜਾਂਦਾ ਹੈ।੩।

ਪ੍ਰਭਹੇ ਪ੍ਰਭੂ! ਸੁਆਮੀਹੇ ਮਾਲਕ!੪।

ਅਰਥ: ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ।੧।ਰਹਾਉ।

ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ।੧।

ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ।੨।

ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ। ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ।੩।

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਹੇ ਮਾਲਕ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਆਪਣੀ ਭਗਤੀ ਦਾ ਦਾਨ ਦੇਹ।੪।੫।੧੦।

ਬਿਲਾਵਲੁ ਮਹਲਾ ੫ ॥ ਗੁਰੁ ਪੂਰਾ ਵਡਭਾਗੀ ਪਾਈਐ ॥ ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥ ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥ ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ ॥ਅਵਰਿ ਕਰਮ ਸਭਿ ਲੋਕਾਚਾਰ ॥ ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥ ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥ {ਪੰਨਾ 804}

ਪਦਅਰਥ: ਵਡਭਾਗੀਵੱਡੀ ਕਿਸਮਤ ਨਾਲ। ਮਿਲਿਮਿਲ ਕੇ। ਸਾਧੂਗੁਰੂ (ਨੂੰ)

ਪ੍ਰਭਹੇ ਪ੍ਰਭੂ! ਕਿਲਬਿਖਪਾਪ। ਭਜੁਆਸਰਾ ਲੈ।੧।ਰਹਾਉ।

ਅਵਰਿ—{ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ (ਸਾਰੇ)ਸਭਿਸਾਰੇ। ਲੋਕਾਚਾਰਲੋਕ ਆਚਾਰ, ਜਗਤ ਦਾ ਰਿਵਾਜ ਪੂਰਾ ਕਰਨ ਵਾਲੇ। ਸੰਗਿਸੰਗਤਿ ਵਿਚ। ਉਧਾਰਪਾਰਉਤਾਰਾ।੨।

ਸਿੰਮ੍ਰਿਤਿਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਵੇਦ ਆਦਿਕਾਂ ਦੇ ਵਾਕਾਂ ਨੂੰ ਚੇਤੇ ਕਰ ਕੇ ਹਿੰਦੂਸਮਾਜ ਦੀ ਅਗਵਾਈ ਲਈ ਲਿਖੇ ਹੋਏ ਧਾਰਮਿਕ ਗ੍ਰੰਥ। ਸਾਸਤਸ਼ਾਸਤ੍ਰ, ਹਿੰਦੂਫ਼ਲਸਫ਼ੇ ਦੇ ਗ੍ਰੰਥਸਾਂਖ, ਪਤੰਜਲ ਜਾਂ ਜੋਗ, ਨਿਆਇ, ਵੈਸ਼ੈਸ਼ਿਕ, ਮੀਮਾਂਸਾ, ਵੇਦਾਂਤ। ਜਿਤੁਜਿਸ ਦੀ ਰਾਹੀਂ।੩।

ਪ੍ਰਭਹੇ ਪ੍ਰਭੂ! ਧੂਰਿਚਰਨਧੂੜ। ਨਿਸਤਰੀਐਪਾਰ ਲੰਘ ਸਕੀਦਾ ਹੈ।੪।

ਅਰਥ: ਹੇ ਪਾਰਬ੍ਰਹਮ ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ (ਮੈਨੂੰ ਗੁਰੂ ਮਿਲਾ)ਹੇ ਭਾਈ! ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈ, ਗੁਰੂ ਸਾਰੇ ਪਾਪ ਕੱਟ ਦੇਂਦਾ ਹੈ।੧।ਰਹਾਉ।

ਹੇ ਭਾਈ! ਪੂਰੀ ਵੱਡੀ ਕਿਸਮਤ ਨਾਲ (ਹੀ) ਗੁਰੂ ਮਿਲਦਾ ਹੈ। ਗੁਰੂ ਨੂੰ ਮਿਲ ਕੇ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ।੧।

ਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹਨ। ਗੁਰੂ ਦੀ ਸੰਗਤਿ ਵਿਚ ਮਿਲ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ।੧।

ਹੇ ਭਾਈ! ਸਾਰੇ ਸ਼ਾਸਤ੍ਰ, ਸਿੰਮ੍ਰਿਤੀਆਂ ਅਤੇ ਵੇਦ ਵਿਚਾਰ ਕੇ ਵੇਖ ਲਏ ਹਨ। (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਇਸ ਹਰਿ-ਨਾਮ ਦੀ ਰਾਹੀਂ ਹੀ ਗੁਰੂ ਪਾਰ ਲੰਘਾਂਦਾ ਹੈ।੩।

ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ। (ਤੇਰੇ ਦਾਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ। (ਗੁਰੂ ਦੀ ਕਿਰਪਾ ਨਾਲ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ।੪।੬।੧੧।

ਬਿਲਾਵਲੁ ਮਹਲਾ ੫ ॥ ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥ ਸਗਲ ਮਨੋਰਥ ਪੂਰਨ ਆਸੀਨਾ ॥੧॥ ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥ ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ ॥ਅੰਧ ਕੂਪ ਤੇ ਕਰੁ ਗਹਿ ਲੀਨਾ ॥ ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥ ਨੀਚਾ ਤੇ ਊਚ ਊਨ ਪੂਰੀਨਾ ॥ ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥ ਮਨ ਤਨ ਨਿਰਮਲ ਪਾਪ ਜਲਿ ਖੀਨਾ ॥ ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥ {ਪੰਨਾ 804}

ਪਦਅਰਥ: ਰਿਦੇ ਮਹਿਹਿਰਦੇ ਵਿਚ। ਚੀਨ੍ਹ੍ਹਾਪਛਾਣਿਆ, ਵਿਚਾਰਿਆ। ਸਗਲਸਾਰੇ। ਆਸੀਨਾਆਸਾਂ।੧।

ਊਜਲੁਉਜਲਾ, ਰੌਸ਼ਨ। ਕੀਨ੍ਹ੍ਹਾਕਰ ਦਿਤਾ। ਕਰਿਕਰ ਕੇ।੧।ਰਹਾਉ।

ਅੰਧ ਕੂਪ ਤੇਅੰਨ੍ਹੇ ਖੂਹ ਤੋਂ। ਕਰੁਹੱਥ। ਗਹਿਫੜ ਕੇ। ਜੈ ਜੈਕਾਰੁਫ਼ਤਹ ਦਾ ਡੰਕਾ, ਬਹੁਤ ਸੋਭਾ। ਜਗਤਿਜਗਤ ਵਿਚ।੨।

ਊਨਊਣੇ, ਖ਼ਾਲੀ। ਪੂਰੀਨਾਭਰ ਦਿੱਤੇ। ਮਹਾ ਰਸੁਬਹੁਤ ਸੁਆਦਲਾ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ।੩।

ਨਿਰਮਲਪਵਿੱਤਰ। ਜਲਿਸੜ ਕੇ। ਖੀਨਾਮੁੱਕ ਗਏ। ਨਾਨਕਹੇ ਨਾਨਕ! ਪ੍ਰਸੀਨਾਪ੍ਰਸੰਨ।੪।

ਅਰਥ: ਹੇ ਭਾਈ! ਪਰਮਾਤਮਾ ਨੇ ਮੇਹਰ ਕਰ ਕੇ (ਜਿਨ੍ਹਾਂ ਸੰਤ ਜਨਾਂ ਨੂੰ) ਆਪਣਾ ਨਾਮ ਬਖ਼ਸ਼ਿਆ, ਉਹਨਾਂ ਸੰਤ ਜਨਾਂ ਦਾ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਗਿਆ।੧।ਰਹਾਉ।

ਹੇ ਭਾਈ! (ਜਿਨ੍ਹਾਂ ਵਡ-ਭਾਗੀਆਂ ਨੇ) ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਿਚਾਰਿਆ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ੍ਹ ਗਈਆਂ।੧।

ਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਨੇ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਹੱਥ ਫੜ ਕੇ ਕੱਢ ਲਿਆ, ਸਾਰੇ ਜਗਤ ਵਿਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ।੨।

ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਆਤਮਕ ਜੀਵਨ ਦੇਣ ਵਾਲਾ ਅਤੇ ਬੜਾ ਸੁਆਦਲਾ ਹਰਿ-ਨਾਮ ਜਪਣਾ ਸ਼ੁਰੂ ਕਰ ਦਿੱਤਾ, ਉਹ ਨੀਵਿਆਂ ਤੋਂ ਉੱਚੇ ਬਣ ਗਏ, ਉਹ (ਪਹਿਲਾਂ ਗੁਣਾਂ ਤੋਂ) ਸੱਖਣੇ (ਗੁਣਾਂ ਨਾਲ) ਭਰ ਗਏ।੩।

ਹੇ ਨਾਨਕ! ਆਖ-(ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਜੀ ਪ੍ਰਸੰਨ ਹੋ ਗਏ, ਉਹਨਾਂ ਦੇ ਮਨ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ।੪।੭।੧੨।

TOP OF PAGE

Sri Guru Granth Darpan, by Professor Sahib Singh