ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 794; Extra text ਜ਼ਰੂਰੀ ਨੋਟ: ਸੂਹੀ ਰਾਗ ਵਿਚ ਲਿਖੇ ਹੋਏ ਗੁਰੂ ਨਾਨਕ ਸਾਹਿਬ ਅਤੇ ਫ਼ਰੀਦ ਜੀ ਦੋਹਾਂ ਦੇ ਸ਼ਬਦਾਂ ਨੂੰ (ਜੋ ਉੱਪਰ ਦਿੱਤੇ ਗਏ ਹਨ) ਰਤਾ ਗਹੁ ਨਾਲ ਪੜ੍ਹ ਕੇ ਵੇਖੋ। ਫ਼ਰੀਦ ਜੀ ਨੇ ਉਸ ਮਨੁੱਖ ਦੀ ਹਾਲਤ ਦੱਸੀ ਹੈ ਜੋ ਸਾਰੀ ਉਮਰ ਆਪਣਾ ਮਨ ਮਾਇਆ ਵਿਚ ਜੋੜੀ ਰੱਖੇ, ਗੁਰੂ ਨਾਨਕ ਸਾਹਿਬ ਨੇ ਉਸ ਦਾ ਨਕਸ਼ਾ ਖਿੱਚਿਆ ਹੈ ਜੋ ਸਦਾ ਨਾਮ ਰੰਗ ਵਿਚ ਰੰਗਿਆ ਰਹੇ: (੧) ਮਾਇਆ-ਵੇੜ੍ਹੇ ਜੀਵ ਲਈ ਸੰਸਾਰ-ਸਰੋਵਰ ਵਿਕਾਰਾਂ ਦੀਆਂ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਇਸ ਵਿਚੋਂ ਉਹ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਸਹੀ-ਸਲਾਮਤ ਪਾਰ ਨਹੀਂ ਲੰਘਾ ਸਕਦਾ। ਨਾਮ ਜਪਣ ਵਾਲੇ ਦੇ ਰਾਹ ਵਿਚ ਵਿਕਾਰਾਂ ਦਾ ਇਹ ਸਰੋਵਰ ਆਉਂਦਾ ਹੀ ਨਹੀਂ, ਇਸ ਵਾਸਤੇ ਉਹ ਸੌਖਾ ਲੰਘ ਜਾਂਦਾ ਹੈ। (੨) ਜੋ ਜੀਵ ਮਾਇਆ ਦੀ ਹਉਮੈ ਵਿਚ ਰਹੇ ਉਹਨਾਂ ਨੂੰ ਪ੍ਰਭੂ-ਦਰ ਤੋਂ 'ਰੇ ਰੇ' ਦੇ ਬੋਲ ਮਿਲੇ, ਉਹਨਾਂ ਦਾ ਇਥੇ ਪ੍ਰਭੂ ਨਾਲ ਮਿਲਾਪ ਨਾਹ ਹੋ ਸਕਿਆ, ਤੇ, ਇਹ ਵੇਲਾ ਖੁੰਝਿਆਂ ਵਾਂਜੇ ਹੀ ਰਹੇ। ਪਰ ਜਿਨ੍ਹਾਂ ਸਤਿਗੁਰੂ ਦੇ ਬਚਨਾਂ ਉੱਤੇ ਤੁਰ ਕੇ ਹਉਮੈ ਦੂਰ ਕੀਤੀ, ਉਹਨਾਂ ਨੂੰ ਪ੍ਰਭੂ ਦੇ ਦਰ ਤੋਂ "ਅੰਮ੍ਰਿਤ ਬੋਲ" ਮਿੱਠੇ ਬਚਨ ਮਿਲੇ। (੩) ਮਾਇਆ-ਵੇੜ੍ਹਿਆ ਜੀਵ ਇਥੋਂ ਤੁਰਨ ਲੱਗਾ ਜੱਕੋ-ਤੱਕੇ ਕਰਦਾ ਹੈ ਉਸ ਦਾ ਚੱਲਣ ਨੂੰ ਜੀ ਨਹੀਂ ਕਰਦਾ; ਪਰ ਜਿਨ੍ਹਾਂ ਨਾਮ ਸਿਮਰਿਆ, ਉਹਨਾਂ ਨੂੰ ਖਸਮ ਪਿਆਰਾ ਲੱਗਦਾ ਹੈ (ਇਸ ਵਾਸਤੇ ਇਥੋਂ ਤੁਰਨ ਵਿਚ ਉਹਨਾਂ ਨੂੰ ਕੋਈ ਘਬਰਾਹਟ ਨਹੀਂ ਹੁੰਦੀ)। ਜਿਉਂ ਜਿਉਂ ਇਹਨਾਂ ਦੋਹਾਂ ਸ਼ਬਦਾਂ ਨੂੰ ਰਲਾ ਕੇ ਪੜ੍ਹੀਏ, ਇਹਨਾਂ ਦੀ ਡੂੰਘੀ ਸਾਂਝ ਵਧੀਕ ਵਧੀਕ ਸੁਆਦਲੀ ਲੱਗਦੀ ਹੈ। ਫਿਰ ਵੇਖੋ, ਕਿਤਨੇ ਹੀ ਲਫ਼ਜ਼ ਸਾਂਝੇ ਵਰਤੇ ਹਨ: ਬੇੜਾ, ਸਰਵਰੁ, ਊਛਲੈ (ਦੁਹੇਲਾ, ਸੁਹੇਲਾ), (ਕਸੁੰਭਾ, ਮੰਜੀਠ) ਢੋਲਾ, ਸਹ ਕੇ ਬੋਲਾ (ਰੇ, ਅੰਮ੍ਰਿਤ), ਸਹੇਲੀਹੋ, ਸਹੁ। ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਸ਼ਬਦ ਬਾਬਾ ਫ਼ਰੀਦ ਜੀ ਦਾ ਸ਼ਬਦ ਸਾਹਮਣੇ ਰੱਖ ਕੇ ਉਚਾਰਿਆ ਹੈ, ਤੇ, ਦੋਹਾਂ ਨੇ ਰਲ ਕੇ ਜ਼ਿੰਦਗੀ ਦੇ ਦੋਵੇਂ ਪੱਖ ਇਨਸਾਨ ਦੇ ਅੱਗੇ ਰੱਖ ਦਿੱਤੇ ਹਨ। ਉਹ ਸ਼ਬਦ ਗੁਰੂ ਨਾਨਕ ਦੇਵ ਜੀ ਨੂੰ ਇਤਨਾ ਪਿਆਰਾ ਲੱਗਾ ਜਾਪਦਾ ਹੈ ਕਿ ਇਸ ਵਿਚ ਆਇਆ ਲਫ਼ਜ਼ "ਦੁਧਾਥਣੀ" ਫਿਰ ਹੋਰ ਥਾਂ ਆਪਣੀ ਬਾਣੀ ਵਿਚ ਭੀ ਵਰਤਦੇ ਹਨ। ਜਿਵੇਂ ਇਹ ਖ਼ਿਆਲ ਹੁਣ ਤਕ ਬਣਾਇਆ ਗਿਆ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਪੰਜਾਬ ਦੇ ਲੋਕਾਂ ਪਾਸੋਂ ਸੁਣ ਸੁਣਾ ਕੇ ਇਕੱਠੇ ਕੀਤੇ ਸਨ, ਜੇ ਇਹੀ ਖ਼ਿਆਲ ਫ਼ਰੀਦ ਜੀ ਦੇ ਇਸ ਸ਼ਬਦ ਬਾਰੇ ਭੀ ਵਰਤਿਆ ਜਾਏ, ਤਾਂ ਗੁਰੂ ਨਾਨਕ ਸਾਹਿਬ ਦਾ ਸੂਹੀ ਰਾਗ ਦਾ ਸ਼ਬਦ ਫ਼ਰੀਦ ਜੀ ਦੇ ਸ਼ਬਦ ਨਾਲ ਹੂ-ਬ-ਹੂ ਮਿਲਾਵਾਂ ਹੋ ਨਹੀਂ ਸੀ ਸਕਦਾ। ਸੋ, ਫ਼ਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪ ਪਾਕਪਟਨ ਤੋਂ ਲਿਆ, ਇਸ ਨੂੰ ਪਿਆਰ ਕੀਤਾ, ਤੇ, ਜ਼ਿੰਦਗੀ ਦਾ ਜਿਹੜਾ ਪੱਖ ਫ਼ਰੀਦ ਜੀ ਨੇ ਛੱਡ ਦਿੱਤਾ ਸੀ ਉਸ ਨੂੰ ਬਿਆਨ ਕਰ ਕੇ ਦੋਹਾਂ ਸ਼ਬਦਾਂ ਦੀ ਰਾਹੀਂ ਇਨਸਾਨੀ ਜ਼ਿੰਦਗੀ ਦੀ ਖ਼ੂਬਸੂਰਤ ਮੁਕੰਮਲ ਤਸਵੀਰ ਖਿੱਚ ਦਿੱਤੀ। ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਫ਼ਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਸਾਂਭ ਕੇ ਲਿਆਂਦੀ ਸੀ। ਕਿਉਂ? ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖਣ ਲਈ। ਇਕ ਗੱਲ ਹੋਰ ਸਾਫ਼ ਹੋ ਗਈ ਕਿ ਗੁਰੂ ਨਾਨਕ ਦੇਵ ਜੀ ਦਾ ਹੀ ਆਪਣਾ ਸੰਕਲਪ ਸੀ, ਜੁ ਉਹਨਾਂ ਦੀ ਬਾਣੀ ਸਹੀ ਰੂਪ ਵਿਚ ਸਿੱਖ ਕੌਮ ਲਈ ਸਾਂਭ ਕੇ ਰੱਖੀ ਜਾਏ, ਤੇ, ਉਸ ਵਿਚ ਉਸ ਵਕਤ ਦੇ ਭਗਤਾਂ ਦੇ ਉਹ ਸ਼ਬਦ ਵੀ ਲਿਖੇ ਜਾਣ ਜੋ ਆਪ ਲਿਖ ਕੇ ਲਿਆਏ ਸਨ। ?????????????????????????? ਮੈਕਾਲਿਫ਼ ਅਨੁਸਾਰ: ਬੰਬਈ ਪ੍ਰਾਂਤ ਦੇ ਜ਼ਿਲਾ ਸਤਾਰਾ ਵਿਚ ਇਕ ਪਿੰਡ ਨਰਸੀ ਨਾਮ ਦਾ ਹੈ। ਮੈਕਾਲਿਫ਼ ਅਨੁਸਾਰ ਨਾਮਦੇਵ ਜੀ ਦਾ ਜਨਮ ਇਸ ਪਿੰਡ ਵਿਚ ਹੋਇਆ ਸੀ ਕੱਤਕ ਸੁਦੀ ਏਕਾਦਸੀ ਸ਼ਾਕਾ ਸੰਮਤ ੧੧੯੨ (ਮੁਤਾਬਿਕ ਨਵੰਬਰ ਸੰਨ ੧੨੭੦)। ਜਾਤ ਦੇ ਛੀਂਬੇ ਸਨ। ਪਿੰਡ ਨਰਸੀ ਨਗਰ ਕਰਾਦ ਤੋਂ ਨੇੜੇ ਹੈ। ਕਰਾਦ ਰੇਲ ਦਾ ਸਟੇਸ਼ਨ ਹੈ, ਪੂਨੇ ਤੋਂ ਮਿਰਾਜ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ। ਪਿੰਡ ਨਰਸੀ ਤੋਂ ਬਾਹਰ-ਵਾਰ ਕੇਸ਼ੀ ਰਾਜ (ਸ਼ਿਵ) ਦਾ ਮੰਦਰ ਸੀ। ਨਾਮਦੇਵ ਜੀ ਦੇ ਪਿਤਾ ਉਸ ਦੇ ਸਰਧਾਵਾਨ ਭਗਤ ਸਨ। ਨਾਮਦੇਵ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਪੰਡਰਪੁਰ ਗੁਜ਼ਾਰਿਆ। ਪੰਡਰਪੁਰ ਤੋਂ ਨੇੜੇ ਪਿੰਡ ਵਦਵਲ ਦੇ ਵਸਨੀਕ ਮਹਾਤਮਾ ਵਿਸ਼ੋਭਾ ਜੀ ਦੀ ਸੰਗਤਿ ਦਾ ਨਾਮਦੇਵ ਜੀ ਨੂੰ ਅਵਸਰ ਮਿਲਦਾ ਰਿਹਾ। ਨਾਮਦੇਵ ਜੀ ਦਾ ਦੇਹਾਂਤ ਅੱਸੀ ਸਾਲ ਦੀ ਉਮਰੇ (ਅੱਸੂ ਵਦੀ ੧੩) ਸੰਨ ੧੩੫੦ ਵਿਚ ਪਿੰਡ ਪੰਡਰਪੁਰ ਹੋਇਆ ਸੀ। ਪੂਰਨ ਦਾਸ ਦੀ ਜਨਮ-ਸਾਖੀ ਅਨੁਸਾਰ: ਪੂਰਨ ਦਾਸ ਦੀ ਲਿਖੀ 'ਜਨਮ ਸਾਖੀ' ਵਿਚ ਲਿਖਿਆ ਹੈ ਕਿ ਪੰਡਰ ਪੁਰ ਦੇ ਨੇੜੇ ਇਕ ਪਿੰਡ ਗੋਪਾਲਪੁਰ ਵਿਚ ਨਾਮਦੇਵ ਜੀ ਦਾ ਜਨਮ ਹੋਇਆ ਸੀ। ੫੫ ਸਾਲ ਦੀ ਉਮਰੇ ਨਾਮਦੇਵ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਇਕ ਪਿੰਡ ਭੱਟੇਵਾਲ ਆ ਟਿਕਿਆ। ਲੋਕਾਂ ਦੀ ਬਹੁਤੀ ਆਵਾ-ਜਾਈ ਹੋ ਜਾਣ ਦੇ ਕਾਰਨ ਨਾਮਦੇਵ ਨੇ ਇੱਥੋਂ ਵਿੱਥ ਤੇ ਇਕ ਜੰਗਲ ਜਿਹੇ ਵਿਚ ਜਾ ਕੇ ਡੇਰਾ ਕੀਤਾ। ਉੱਥੇ ਹੀ ਦੇਹਾਂਤ ਹੋਇਆ। ਹੁਣ ਉਸ ਪਿੰਡ ਦਾ ਨਾਮ ਘੁਮਾਣ ਹੈ। ਹਰ ਸਾਲ ਮਾਘ ਦੀ ਦੂਜੀ ਤਾਰੀਖ਼ ਨੂੰ ਉੱਥੇ ਮੇਲਾ ਲੱਗਦਾ ਹੈ। ਪੂਰਨਦਾਸ ਅਨੁਸਾਰ ਨਾਮਦੇਵ ਜੀ ਦਾ ਜਨਮ ਸੰਨ ੧੩੧੩ ਵਿਚ ਹੋਇਆ ਤੇ ਦੇਹਾਂਤ ੨੧ ਮਾਘ ਸੰਮਤ ੧੫੨੧ (ਸੰਨ ੧੪੬੪ ਈਸਵੀ)। 'ਭਗਤ ਮਾਲ' ਅਨੁਸਾਰ: ਪੁਸਤਕ 'ਭਗਤ ਮਾਲ' ਵਿਚ ਭੀ ਨਾਮਦੇਵ ਜੀ ਬਾਰੇ ਕੁਝ ਇਉਂ ਹੀ ਲਿਖਿਆ ਹੋਇਆ ਹੈ, ਪਰ ਉਸ ਵਿਚ ਉਹਨਾਂ ਦੇ ਪੰਜਾਬ ਆਵਣ ਦਾ ਜ਼ਿਕਰ ਨਹੀਂ ਹੈ। ਮੋਈ ਗਾਂ ਵਾਲੀ ਘਟਨਾ: ਮੈਕਾਲਿਫ਼ ਲਿਖਦਾ ਹੈ ਕਿ ਨਾਮਦੇਵ ਜੀ ਆਪਣੇ ਇਕ ਮਿੱਤਰ ਗਿਆਨਦੇਵ ਨਾਲ ਹਿੰਦੂ-ਤੀਰਥਾਂ ਤੇ ਆਏ ਸਨ, ਦਿੱਲੀ ਭੀ ਆਏ। ਤਦੋਂ ਹਿੰਦ ਦਾ ਬਾਦਸ਼ਾਹ ਮੁਹੰਮਦ ਤੁਗ਼ਲਕ ਸੀ। ਇਸੇ ਬਾਦਸ਼ਾਹ ਨੇ ਮੋਈ ਗਾਂ ਜਿਵਾਲਣ ਲਈ ਨਾਮਦੇਵ ਨੂੰ ਵੰਗਾਰਿਆ ਸੀ। ਪਰ ਪੁਸਤਕ 'ਜਨਮ ਸਾਖੀ' ਵਿਚ ਇਹ ਘਟਨਾ ਸੰਨ ੧੩੮੦ ਦੀ ਦੱਸੀ ਗਈ ਹੈ। ਜਿਸ ਬਾਦਸ਼ਾਹ ਨੇ ਨਾਮਦੇਵ ਜੀ ਨੂੰ ਕੈਦ ਕੀਤਾ ਸੀ ਉਸ ਦਾ ਨਾਮ 'ਪੈਰੋ' ਦਿੱਤਾ ਗਿਆ ਹੈ। ਦਿੱਲੀ ਦੇ ਤਖ਼ਤ ਉੱਤੇ ਉਸ ਵੇਲੇ ਫ਼ੀਰੋਜ਼ਸ਼ਾਹ ਤੁਗ਼ਲਕ ਸੀ, ਸੰਨ ੧੩੫੧ ਤੋਂ ੧੩੮੮ ਤਕ। ਮੁਹੰਮਦ ਤੁਗ਼ਲਕ ਨੇ ਸੰਨ ੧੩੨੫ ਤੋਂ ੧੩੫੩ ਤਕ ਰਾਜ ਕੀਤਾ ਸੀ। ਧੁਰ ਦੱਖਣ ਵਲ ਭੀ: ਮੈਕਾਲਿਫ਼ ਅਨੁਸਾਰ ਨਾਮਦੇਵ ਜੀ ਗਿਆਨਦੇਵ ਨਾਲ ਧੁਰ ਦੱਖਣ ਵਿਚ ਭੀ ਗਏ। ਰਾਮੇਸ਼੍ਵਰ, ਕਲਪਧਾਰਾ ਤੋਂ ਹੋ ਕੇ ਧਾਰਾ ਪਹੁੰਚੇ। ਉੱਥੇ ਔਧੀਯ ਨਾਗ ਨਾਥ ਦੇ ਮੰਦਰ ਵਿਚੋਂ ਨਾਮਦੇਵ ਨੂੰ ਧੱਕੇ ਪਏ ਸਨ। ????????? ਗਜ ਮ੍ਰਿਗ ਮੀਨ ਪਤੰਗ ਅਲਿ, ਇਕਤੁ ਇਕਤੁ ਰੋਗਿ ਪਚੰਦੇ। ਮਾਣਸ ਦੇਹੀ ਪੰਜਿ ਰੋਗ, ਪੰਜੇ ਦੂਤ ਕੁਸੂਤੁ ਕਰੰਦੇ। ਆਸਾ ਮਨਸਾ ਡਾਇਣੀ, ਹਰਖੁ ਸੋਗੁ ਬਹੁ ਰੋਗ ਵਧੰਦੇ। ਮਨਮੁਖ ਦੂਜੈ ਭਾਇ ਲਗਿ, ਭੰਭਲਭੂਸੇ ਖਾਇ ਭਵੰਦੇ। ਸਤਿਗੁਰੁ ਸਚਾ ਪਾਤਿਸ਼ਾਹ, ਗੁਰਮੁਖ ਗਾਡੀ ਰਾਹੁ ਚਲੰਦੇ। ਸਾਧ ਸੰਗਤਿ ਮਿਲਿ ਚਲਣਾ, ਭਜਿ ਗਏ ਠਗ ਚੋਰ ਡਰੰਦੇ। ਲੈ ਲਾਹਾ ਨਿਜਿ ਘਰਿ ਨਿਬਹੰਦੇ ॥੨੦॥੫॥ {ਭਾਈ ਗੁਰਦਾਸ ਜੀ ਪਦਅਰਥ: ਗਜ-ਹਾਥੀ। ਮ੍ਰਿਗ-ਹਿਰਨ। ਮੀਨ-ਮੱਛੀ। ਅਲਿ-ਭੌਰਾ। ਇਕਤੁ-ਇੱਕ ਵਾਰ। ਇਕਤੁ ਇਕਤੁ ਰੋਗਿ-ਇਕ ਇਕ ਰੋਗ ਵਿਚ। ਪਚੰਦੇ-ਖ਼ੁਆਰ ਹੁੰਦੇ ਹਨ। ਦੇਹੀ-ਸਰੀਰ। ਪੰਜੇ ਦੂਤ-ਪੰਜੇ (ਕਾਮਾਦਿਕ) ਵੈਰੀ। ਕਸੂਰ-ਵਿਗਾੜ। ਹਰਖੁ-ਖ਼ੁਸ਼ੀ। ਸੋਗੁ-ਗ਼ਮ, ਚਿੰਤਾ। ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਇ-(ਪਰਮਾਤਮਾ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ। ਲਗਿ-ਲੱਗ ਕੇ। ਭੰਭਲਭੂਸੇ-(ਜੀਵਨ-ਸਫ਼ਰ ਵਿਚ) ਠੇਡੇ। ਖਾਇ-ਖਾ ਕੇ। ਗਾਡੀ ਰਾਹਿ-ਗੱਡੇ ਦੀ ਲੀਹ ਤੇ। ਲਾਹਾ-ਲਾਭ। ਨਿਜਿ ਘਰਿ-ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ। ?????????????????????????? ਭੁਲੇਖਾ ਕਿ ਨਾਮਦੇਵ ਦੋ ਹੋਏ ਹਨ - ਮੈਕਾਲਿਫ਼ ਨੇ ਭਗਤ ਜੀ ਦਾ ਜਨਮ ਸੰਨ ੧੨੭੦ ਤੇ ਦੇਹਾਂਤ ੧੩੫੦ ਵਿਚ ਦੱਸਿਆ ਹੈ। ਪੂਰਨਦਾਸ ਨੇ 'ਜਨਮਸਾਖੀ' ਵਿਚ ਜਨਮ ੧੩੬੩ ਅਤੇ ਦੇਹਾਂਤ ਸੰਨ ੧੪੬੪ ਵਿਚ ਲਿਖਿਆ ਹੈ। ਮੈਕਾਲਿਫ਼ ਲਿਖਦਾ ਹੈ ਕਿ ਉਹਨਾਂ ਦਾ ਦੇਹਾਂਤ ਪੰਡਰਪੁਰ ਵਿਚ ਹੋਇਆ। 'ਜਨਮਸਾਖੀ' ਵਾਲਾ ਆਖਦਾ ਹੈ ਕਿ ਨਾਮਦੇਵ ਜੀ ਦਾ ਦੇਹਾਂਤ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਘੁਮਾਨ ਵਿਚ ਹੋਇਆ। ਦੋਹੀਂ ਥਾਈਂ ਭਗਤ ਜੀ ਦੀ ਯਾਦ ਵਿਚ 'ਦੇਹੁਰੇ' ਬਣੇ ਹੋਏ ਹਨ। ਇਸ ਤੋਂ ਕਈ ਸੱਜਣ ਇਹ ਕਹਿਣ ਲੱਗ ਪਏ ਹਨ ਕਿ ਸ਼ਾਇਦ ਭਗਤ ਨਾਮਦੇਵ ਦੋ ਹੋਏ ਹੋਣ ਤੇ ਦੋਵੇਂ ਹੀ ਜਾਤ ਦੇ ਛੀਂਬੇ ਹੋਣ। ਇਹ ਸ਼ੱਕ ਉਠਾਣ ਵਾਲੇ ਸੱਜਣ ਜਨਮ ਦੋਹਾਂ ਦਾ ਹੀ ਬੰਬਈ ਪ੍ਰਾਂਤ ਵਿਚ ਮਿਥ ਰਹੇ ਹਨ। ਭੁਲੇਖਾ ਪਾਣ ਵਾਲੀ ਉਲਝਣ- ਇਹਨਾਂ ਲੋਕਾਂ ਦੇ ਰਾਹ ਵਿਚ ਨਵੀਂ ਉਲਝਣ ਹੋਰ ਭੀ ਪੈ ਰਹੀ ਹੈ ਜੋ ਇਹਨਾਂ ਦੇ ਸ਼ੱਕ ਨੂੰ ਪੱਕਾ ਕਰੀ ਜਾ ਰਹੀ ਹੈ। ਭਗਤ ਜੀ ਦੇ ਸਾਰੇ ਸ਼ਬਦਾਂ (ਅਭੰਗਾਂ) ਦਾ ਸੰਗ੍ਰਹਿ ਜੋ ਮਹਾਰਾਸ਼ਟਰ ਵਿਚ ਮਿਲਦਾ ਹੈ, ਤੇ ਜਿਸ ਦਾ ਨਾਮ "ਗਾਥਾ" ਹੈ ਉਸ ਦੀ ਬੋਲੀ 'ਮਰਾਠੀ' ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮਦੇਵ ਜੀ ਦੇ ਜੋ ਸ਼ਬਦ ਦਰਜ ਹਨ, ਉਹਨਾਂ ਵਿਚੋਂ ਥੋੜੇ ਹੀ ਹਨ ਜਿਨ੍ਹਾਂ ਵਿਚ ਮਰਾਠੀ ਦੇ ਆਮ ਲਫ਼ਜ਼ ਹਨ, ਬਾਕੀ ਦੇ ਸ਼ਬਦ ਭਾਰਤ ਦੀ ਸਾਂਝੀ ਬੋਲੀ ਦੇ ਹਨ। ਇਹਨਾਂ ਸੱਜਣਾਂ ਨੂੰ ਇਹ ਔਕੜ ਆਈ ਪਈ ਹੈ ਕਿ ਮਹਾਰਾਸ਼ਟਰ ਵਿਚ ਜੰਮੇ ਪਲੇ ਨਾਮਦੇਵ ਨੇ 'ਮਰਾਠੀ' ਤੋਂ ਇਲਾਵਾ ਇਹ ਦੂਜੀ ਬੋਲੀ ਕਿੱਥੋਂ ਸਿੱਖ ਲਈ ਸੀ। ਇਥੇ ਅਸਾਂ ਹੁਣ ਇਹ ਵਿਚਾਰ ਕਰਨੀ ਹੈ ਕਿ ਕੀ ਨਾਮਦੇਵ ਦੋ ਹੋਏ ਹਨ।......ਇੱਕ ਉਹ ਜੋ ਮਹਾਰਾਸ਼ਟਰ ਵਿਚ ਹੀ ਰਿਹਾ ਤੇ ਦੂਜਾ ਨਾਮਦੇਵ ਪਹਿਲੇ ਭਗਤ ਨਾਮਦੇਵ ਜੀ ਦਾ ਹੀ ਸਿੱਖ, ਜੋ ਪੰਜਾਬ ਵਿਚ ਆ ਵੱਸਿਆ। ਰਮਤੇ ਸੰਤਾਂ ਸਾਧਾਂ ਨਾਲ ਮੇਲ-ਜੋਲ- ਇਹ ਇਤਰਾਜ਼ ਕੋਈ ਖ਼ਾਸ ਵਜ਼ਨਦਾਰ ਨਹੀਂ ਕਿ ਚੂੰਕਿ ਮਹਾਰਾਸ਼ਟਰ ਵਿਚ 'ਮਰਾਠੀ' ਬੋਲੀ ਤੋਂ ਇਲਾਵਾ ਕਿਸੇ ਹੋਰ ਬੋਲੀ ਦੇ ਪੜ੍ਹਾਣ ਦਾ ਪਰਬੰਧ ਨਹੀਂ ਸੀ ਇਸ ਵਾਸਤੇ ਨਾਮਦੇਵ ਸਾਰੇ ਭਾਰਤ ਵਿਚ ਸਮਝੀ ਜਾ ਸਕਣ ਵਾਲੀ ਬੋਲੀ ਕਿਤੋਂ ਸਿੱਖ ਨਹੀਂ ਸੀ ਸਕਦਾ। ਸਤਿਗੁਰੂ ਨਾਨਕ ਦੇਵ ਜੀ ਆਪਣੇ ਪਿੰਡ ਦੇ ਪਾਂਧੇ ਪਾਸ ਬਹੁਤ ਥੋੜਾ ਚਿਰ ਪੜ੍ਹੇ ਸਨ ਤੇ ਮੌਲਵੀ ਪਾਸ ਭੀ ਬਹੁਤ ਘੱਟ। ਪਰ ਉਹਨਾਂ ਜਦੋਂ ਸੰਨ ੧੫੦੭ ਵਿਚ ਪਹਿਲੀ 'ਉਦਾਸੀ' ਸ਼ੁਰੂ ਕੀਤੀ ਤਾਂ ਪੂਰੇ ਅੱਠ ਸਾਲ ਵਿਚ ਸਾਰੇ ਹੀ ਭਾਰਤ ਦਾ ਚੱਕਰ ਲਾਇਆ; ਬੰਗਾਲ, ਆਸਾਮ ਤੇ ਮਦਰਾਸ ਵਿਚ ਭੀ ਗਏ, ਸੰਗਲਾਦੀਪ ਵਿਚ ਭੀ ਜਾ ਅੱਪੜੇ, ਵਾਪਸੀ ਤੇ ਬੰਬਈ ਸੂਬੇ ਵਿਚੋਂ ਦੀ ਲੰਘੇ। ਇਥੋਂ ਹੀ ਤਾਂ ਉਹਨਾਂ ਨੇ ਭਗਤ ਨਾਮਦੇਵ ਜੀ ਦੀ ਸਾਰੀ ਬਾਣੀ ਲਈ ਸੀ। ਜੇ ਇਹਨਾਂ ਸਾਰੇ ਪ੍ਰਾਂਤਾਂ ਵਿਚ ਦੇ ਵਸਨੀਕਾਂ ਨਾਲ ਸਤਿਗੁਰੂ ਜੀ ਨੇ ਗੱਲ-ਬਾਤ ਨਹੀਂ ਕਰਨੀ ਸੀ, ਉਹਨਾਂ ਨੂੰ ਆਪਣੇ ਖ਼ਿਆਲ ਨਹੀਂ ਦੱਸਣੇ ਸਨ, ਤਾਂ ਇਤਨੇ ਲੰਮੇ ਤੇ ਔਖੇ ਸਫ਼ਰ ਝਾਗਣੇ, ਇਤਨੀਆਂ ਤਕਲਫ਼ਿਾਂ ਸਹਾਰਨੀਆਂ-ਇਹ ਸਭ ਕੁਝ ਵਿਅਰਥ ਹੀ ਸੀ। ਅਸਲ ਗੱਲ ਇਹ ਹੈ ਕਿ ਤਲਵੰਡੀ ਦੇ ਨਾਲ ਦੇ ਜੰਗਲ ਵਿਚ ਭਾਰਤ ਦੇ ਦੂਰ ਦੂਰ ਦੇ ਇਲਾਕਿਆਂ ਵਿਚੋਂ ਜੋ ਸਾਧੂ ਆਏ ਰਹਿੰਦੇ ਸਨ, ਉਹਨਾਂ ਨਾਲ ਸਤਿਗੁਰੂ ਜੀ ਨੂੰ ਗੱਲ-ਬਾਤ ਵਿਚਾਰ ਕਰਨ ਦਾ ਮੌਕਾ ਸਦਾ ਮਿਲਦਾ ਰਹਿੰਦਾ ਸੀ। ਇਸ ਤਰ੍ਹਾਂ ਸਹਿਜ ਸੁਭਾਇ ਹੀ ਭਾਰਤ ਦੇ ਬਾਕੀ ਪ੍ਰਾਂਤਾਂ ਦੀਆਂ ਬੋਲੀਆਂ ਨਾਲ ਉਹਨਾਂ ਦੀ ਜਾਣ-ਪਛਾਣ ਹੁੰਦੀ ਗਈ। ਸਾਧੂ ਲੋਕ ਕਿਸੇ ਇੱਕ ਥਾਂ ਨਹੀਂ ਬੈਠੇ ਰਹਿੰਦੇ। ਉਹਨਾਂ ਦਾ ਧਾਰਮਿਕ ਨਿਸ਼ਚਾ ਹੀ ਇਹ ਹੈ ਕਿ ਜਿਥੋਂ ਤੱਕ ਹੋ ਸਕੇ ਧਰਤੀ ਦਾ ਰਟਨ ਕੀਤਾ ਜਾ ਸਕੇ। ਜਿਵੇਂ ਉਹ ਪੰਜਾਬ ਵਿਚ ਚੱਕਰ ਲਾਂਦੇ ਹਨ ਤਿਵੇਂ ਭਾਰਤ ਦੇ ਹੋਰ ਹੋਰ ਇਲਾਕਿਆਂ ਵਿਚ ਭੀ ਜਾਂਦੇ ਹਨ। ਇਹ ਕੁਦਰਤੀ ਗੱਲ ਹੈ ਕਿ ਬੰਦਗੀ ਵਾਲੇ ਬੰਦੇ ਇਹਨਾਂ ਸਾਧੂ ਲੋਕਾਂ ਨੂੰ ਭੀ ਮਿਲਦੇ ਰਹਿੰਦੇ ਹਨ। ਸੋ, ਇਸੇ ਤਰ੍ਹਾਂ ਮਹਾਰਾਸ਼ਟਰ ਵਿਚ ਰਹਿੰਦੇ ਹੋਏ ਨਾਮਦੇਵ ਜੀ ਦੀ ਭਾਰਤ ਦੀਆਂ ਹੋਰ ਬੋਲੀਆਂ ਨਾਲ ਜਾਣ-ਪਛਾਣ ਹੁੰਦੀ ਗਈ ਹੋਵੇਗੀ। ਇਹ ਗੱਲ ਦੇਸ ਦੇ ਉਸ ਵਕਤ ਦੇ ਹੋਰ ਭਗਤਾਂ ਉਤੇ ਭੀ ਘਟਦੀ ਹੈ। ਜੀਵਨ-ਆਦਰਸ਼ ਸਾਰੇ ਦੇਸ ਲਈ ਸਾਂਝਾ- ਜਿਹੜਾ ਜੀਵਨ-ਆਦਰਸ਼ ਇਹ ਭਗਤ ਜਨ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਸਨ ਤੇ ਜਿਸ ਕੁ-ਮਾਰਗ ਦੇ ਵਿਰੁੱਧ ਅਵਾਜ਼ ਉਠਾ ਰਹੇ ਸਨ, ਉਸ ਦਾ ਸੰਬੰਧ ਸਾਰੇ ਹੀ ਭਾਰਤ ਨਾਲ ਪੈ ਰਿਹਾ ਸੀ। ਕੁਦਰਤੀ ਤੌਰ ਤੇ ਹਰੇਕ ਭਗਤ ਨੇ ਇਹੀ ਕੋਸ਼ਸ਼ ਕਰਨੀ ਸੀ ਕਿ ਜਿੱਥੋਂ ਤਕ ਹੋ ਸਕੇ 'ਬੋਲੀ' ਉਹੀ ਵਰਤੀ ਜਾਏ ਜੋ ਤਕਰੀਬਨ ਸਾਰੇ ਹੀ ਭਾਰਤ ਵਿਚ ਸਮਝੀ ਜਾ ਸਕੇ। ਸੋ ਜਿੱਥੋਂ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਗਤ ਨਾਮਦੇਵ ਜੀ ਦਾ ਸੰਬੰਧ ਹੈ, ਕੋਈ ਐਸਾ ਭਰਮ ਕਰਨ ਦੀ ਲੋੜ ਨਹੀਂ ਹੈ ਕਿ ਨਾਮਦੇਵ ਜੀ ਦੇ ਇਹ ਸ਼ਬਦ 'ਮਰਾਠੀ' ਤੋਂ ਇਲਾਵਾ ਕਿਸੇ ਹੋਰ ਬੋਲੀ ਵਿਚ ਕਿਵੇਂ ਹੋ ਗਏ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਨਾਮਦੇਵ ਜੀ ਦੇ ਸ਼ਬਦਾਂ ਵਿਚ 'ਮਰਾਠੀ' ਦੇ ਲਫ਼ਜ਼ ਮੌਜੂਦ ਹਨ। ਫਿਰ ਇਹ ਭੀ ਦੱਸਿਆ ਜਾਂਦਾ ਹੈ ਕਿ ਭਗਤ ਜੀ ਦੀ 'ਗਾਥਾ' ਵਿਚ ਕਈ ਸ਼ਬਦ ਐਸੇ ਹਨ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਏ ਸ਼ਬਦਾਂ ਨਾਲ ਉਹਨਾਂ ਦਾ ਟਾਕਰਾ ਕਰੀਏ ਤਾਂ ਇਉਂ ਜਾਪਦਾ ਹੈ ਕਿ ਇਹ ਮਹਾਰਾਸ਼ਟ੍ਰੀ ਜਾਂ ਮਰਾਠੀ ਬੋਲੀ ਵਿਚੋਂ ਤਰਜਮਾ ਕੀਤੇ ਹੋਏ ਹਨ। ਪਰ ਇਹ ਜ਼ਰੂਰੀ ਨਹੀਂ ਕਿ ਕੋਈ ਦੂਜਾ ਮਨੁੱਖ ਭਗਤ ਜੀ ਦੇ ਸ਼ਬਦਾਂ ਦਾ ਤਰਜਮਾ ਕਰਦਾ। ਉਸ ਸਮੇ ਦੇ ਹਾਲਾਤ ਅਨੁਸਾਰ- ਉਸ ਸਮੇ ਦੇ ਹਾਲਾਤ ਅਨੁਸਾਰ ਜਿਨ੍ਹਾਂ ਗੱਲਾਂ ਦਾ ਸਭ ਭਗਤ ਪਰਚਾਰ ਕਰ ਰਹੇ ਸਨ, ਤੇ ਨਾਮਦੇਵ ਜੀ ਭੀ ਕਰਦੇ ਰਹੇ, ਉਹ ਤਿੰਨ ਚਾਰ ਹੀ ਸਨ-(੧) ਉੱਚੀ ਨੀਵੀਂ ਜਾਤ ਦੇ ਵਿਤਕਰੇ ਵਿਰੁੱਧ, (੨) ਕਰਮ ਕਾਂਡ ਦਾ ਪਾਜ ਖੋਲ੍ਹਣਾ, (੩) ਮੂਰਤੀ-ਪੂਜਾ ਵਲੋਂ ਹਟਾ ਕੇ ਲੋਕਾਂ ਨੂੰ ਇੱਕ ਪਰਮਾਤਮਾ ਦੀ ਭਗਤੀ ਵਲ ਪ੍ਰੇਰਨਾ। ਨਾਮਦੇਵ ਜੀ ਮਹਾਰਾਸ਼ਟਰ ਵਿਚ ਇਹ ਪਰਚਾਰ ਕਰਦੇ ਰਹੇ। ਜਦੋਂ ਬਾਹਰ ਹੋਰ ਸੂਬਿਆਂ ਵਿਚ ਦੌਰਾ ਕੀਤਾ, ਤਾਂ ਭੀ ਇਹੀ ਗੱਲਾਂ ਤੇ ਇਹੀ ਪਰਚਾਰ ਸੀ। ਸੁਤੇ ਹੀ ਮਰਾਠੀ ਬੋਲੀ ਵਾਲੇ ਤੇ ਦੂਜੀ ਬੋਲੀ ਵਾਲੇ ਸ਼ਬਦਾਂ ਦਾ ਭਾਵ ਆਪੋ ਵਿਚ ਮਿਲਦਾ ਗਿਆ। ਗੁਰੂ ਗ੍ਰੰਥ ਸਾਹਿਬ ਵਿਚੋਂ ਗਵਾਹੀ- ਜਦੋਂ ਅਸੀ ਭਗਤ ਨਾਮਦੇਵ ਜੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲ ਰਹੀ ਗਵਾਹੀ ਨੂੰ ਗਹੁ ਨਾਲ ਵਿਚਾਰਦੇ ਹਾਂ, ਤਾਂ ਇਥੋਂ ਦੋ ਨਾਮਦੇਵ ਸਾਬਤ ਨਹੀਂ ਹੋ ਸਕਦੇ। ਭਗਤ ਕਬੀਰ ਜੀ ਅਤੇ ਰਵਿਦਾਸ ਜੀ ਆਪਣੇ ਵਕਤ ਦੇ ਹੋਰ ਪਰਸਿੱਧ ਭਗਤਾਂ ਦਾ ਭੀ ਜ਼ਿਕਰ ਕਰਦੇ ਹਨ। ਮਲੂਮ ਹੁੰਦਾ ਹੈ ਕਿ ਚੌਧਵੀਂ ਤੇ ਪੰਦ੍ਰਵੀਂ ਸਦੀ ਵਿਚ ਸਾਰੇ ਭਾਰਤ ਦੇ ਅੰਦਰ ਨੀਵੀਂ ਜਾਤ ਦੇ ਬੰਦਿਆਂ ਉੱਤੇ ਸਦੀਆਂ ਤੋਂ ਬ੍ਰਾਹਮਣਾਂ ਵਲੋਂ ਹੋ ਰਹੀ ਅੱਤ ਦੀ ਵਧੀਕੀ ਦੇ ਵਿਰੁੱਧ ਇਕ ਬਗਾਵਤ ਜਿਹੀ ਹੋ ਗਈ ਸੀ। ਚਾਰ ਚੁਫੇਰਿਓਂ ਨਿਰਭੈ ਤੇ ਨਿਡਰ ਬੰਦੇ ਇਸ ਅੱਤਿਆਚਾਰ ਦੇ ਖਿਲਾਫ਼ ਬੋਲ ਉੱਠੇ ਤੇ ਲੱਗਦੇ ਹੱਥ ਉਹਨਾਂ ਇਸ ਸਾਰੇ ਹੀ ਧਰਮ-ਜਲ ਦਾ ਪਾਜ ਖੋਲ੍ਹਣਾ ਭੀ ਸ਼ੁਰੂ ਕਰ ਦਿੱਤਾ। ਇਹ ਕੁਦਰਤੀ ਗੱਲ ਸੀ ਕਿ ਇਹ ਹਮ-ਖ਼ਿਆਲ ਸ਼ੇਰ-ਮਰਦ ਆਪੋ ਵਿਚ ਇਕ ਦੂਜੇ ਦੀ ਹਾਮੀ ਭੀ ਭਰਦੇ। ਭਗਤ ਕਬੀਰ ਅਤੇ ਰਵਿਦਾਸ ਜੀ ਨਾਮਦੇਵ ਜੀ ਨਾਲੋਂ ਪਿਛਲੇਰੇ ਸਾਲਾਂ ਵਿਚ ਹੋਏ। ਸੋ ਉਹਨਾਂ ਬੇਣੀ ਤੇ ਤ੍ਰਿਲੋਚਨ ਆਦਿਕ ਭਗਤਾਂ ਦਾ ਜ਼ਿਕਰ ਕਰਦਿਆਂ ਨਾਮਦੇਵ ਜੀ ਦਾ ਹਵਾਲਾ ਦਿੱਤਾ ਹੈ। ਪਰ ਉਹਨਾਂ ਸਿਰਫ਼ ਇੱਕੋ ਹੀ ਨਾਮਦੇਵ ਦਾ ਜ਼ਿਕਰ ਕੀਤਾ ਹੈ, ਲਫ਼ਜ਼ 'ਨਾਮਾ' ਜਾਂ 'ਨਾਮਦੇਵ' 'ਇੱਕ-ਵਚਨ' ਵਿਚ ਹੀ ਵਰਤਿਆ ਹੈ। ਇੱਥੇ ਇਹ ਭੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਾਲੇ ਨਾਮਦੇਵ ਦਾ ਭਗਤ ਕਬੀਰ ਅਤੇ ਰਵਿਦਾਸ ਜੀ ਨੂੰ ਸ਼ਾਇਦ ਪਤਾ ਹੀ ਨਾਹ ਲੱਗ ਸਕਿਆ ਹੋਵੇ। ਮਹਾਰਾਸ਼ਟਰ ਵਾਲੇ ਭਗਤ ਨਾਮਦੇਵ ਬਾਰੇ ਇਕ ਗੱਲ ਤਾਂ ਪੱਕੀ ਹੈ ਕਿ ਉਸ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਕਿਉਂਕਿ ਮਰਾਠੀ ਬੋਲੀ ਪ੍ਰਤੱਖ ਮਿਲਦੀ ਹੈ, ਖ਼ਾਸ ਤੌਰ ਤੇ ਧਨਾਸਰੀ ਰਾਗ ਦੇ ਸ਼ਬਦ "ਪਹਿਲ ਪੁਰੀਏ" ਵਿਚ। ਜੇ ਕੋਈ ਦੂਜਾ ਨਾਮਦੇਵ ਹੋਇਆ ਹੈ, ਤੇ ਉਸ ਦੇ ਸ਼ਬਦ ਭੀ ਸਤਿਗੁਰੂ ਜੀ ਨੇ ਦਰਜ ਕੀਤੇ ਹਨ, ਤਾਂ ਸਤਿਗੁਰੂ ਜੀ ਨੂੰ ਤਾਂ ਪੱਕੀ ਖ਼ਬਰ ਹੋਣੀ ਚਾਹੀਦੀ ਹੈ ਕਿ ਨਾਮਦੇਵ ਦੋ ਹਨ। ਪਰ ਉਹ ਭੀ ਜਿੱਥੇ ਜਿੱਥੇ ਜ਼ਿਕਰ ਕਰਦੇ ਹਨ, ਇੱਕੋ ਨਾਮਦੇਵ ਦਾ ਹੀ ਕਰਦੇ ਹਨ। ਲਫ਼ਜ਼ 'ਨਾਮਦੇਵ' ਇੱਕ-ਵਚਨ ਵਿਚ ਹੀ ਵਰਤਦੇ ਹਨ। ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਅਤੇ ਭੱਟ ਕੱਲਸਹਾਰ-ਇਹਨਾਂ ਸਭਨਾਂ ਨੇ ਨਾਮਦੇਵ ਦਾ ਜ਼ਿਕਰ ਕੀਤਾ ਹੈ, ਪਰ ਇੱਕੋ ਨਾਮਦੇਵ ਦਾ। ਸੋ, ਗੁਰੂ ਗ੍ਰੰਥ ਸਾਹਿਬ ਵਿਚ ਇੱਕੋ ਨਾਮਦੇਵ ਦੀ ਬਾਣੀ ਦਰਜ ਹੈ। ਉਹ ਨਾਮਦੇਵ ਕਿਹੜਾ? ਜੋ ਜਾਤ ਦਾ ਛੀਂਬਾ ਸੀ, ਜਿਸ ਨੂੰ ਇਕ ਵਾਰੀ ਕਿਸੇ ਮੰਦਰ ਤੋਂ ਧੱਕੇ ਪਏ, ਜਿਸ ਨੂੰ ਕਿਸੇ ਸੁਲਤਾਨ ਨੇ ਮੋਈ ਗਾਂ ਜਿਵਾਉਣ ਲਈ ਵੰਗਾਰਿਆ ਸੀ, ਤੇ ਜਿਸ ਨੇ ਗੋਰੀ ਗਾਂ ਦਾ ਦੁੱਧ ਚੋ ਕੇ ਆਪਣੇ ਗੁਰੂ-ਗੋਬਿੰਦ ਨੂੰ ਪਿਲਾਇਆ ਸੀ। ????????? ਜੈਸੇ ਸੂਆ ਉਡਤ ਫਿਰਤ ਬਨ ਬਨ ਪ੍ਰਤਿ, ਜੈਸੇ ਹੀ ਬਿਰਖਿ ਬੈਠੇ, ਤੈਸੇ ਫਲੁ ਚਾਖਈ ॥ ਪਰ ਬਸਿ ਹੋਇ, ਜੈਸੀ ਜੈਸੀਐ ਸੰਗਤਿ ਮਿਲੈ, ਸੁਣਿ ਉਪਦੇਸੁ, ਤੈਸੀ ਭਾਖਾ ਲੈ ਸੁਭਾਖਈ ॥ ਤੈਸੇ ਚਿਤੁ ਚੰਚਲ ਚਪਲ, ਜਲ ਕੋ ਸੁਭਾਉ, ਜੈਸੇ ਰੰਗ ਸੰਗਿ ਮਿਲੈ, ਤੈਸੋ ਰੰਗੁ ਰਾਖਈ ॥ ਅਦਮ ਅਸਾਧ, ਜੈਸੇ ਬਾਰਨੀ ਬਿਨਾਸ ਕਾਲ, ਸਾਧ ਸੰਗਿ ਗੰਗ ਮਿਲੇ, ਸੁਜਨ ਭਿਲਾਖਈ ॥੧੫੫॥ {ਕਬਿੱਤ ਭਾਈ ਗੁਰਦਾਸ ਜੀ ਪਦਅਰਥ: ਸੂਆ-{शुक} ਤੋਤਾ। ਬਨ ਬਨ ਪ੍ਰਤਿ-ਹਰੇਕ ਜੰਗਲ ਵਿਚ। ਬਿਰਖਿ-ਰੁੱਖ ਉੱਤੇ। ਚਾਖਈ-ਚੱਖਦਾ ਹੈ। ਪਰ ਬਸਿ ਹੋਇ-ਪਰਾਏ ਵੱਸ ਹੋ ਕੇ। ਸੁਣਿ-ਸੁਣ ਕੇ। ਭਾਖਾ-ਬੋਲੀ। ਲੈ-ਸਿੱਖ ਕੇ। ਚਪਲ-ਚੰਚਲ। ਕੋ-ਦਾ। ਜਲ ਕੋ-ਪਾਣੀ ਦਾ, ਪਾਣੀ ਵਾਲਾ। ਸੰਗਿ-ਨਾਲ। ਰਾਖਈ-ਧਾਰਨ ਕਰ ਲੈਂਦਾ ਹੈ। ਅਧਮ-ਨੀਚ। ਅਸਾਧ-ਅ-ਸਾਧ, ਭੈੜਾ। ਬਾਰਨੀ-ਸ਼ਰਾਬ। ਬਿਨਾਸ-ਮੌਤ, ਆਤਮਕ ਮੌਤ, ਆਚਰਨ ਦੀ ਗਿਰਾਵਟ। ਕਾਲ-ਸਮਾ। ਮਿਲਿ-ਮਿਲ ਕੇ। ਸੁਜਨ-ਭਲਾ ਮਨੁੱਖ। ਭਿਲਾਖਈ-ਮੰਨਿਆ ਜਾਂਦਾ ਹੈ। ??????????????????????????????? ਫਰੀਦ ਜੀ ਦੇ ਸ਼ਲੋਕ ਗੁਰੂ ਅਮਰਦਾਸ ਜੀ ਕੋਲ- ਸਤਿਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਪਰਸਪਰ ਟਾਕਰਾ ਕਰ ਕੇ ਅਸੀ ਸਾਬਤ ਕਰ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ, ਜੋ ਉਹਨਾਂ ਆਪ ਹੀ ਇਕੱਠੀ ਕੀਤੀ ਸੀ, ਗੁਰੂ ਅੰਗਦ ਸਾਹਿਬ ਨੂੰ ਦਿੱਤੀ ਸੀ ਤੇ ਉਹਨਾਂ ਤੋਂ ਗੁਰੂ ਅਮਰਦਾਸ ਜੀ ਨੂੰ ਮਿਲੀ ਸੀ। ਇਸ ਦਾ ਭਾਵ ਇਹ ਭੀ ਹੈ ਕਿ ਸਤਿਗੁਰੂ ਜੀ ਦੀ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਭੀ ਸਾਰੀ ਬਾਣੀ ਸਿਲਸਲੇਵਾਰ ਹਰੇਕ ਗੁਰ-ਵਿਅਕਤੀ ਨੂੰ ਮਿਲਦੀ ਗਈ। ਇਹੀ ਕਾਰਨ ਹੈ ਕਿ ਅਸੀ ਫ਼ਰੀਦ ਜੀ ਦੇ ਸ਼ਲੋਕਾਂ ਵਿਚ ਗੁਰੂ ਅਮਰਦਾਸ ਜੀ ਦੇ ਭੀ ਐਸੇ ਸ਼ਲੋਕ ਵੇਖਦੇ ਹਾਂ ਜੋ ਤਦੋਂ ਹੀ ਉਚਾਰੇ ਜਾ ਸਕਦੇ ਸਨ ਜੇ ਉਹਨਾਂ ਪਾਸ ਫ਼ਰੀਦ ਜੀ ਦੇ ਸ਼ਲੋਕ ਮੌਜੂਦ ਸਨ। ਨਾਮਦੇਵ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਪਾਸ- ਹੁਣ ਅਸੀ ਇਹ ਵੇਖਾਂਗੇ ਕਿ ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੇ ਪਾਸ ਨਾਮਦੇਵ ਜੀ ਦੀ ਬਾਣੀ ਮੌਜੂਦ ਸੀ। ਸੋਰਠਿ ਰਾਗ ਵਿਚ ਨਾਮਦੇਵ ਜੀ- ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥ ਨਾਦਿ ਸਮਾਇਲੋ ਰੇ, ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ ਜਹ ਝਿਲਿਮਿਲਿਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥ ਰਤਨ ਕਮਲ ਕੋਠਰੀ ॥ਚਮਕਾਰ ਬੀਜੁਲ ਤਹੀ ॥ ਨੇਰੈ, ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥ ਜਹ ਅਨਹਤ ਸੂਰ ਉਜ੍ਯ੍ਯਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥ {ਪੰਨਾ 656} ਭਗਤ ਨਾਮਦੇਵ ਜੀ ਦੇ ਇਸ ਸ਼ਬਦ ਦੇ ਨਾਲ ਸਤਿਗੁਰੂ ਨਾਨਕ ਦੇਵ ਜੀ ਦਾ ਹੇਠ-ਲਿਖਿਆ ਸ਼ਬਦ ਰਲਾ ਕੇ ਪੜ੍ਹੋ, ਇਹ ਭੀ ਸੋਰਠਿ ਰਾਗ ਵਿਚ ਹੀ ਹੈ। ਸੋਰਠਿ ਮਹਲਾ ੧ ॥ ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ ਗਾਵੇ ਕਾ ਫਲੁ ਹੋਈ ॥ਜਾ ਆਪੇ ਦੇਵੈ ਸੋਈ ॥੧॥ ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥੧॥ ਰਹਾਉ ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥ ਗੁਰ ਚਰਨੀ ਮਨੁ ਲਾਗਾ ॥ ਤਾ ਜਮ ਕਾ ਮਾਰਗੁ ਭਾਗਾ ॥ ਭੈ ਵਿਚਿ ਨਿਰਭਉ ਪਾਇਆ ॥ ਤਾ ਸਹਜੈ ਕੈ ਘਰਿ ਆਇਆ ॥੩॥ ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਇਸੁ ਜਗ ਮਹਿ ਕਰਣੀ ਸਾਰੀ ॥ ਕਰਣੀ ਕੀਰਤਿ ਹੋਈ ॥ਜਾ ਆਪੇ ਮਿਲਿਆ ਸੋਈ ॥੪॥੧॥੧੨॥ {ਪੰਨਾ 599} ਦੋਹਾਂ ਸ਼ਬਦਾਂ ਦਾ ਪਰਸਪਰ ਟਾਕਰਾ- ਦੋਹਾਂ ਸ਼ਬਦਾਂ ਨੂੰ ਰਲਾ ਗਹੁ ਨਾਲ ਪੜ੍ਹੋ। ਇਹਨਾਂ ਵਿਚ ਕਈ ਸੁਆਦਲੀਆਂ ਸਾਂਝੀਆਂ ਗੱਲਾਂ ਮਿਲਦੀਆਂ ਹਨ। ਦੋਹਾਂ ਸ਼ਬਦਾਂ ਦੀ ਚਾਲ ਇੱਕੋ ਜਿਹੀ ਹੈ, ਬਹੁਤ ਸਾਰੇ ਲਫ਼ਜ਼ ਸਾਂਝੇ ਹਨ, ਖ਼ਿਆਲ ਭੀ ਦੋਹਾਂ ਸ਼ਬਦਾਂ ਵਿਚ ਇੱਕੋ ਹੀ ਹੈ। ਹਾਂ, ਜਿਨ੍ਹਾਂ ਖ਼ਿਆਲਾਂ ਨੂੰ ਭਗਤ ਨਾਮਦੇਵ ਜੀ ਨੇ ਡੂੰਘੇ ਗੂਝ ਲਫ਼ਜ਼ਾਂ ਦੀ ਰਾਹੀਂ ਬਿਆਨ ਕੀਤਾ ਸੀ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਸਾਦਾ ਤੇ ਸੁਖੱਲੇ ਲਫ਼ਜ਼ਾਂ ਵਿਚ ਪਰਗਟ ਕਰ ਦਿੱਤਾ ਹੈ; ਜਿਵੇਂ 'ਝਿਲਮਿਲਿਕਾਰੁ'-'ਚੰਚਲ ਮਤਿ'। 'ਅਨਹਦ ਸਬਦ'-'ਗੁਰ ਸਾਖੀ ਕਾ ਉਜੀਆਰਾ' ਆਦਿਕ। ਇਕ ਫ਼ਰਕ ਭੀ- ਇਹਨਾਂ ਸ਼ਬਦਾਂ ਵਿਚ ਇਕ ਫ਼ਰਕ ਭੀ ਦਿੱਸਦਾ ਹੈ। ਨਾਮਦੇਵ ਜੀ ਨੇ ਆਪਣੇ ਸ਼ਬਦ ਵਿਚ ਇਹ ਦੱਸਿਆ ਹੈ ਕਿ ਸਤਿਗੁਰੂ ਦੇ ਮਿਲਣ ਨਾਲ ਮੇਰੇ ਮਨ ਵਿਚ ਇਕ ਸੁੰਦਰ ਤਬਦੀਲੀ ਪੈਦਾ ਹੋ ਗਈ ਹੈ। ਜ਼ਿਆਦਾ ਜ਼ੋਰ ਗੁਰੂ ਦੀ ਮਿਹਰ ਉੱਤੇ ਹੈ ਤੇ ਫਿਰ ਮਨ ਦੀ ਨਵੀਂ ਤਬਦੀਲੀ ਉੱਤੇ। ਗੁਰੂ ਕਿਵੇਂ ਮਿਲਿਆ? ਇਹ ਗੱਲ ਉਹਨਾਂ ਇਸ਼ਾਰੇ-ਮਾਤਰ ਹੀ 'ਰਹਾਉ' ਦੀ ਤੁਕ ਵਿਚ ਦੱਸੀ ਹੈ "ਸਤਿਗੁਰੁ ਭੇਟਿਲੇ ਦੇਵਾ"-ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਸ਼ਾਰੇ-ਮਾਤਰ-ਦੱਸੇ ਖ਼ਿਆਲ ਨੂੰ ਚੰਗੀ ਤਰ੍ਹਾਂ ਖੁਲ੍ਹੇ ਲਫ਼ਜ਼ਾਂ ਵਿਚ ਬਿਆਨ ਕਰ ਦਿੱਤਾ ਹੈ ਕਿ ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੁੰਦੀ ਹੈ, ਤਾਂ ਹੀ ਗੁਰੂ ਮਿਲਦਾ ਹੈ। "ਜਾ ਤਿਸੁ ਭਾਵਾ"। "ਜਾ ਆਪੇ ਦੇਵੈ ਸੋਈ"। "ਜਾ ਆਪੇ ਮਿਲਿਆ ਸੋਈ"। ਇਥੋਂ ਯਕੀਨੀ ਨਤੀਜਾ- ਦੋਹਾਂ ਸ਼ਬਦਾਂ ਨੂੰ ਰਲਾ ਕੇ ਪੜ੍ਹਿਆਂ ਇਹ ਗੱਲ ਯਕੀਨੀ ਹੋ ਜਾਂਦੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਭਗਤ ਜੀ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਸਪੱਸ਼ਟ ਕਰਨ ਲਈ ਲਿਖਿਆ ਹੈ। ਸਤਿਗੁਰੂ ਜੀ ਨੇ ਸਾਰੇ ਭਾਰਤ ਵਿਚ ਚੱਕਰ ਲਾਇਆ ਸੀ, ਜਿਸ ਨੂੰ ਅਸੀ ਉਹਨਾਂ ਦੀ ਪਹਿਲੀ 'ਉਦਾਸੀ' ਆਖਦੇ ਹਾਂ। ਦੱਖਣ ਵਿਚ ਭੀ ਗਏ। ਨਾਮਦੇਵ ਜੀ ਸੂਬਾ ਬੰਬਈ ਦੇ ਜ਼ਿਲਾ ਸਤਾਰਾ ਦੇ ਨਗਰ ਪੰਡਰਪੁਰ ਵਿਚ ਹੀ ਬਹੁਤ ਸਮਾਂ ਰਹੇ, ਉੱਥੇ ਹੀ ਉਹਨਾਂ ਦਾ ਦੇਹਾਂਤ ਹੋਇਆ। ਸਾਰਾ ਹਿੰਦੂ-ਭਾਰਤ ਮੂਰਤੀ-ਪੂਜਾ ਵਿਚ ਮਸਤ ਸੀ, ਕਿਤੇ ਟਾਵੇਂ ਹੀ ਰੱਬ ਦੇ ਪਿਆਰੇ ਸਨ ਜੋ ਇੱਕ ਅਕਾਲ ਦੀ ਬੰਦਗੀ ਦਾ ਮੱਧਮ ਜਿਹਾ ਦੀਵਾ ਜਗਾ ਰਹੇ ਸਨ। ਇਹ ਗੱਲ ਕੁਦਰਤੀ ਸੀ ਕਿ ਦੱਖਣ ਵਿਚ ਜਾ ਕੇ ਇਕ ਆਪਣੇ ਹੀ ਹਮ-ਖ਼ਿਆਲ ਰੱਬੀ ਆਸ਼ਿਕ ਦਾ ਵਤਨ ਵੇਖਣ ਦੀ ਤਾਂਘ ਗੁਰੂ ਨਾਨਕ ਸਾਹਿਬ ਦੇ ਮਨ ਵਿਚ ਪੈਦਾ ਹੋਵੇ। ਇਹ ਗੱਲ ਭੀ ਕੁਦਰਤੀ ਹੀ ਸੀ ਕਿ ਉਸ ਨਗਰ ਜਾ ਕੇ ਸਤਿਗੁਰੂ ਜੀ ਉੱਥੋਂ ਭਗਤ ਨਾਮਦੇਵ ਜੀ ਦੀ ਬਾਣੀ ਇਕੱਠੀ ਕਰਦੇ। ਇਸ ਗੱਲ ਦਾ ਪਰਤੱਖ ਸਬੂਤ ਇਹ ਦੋਵੇਂ ਸ਼ਬਦ ਹਨ ਜੋ ਉੱਪਰ ਲਿਖੇ ਗਏ ਹਨ। ਇਹ ਦੋਵੇਂ ਸਬੱਬ ਨਾਲ ਹੀ ਸੋਰਠਿ ਰਾਗ ਵਿਚ ਦਰਜ ਨਹੀਂ ਹੋ ਗਏ, ਸਬੱਬ ਨਾਲ ਹੀ ਦੋਹਾਂ ਦੇ ਲਫ਼ਜ਼ ਤੇ ਖ਼ਿਆਲ ਆਪੋ ਵਿਚ ਨਹੀਂ ਮਿਲ ਗਏ। ਇਹ ਸਭ ਕੁਝ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਹੀ ਕੀਤਾ। ਭਗਤ ਜੀ ਦੀ ਸਾਰੀ ਬਾਣੀ ਸਤਿਗੁਰੂ ਜੀ ਨੇ ਆਪ ਹੀ ਲਿਆਂਦੀ, ਤੇ ਆਪਣੀ ਬਾਣੀ ਨਾਲ ਸਾਂਭ ਕੇ ਰੱਖੀ। ਭਾਰਤ ਸਾਰਾ ਮੂਰਤੀ-ਪੂਜਕਾਂ ਨਾਲ ਭਰਿਆ ਪਿਆ ਸੀ। ਜੇ ਨਾਮਦੇਵ ਜੀ ਭੀ ਮੂਰਤੀ-ਪੂਜ ਹੁੰਦੇ ਤਾਂ ਇਹਨਾਂ ਵਾਸਤੇ ਸਤਿਗੁਰੂ ਜੀ ਨੂੰ ਕੋਈ ਖ਼ਾਸ ਉਚੇਚੀ ਖਿੱਚ ਨਹੀਂ ਹੋ ਸਕਦੀ ਸੀ। (੨) ਹੁਣ ਲਵੋ ਭੈਰਉ ਨਾਮਦੇਵ ਜੀ- ਭੈਰਉ ਰਾਗ ਵਿਚ ਨਾਮਦੇਵ ਜੀ ਲਿਖਦੇ ਹਨ: ਮੈ ਬਉਰੀ ਮੇਰਾ ਰਾਮੁ ਭਤਾਰੁ ॥ ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥ ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥੧॥ਰਹਾਉ॥ ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥੨॥ ਅਬ ਜੀਅ ਜਾਨਿ ਐਸੀ ਬਨਿ ਆਈ ॥ ਮਿਲਉ ਗੁਪਾਲ ਨੀਸਾਨੁ ਬਜਾਈ ॥੩॥ ਉਸਤਤਿ ਨਿੰਦਾ ਕਰੈ ਨਰੁ ਕੋਈ ॥ ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥ ਨਾਮਦੇਵ ਜੀ ਦੇ ਇਸ ਸ਼ਬਦ ਨਾਲ ਇਸੇ ਹੀ ਰਾਗ ਵਿਚ ਅਮਰਦਾਸ ਜੀ ਦਾ ਹੇਠ ਲਿਖਿਆ ਸ਼ਬਦ ਰਲਾ ਕੇ ਪੜ੍ਹੋ। ਦੋਹਾਂ ਦਾ ਟਾਕਰਾ ਕਰਨ ਤੋਂ ਸਾਫ਼ ਦਿੱਸਦਾ ਹੈ ਕਿ ਸਤਿਗੁਰੂ ਅਮਰਦਾਸ ਜੀ ਦੇ ਪਾਸ ਨਾਮਦੇਵ ਜੀ ਦਾ ਸ਼ਬਦ ਮੌਜੂਦ ਸੀ। ਭੈਰਉ ਮਹਲਾ ੩ ॥ ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ ਜੇਹਾ ਕਰਾਏ ਤੇਰਾ ਕਰੀ ਸੀਗਾਰੁ ॥੧॥ ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥ ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ਰਹਾਉ॥ ਉਸਤਤਿ ਨਿੰਦਾ ਕਰੇ ਕਿਆ ਕੋਈ ॥ ਜਾਂ ਆਪੇ ਵਰਤੈ ਏਕੋ ਸੋਈ ॥੨॥ ਗੁਰ ਪਰਸਾਦੀ ਪਿਰਮ ਕਸਾਈ ॥ ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥ ਭਨਤਿ ਨਾਨਕੁ ਕਰੇ ਕਿਆ ਕੋਈ ॥ ਜਿਸ ਨੋ ਆਪਿ ਮਿਲਾਵੈ ਸੋਈ ॥੪॥੪॥ ਪਰਤੱਖ ਸਾਂਝ- ਇਹਨਾਂ ਦੋਹਾਂ ਸ਼ਬਦਾਂ ਵਿਚ ਤਾਂ ਇਤਨੀ ਪਰਤੱਖ ਸਾਂਝ ਹੈ ਕਿ ਲੱਭਣ ਵਾਸਤੇ ਕੋਈ ਉਚੇਚੀ ਮਿਹਨਤ ਕਰਨ ਦੀ ਲੋੜ ਹੀ ਨਹੀਂ। ਦੋਹਾਂ ਵਿਚ ਸਿਮਰਨ ਤੋਂ ਬਣੇ ਜੀਵਨ ਦੇ ਦੋ ਪਾਸੇ ਦਿੱਤੇ ਹੋਏ ਹਨ, ਤਸਵੀਰ ਦੇ ਦੋ ਪਾਸੇ ਵਿਖਾਏ ਗਏ ਹਨ। ਨਾਮਦੇਵ ਜੀ ਆਖਦੇ ਹਨ ਕਿ ਹੁਣ ਮੈਨੂੰ ਲੋਕਾਂ ਦੀ ਨਿੰਦਾ ਉਸਤਤਿ ਦੀ ਪਰਵਾਹ ਨਹੀਂ ਰਹੀ। ਸਤਿਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ ਕਿ ਲੋਕਾਂ ਦੀ ਨਿੰਦਾ ਉਸਤਤਿ ਦੀ ਇਸ ਵਾਸਤੇ ਪਰਵਾਹ ਨਹੀਂ ਕਿ ਨਿੰਦਾ ਉਸਤਤਿ ਕਰਨ ਵਾਲਿਆਂ ਵਿਚ ਭੀ ਪ੍ਰਭੂ ਆਪ ਹੀ ਦਿੱਸ ਪਿਆ ਹੈ, ਹੁਣ ਕਿਤੇ ਓਪਰਾ ਨਹੀਂ ਜਾਪਦਾ। ਇਹਨਾਂ ਸ਼ਬਦਾਂ ਵਿਚ ਲਫ਼ਜ਼ ਦੀ ਤੇ ਖ਼ਿਆਲ ਦੀ ਇਹ ਡੂੰਘੀ ਸਾਂਝ ਕੋਈ ਸਬੱਬ ਨਾਲ ਨਹੀਂ ਬਣ ਗਈ। ਗੁਰੂ ਅਮਰਦਾਸ ਜੀ ਪਾਸ ਨਾਮਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। (੩) ਇਸੇ ਹੀ ਰਾਗ ਵਿਚੋਂ ਇੱਕ ਸ਼ਬਦ ਹੋਰ- ਭੈਰਉ ਨਾਮਦੇਵ ॥ ਸੰਡਾ ਮਰਕਾ ਜਾਇ ਪੁਕਾਰੇ ॥ ਪੜੈ ਨਹੀ ਹਮ ਹੀ ਪਚਿ ਹਾਰੇ ॥ ਰਾਮ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥ ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ਰਹਾਉ॥ ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤਿ ਕਰੈ ਪਟਰਾਨੀ ॥ ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ, ਤਿਨਿ ਤਉ ਅਉਰੈ ਠਾਨੀ ॥੨॥ ਦੁਸਟ ਸਭਾ ਮਿਲਿ ਮੰਤਰ ਉਪਾਇਆ, ਕਰਸਹ ਅਉਧ ਘਨੇਰੀ ॥ ਗਿਰਿ ਤਰ ਜਨ ਜੁਆਲਾ ਭੈ ਰਾਖਿਓ, ਰਾਜਾ ਰਾਮਿ ਮਾਇਆ ਫੇਰੀ ॥੩॥ ਕਾਢਿ ਖੜਗੁ ਕਾਲੁ ਭੈ ਕੋਪਿਓ, ਮੋਹਿ ਬਤਾਉ ਜੁ ਤੁਹਿ ਰਾਖੈ ॥ ਪੀਤ ਪੀਤਾਂਬਰ ਤ੍ਰਿਭਵਣ ਧਣੀ, ਥੰਭ ਮਾਹਿ ਹਰਿ ਭਾਖੈ ॥੪॥ ਹਰਨਾਖਸੁ ਜਿਨਿ ਨਖਹ ਬਿਦਾਰਿਓ, ਸੁਰ ਨਰ ਕੀਏ ਸਨਾਥਾ ॥ ਕਹਿ ਨਾਮਦੇਉ ਹਮ ਨਰਹਰਿ ਧਿਆਵਹਿ, ਰਾਮੁ ਅਭੈਪਦ ਦਾਤਾ ॥੫॥੩॥੯॥ ਜਿਸ ਮਨੁੱਖ ਨੇ ਭਗਤ ਪ੍ਰਹਿਲਾਦ ਦੀ ਸਾਖੀ ਕਦੇ ਸੁਣੀ ਨਾਹ ਹੋਏ, ਉਸ ਨੂੰ ਨਾਮਦੇਵ ਜੀ ਦਾ ਸ਼ਬਦ ਪੜ੍ਹ ਕੇ ਅਸਲ ਸਾਖੀ ਸਮਝਣ ਲਈ ਕਈ ਗੱਲਾਂ ਪੁੱਛਣ ਦੀ ਲੋੜ ਰਹਿ ਜਾਂਦੀ ਹੈ। ਉਹ ਸਾਰੀਆਂ ਪੁੱਛਾਂ ਗੁਰੂ ਅਮਰਦਾਸ ਜੀ ਨੇ ਆਪਣੇ ਇਕ ਸ਼ਬਦ ਵਿਚ ਹੱਲ ਕਰ ਦਿੱਤੀਆਂ ਹਨ। ਉਹ ਭੀ ਇਸੇ ਹੀ ਰਾਗ ਵਿਚ ਹੈ। ਭੈਰਉ ਮਹਲਾ ੩ ॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਦੂਜੈ ਭਾਇ ਫਾਥੇ ਜਮ ਜਾਲਾ ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਹਰਿ ਸੁਖ ਦਾਤਾ ਮੇਰੈ ਨਾਲਾ ॥੧॥ ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ਰਹਾਉ॥ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥ ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥ ਹਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ ਉਪਾੜਿ ॥ ਹਰਨਾਖਸੁ ਨਖੀ ਬਿਦਾਰਿਆ ਪ੍ਰਹਿਲਾਦੁ ਲੀਆ ਉਬਾਰਿ ॥੫॥ ਸੰਤ ਜਨਾ ਕੈ ਹਰਿ ਜੀਉ ਕਾਰਜ ਸਵਾਰੇ ॥ ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥ ਦੋਹਾਂ ਸ਼ਬਦਾਂ ਵਿਚ ਸਾਂਝ- ਇਹ ਤਾਂ ਪਰਤੱਖ ਹੀ ਹੈ ਕਿ ਇਹਨਾਂ ਦੋਹਾਂ ਸ਼ਬਦਾਂ ਵਿਚ ਕਈ ਤੁਕਾਂ ਤੇ ਕਈ ਲਫ਼ਜ਼ ਸਾਂਝੇ ਸਨ। ਹੁਣ ਦੋਹਾਂ ਦੀ 'ਰਹਾਉ' ਦੀ ਤੁਕ ਪੜ੍ਹ ਕੇ ਵੇਖੋ: "ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥" {ਨਾਮਦੇਵ: "ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲੁਕ ਗਮੁ ਨ ਕਰੈ ॥" {ਮਹਲਾ ੩ ਨਾਮਦੇਵ ਜੀ ਨੇ ਜਿਹੜੀ ਗੱਲ ਖੋਲ੍ਹ ਕੇ ਨਹੀਂ ਸੀ ਦੱਸੀ, ਗੁਰੂ ਅਮਰਦਾਸ ਜੀ ਨੇ ਕੈਸੇ ਸੋਹਣੇ ਲਫ਼ਜ਼ਾਂ ਵਿਚ ਬਿਆਨ ਕੀਤੀ ਹੈ ਕਿ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਪ੍ਰਹਿਲਾਦ ਸਿਮਰਨ ਨਹੀਂ ਛੱਡਦਾ ਤੇ ਹਰਨਾਖਸ਼ ਦੇ ਡਰਾਵਿਆਂ ਤੋਂ ਡਰਦਾ ਨਹੀਂ। ਨਾਮਦੇਵ ਜੀ ਦੇ ਸ਼ਬਦ ਦਾ ਦੂਜਾ 'ਬੰਦ' ਪੜ੍ਹ ਕੇ ਗੁਰੂ ਅਮਰਦਾਸ ਜੀ ਦੇ ਸ਼ਬਦ ਦਾ ਭੀ ਦੂਜਾ 'ਬੰਦ' ਪੜ੍ਹੋ: ਬਸੁਧਾ ਬਸਿ ਕੀਨੀ
ਸਭ ਰਾਜੇ, ਬਿਨਤੀ ਕਰੈ ਪਟਰਾਨੀ ॥ ਮਾਤਾ ਉਪਦੇਸੈ
ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ
ਜੀਉ ਲੇਹੁ ਉਬਾਰੇ ॥ ਵੇਖੋ, ਕਿਵੇਂ ਹੁਲਾਰਾ ਜਿਹਾ ਮਨ ਨੂੰ ਆ ਜਾਂਦਾ ਹੈ। ਨਾਮਦੇਵ ਜੀ ਦੇ ਵਰਤੇ ਲਫ਼ਜ਼ ਬਿਨਤੀ ਨੂੰ ਗੁਰੂ ਅਮਰਦਾਸ ਜੀ ਨੇ ਕਿਸ ਤਰ੍ਹਾਂ ਪਿਆਰ-ਭਰੇ ਲਫ਼ਜ਼ਾਂ ਵਿਚ ਸਮਝਾਇਆ ਹੈ। ਯਕੀਨੀ ਗੱਲ- ਇਕ ਗੱਲ ਬਿਲਕੁਲ ਪਰਤੱਖ ਹੈ ਕਿ ਨਾਮਦੇਵ ਜੀ ਦਾ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਸਾਹਮਣੇ ਮੌਜੂਦ ਹੈ। ਇਹ ਖ਼ਿਆਲ ਉੱਕਾ ਹੀ ਗ਼ਲਤ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਇਕੱਠੇ ਕੀਤੇ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਸਾਰੇ ਭਾਰਤ ਵਿਚ ਚੱਕਰ ਲਾ ਕੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ, ਨਾਮਦੇਵ ਜੀ ਦੀ ਬਾਣੀ ਭੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਹੀ ਲਿਆਂਦੀ ਸੀ, ਤਾਂਹੀਏਂ ਗੁਰੂ ਅਮਰਦਾਸ ਜੀ ਨੂੰ ਇਹਨਾਂ ਉੱਪਰ-ਲਿਖੇ ਦੋ ਸ਼ਬਦਾਂ ਦੇ ਨਾਲ ਆਪਣੇ ਸ਼ਬਦ ਉਚਾਰਨ ਦਾ ਮੌਕਾ ਮਿਲਿਆ। ਨਾਮਦੇਵ ਜੀ ਦਾ ਰਾਜਾ ਰਾਮ- ਨੋਟ: ਜੋ ਸੱਜਣ ਇਹ ਖ਼ਿਆਲ ਬਣਾਈ ਬੈਠੇ ਹਨ ਕਿ ਨਾਮਦੇਵ ਜੀ ਕਿਸੇ ਸਮੇ ਕਿਸੇ ਅਵਤਾਰ ਦੇ ਪੁਜਾਰੀ ਸਨ, ਉਹ ਭਗਤ ਜੀ ਦੇ ਇਸ ਅਖ਼ੀਰਲੇ ਸ਼ਬਦ ਨੂੰ ਗਹੁ ਨਾਲ ਪੜ੍ਹਨ। ਭਗਤ ਪ੍ਰਹਿਲਾਦ ਦੀ ਸਾਖੀ ਹਿੰਦੂ-ਖ਼ਿਆਲ ਅਨੁਸਾਰ ਸਤਿਜੁਗ ਵਿਚ ਹੋਈ ਹੈ, ਪਰ ਨਾਮਦੇਵ ਜੀ ਲਿਖਦੇ ਹਨ "ਰਾਜਾ ਰਾਮਿ ਮਾਇਆ ਫੇਰੀ"। ਇੱਥੇ ਨਾਮਦੇਵ ਜੀ ਅਵਤਾਰ ਸ੍ਰੀ ਰਾਮ ਚੰਦਰ ਜੀ ਦਾ ਜ਼ਿਕਰ ਨਹੀਂ ਕਰਦੇ, ਕਿਉਂਕਿ ਉਹ ਤਾਂ ਤ੍ਰੇਤੇ ਜੁਗ ਵਿਚ ਪ੍ਰਹਿਲਾਦ ਭਗਤ ਤੋਂ ਦੂਰ ਪਿੱਛੋਂ ਹੋਏ ਸਨ। ਨਾਮਦੇਵ ਜੀ ਦਾ 'ਰਾਮ' ਉਹ ਹੈ ਜੋ ਹਰ ਸਮੇ ਤੇ ਹਰ ਥਾਂ ਮੌਜੂਦ ਹੈ। ?????????????????????? ਲਫ਼ਜ਼ 'ਬੀਠੁਲ' ਤੋਂ ਭੁਲੇਖਾ- ਭਗਤ ਨਾਮਦੇਵ ਜੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਹੀ ਦਰਜ ਹੋ ਸਕਦੇ ਸਨ, ਜੇ ਇਹਨਾਂ ਦਾ ਆਸ਼ਾ ਸਤਿਗੁਰੂ ਜੀ ਦੇ ਆਸ਼ੇ ਨਾਲ ਪੂਰਨ ਤੌਰ ਤੇ ਮਿਲਦਾ ਸੀ। ਗੁਰ-ਆਸ਼ੇ ਨਾਲ ਮੇਲ ਨਾਹ ਖਾਣ ਵਾਲੀ ਬਾਣੀ ਗੁਰਮਤਿ ਦੇ ਦ੍ਰਿਸ਼ਟੀ-ਕੋਣ ਤੋਂ "ਕੱਚੀ ਬਾਣੀ" ਕਹੀ ਜਾਏਗੀ। 'ਕੱਚੀ ਬਾਣੀ' ਦਾ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਥਾਂ ਨਹੀਂ ਹੋ ਸਕਦਾ। ਨਹੀਂ ਤਾਂ ਸਮੁੱਚੇ ਤੌਰ ਤੇ ਇਸ ਲਈ 'ਗੁਰੂ'-ਪਦ ਵਰਤਿਆ ਨਹੀਂ ਜਾ ਸਕੇਗਾ, ਕਿਉਂਕਿ "ਗੁਰੂ" ਤਾਂ ਸਿਰਫ਼ ਉਹੀ ਹੈ ਜਿਸ ਵਿਚ ਉਕਾਈ ਦੀ ਕੋਈ ਗੱਲ ਨਹੀਂ, ਜੋ ਹਰ ਗੱਲੇ ਸੰਪੂਰਨ, ਸੋਹਣਾ ਤੇ ਅਭੁੱਲ ਹੈ। ਸੋ, ਭਗਤ ਨਾਮਦੇਵ ਦੀ ਕਿਸੇ ਕੱਚੀ ਅਵਸਥਾ ਦੀ ਕੋਈ ਕਵਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਮਿਲ ਸਕਦੀ। ਇਹ ਮੁਮਕਿਨ ਹੋ ਸਕਦਾ ਹੈ ਕਿ ਨਾਮਦੇਵ ਜੀ ਨੇ ਕਦੇ ਕਿਸੇ ਸਮੇ ਕਿਸੇ ਮੂਰਤੀ ਦੀ ਪੂਜਾ ਕੀਤੀ ਹੋਵੇ, ਜਿਸ ਦਾ ਨਾਮ ਭੀ ਭਾਵੇਂ 'ਬੀਠੁਲ' ਹੀ ਹੋਵੇ। ਪਰ ਅਸਾਡਾ ਸਿਦਕ ਸਿਰਫ਼ ਇਸ ਗੱਲ ਤੇ ਹੈ ਕਿ ਨਾਮਦੇਵ ਜੀ ਦੀ ਮੂਰਤੀ-ਪੂਜ ਅਵਸਥਾ ਦੀ ਕਿਸੇ ਕੱਚੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਮਿਲ ਸਕਦੀ ਸੀ, ਨਾਮਦੇਵ ਜੀ ਨੇ ਭਾਵੇਂ ਉਹ ਕਿਸੇ ਭੀ ਕਾਰਨ ਕਰਕੇ ਲਿਖੀ ਹੋਵੇ। ਅਸਾਡਾ ਦੂਜਾ ਵਿਸ਼ਵਾਸ ਇਹ ਹੈ ਕਿ ਨਾਮਦੇਵ ਨੂੰ ਕਿਸੇ ਮੂਰਤੀ-ਪੂਜਾ ਵਿਚੋਂ ਪਰਮਾਤਮਾ ਨਹੀਂ ਮਿਲਿਆ, ਕਿਸੇ ਠਾਕੁਰ ਨੂੰ ਦੁੱਧ ਪਿਲਾਇਆਂ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ। ਨਾਮਦੇਵ ਜੀ ਦੇ ਲਫ਼ਜ਼ 'ਬੀਠੁਲ' ਵਰਤਣ ਤੋਂ ਇਹ ਅੰਦਾਜ਼ਾ ਲਾਣਾ ਕਿ ਨਾਮਦੇਵ ਬੀਠੁਲ-ਮੂਰਤੀ ਦਾ ਪੁਜਾਰੀ ਸੀ, ਭਾਰੀ ਭੁੱਲ ਹੈ, ਕਿਉਂਕਿ ਇਹ ਲਫ਼ਜ਼ ਤਾਂ ਸਤਿਗੁਰੂ ਜੀ ਨੇ ਭੀ ਵਰਤਿਆ ਹੈ। ਕੀ ਇਸ ਤਰ੍ਹਾਂ ਸਤਿਗੁਰੂ ਜੀ ਭੀ ਕਿਸੇ ਸਮੇ ਬੀਠੁਲ-ਮੂਰਤੀ ਦੇ ਪੁਜਾਰੀ ਕਹੇ ਜਾਣਗੇ? ਵੇਖੋ- ਨਾਮੁ ਨਰਹਰ ਨਿਧਾਨੁ
ਜਾ ਕੈ, ਰਸ ਭੋਗ ਏਕ ਨਰਾਇਣਾ ॥ ਸਭ ਦਿਨ ਕੇ ਸਮਰਥ
ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ ਭਇਓ ਕਿਰਪਾਲੁ ਸਰਬ
ਕੋ ਠਾਕੁਰੁ, ਸਗਰੋ ਦੂਖੁ ਮਿਟਾਇਓ ॥ ਐਸੋ ਪਰਚਉ ਪਾਇਓ
॥ ਭਗਤਨ ਕੀ ਟਹਲ
ਕਮਾਵਤ ਗਾਵਤ, ਦੁਖ ਕਾਟੇ ਤਾ ਕੇ ਜਨਮ ਮਰਨ ॥ ਜੀਵਤੁ ਰਾਮ ਕੇ ਗੁਣ
ਗਾਇ ॥ ਬੀਠੁਲ ਦਾ ਸਰੂਪ- ਅਸੀ ਲੋਕਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਨਾਮਦੇਵ ਜੀ ਨੂੰ ਬੀਠੁਲ-ਮੂਰਤੀ ਦਾ ਪੁਜਾਰੀ ਬਣਾਈ ਜਾ ਰਹੇ ਹਾਂ। ਪਹਿਲਾਂ ਇਹ ਤਾਂ ਵੇਖੀਏ ਕਿ ਜਿਸ 'ਬੀਠੁਲ' ਦਾ ਨਾਮਦੇਵ ਜੀ ਜ਼ਿਕਰ ਕਰਦੇ ਹਨ, ਉਸ ਦਾ ਸਰੂਪ ਉਹ ਕੀਹ ਦੱਸਦੇ ਹਨ। (੧) ਈਭੈ ਬੀਠਲੁ, ਉਭੈ ਬੀਠਲੁ, ਬੀਠਲ
ਬਿਨੁ ਸੰਸਾਰੁ ਨਹੀ ॥ (੨) ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ਰਹਾਉ॥ (੩) ਤੇਰਾ ਨਾਮੁ ਰੂੜੋ, ਰੂਪੁ ਰੂੜੋ, ਅਤਿ
ਰੰਗ ਰੂੜੋ, ਮੇਰੋ ਰਾਮਈਆ ॥੧॥ਰਹਾਉ॥
{ਪੰਨਾ 693} ਨੋਟ: ਇਥੇ 'ਬੀਠੁਲ' ਤੋਂ ਕ੍ਰਿਸ਼ਨ-ਮੂਰਤੀ ਦਾ ਭਾਵ ਨਹੀਂ, ਕਿਉਂਕਿ 'ਰਹਾਉ' ਦੀ ਤੁਕ ਵਿਚ ਉਸ ਨੂੰ 'ਰਾਮਈਆ' ਆਖ ਕੇ ਸੰਬੋਧਨ ਕਰਦੇ ਹਨ। ਜਿਸ ਨੂੰ 'ਰਾਮਈਆ' ਆਖਦੇ ਹਨ, ਉਸ ਨੂੰ ਅਖ਼ੀਰਲੇ 'ਬੰਦ' ਵਿਚ 'ਬੀਠੁਲਾ' ਆਖਿਆ ਗਿਆ ਹੈ। ਨਾਮਦੇਵ ਜੀ ਦਾ 'ਰਾਮਈਆ' ਤੇ 'ਬੀਠੁਲ' ਇੱਕੋ ਹੀ ਹੈ। ਜੇ ਇਹ ਕ੍ਰਿਸ਼ਨ-ਉਪਾਸ਼ਕ ਹੁੰਦੇ ਤਾਂ ਉਸ ਨੂੰ 'ਰਾਮਈਆ' ਨਾਹ ਆਖਦੇ। (੪) ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਨੋਟ: ਨਾਮਦੇਵ ਦਾ 'ਬੀਠਲ' ਸਰਬ ਵਿਆਪੀ 'ਰਾਮ' ਹੈ, ਜੋ ਧ੍ਰੂ ਤੇ ਨਾਰਦ ਆਦਿਕ ਭਗਤਾਂ ਨੂੰ ਉੱਚੀ ਪਦਵੀ ਦੇਣ ਵਾਲਾ ਹੈ। {ਵੇਖੋ ਗੌਂਡ ਰਾਗ ਵਿਚ ਸਾਰਾ ਸ਼ਬਦ (੫) ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ਰਹਾਉ॥ ਨੋਟ: ਨਾਮਦੇਵ ਦਾ 'ਬੀਠੁਲ' ਨਾ ਕਿਸੇ ਖ਼ਾਸ ਮੰਦਰ ਵਿਚ ਹੈ ਨਾ ਮਸਜਿਦ ਵਿਚ। (੬) ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥ ਸੰਸਾਰੁ ਸਮੁੰਦੇ ਤਾਰਿ ਗਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥੧॥ਰਹਾਉ॥ ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ ਹੋਹੁ ਦਇਆਲੁ ਸਤਿਗੁਰੁ ਮੇਲਿ ਤੂ, ਮੋ ਕਉ ਪਾਰਿ ਉਤਾਰੇ ਕੇਸਵਾ ॥੩॥ ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੨॥ {ਬਸੰਤ, ਪੰਨਾ ੧੧੯੫ ਨੋਟ: ਨਾਮਦੇਵ ਦਾ 'ਕੇਸਵ', ਗੋਬਿੰਦ ਅਤੇ ਬੀਠੁਲ ਇਕੋ ਹੀ ਹੈ, ਜਿਸ ਅਗੇ ਅਰਦਾਸ ਕਰਦਾ ਹੈ ਕਿ ਦੈਨੂੰ ਗੁਰੂ ਮਿਲਾ। (੭) ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥੧॥ਰਹਾਉ॥ ਨੋਟ: ਜੇ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਹੁੰਦੇ, ਤਾਂ ਉਹ ਪੂਜਾ ਆਖ਼ਰ ਤਾਂ ਬੀਠੁਲ ਦੇ ਮੰਦਰ ਵਿਚ ਜਾ ਕੇ ਹੀ ਹੋ ਸਕਦੀ ਸੀ ਤੇ ਬੀਠੁਲ ਦੇ ਮੰਦਰ ਵਿਚ ਰੋਜ਼ ਜਾਣ ਵਾਲੇ ਨਾਮਦੇਵ ਨੂੰ ਇਹ ਪਾਂਡੇ ਧੱਕੇ ਕਿਉਂ ਮਾਰਦੇ? ਇਸ ਮੰਦਰ ਵਿਚੋਂ ਧੱਕੇ ਖਾ ਕੇ ਨਾਮਦੇਵ ਬੀਠੁਲ ਅੱਗੇ ਪੁਕਾਰ ਕਰ ਰਿਹਾ ਹੈ, ਇਹ ਮੰਦਰ 'ਬੀਠੁਲ' ਦਾ ਹੀ ਹੋਵੇਗਾ। ਪਰ ਭਗਤ ਨਾਮਦੇਵ ਆਪਣੇ ਉਸ ਬੀਠੁਲ ਅੱਗੇ ਪੁਕਾਰ ਕਰਦਾ ਹੈ ਜਿਸ ਨੂੰ ਉਹ 'ਰਾਮਈਆ' ਭੀ ਆਖਦਾ ਹੈ। 'ਬੀਠੁਲ' ਮੂਰਤੀ ਕ੍ਰਿਸ਼ਨ ਜੀ ਦੀ ਹੈ। ਕਿਸੇ ਇੱਕ ਅਵਤਾਰ ਦੀ ਮੂਰਤੀ ਦਾ ਪੁਜਾਰੀ ਆਪਣੇ ਇਸ਼ਟ ਨੂੰ ਦੂਜੇ ਅਵਤਾਰ ਦੇ ਨਾਮ ਨਾਲ ਯਾਦ ਨਹੀਂ ਕਰ ਸਕਦਾ। ਇੱਥੋਂ ਧੱਕੇ ਪੈਣ ਤੋਂ ਇਹ ਗੱਲ ਭੀ ਸਾਫ਼ ਜ਼ਾਹਰ ਹੈ ਕਿ ਇਸ ਤੋਂ ਪਹਿਲਾਂ ਨਾਮਦੇਵ ਕਦੇ ਕਿਸੇ ਮੰਦਰ ਵਿਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿਚ ਧਰੀ ਕਿਸੇ ਬੀਠੁਲ-ਮੂਰਤੀ ਦਾ ਉਹ ਪੁਜਾਰੀ ਸੀ। (੮) ਐਸੋ ਰਾਮ ਰਾਇ ਅੰਤਰਜਾਮੀ ॥ ਜੈਸੈ ਦਰਪਨ ਮਾਹਿ ਬਦਨ ਪਰਵਾਨੀ ॥੧॥ਰਹਾਉ॥ ਬਸੈ ਘਟਾ ਘਟ ਲੀਪ ਨ ਛੀਪੈ ॥ ਬੰਧਨ ਮੁਕਤਾ ਜਾਤੁ ਨ ਦੀਸੈ ॥੧॥ ਪਾਨੀ ਮਾਹਿ ਦੇਖੁ ਮੁਖੁ ਜੈਸਾ ॥ ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥ {ਕਾਨੜਾ, ਪੰਨਾ ੧੩੧੮ ਨੋਟ: ਨਾਮਦੇਵ ਜੀ ਦਾ 'ਬੀਠੁਲ' ਹਰੇਕ ਜੀਵ ਦੇ ਅੰਦਰ ਵੱਸਦਾ ਹੋਇਆ ਭੀ ਮਾਇਆ ਦੇ ਬੰਧਨਾਂ ਵਿਚ ਕਦੇ ਨਹੀਂ ਫਸਿਆ। ਦੱਖਣ ਵਿਚ ਲੋਕ ਕਿਸੇ ਮੰਦਰ ਵਿਚ ਟਿਕਾਏ 'ਬੀਠੁਲ' ਨੂੰ ਪੂਜਦੇ ਹੋਣਗੇ, ਜਿਸ ਨੂੰ ਉਹ ਇੱਟ ਤੇ ਬੈਠਾ ਵਿਸ਼ਨੂੰ ਜਾਂ ਕ੍ਰਿਸ਼ਨ ਸਮਝਦੇ ਹਨ। ਪਰ ਹਰੇਕ ਕਵੀ ਨੂੰ ਅਧਿਕਾਰ ਹੈ ਕਿ ਕਿਸੇ ਪੁਰਾਣੇ ਲਫ਼ਜ਼ ਨੂੰ ਨਵੇਂ ਅਰਥ ਵਿਚ ਭੀ ਵਰਤ ਲਏ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਫ਼ਜ਼ 'ਭਗੌਤੀ' ਨੂੰ ਅਕਾਲਪੁਰਖ ਦੇ ਅਰਥ ਵਿਚ ਵਰਤਿਆ ਹੈ। ਨਾਮਦੇਵ ਜੀ ਇਸ ਸ਼ਬਦ ਵਿਚ ਲਫ਼ਜ਼ 'ਬੀਠੁਲ' ਦਾ ਅਰਥ "ਇੱਟ ਤੇ ਬੈਠਾ ਕ੍ਰਿਸ਼ਨ" ਨਹੀਂ ਕਰਦੇ, ਉਹਨਾਂ ਦਾ ਭਾਵ ਹੈ "ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ"। ਲਫ਼ਜ਼ 'ਰਾਮ' ਤੇ 'ਬੀਠੁਲ' ਨੂੰ ਇੱਕੋ ਹੀ ਭਾਵ ਵਿਚ ਵਰਤ ਰਹੇ ਹਨ। {विष्ठल, विस्थल। ਵਿ-ਪਰੇ, ਮਾਇਆ ਦੇ ਪ੍ਰਭਾਵ ਤੋਂ ਪਰੇ। ਸਥਲ-ਟਿਕਿਆ ਹੋਇਆ}। (੯) ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਆਪ ਹੀ ਕਰਤਾ ਬੀਠੁਲੁ ਦੇਉ ॥੨॥੪॥ {ਪ੍ਰਭਾਤੀ, ਪੰਨਾ ੧੩੫੧ ਨਾਮਦੇਵ ਦਾ 'ਬੀਠਲ' ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ। ਬੱਸ! ਇਹ ਨੌਂ ਸ਼ਬਦ ਹਨ ਨਾਮਦੇਵ ਜੀ ਦੇ, ਜਿਨ੍ਹਾਂ ਵਿਚ ਉਹਨਾਂ ਨੇ ਲਫ਼ਜ਼ 'ਬੀਠੁਲ' ਵਰਤਿਆ ਹੈ; ਕਿਤੇ ਭੀ ਇਹ ਸ਼ੱਕ ਕਰਨ ਦੀ ਗੁੰਜੈਸ਼ ਨਹੀਂ ਹੋ ਸਕੀ ਕਿ ਨਾਮਦੇਵ ਜੀ ਕਿਸੇ ਮੂਰਤੀ ਦਾ ਜ਼ਿਕਰ ਕਰ ਰਹੇ ਹਨ। ਪਾਠਕ ਸੱਜਣ ਇਹ ਗੱਲ ਭੀ ਚੇਤੇ ਰੱਖਣ ਕਿ ਜੇ ੯ ਵਾਰੀ ਲਫ਼ਜ਼ 'ਬੀਠੁਲ' ਵਰਤਿਆਂ ਨਾਮਦੇਵ ਜੀ ਉੱਤੇ ਮੂਰਤੀ-ਪੂਜਾ ਦਾ ਸ਼ੱਕ ਪੈ ਸਕਦਾ ਹੈ, ਤਾਂ ਸ੍ਰੀ ਗੁਰੂ ਅਰਜਨ ਸਾਹਿਬ ਨੇ ਭੀ ਇਹੀ ਲਫ਼ਜ਼ ੬ ਵਾਰੀ ਵਰਤਿਆ ਹੈ। ਨਾਮਦੇਵ ਜੀ ਅਤੇ ਮੂਰਤੀ-ਪੂਜਾ- ਪਰ ਅਸਾਂ ਅਜੇ ਇਹ ਭੀ ਵੇਖਣਾ ਹੈ ਕਿ ਮੂਰਤੀ-ਪੂਜਾ ਬਾਰੇ ਨਾਮਦੇਵ ਜੀ ਦੇ ਆਪਣੇ ਕੀਹ ਖ਼ਿਆਲ ਹਨ। (੧) ਸਤਿਗੁਰੁ ਮਿਲੈ ਤ ਸਹਸਾ ਜਾਈ ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥ ਏਕੋ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥੪॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੫॥੧॥ {ਗੂਜਰੀ (੨) ਭੈਰਉ ਭੂਤ ਸੀਤਲਾ ਧਾਵੈ। ਖਰ ਬਾਹਨ ਉਹੁ ਛਾਰ ਉਡਾਵੈ ॥੧॥ ਹਉ ਤਉ ਏਕ ਰਮਈਆ ਲੈ ਹਉ ॥ ਆਨ ਦੇਵ ਬਦਲਾਵਨਿ ਦੈ ਹਉ ॥੧॥ਰਹਾਉ॥੬॥ {ਗੌਂਡ (੩) ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ {ਗੌਂਡ ਨਾਮਦੇਵ ਜੀ ਦਾ ਇਸ਼ਟ- ਨਾਮਦੇਵ ਕਿਸ ਇਸ਼ਟ ਦੇ ਉਪਾਸ਼ਕ ਸਨ? ਇਹ ਨਿਰਨਾ ਭੀ ਅਸਾਂ ਉਹਨਾਂ ਦੀ ਬਾਣੀ ਵਿਚੋਂ ਹੀ ਕਰਨਾ ਹੈ। (੧) ਕਹਾ ਕਰਉ ਜਾਤੀ ਕਹ ਕਰਉ ਪਾਤੀ ॥ . . ਭਗਤਿ ਕਰਉ
ਹਰਿ ਕੇ ਗੁਨ ਗਾਵਉ ॥ (੨) ਹਮਰੋ ਕਰਤਾ ਰਾਮੁ ਸਨੇਹੀ ॥ ... ... ... (੩) ਦੀਨ ਕਾ ਦਇਆਲੁ ਮਾਧੋ ਗਰਬ ਪਰਹਾਰੀ ॥ (੪) ਮੂਰਖ ਨਾਮਦੇਉ ਰਾਮਹਿ ਜਾਨੈ ॥੨॥੧॥ {ਟੋਡੀ (੫) ਪਤਿਤ ਪਵਿਤ ਭਏ ਰਾਮੁ ਕਰਤ ਹੀ ॥ਰਹਾਉ॥੨॥ {ਟੋਡੀ (੬) ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥ {ਤਿਲੰਗ ਜਿਸ ਮਾਧੋ, ਰਾਮ, ਹਰੀ ਅਤੇ ਅੱਲਾਹ ਨੂੰ ਨਾਮਦੇਵ ਜੀ ਆਪਣਾ ਇਸ਼ਟ ਜਾਣ ਕੇ ਸਿਮਰਦੇ ਹਨ, ਉਸ ਦੇ ਸਰੂਪ ਬਾਰੇ ਆਖਦੇ ਹਨ-ਉਹ ਹਰ ਥਾਂ ਮੌਜੂਦ ਹੈ; ਸਾਰਾ ਜਗਤ ਉਸੇ ਤੋਂ ਬਣਿਆ ਹੈ ਤੇ ਉਸੇ ਦਾ ਆਸਰਾ ਲਿਆਂ ਜਗਤ ਦੀ ਮਾਇਆ ਦਾ ਪ੍ਰਭਾਵ ਦੂਰ ਹੋ ਸਕਦਾ ਹੈ; ਉਹ ਸਾਰੇ ਜਹਾਨ ਦਾ ਮਾਲਕ ਹੈ: (੧) ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥...
(੨) ਪਹਿਲ ਪੁਰਸਾਬਿਰਾ ॥ ਅਥੋਨ
ਪੁਰਸਾਦਮਰਾ ॥ ਅਸ ਗਾ ਅਸ ਉਸ ਗਾ
॥ (੩) ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥ਰਹਾਉ॥.. {ਤਿਲੰਗ ਇਸ ਇਸ਼ਟ ਦੀ ਪ੍ਰਾਪਤੀ ਦਾ ਵਸੀਲਾ- ਇਸ ਪਰਮਾਤਮਾ ਦੇ ਸਿਮਰਨ ਦੀ ਦਾਤ, ਨਾਮਦੇਵ ਜੀ ਲਿਖਦੇ ਹਨ ਕਿ ਸਤਿਗੁਰੂ ਅਤੇ ਸਾਧ ਸੰਗਤਿ ਤੋਂ ਹੀ ਅਸਾਨੂੰ ਪ੍ਰਾਪਤ ਹੋਈ ਹੈ: (੧) ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ ॥ (੨) ਨਾਦਿ ਸਮਾਇਲੇ ਰੇ, ਸਤਿਗੁਰੁ ਭੇਟਿਲੇ ਦੇਵਾ ॥ਰਹਾਉ॥... (੩) ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ
ਪੂਛੇ ਮਨੁ ਪਤੀਆਗਾ ॥੨॥... (੪) ਸੰਤਾ ਮਧੇ ਗੋਬਿੰਦੁ ਆਛੈ ॥੪॥੩॥ {ਟੋਡੀ (੫) ਸਫਲ ਜਨਮੁ ਮੋ ਕਉ ਗੁਰਿ ਕੀਨਾ ॥੧॥ (੬) ਨਾਮਦੇਉ ਨਰਾਇਨੁ ਪਾਇਆ ॥ ਭਗਤ ਕਬੀਰ ਜੀ, ਰਵਿਦਾਸ ਜੀ ਅਤੇ ਸਤਿਗੁਰੂ ਜੀ ਦੀ ਗਵਾਹੀ- ਭਗਤ ਕਬੀਰ ਜੀ, ਰਵਿਦਾਸ ਜੀ ਅਤੇ ਸਤਿਗੁਰੂ ਜੀ ਭੀ ਏਹੀ ਗਵਾਹੀ ਦੇਂਦੇ ਹਨ ਕਿ ਨਾਮਦੇਵ ਜੀ ਉੱਤੇ ਪ੍ਰਭੂ ਦੀ ਹੀ ਕਿਰਪਾ ਹੋਈ ਸੀ, ਗੁਰੂ-ਦਰ ਤੋਂ ਹੀ ਪ੍ਰਾਪਤੀ ਹੋਈ ਸੀ: (੧) ਮਾਗਉ ਕਾਹਿ ਰੰਕ ਸਭ ਦੇਖਉ, ਤੁਮ ਹੀ ਤੇ ਮੇਰੋ ਨਿਸਤਾਰ
॥੧॥ (੨) ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ ... (੩) ਗੋਬਿੰਦ ਗੋਬਿੰਦ ਗੋਬਿੰਦ ਸੰਗਿ, ਨਾਮਦੇਉ ਮਨੁ ਲੀਣਾ
॥ (੪) ਨਾਮਾ ਛੀਬਾ ਕਬੀਰੁ ਜਲਾਹਾ ਪੂਰੇ ਗੁਰ ਤੇ ਗਤਿ ਪਾਇ ॥ . . ਸੁਰਿ ਨਰ ਤਿਨ
ਕੀ ਬਾਣੀ ਗਾਵਹਿ, ਕੋਇ ਨ ਮੇਟੈ ਭਾਈ ॥੩॥੫॥੨੨॥
{ਸਿਰੀ ਰਾਗੁ ਮਹਲਾ ੩ (੬) ਕਲਿਜੁਗ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥
(੭) ਸਾਧ ਸੰਗਿ ਨਾਨਕ ਬੁਧਿ ਪਾਈ, ਹਰਿ ਕੀਰਤਨੁ ਆਧਾਰੋ
॥ (੮) ਨਾਮਦੇਅ ਪ੍ਰੀਤਿ ਲਈ ਹਰਿ ਸੇਤੀ, ਲੋਕੁ ਛੀਪਾ ਕਹੈ ਬੁਲਾਇ
॥ (੯) ਕਬੀਰ ਧਿਆਇਓ ਏਕ ਰੰਗ ॥ ਨਾਮਦੇਵ ਹਰਿ
ਜੀਉ ਬਸਹਿ ਸੰਗਿ ॥ (੧੦)
ਗੁਣ ਗਾਵੈ ਰਵਿਦਾਸੁ ਭਗਤ ਜੈਦੇਵ ਤ੍ਰਿਲੋਚਨ ॥
ਇਹਨਾਂ ਉਪਰ-ਲਿਖੇ ਪ੍ਰਮਾਣਾਂ ਵਿਚ ਇਕ ਸੁਆਦਲੀ ਗੱਲ ਇਹ ਹੈ ਕਿ ਕਿਸੇ ਭਗਤ ਜਾਂ ਸਤਿਗੁਰੂ ਜੀ ਨੇ ਕਿਤੇ ਇਹ ਨਹੀਂ ਆਖਿਆ ਕਿ ਜਿਤਨਾ ਚਿਰ ਨਾਮਦੇਵ ਬੀਠੁਲ-ਮੂਰਤੀ ਨੂੰ ਪੂਜਦਾ ਰਿਹਾ ਉਸ ਦਾ ਕੁਝ ਨਾ ਬਣਿਆ। ਸਿਰਫ਼ ਇਹੀ ਜ਼ਿਕਰ ਹੈ ਕਿ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆਂ ਨਾਮਦੇਵ ਦਾ ਭੀ ਉੱਧਾਰ ਹੋ ਗਿਆ, ਭਾਵੇਂ ਉਸ ਨੂੰ ਲੋਕ ਨੀਵੀਂ ਜਾਤ ਦਾ ਹੀ ਆਖਦੇ ਸਨ। ਨਾਮਦੇਵ ਜੀ ਦੀ ਪਹਿਲੀ ਅਵਸਥਾ- ਨਾਮਦੇਵ ਜੀ ਦੀ ਸਾਰੀ ਬਾਣੀ ਵਿਚ ੧੦ ਸ਼ਬਦ ਐਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਕਈ ਸੱਜਣਾਂ ਨੇ ਟੀਕੇ ਲਿਖਦਿਆਂ ਕਾਹਲੀ ਵਿਚ ਇਹ ਕਹਿ ਦਿੱਤਾ ਹੈ ਕਿ ਨਾਮਦੇਵ ਜੀ ਇਹਨਾਂ ਸ਼ਬਦਾਂ ਵਿਚ ਆਪਣੀ ਪਹਿਲੀ ਮੂਰਤੀ-ਪੂਜ ਅਵਸਥਾ ਦਾ ਜ਼ਿਕਰ ਕਰਦੇ ਹਨ। ਅਸੀ ਸ਼ੁਰੂ ਵਿਚ ਹੀ ਕਹਿ ਚੁੱਕੇ ਹਾਂ ਕਿ ਨਾਮਦੇਵ ਪਹਿਲਾਂ ਮੂਰਤੀ-ਪੂਜ ਰਿਹਾ ਹੋਵੇ ਜਾਂ ਨਾਹ ਰਿਹਾ ਹੋਵੇ, ਇਸ ਨਾਲ ਅਸਾਨੂੰ ਕੋਈ ਝਗੜਾ ਨਹੀਂ। ਅਸੀ ਸਿਰਫ਼ ਇਸ ਗੱਲ ਤੇ ਜ਼ੋਰ ਦੇਂਦੇ ਹਾਂ ਕਿ ਅਸਾਡੇ ਦੀਨ ਦੁਨੀਆ ਦੇ ਰਾਹਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਿੱਕਾ ਜਿਹਾ ਅੰਗ ਭੀ ਐਸਾ ਨਹੀਂ ਹੋ ਸਕਦਾ, ਜਿਸ ਵਿਚ ਕਿਤੇ ਰਤਾ-ਭਰ ਭੀ ਕੱਚੀ ਬਾਣੀ ਦੀ ਅੰਸ਼ ਹੋਵੇ। ਸਤਿਗੁਰੂ ਨਾਨਕ ਪਾਤਿਸ਼ਾਹ ਦੇ ਗਿਆਨ-ਸੂਰਜ ਦੇ ਚਮਕਣ ਲਈ ਕਿਸੇ ਹੋਰ ਗਵਾਹੀ ਜਾਂ ਰੌਸ਼ਨੀ ਦੀ ਮਦਦ ਦੀ ਲੋੜ ਨਹੀਂ ਸੀ ਕਿ ਕਿਸੇ ਨਾਮਦੇਵ ਦੀ ਮੂਰਤੀ-ਪੂਜ ਅਵਸਥਾ ਦੀ ਕਵਿਤਾ ਦਰਜ ਕੀਤੀ ਹੋਵੇ। ਫਿਰ ਭੀ, ਆਪਣੇ ਪਾਠਕਾਂ ਦੀ ਤਸੱਲੀ ਤੇ ਵਾਕਫ਼ੀ ਲਈ ਅਸੀ ਹੁਣ ਵਾਰੋ-ਵਾਰੀ ਉਹਨਾਂ ੧੦ ਸ਼ਬਦਾਂ ਉੱਤੇ ਵਿਚਾਰ ਕਰਾਂਗੇ ਜਿਨ੍ਹਾਂ ਤੋਂ ਨਾਮਦੇਵ ਜੀ ਦੇ ਮੂਰਤੀ-ਪੂਜ ਅਵਤਾਰ-ਪੂਜ ਹੋਣ ਦਾ ਭੁਲੇਖਾ ਪੈ ਸਕਦਾ ਹੈ। ਕ੍ਰਿਸ਼ਨ-ਭਗਤੀ ਦਾ ਭੁਲੇਖਾ (੧) ਗਉੜੀ- ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥੧॥ਰਹਾਉ॥ ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ ਚਰਨ ਬਧਿਕ ਜਨ ਤੇਊ ਮੁਕਤਿ ਭਏ, ਹਉ ਬਲਿ ਬਲਿ ਜਿਨ ਰਾਮ ਕਹੇ ॥੧॥ ਦਾਸੀ ਸੁਤ ਜੁਨ ਬਿਦਰੁ ਸੁਦਾਮਾ, ਉਗ੍ਰਸੈਨ ਕਉ ਰਾਜੁ ਦੀਏ ॥ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ, ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ {ਗਉੜੀ, ਪੰਨਾ ੩੪੫} ਨਾਮਦੇਵ ਜੀ ਹਿੰਦੂ ਸਨ, ਲੋਕਾਂ ਦੇ ਭਾਣੇ ਭਾਵੇਂ ਨੀਵੀਂ ਜਾਤ ਦੇ ਸਨ। ਹਿੰਦੂ ਭਾਈਚਾਰੇ ਨੇ ਹੀ ਉਹਨਾਂ ਨੂੰ ਸ਼ੂਦਰ ਆਖਣਾ ਸੀ। ਹਿੰਦੂਆਂ ਵਿਚ ਪਲ ਕੇ ਧਰਮ-ਸੰਬੰਧੀ ਸਾਖੀਆਂ ਭੀ ਉਹਨਾਂ ਨੇ ਕੁਦਰਤੀ ਤੌਰ ਤੇ ਹਿੰਦੂ ਅਵਤਾਰਾਂ ਤੇ ਮਹਾਂ ਪੁਰਖਾਂ ਵਿਚੋਂ ਲੈਣੀਆਂ ਸਨ। ਜਿਨ੍ਹਾਂ ਸਾਖੀਆਂ ਵਲ ਇਥੇ ਇਸ਼ਾਰਾ ਹੈ, ਉਹ ਬਹੁਤੀਆਂ ਕ੍ਰਿਸ਼ਨ ਜੀ ਨਾਲ ਸੰਬੰਧ ਰੱਖਦੀਆਂ ਹਨ; ਪਰ "ਪਾਹਨ ਤਾਰੀਅਲੇ" ਵਾਲੀ ਸਾਖੀ ਸ੍ਰੀ ਰਾਮ ਚੰਦਰ ਜੀ ਦੀ ਹੈ। ਫਿਰ, ਇਹ ਭੀ ਆਖਦੇ ਹਨ ਕਿ "ਹਉ ਬਲਿ ਬਲਿ ਜਿਨ ਰਾਮ ਕਹੇ"। ਸੋ ਨਾਮਦੇਵ ਜੀ ਇਹਨਾਂ ਵਿਚੋਂ ਕਿਸੇ ਖ਼ਾਸ ਇੱਕ ਦੇ ਅਵਤਾਰ-ਰੂਪ ਵਿਚ ਪੁਜਾਰੀ ਨਹੀਂ ਸਨ। ਇਹਨਾਂ ਦੀ ਰਾਹੀਂ ਤਰੇ ਭਗਤਾਂ ਨੂੰ ਪਰਮਾਤਮਾ ਦੀ ਮਿਹਰ ਦਾ ਪਾਤਰ ਸਮਝਦੇ ਹਨ, ਤਾਹੀਏਂ ਆਖਦੇ ਹਨ, "ਰਾਮ ਕਹਤ ਜਨ ਕਸ ਨ ਤਰੇ"। (੨) ਮਾਲੀ ਗਉੜਾ- ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ਰਹਾਉ॥ ਕਰ ਧਰੇ ਚਕ੍ਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥ ਦੁਹਸਾਸਨ ਕੀ ਸਭਾ ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ ॥੧॥ ਗੋਤਮ ਨਾਰਿ ਅਹਲਿਆ ਤਾਰੀ, ਪਾਵਨ ਕੇਤਕ ਤਾਰੀਅਲ਼ੇ ॥ ਐਸਾ ਅਧਮੁ ਅਜਾਤਿ ਨਾਮਦੇਉ, ਤਉ ਸਰਨਾਗਤਿ ਆਈਅਲੇ ॥੨॥੨॥ {ਪੰਨਾ ੯੮੮ ਇਸ ਸ਼ਬਦ ਦਾ ਹਵਾਲਾ ਦੇ ਕੇ ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਲਿਖਦੇ ਹਨ ਕਿ ਇਸ ਵਿਚ "ਕ੍ਰਿਸ਼ਨ ਜੀ ਦੀ ਸਾਫ਼ ਉਸਤਤੀ ਕੀਤੀ ਗਈ ਹੈ ਤੇ ਇਹ ਮੰਨਿਆ ਹੈ ਜੋ ਈਸ਼੍ਵਰ ਦੇ ਹੱਥ ਵਿਚ ਗਦਾ ਸੰਖ ਆਦਿ ਸ਼ਸ਼ਤਰ ਹਨ ਤੇ ਉਹਦੀ ਮੂਰਤੀ ਹੈ।" ਅਗਾਂਹ ਸਿਰ-ਲੇਖ 'ਵਿਸ਼ਨੂੰ-ਭਗਤੀ' ਹੇਠ ਅਸਾਂ ਨਾਮਦੇਵ ਜੀ ਦਾ ਮਾਰੂ ਰਾਗ ਦਾ ਸ਼ਬਦ ਦੇ ਕੇ ਕਾਫ਼ੀ ਖੁਲ੍ਹੀ ਵਿਚਾਰ ਕਰ ਦਿੱਤੀ ਹੈ ਕਿ ਨਾਮਦੇਵ ਜੀ ਨੇ ਇਹ ਲਫ਼ਜ਼ 'ਸੰਖ ਚਕ੍ਰ' ਆਦਿਕ ਕਿਉਂ ਵਰਤੇ ਹਨ। ਇਸ ਸ਼ਬਦ ਦੇ ਸੰਬੰਧ ਵਿਚ ਇਕ ਹੋਰ ਗੱਲ ਭੀ ਸੋਚਣ ਵਾਲੀ ਹੈ। ਭਗਤ ਜੀ ਘਰ ਬੈਠੇ ਵੇਹਲੇ ਦਿਲ-ਪਰਚਾਵੇ ਦੀ ਖ਼ਾਤਰ ਨਹੀਂ ਲਿਖ ਰਹੇ। ਸ਼ਬਦ ਦੀ ਅੰਦਰਲੀ ਡੂੰਘਾਈ ਵਿਚ ਜਾ ਕੇ ਵੇਖੋ। ਉੱਚੀ ਜਾਤ ਵਾਲਿਆਂ ਵਲੋਂ ਤੰਗੀ ਆ ਰਹੀ ਹੈ, ਇਸ ਵਧੀਕੀ ਨੂੰ ਸਹਾਰਨ ਲਈ ਪਿਤਾ ਪ੍ਰਭੂ ਨੂੰ ਆਖਦੇ ਹਨ-ਸਦਕੇ! ਪਿਤਾ, ਤਾਂ ਕੀਹ ਹੋਇਆ ਜੇ ਮੈਂ ਨੀਚ ਹਾਂ ਨੀਵੀਂ ਜਾਤ ਵਾਲਾ ਹਾਂ? ਕੀ ਗੋਤਮ ਦੀ ਇਸਤ੍ਰੀ ਨੂੰ ਤੂੰ ਪਵਿੱਤਰ ਨਹੀਂ ਕੀਤਾ? ਕੀ ਗਜ ਦੇ ਪ੍ਰਾਣ ਤੂੰ ਨਹੀਂ ਸਨ ਬਚਾਏ? ਕੀ ਦ੍ਰੋਪਤੀ ਦੀ ਲਾਜ ਤੂੰ ਨਹੀਂ ਸੀ ਰੱਖੀ? ਮੈਨੂੰ ਭੀ ਇਕ ਅਜਿਹਾ ਹੀ ਜਾਣ ਲੈ, ਮੈਂ ਤੇਰੀ ਸਰਨ ਆਇਆ ਹਾਂ। ਇੱਥੇ ਉੱਚੀ ਜਾਤ ਵਾਲਿਆਂ ਨੂੰ ਇਕ ਤਰ੍ਹਾਂ ਵੰਗਾਰਿਆ ਭੀ ਜਾ ਰਿਹਾ ਹੈ ਕਿ ਉਹ ਪਰਮਾਤਮਾ ਨਿਰਾ ਤੁਹਾਡਾ ਹੀ ਨਹੀਂ ਹੈ, ਅਸਾਡਾ ਗਰੀਬਾਂ ਤੇ ਸ਼ੂਦਰਾਂ ਦਾ ਭੀ ਉਹੀ ਮਾਲਿਕ ਤੇ ਪਾਲਕ ਹੈ। ਫਿਰ, ਜਿਸ ਨੂੰ ਆਪਣਾ ਪੈਦਾ ਕਰਨ ਵਾਲਾ ਕਹਿ ਰਹੇ ਹਨ ਤੇ ਜਿਸ ਦੀ ਸਰਨ ਪੈਂਦੇ ਹਨ ਉਸ ਨੂੰ ਕਈ ਨਾਵਾਂ ਨਾਲ ਸੰਬੋਧਨ ਕਰਦੇ ਹਨ; ਜਿਵੇਂ, ਮਾਧੋ, ਕੇਸੌ, ਸਾਂਵਲਾ, ਬੀਠੁਲ। ਮਾਧੋ, ਸਾਂਵਲਾ ਅਤੇ ਬੀਠੁਲ ਤਾਂ ਕ੍ਰਿਸ਼ਨ ਜੀ ਦੇ ਨਾਮ ਕਹੇ ਜਾ ਸਕਦੇ ਹਨ, ਪਰ 'ਕੇਸੌ' ਵਿਸ਼ਨੂੰ ਦਾ ਨਾਮ ਹੈ। ਜਿਨ੍ਹਾਂ ਜਿਨ੍ਹਾਂ ਦੀ ਰੱਖਿਆ ਦਾ ਜ਼ਿਕਰ ਆਇਆ ਹੈ, ਉਹਨਾਂ ਸਭਨਾਂ ਦਾ ਵਾਹ ਕ੍ਰਿਸ਼ਨ ਜੀ ਨਾਲ ਨਹੀਂ ਪਿਆ। ਪੁਰਾਣਕ ਸਾਖੀਆਂ ਅਨੁਸਾਰ ਦ੍ਰੋਪਤੀ ਦੀ ਲਾਜ ਕ੍ਰਿਸ਼ਨ ਜੀ ਨੇ ਰੱਖੀ ਸੀ; ਪਰ ਅਹੱਲਿਆ ਨੂੰ ਤਾਰਨ ਵਾਲੇ ਸ੍ਰੀ ਰਾਮ ਚੰਦਰ ਜੀ ਸਨ। ਇੱਕ ਅਵਤਾਰ ਦਾ ਭਗਤ ਦੂਜੇ ਅਵਤਾਰ ਦਾ ਪੁਜਾਰੀ ਨਹੀਂ ਹੋ ਸਕਦਾ। ਦ੍ਰੋਪਤੀ ਤੇ ਅਹੱਲਿਆ ਦੋਹਾਂ ਨੂੰ ਵੱਖੋ-ਵੱਖ ਜੁਗਾਂ ਵਿਚ ਤਾਰਨ ਵਾਲਾ ਨਾਮਦੇਵ ਜੀ ਨੂੰ ਕੋਈ ਉਹ ਦਿੱਸ ਰਿਹਾ ਹੈ, ਜੋ ਸਿਰਫ਼ ਇੱਕ ਜੁਗ ਵਿਚ ਨਹੀਂ ਸਦਾ ਹੀ ਕਾਇਮ ਰਹਿਣ ਵਾਲਾ ਹੈ। ਉਹ ਹੈ ਨਾਮਦੇਵ ਜੀ ਦਾ ਉਹ ਪ੍ਰਭੂ ਜੋ ਉਹਨਾਂ ਨੂੰ ਨਾਰਾਇਣ, ਕ੍ਰਿਸ਼ਨ ਜੀ, ਸ੍ਰੀ ਰਾਮਚੰਦਰ ਜੀ ਤੇ ਨਰਸਿੰਘ ਇਹਨਾਂ ਸਭਨਾਂ ਵਿਚ ਹੀ ਦਿੱਸਦਾ ਹੈ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਲਵੋ ਕਿ ਨਾਮਦੇਵ ਜੀ ਇਸ ਸ਼ਬਦ ਵਿਚ ਨਿਰੋਲ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਹਨ। ਭਗਤ ਨਾਮਦੇਵ ਜੀ ਦੀ ਬਾਣੀ ਓਪਰੀ ਨਜ਼ਰੇ ਪੜ੍ਹਨ ਵਾਲੇ ਸੱਜਣ ਇਹ ਭੁਲੇਖਾ ਖਾ ਰਹੇ ਹਨ ਕਿ ਨਾਮਦੇਵ ਜੀ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ ਤੇ ਕ੍ਰਿਸ਼ਨ-ਉਪਸ਼ਨਾ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਪਰ, ਵੇਖੋ ਰਾਗ ਸੋਰਠਿ ਵਿਚ ਨਾਮਦੇਵ ਜੀ ਦਾ ਦੂਜਾ ਸ਼ਬਦ- ਬੇਢੀ ਕੇ ਗੁਣ ਸੁਨਿ ਰੀ ਬਾਈ, ਜਲਧਿ, ਬਾਂਧ ਧ੍ਰੂ ਥਾਪਿਓ ਹੋ ॥ ਨਾਮੇ ਕੇ ਸੁਆਮੀ ਸੀਅ ਬਹੋਰੀ, ਲੰਕ ਭਭੀਖਣ ਆਪਿਓ ਹੋ ॥੪॥੨॥ ਨਾਮਦੇਵ ਜੀ ਦੀ ਜਿੰਦ ਦਾ ਆਸਰਾ ਉਹ ਨਿਰਗੁਣ-ਸਰੂਪ ਪਰਮਾਤਮਾ ਸੀ, ਜਿਸ ਨੇ ਰਾਮ-ਰੂਪ ਵਿਚ ਭੀ ਆ ਕੇ ਸੀਤਾ ਜੀ ਨੂੰ ਲੰਕਾ ਤੋਂ ਮੋੜ ਲਿਆਂਦਾ ਤੇ ਭਭੀਖਨ ਨੂੰ ਲੰਕਾ ਦਾ ਰਾਜ ਦਿੱਤਾ। ਧ੍ਰੂ ਭਗਤ ਤਾਂ ਸ੍ਰੀ ਰਾਮਚੰਦਰ ਜੀ ਤੋਂ ਭੀ ਪਹਿਲਾਂ ਸਤਜੁਗ ਵਿਚ ਹੋਇਆ ਦੱਸੀਦਾ ਹੈ ਤੇ ਕ੍ਰਿਸ਼ਨ ਜੀ ਢੇਰ ਸਮਾਂ ਪਿੱਛੋਂ ਹੋਏ ਦੁਆਪਰ ਵਿਚ। ਸੋ, ਨਾਮਦੇਵ ਜੀ ਕਿਸੇ ਅਵਤਾਰ ਦੇ ਪੁਜਾਰੀ ਨਹੀਂ ਸਨ। (੩) ਮਾਲੀ ਗਉੜਾ- ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ਰਹਾਉ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ ਇਸ ਸ਼ਬਦ ਦਾ ਹਵਾਲਾ ਦੇ ਕੇ ਵਿਰੋਧੀ ਸੱਜਣ ਲਿਖਦੇ ਹਨ ਕਿ ਇਸ ਵਿਚ ਕ੍ਰਿਸ਼ਨ ਜੀ ਦੀ ਸਾਫ਼ ਉਸਤਤੀ ਕੀਤੀ ਗਈ ਹੈ। ਸਮਝਣ ਵਾਲੀ ਗੱਲ- ਪਰ, ਰਤਾ ਧਿਆਨ ਨਾਲ ਪੜ੍ਹ ਕੇ ਵੇਖੋ ਤੇ ਹਰੇਕ ਤੁਕ ਨੂੰ ਵਿਚਾਰੋ। ਕਿਸ ਤੁਕ ਵਿਚ ਆਪ ਨੂੰ ਕ੍ਰਿਸ਼ਨ ਜੀ ਦੀ ਉਸਤਤੀ ਕੀਤੀ ਹੋਈ ਦਿੱਸਦੀ ਹੈ? ਹਰੇਕ ਤੁਕ ਨੂੰ ਵਾਰੋ ਵਾਰੀ ਵੇਖ ਲਵੋ। ਸਭ ਤੋਂ ਪਹਿਲਾਂ 'ਰਹਾਉ' ਦੀ ਤੁਕ ਹੈ, ਇਸ ਵਿਚ ਕ੍ਰਿਸ਼ਨ ਜੀ ਦੇ ਕਿਹੜੇ ਗੁਣ ਦੱਸੇ ਹਨ? ਕੋਈ ਭੀ ਨਹੀਂ। "ਧਨਿ ਧੰਨਿ" ਕਿਸ ਨੂੰ ਆਖ ਰਹੇ ਹਨ? ਰਤਾ ਧਿਆਨ ਨਾਲ ਵੇਖੋ। "ਬੇਨੁ" ਨੂੰ 'ਧਨਿ ਧੰਨਿ' ਆਖ ਰਹੇ ਹਨ, 'ਕ੍ਰਿਸ਼ਨ' ਜੀ ਨੂੰ ਨਹੀਂ। ਇਸੇ ਤਰ੍ਹਾਂ ਅਗਲੀਆਂ ਤੁਕਾਂ ਵਿਚ ਭੀ ਮੇਢੇ ਦੀ ਉੱਨ ਤੇ ਉਸ ਤੋਂ ਬਣੀ ਕੰਬਲੀ ਤੋਂ ਸਦਕੇ ਹੋ ਰਹੇ ਹਨ, ਕ੍ਰਿਸ਼ਨ ਜੀ ਦੀ ਮਾਂ ਦੇਵਕੀ ਨੂੰ 'ਧਨਿ ਧਨਿ' ਆਖਦੇ ਹਨ, ਬਿੰਦ੍ਰਾਬਨ ਤੋਂ ਕੁਰਬਾਨ ਹੁੰਦੇ ਹਨ। ਸਾਰੇ ਹੀ ਸ਼ਬਦ ਵਿਚ ਕ੍ਰਿਸ਼ਨ ਜੀ ਦਾ ਸਿੱਧਾ ਕੋਈ ਜ਼ਿਕਰ ਨਹੀਂ, ਨਾ ਹੀ ਉਹਨਾਂ ਦੇ ਕਿਸੇ ਗੁਣ ਦਾ ਕੋਈ ਬਿਆਨ ਹੈ। ਦੁਸਾਸਨ ਦੀ ਸਭਾ ਵਿਚ ਦ੍ਰੋਪਤੀ ਦੀ ਇੱਜ਼ਤ ਰੱਖ ਲੈਣੀ, ਕੰਸ ਨੂੰ ਮਾਰ ਕੇ ਉਗ੍ਰ ਸੈਨ ਨੂੰ ਰਾਜ ਦੇਣਾ-ਇਹੋ ਜਿਹੀਆਂ ਗੱਲਾਂ ਤਾਂ ਕ੍ਰਿਸ਼ਨ ਜੀ ਦੇ ਗੁਣ ਕਹੇ ਜਾ ਸਕਦੇ ਹਨ; ਪਰ ਕਿਸੇ ਮਾਂ ਦੇ ਘਰ ਜੰਮ ਪੈਣਾ, ਕਿਸੇ ਮੇਢੇ ਦੀ ਉੱਨ ਦੀ ਬਣੀ ਕੰਬਲੀ ਪਾ ਲੈਣੀ, ਬਾਲ-ਉਮਰੇ ਕਿਤੇ ਖੇਡਣਾ, ਬੰਸਰੀ ਵਜਾਉਣੀ-ਇਹ ਗੱਲਾਂ ਤਾਂ ਸਾਰੇ ਹੀ ਬਾਲਕਾਂ ਵਿਚ ਸਾਂਝੀਆਂ ਹੋ ਸਕਦੀਆਂ ਹਨ। ਇਹ ਗੱਲਾਂ ਸੁਣਾਣ ਇਹ ਕ੍ਰਿਸ਼ਨ ਜੀ ਦੀ ਕੋਈ ਭੀ ਖ਼ਾਸ ਵਡਿਆਈ ਨਹੀਂ ਹੈ। ਇਹੀ ਸੀ ਭੇਤ ਦੀ ਗੱਲ- ਇਸ ਸ਼ਬਦ ਵਿਚ ਇਹੀ ਸੀ ਰਾਜ਼ ਜੋ ਸਮਝਣ ਵਾਲਾ ਸੀ ਤੇ ਜਿਸ ਤੋਂ ਖੁੰਝ ਕੇ ਅਸਾਂ ਨਾਮਦੇਵ ਜੀ ਨੂੰ ਅਵਤਾਰੀ ਕ੍ਰਿਸ਼ਨ ਜੀ ਦਾ ਪੁਜਾਰੀ ਮਿਥ ਲਿਆ। ਇਨਸਾਨੀ ਸੁਭਾਵ ਵਿਚ ਇਹ ਇਕ ਕੁਦਰਤੀ ਕੌਤਕ ਹੈ ਕਿ ਮਨੁੱਖ ਨੂੰ ਆਪਣੇ ਕਿਸੇ ਅੱਤ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਪਿਆਰੀਆਂ ਲੱਗਦੀਆਂ ਹਨ। ਭਾਈ ਗੁਰਦਾਸ ਜੀ ਲਿਖਦੇ ਹਨ: ਲੈਲੀ ਦੀ ਦਰਗਾਹ ਦਾ ਕੁੱਤਾ ਮਨਨੂੰ ਦੇਖਿ ਲੋਭਾਣਾ ॥ ਕੁੱਤੇ ਦੀ ਪੈਰੀਂ ਪਵੈ, ਹੜਿ ਹੜਿ ਹੱਸੈ ਲੋਕ ਵਿਡਾਣਾ ॥੩੧॥੩੭॥ ਗੁਰੂ ਦੇ ਪਿਆਰ ਤੋਂ ਵਿਕੇ ਹੋਏ ਗੁਰੂ ਅਮਰਦਾਸ ਜੀ ਭੀ ਲਿਖਦੇ ਹਨ: ਧਨੁ ਜਨਨੀ ਜਿਨਿ ਜਾਇਆ, ਧੰਨੁ ਪਿਤਾ ਪਰਧਾਨੁ ॥ ਸਤਿਗੁਰੁ ਸੇਵਿ ਸੁਖੁ ਪਾਇਆ, ਵਿਚਹੁ ਗਇਆ ਗੁਮਾਨੁ ॥ ਦਰਿ ਸੇਵਨਿ ਸੰਤ ਜਨ ਖੜੇ, ਪਾਇਨਿ ਗੁਣੀ ਨਿਧਾਨ ॥੧॥੧੬॥੪੯॥ {ਸਿਰੀ ਰਾਗੁ ਮ: ੩, ਪੰਨਾ ੩੨ ਇਸੇ ਤਰ੍ਹਾਂ- "ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ॥" {ਆਸਾ ਮ: ੪ ਛੰਤ ਗੁਰੂ ਤੋਂ ਸਦਕੇ ਹੋ ਰਹੇ ਗੁਰੂ ਰਾਮਦਾਸ ਜੀ ਗੁਰੂ ਦੇ ਸਰੀਰ ਤੇ ਗੁਰੂ ਦੀ ਜੀਭ ਤੋਂ ਭੀ ਕੁਰਬਾਨ ਹੁੰਦੇ ਹਨ: ਸੋ ਧੰਨੁ ਗੁਰੂ ਸਾਬਾਸਿ ਹੈ, ਹਰਿ ਦੇਇ ਸਨੇਹਾ ॥ ਹਉ ਵੇਖਿ ਵੇਖਿ ਗੁਰੂ ਵਿਗਸਿਆ, ਗੁਰ ਸਤਿਗੁਰ ਦੇਹਾ ॥੧੭॥ ਗੁਰ ਰਸਨਾ ਅੰਮ੍ਰਿਤੁ ਬੋਲਦੀ, ਹਰਿ ਨਾਮਿ ਸੁਹਾਵੀ ॥ ਜਿਨ ਸੁਣਿ ਸਿਖਾ ਗੁਰੁ ਮੰਨਿਆ, ਤਿਨਾ ਭੁਖ ਸਭ ਜਾਵੀ ॥੧੮॥੨॥ {ਤਿਲੰਗ ਮਹਲਾ ੪, ਪੰਨਾ ੭੨੬ ਪਿਆਰੇ ਨਾਲ ਸੰਬੰਧ ਰੱਖਣ ਵਾਲਿਆਂ ਨਾਲ ਭੀ ਪਿਆਰ- ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨਾਲ "ਲਾਵਾਂ" ਲੈਣੀਆਂ ਹਨ, ਉਸ ਦੇ ਵਾਸਤੇ ਚਾਰ ਲਾਵਾਂ ਵਿਚੋਂ ਇਹ ਦੂਜੀ ਲਾਂਵ ਹੈ ਕਿ ਉਹ ਆਪਣੇ ਪਿਆਰੇ ਨਾਲ ਸੰਬੰਧ ਰੱਖਣ ਵਾਲਿਆਂ ਨਾਲ ਭੀ ਪਿਆਰ ਕਰੇ। ਹਿੰਦੂ ਮਤ ਵਿਚ ਉਂਞ ਤਾਂ ੨੪ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ, ਪਰ ਅਸਲ ਵਿਚ ਦੋ ਹੀ ਉੱਘੇ ਅਵਤਾਰ ਹਨ ਜਿਨ੍ਹਾਂ ਨੂੰ ਸੁਣ ਵੇਖ ਕੇ ਮੂੰਹੋਂ ਵਾਹ ਵਾਹ ਨਿਕਲ ਸਕਦੀ ਹੈ ਤੇ ਉਹਨਾਂ ਦੇ ਕਾਦਰ ਕਰਤਾਰ ਦਾ ਚੇਤਾ ਪਿਆਰ ਨਾਲ ਆ ਸਕਦਾ ਹੈ। ਇਹ ਹਨ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ। ਇਹ ਮਨੁੱਖਾਂ ਵਿਚ ਆ ਕੇ ਮਨੁੱਖਾਂ ਵਾਂਗ ਦੁੱਖ-ਸੁਖ ਸਹਾਰਦੇ ਰਹੇ ਤੇ ਇਨਸਾਨੀ ਦਿਲ ਦੇ ਤਾਊਸ ਦੀਆਂ ਪਿਆਰ-ਤਰਬਾਂ ਹਿਲਾਂਦੇ ਰਹੇ। ਇਹਨਾਂ ਦੋਹਾਂ ਵਿਚੋਂ ਭੀ ਕ੍ਰਿਸ਼ਨ ਜੀ ਦੇ ਜੀਵਨ ਵਿਚ ਪਿਆਰ ਦੇ ਕੌਤਕ ਵਧੀਕ ਮਿਲਦੇ ਹਨ। ਸ੍ਰੀ ਰਾਮ ਚੰਦਰ ਜੀ ਤਾਂ ਰਾਜ-ਮਹਲਾਂ ਵਿਚ ਜੰਮੇ ਪਲੇ ਤੇ ਮੁੜ ਭੀ ਇਹਨਾਂ ਰਾਜ ਹੀ ਕੀਤਾ। ਪਰ ਕ੍ਰਿਸ਼ਨ ਜੀ ਦਾ ਜਨਮ ਹੀ ਦੁੱਖਾਂ ਤੋਂ ਸ਼ੁਰੂ ਹੋਇਆ, ਗਰੀਬ ਗੁਆਲਿਆਂ ਵਿਚ ਪਲੇ, ਗੁਆਲਿਆਂ ਨਾਲ ਰਲ ਕੇ ਇਹਨਾਂ ਗਊਆਂ ਚਾਰੀਆਂ ਤੇ ਬੰਸਰੀ ਵਜਾਈ। ਗਰੀਬਾਂ ਨਾਲ ਰਲ ਕੇ ਰਚ-ਮਿਚ ਕੇ ਰਹਿਣ ਵਾਲਾ ਹੀ ਗਰੀਬਾਂ ਨੂੰ ਪਿਆਰਾ ਲੱਗ ਸਕਦਾ ਹੈ। ਫਿਰ, ਇਹ ਕ੍ਰਿਸ਼ਨ ਜੀ ਹੀ ਸਨ ਜਿਨ੍ਹਾਂ ਦਲੇਰ ਹੋ ਕੇ ਆਖਿਆ: विद्या विनय सपन्ने ब्राह्मणे गवि हस्तिनि ॥ शुनि चैव श्वपाके च, पण्डिताः सम दर्शिनः ॥ ਕਿ ਵਿੱਦਵਾਨ ਬ੍ਰਾਹਮਣ, ਗਾਂ, ਹਾਥੀ, ਕੁੱਤੇ ਆਦਿਕ ਸਭਨਾਂ ਵਿਚ ਹੀ ਇਕੋ ਜੋਤ ਹੈ। ਗਰੀਬਾਂ ਵਿਚ ਪਲਿਆ, ਗਰੀਬਾਂ ਨਾਲ ਪਿਆਰ ਕਰਨ ਵਾਲਾ ਕੁਦਰਤੀ ਤੌਰ ਤੇ ਗਰੀਬਾਂ ਨੂੰ ਪਿਆਰਾ ਲੱਗਦਾ ਸੀ ਉਸ ਦੀ ਬੰਸਰੀ, ਉਸ ਦੀ ਕੰਬਲੀ, ਉਸ ਦਾ ਬਿੰਦ੍ਰਾਬਨ, ਗਰੀਬ ਸ਼ੂਦਰਾਂ ਲਈ "ਪਿਆਰ" ਦਾ ਚਿੰਨ੍ਹ ਬਣ ਗਏ; ਜਿਵੇਂ ਹਜ਼ਰਤ ਮੁਹੰਮਦ ਸਾਹਿਬ ਦੀ ਕੰਬਲੀ; ਜਿਵੇਂ ਨੀਵਿਆਂ ਤੋਂ ਉੱਚਾ ਕਰਨ ਵਾਲੇ ਬਲੀ ਮਰਦ ਪਾਤਿਸ਼ਾਹ ਦੀ ਕਲਗੀ ਤੇ ਬਾਜ। ਗਵਾਲਿਆਂ ਦੇ ਦਿਲ ਦੇ ਵਲਵਲੇ- ਬ੍ਰਾਹਮਣ ਨੇ ਨੀਵੀਂ ਜਾਤ ਵਾਲਿਆਂ ਨੂੰ ਬੜੀ ਨਿਰਦਇਤਾ ਨਾਲ ਪੈਰਾਂ ਹੇਠ ਲਤਾੜਿਆ ਹੋਇਆ ਸੀ-ਇਹ ਗੱਲ ਕਿਹੜਾ ਭਾਰਤਵਾਸੀ ਨਹੀਂ ਜਾਣਦਾ? ਜੇ ਗਰੀਬ ਗੁਆਲੇ ਜਾਂ ਹੋਰ ਸ਼ੂਦਰ ਕਦੇ ਰੱਬੀ ਪਿਆਰ ਦੇ ਹੁਲਾਰੇ ਵਿਚ ਆਉਣ, ਤਾਂ ਉਸ ਪਿਆਰ ਨੂੰ ਅੱਖੀਂ ਦਿੱਸਦੇ ਕਿਹੜੇ ਸਰੂਪ ਵਿਚ ਬਿਆਨ ਕਰਨ? ਜਿਥੋਂ ਤੱਕ ਹਿੰਦੂ ਬਰਾਦਰੀ ਦਾ ਸੰਬੰਧ ਹੈ, ਭਾਰਤ ਵਿਚ ਗੁਰੂ ਨਾਨਕ ਪਾਤਿਸ਼ਾਹ ਤੋ ਪਹਿਲਾਂ ਆਪਣੇ ਜੁਗ ਵਿਚ ਇੱਕੋ ਇਕ ਪ੍ਰਸਿੱਧ ਪਿਆਰਾ ਆਇਆ ਸੀ ਜੋ ਗਰੀਬਾਂ ਤੇ ਸ਼ੂਦਰਾਂ ਨਾਲ ਰਲ ਕੇ ਬੈਠਿਆ ਸੀ। ਇਹ ਸੀ ਸ੍ਰੀ ਕ੍ਰਿਸ਼ਨ ਜੀ; ਭਾਵੇਂ ਇਸ ਨੂੰ ਭੀ ਸਮਾਂ ਪਾ ਕੇ ਬ੍ਰਾਹਮਣਾਂ ਨੇ ਮੰਦਰਾਂ ਵਿਚ ਬੰਦ ਕਰ ਕੇ ਗਰੀਬਾਂ ਤੇ ਸ਼ੂਦਰਾਂ ਤੋਂ ਖੋਹ ਲਿਆ। ਜਿਉਂ ਜਿਉਂ ਗਹੁ ਨਾਲ ਇਸ ਸ਼ਬਦ ਨੂੰ ਪੜ੍ਹੋਗੇ, ਇਉਂ ਜਾਪੇਗਾ ਜਿਵੇਂ ਉਹਨਾਂ ਗਰੀਬ ਗੁਆਲਿਆਂ ਦੇ ਦਿਲ ਦੇ ਵਲਵਲੇ ਨਾਮਦੇਵ ਜੀ ਜ਼ਾਹਰ ਕਰ ਰਹੇ ਹਨ; ਗੁਆਲਿਆਂ ਵੱਲੋਂ ਹੋ ਕੇ ਗੁਆਲਿਆਂ ਦਾ ਦਿਲ ਖੋਲ੍ਹ ਰਹੇ ਹਨ, ਉਸੇ ਤਰ੍ਹਾਂ ਜਿਵੇਂ ਇਕ ਵਾਰ ਰੱਬ ਵਲੋਂ ਹੋ ਕੇ ਇਹ ਕਹਿਣ ਲੱਗ ਪਏ ਸਨ: ਦਾਸੁ ਅਨਿੰਨ ਮੇਰੋ ਨਿਜ ਰੂਪ ॥ ... ਮੇਰੀ ਬਾਂਧੀ ਭਗਤੁ ਛਡਾਵੈ, ਬਾਂਧੈ ਭਗਤੁ ਨ ਛੂਟੈ ਮੋਹਿ ॥... ਸੋ, 'ਪਿਆਰ' ਨੂੰ ਸਾਕਾਰ ਸਰੂਪ ਵਿਚ ਬਿਆਨ ਕਰਨ ਲਈ ਕ੍ਰਿਸ਼ਨ ਜੀ ਦੀ ਬੰਸਰੀ ਤੇ ਕੰਬਲੀ ਦਾ ਜ਼ਿਕਰ ਆਉਣਾ ਇਨਸਾਨੀ ਸੁਭਾਵ ਲਈ ਇਕ ਸਾਧਾਰਨ ਕੁਦਰਤੀ ਗੱਲ ਹੈ। ਭਾਈ ਗੁਰਦਾਸ ਜੀ ਨੇ ਤਾਂ ਲੇਲਾ ਮਜਨੂੰ, ਹੀਰ ਰਾਂਝੇ, ਸੱਸੀ ਪੁੰਨੂੰ ਨੂੰ ਭੀ ਇਸ ਰੰਗ-ਭੂਮੀ ਵਿਚ ਲੈ ਆਂਦਾ ਹੈ। ਭੁਲੇਖਾ ਨਾਹ ਖਾਣਾ- ਬੱਸ! ਇਸ ਸ਼ਬਦ ਵਿਚ ਇਸੇ ਉੱਚੇ ਕੁਦਰਤੀ ਵਲਵਲੇ ਦਾ ਪਰਕਾਸ਼ ਹੈ। ਪਰ ਕਿਤੇ ਕੋਈ ਸੱਜਣ ਇਸ ਭੁਲੇਖੇ ਵਿਚ ਨਾ ਪੈ ਜਾਏ ਕਿ ਨਾਮਦੇਵ ਜੀ ਕਿਸੇ ਕ੍ਰਿਸ਼ਨ-ਅਵਤਾਰ ਜਾਂ ਬੀਠੁਲ-ਮੂਰਤੀ ਦੇ ਪੁਜਾਰੀ ਸਨ, ਇਸ ਭਰਮ ਨੂੰ ਦੂਰ ਕਰਨ ਲਈ ਭਗਤ ਜੀ ਆਪ ਹੀ ਇਸੇ ਸ਼ਬਦ ਵਿਚ ਲਫ਼ਜ਼ 'ਰਾਮ', 'ਰਾਮਈਆ' ਤੇ 'ਨਾਰਾਇਣ' ਭੀ ਵਰਤਦੇ ਹਨ ਅਤੇ ਦੱਸਦੇ ਹਨ ਕਿ ਸਾਡਾ ਪ੍ਰੀਤਮ ਸੁਆਮੀ (ਉਸ ਨੂੰ 'ਰਾਮ' ਕਹਿ ਲਵੋ, 'ਕ੍ਰਿਸ਼ਨ' ਕਹਿ ਲਵੋ, ਚਾਹੇ 'ਨਾਰਾਇਣ' ਕਹਿ ਲਵੋ) ਕ੍ਰਿਸ਼ਨ-ਰੂਪ ਵਿਚ ਆਇਆ, ਗਰੀਬ ਗੁਆਲਿਆਂ ਨਾਲ ਖੇਡਦਾ ਰਿਹਾ, ਉਹਨਾਂ ਨਾਲ ਰਲ ਕੇ ਬੰਸਰੀ ਵਜਾਂਦਾ ਰਿਹਾ ਤੇ ਗਾਈਆਂ ਚਾਰਦਾ ਰਿਹਾ। ਉੱਚੀ ਜਾਤ ਦੇ ਲੋਕ ਨਾਮਦੇਵ ਜੀ ਦੇ ਇਸ ਵਲਵਲੇ ਦੀ ਕੀਹ ਸਾਰ ਜਾਣਨ? ਆਪਣੇ ਇਸ਼ਟ ਪ੍ਰਭੂ ਪਰਮਾਤਮਾ ਨੂੰ ਲਫ਼ਜ਼ 'ਰਾਮ' ਰਮਈਆ, ਗੋਬਿੰਦ, ਹਰੀ, ਨਾਰਾਇਣ ਨਾਲ ਯਾਦ ਕਰਨ ਵਾਲਾ ਨਾਮਦੇਵ ਜਦੋਂ ਉੱਚੀ ਜਾਤਿ ਵਾਲਿਆਂ ਵਲੋਂ ਹੋਈ ਨਿਰਾਦਰੀ ਦਾ ਗਿਲਾ ਕਰਦਾ ਹੈ ਤਾਂ ਆਪਣੇ 'ਸੁਆਮੀ' ਨੂੰ 'ਜਾਦਮ ਰਾਇਆ' ਆਖਦਾ ਹੈ ਕਿ |