ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 782

ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥ ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥ ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥ ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥ ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥ {ਪੰਨਾ 782}

ਪਦਅਰਥ: ਘਰੁ—(ਸਰੀਰ-) ਘਰ। ਬਨਿਆਸੋਹਣਾ ਬਣ ਗਿਆ ਹੈ। ਬਨੁਬਾਗ਼ (ਸਰੀਰ)ਤਾਲੁ—(ਹਿਰਦਾ-) ਤਾਲਾਬ। ਪ੍ਰਭ ਪਰਸੇਜਦੋਂ ਪ੍ਰਭੂ (ਦੇ ਚਰਨ) ਛੋਹੇ। ਹਰਿ ਰਾਇਆਪ੍ਰਭੂ ਪਾਤਿਸ਼ਾਹ। ਸੋਹਿਆਸੋਹਣਾ ਬਣ ਗਿਆ। ਮੀਤ ਸਾਜਨਮੇਰੇ ਮਿੱਤਰ ਸੱਜਣ, ਮੇਰੇ ਸਾਰੇ ਗਿਆਨਇੰਦ੍ਰੇ। ਸਰਸੇਆਤਮਕ ਰਸ ਵਾਲੇ ਹੋ ਗਏ ਹਨ, ਆਤਮਕ ਜੀਵਨ ਵਾਲੇ ਬਣ ਗਏ ਹਨ। ਮੰਗਲਸਿਫ਼ਤਿ-ਸਾਲਾਹ ਦੇ ਗੀਤ।

ਗਾਇਗਾ ਕੇ। ਧਿਆਇਸਿਮਰ ਕੇ। ਸਾਚਾਸਦਾ-ਥਿਰ ਪ੍ਰਭੂ। ਸਗਲਸਾਰੀਆਂ। ਜਾਗੇ—(ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ। ਮਨਿਮਨ ਵਿਚ। ਵਜੀਆ ਵਾਧਾਈਆਉਤਸ਼ਾਹ ਬਣਿਆ ਰਹਿਣ ਲੱਗ ਪਿਆ। ਕਰੀਕੀਤੀ। ਨਦਰਿਮਿਹਰ ਦੀ ਨਿਗਾਹ। ਸੁਖਹ ਗਾਮੀਸੁਖ ਅਪੜਾਣ ਵਾਲੇ ਨੇ। ਹਲਤੁਇਹ ਲੋਕ। ਪਲਤੁਪਰਲੋਕ। ਜਪੀਐਜਪਣਾ ਚਾਹੀਦਾ ਹੈ। ਜਿਉਜਿੰਦ। ਪਿੰਡੁਸਰੀਰ। ਜਿਨਿਜਿਸ (ਪਰਮਾਤਮਾ) ਨੇ।੪।

ਅਰਥ: ਹੇ ਭਾਈ! (ਜਦੋਂ ਦੇ) ਪ੍ਰਭੂ-ਪਾਤਿਸ਼ਾਹ ਦੇ ਚਰਨ ਪਰਸੇ ਹਨ, ਮੇਰਾ ਸਰੀਰ ਮੇਰਾ ਹਿਰਦਾ (ਸਭ ਕੁਝ) ਸੋਹਣਾ (ਸੋਹਣੀ ਆਤਮਕ ਰੰਗਣ ਵਾਲਾ) ਬਣ ਗਿਆ ਹੈ (ਜਦੋਂ ਤੋਂ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਮੇਰਾ ਮਨ ਸੋਹਣਾ (ਸੋਹਣੇ ਸੰਸਕਾਰਾਂ ਵਾਲਾ) ਹੋ ਗਿਆ ਹੈ, ਮੇਰੇ ਸਾਰੇ ਮਿੱਤਰ (ਸਾਰੇ ਗਿਆਨ-ਇੰਦ੍ਰੇ) ਆਤਮਕ ਜੀਵਨ ਵਾਲੇ ਬਣ ਗਏ ਹਨ।

ਹੇ ਭਾਈ! ਪ੍ਰਭੂ ਦੇ ਗੁਣ ਗਾ ਕੇ ਸਦਾ-ਥਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ। ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ (ਮਾਇਆ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਅੰਦਰ ਉਤਸ਼ਾਹ-ਭਰਿਆ ਆਤਮਕ ਜੀਵਨ ਬਣਿਆ ਰਹਿੰਦਾ ਹੈ।

ਹੇ ਭਾਈ! ਸੁਖਾਂ ਦੇ ਦਾਤੇ ਮਾਲਕ-ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮਿਹਰ ਦੀ ਨਿਗਾਹ ਕੀਤੀ, (ਉਸ ਦਾ ਉਸ ਨੇ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ। ਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਜਿਸ (ਪਰਮਾਤਮਾ) ਨੇ ਇਹ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ, ਉਸ ਦਾ ਨਾਮ ਸਦਾ ਜਪਣਾ ਚਾਹੀਦਾ ਹੈ।੪।੪।੭।

ਸੂਹੀ ਮਹਲਾ ੫ ॥ ਭੈ ਸਾਗਰੋ ਭੈ ਸਾਗਰੁ ਤਰਿਆ ਹਰਿ ਹਰਿ ਨਾਮੁ ਧਿਆਏ ਰਾਮ ॥ ਬੋਹਿਥੜਾ ਹਰਿ ਚਰਣ ਅਰਾਧੇ ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥ ਗੁਰ ਸਬਦੀ ਤਰੀਐ ਬਹੁੜਿ ਨ ਮਰੀਐ ਚੂਕੈ ਆਵਣ ਜਾਣਾ ॥ ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥ ਦੂਖ ਨ ਭੂਖ ਨ ਰੋਗੁ ਨ ਬਿਆਪੈ ਸੁਖ ਸਾਗਰ ਸਰਣੀ ਪਾਏ ॥ ਹਰਿ ਸਿਮਰਿ ਸਿਮਰਿ ਨਾਨਕ ਰੰਗਿ ਰਾਤਾ ਮਨ ਕੀ ਚਿੰਤ ਮਿਟਾਏ ॥੧॥ {ਪੰਨਾ 782}

ਪਦਅਰਥ: ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭੈ ਸਾਗਰਅਨੇਕਾਂ ਡਰਾਂ ਨਾਲ ਭਰਪੂਰ ਸੰਸਾਰਸਮੁੰਦਰ। ਧਿਆਏਧਿਆਏ, ਸਿਮਰ ਕੇ। ਬੋਹਿਥੜਾਸੋਹਣਾ ਜਹਾਜ਼। ਮਿਲਿਗੁਰੂ ਨੂੰ ਮਿਲ ਕੇ।

ਤਰੀਐਪਾਰ ਲੰਘ ਜਾਈਦਾ ਹੈ। ਬਹੁੜਿਮੁੜ। ਨ ਮਰੀਐਆਤਮਕ ਮੌਤ ਨਹੀਂ ਸਹੇੜੀਦੀ। ਚੂਕੈਮੁੱਕ ਜਾਂਦਾ ਹੈ। ਕਰੈ—(ਪਰਮਾਤਮਾ) ਕਰਦਾ ਹੈ। ਭਲਚੰਗਾ। ਮਾਨਉਮਾਨਉਂ, ਮੈਂ ਮੰਨਦਾ ਹਾਂ। ਤਾਤਦੋਂ। ਸਹਜਿਆਤਮਕ ਅਡੋਲਤਾ ਵਿਚ। ਨ ਬਿਆਪੈਜ਼ੋਰ ਨਹੀਂ ਪਾ ਸਕਦਾ। ਸੁਖ ਸਾਗਰ ਸਰਣੀਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ। ਰੰਗਿਪ੍ਰੇਮਰੰਗ ਵਿਚ।੧।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ। ਪਰਮਾਤਮਾ ਦੇ ਚਰਨ ਸੋਹਣਾ ਜਹਾਜ਼ ਹਨ, (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਹਰਿ-ਚਰਨਾਂ ਦਾ ਆਰਾਧਨ ਕਰਦਾ ਹੈ, (ਗੁਰੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।

ਹੇ ਭਾਈ! ਗੁਰੂ ਦੇ ਸ਼ਬਦ ਦੇ ਪਰਤਾਪ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ, ਮੁੜ ਮੁੜ ਆਤਮਕ ਮੌਤ ਨਹੀਂ ਸਹੇੜੀਦੀ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਹੇ ਭਾਈ! ਜੋ ਕੁਝ ਪਰਮਾਤਮਾ ਕਰਦਾ ਹੈ (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮੈਂ ਉਸ ਨੂੰ ਭਲਾ ਮੰਨਦਾ ਹਾਂ। (ਜਦੋਂ ਇਹ ਰਸਤਾ ਫੜਿਆ ਜਾਏ) ਤਦੋਂ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।

ਹੇ ਭਾਈ! ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ ਪਿਆਂ ਕੋਈ ਦੁੱਖ, ਕੋਈ ਭੁੱਖ, ਕੋਈ ਰੋਗ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ (ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਦੀ ਹਰੇਕ ਚਿੰਤਾ ਮਿਟਾ ਲੈਂਦਾ ਹੈ।੧।

ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ ॥ ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ ॥ ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥ ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ ਵਿਛੁੜਿ ਕਬਹੂ ਨ ਜਾਈ ॥ ਸਾ ਵਡਭਾਗਣਿ ਸਦਾ ਸੋਹਾਗਣਿ ਰਾਮ ਨਾਮ ਗੁਣ ਚੀਨ੍ਹ੍ਹੇ ॥ ਕਹੁ ਨਾਨਕ ਰਵਹਿ ਰੰਗਿ ਰਾਤੇ ਪ੍ਰੇਮ ਮਹਾ ਰਸਿ ਭੀਨੇ ॥੨॥ {ਪੰਨਾ 782}

ਪਦਅਰਥ: ਹਰਿ ਮੰਤ੍ਰੁਹਰਿਨਾਮ ਮੰਤ੍ਰ। ਦ੍ਰਿੜਾਇਆ—(ਜਿਸ ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦਿੱਤਾ। ਵਸਗਤਿਵੱਸ ਵਿਚ। ਆਗੈ ਧਰਿਆਹਵਾਲੇ ਕਰ ਦਿੱਤਾ। ਸਰਬਸੁ—{सर्वस्व। स्व = ਧਨ} ਸਭ ਕੁਝ। ਠਾਕੁਰਿਠਾਕੁਰ ਨੇ।

ਕਰਿਕਰੀ, ਕਰ ਲਈ, ਬਣਾ ਲਈ। ਉਦਾਸੀਬਾਹਰ ਭਟਕਦੇ ਫਿਰਨਾ। ਹਰਿ ਮੰਦਰਿਹਰੀ ਦੇ ਬਣਾਏ (ਸਰੀਰ-) ਘਰ ਵਿਚ। ਥਿਤਿਪੱਕਾ ਟਿਕਾਣਾ। ਅਨਦ ਬਿਨੋਦਆਨੰਦ ਖ਼ੁਸ਼ੀਆਂ। ਸਾਚਾਸਦਾ ਕਾਇਮ ਰਹਿਣ ਵਾਲਾ।

ਸਾਉਹ ਜੀਵਇਸਤ੍ਰੀ। ਵਡਭਾਗਣਿਵੱਡੇ ਭਾਗਾਂ ਵਾਲੀ। ਸੁਹਾਗਣਿਸੁਹਾਗ ਵਾਲੀ, ਖਸਮ ਵਾਲੀ। ਚੀਨ੍ਹ੍ਹੇਪਛਾਣੇ, ਸਾਂਝ ਪਾਈ। ਨਾਨਕਹੇ ਨਾਨਕ! ਰਵਹਿ—(ਜਿਹੜੇ ਮਨੁੱਖ ਹਰਿਨਾਮ) ਸਿਮਰਦੇ ਹਨ। ਰੰਗਿ ਰਾਤੇਪਿਆਰਰੰਗ ਵਿਚ ਰੰਗੇ ਹੋਏ। ਪ੍ਰੇਮ ਰਸਿਪ੍ਰੇਮ ਦੇ ਸੁਆਦ ਵਿਚ। ਭੀਨੇਭਿੱਜੇ ਰਹਿੰਦੇ ਹਨ।੨।

ਅਰਥ: ਹੇ ਭਾਈ! ਸੰਤ ਜਨਾਂ ਨੇ (ਜਿਸ ਜੀਵ-ਇਸਤ੍ਰੀ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ-ਮੰਤ੍ਰ ਪੱਕਾ ਕਰ ਦਿੱਤਾ, ਪ੍ਰਭੂ ਜੀ ਉਸ ਜੀਵ-ਇਸਤ੍ਰੀ ਦੇ ਪ੍ਰੇਮ-ਵੱਸ ਹੋ ਗਏ। (ਉਸ ਜੀਵ-ਇਸਤ੍ਰੀ ਨੇ) ਆਪਣਾ ਪਿਆਰਾ ਮਨ (ਪ੍ਰਭੂ-ਠਾਕੁਰ ਦੇ) ਅੱਗੇ ਭੇਟ ਕਰ ਦਿੱਤਾ, (ਅੱਗੋਂ) ਠਾਕੁਰ-ਪ੍ਰਭੂ ਨੇ ਸਭ ਕੁਝ (ਉਸ ਜੀਵ-ਇਸਤ੍ਰੀ ਨੂੰ) ਦੇ ਦਿੱਤਾ। ਠਾਕੁਰ-ਪ੍ਰਭੂ ਨੇ ਉਸ ਜੀਵ-ਇਸਤ੍ਰੀ ਨੂੰ ਆਪਣੀ ਦਾਸੀ ਬਣਾ ਲਿਆ, (ਉਸ ਦੇ ਅੰਦਰੋਂ ਮਾਇਆ ਆਦਿਕ ਲਈ) ਭਟਕਣਾ ਮੁੱਕ ਗਈ, ਉਸ ਨੇ ਪਰਮਾਤਮਾ ਦੇ ਬਣਾਏ ਇਸ ਸਰੀਰ-ਮੰਦਰ ਵਿਚ ਹੀ ਟਿਕਾਉ ਹਾਸਲ ਕਰ ਲਿਆ।

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ (ਤੁਹਾਡੇ ਅੰਦਰ) ਆਤਮਕ ਆਨੰਦ ਬਣੇ ਰਹਿਣਗੇ। (ਜਿਹੜੀ ਜੀਵ-ਇਸਤ੍ਰੀ ਹਰਿ-ਨਾਮ ਸਿਮਰਦੀ ਹੈ, ਉਹ ਪ੍ਰਭੂ ਚਰਨਾਂ ਤੋਂ) ਵਿਛੁੜ ਕੇ ਕਦੇ ਭੀ (ਕਿਸੇ ਹੋਰ ਪਾਸੇ) ਨਹੀਂ ਭਟਕਦੀ। ਜਿਸ ਨੇ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਬਣਾ ਲਈ, ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਖਸਮ ਵਾਲੀ ਰਹਿੰਦੀ ਹੈ।

ਹੇ ਨਾਨਕ! ਆਖ-ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰਿ-ਨਾਮ ਸਿਮਰਦੇ ਹਨ, ਉਹ ਮਨੁੱਖ ਪ੍ਰੇਮ ਦੇ ਵੱਡੇ ਸੁਆਦ ਵਿਚ ਭਿੱਜੇ ਰਹਿੰਦੇ ਹਨ।੨।

ਅਨਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ॥ ਆਪਨੜੈ ਪ੍ਰਭਿ ਆਪਿ ਸੀਗਾਰੀ ਸੋਭਾਵੰਤੀ ਨਾਰੇ ਰਾਮ ॥ ਸਹਜ ਸੁਭਾਇ ਭਏ ਕਿਰਪਾਲਾ ਗੁਣ ਅਵਗਣ ਨ ਬੀਚਾਰਿਆ ॥ ਕੰਠਿ ਲਗਾਇ ਲੀਏ ਜਨ ਅਪੁਨੇ ਰਾਮ ਨਾਮ ਉਰਿ ਧਾਰਿਆ ॥ ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ ॥ ਕਹੁ ਨਾਨਕ ਭੈ ਸਾਗਰੁ ਤਰਿਆ ਪੂਰਨ ਕਾਜ ਹਮਾਰੇ ॥੩॥ {ਪੰਨਾ 782}

ਪਦਅਰਥ: ਬਿਨੋਦ {विनोद Pleasure, happiness} ਖ਼ੁਸ਼ੀ, ਆਨੰਦ। ਸਖੀਏਹੇ ਸਹੇਲੀਏ! ਮੰਗਲਖ਼ੁਸ਼ੀ, ਚਾਉ। ਪ੍ਰਭਿਪ੍ਰਭੂ ਨੇ। ਆਪਨੜੈ ਪ੍ਰਭਿਆਪਣੇ ਪਿਆਰੇ ਪ੍ਰਭੂ ਨੇ। ਸੀਗਾਰੀਸਿੰਗਾਰ ਦਿੱਤੀ, ਸੋਹਣੇ ਜੀਵਨ ਵਾਲੀ ਬਣਾ ਦਿੱਤੀ। ਸਹਜਆਤਮਕ ਅਡੋਲਤਾ। ਸੁਭਾਇਪਿਆਰ ਨਾਲ। ਸਹਜ ਸੁਭਾਇਆਤਮਕ ਅਡੋਲਤਾ ਵਾਲੇ ਪਿਆਰ ਨਾਲ। ਹਮਾਰੈਮੇਰੇ ਹਿਰਦੇ ਵਿਚ। ਕੰਠਿਗਲ ਨਾਲ। ਉਰਿਹਿਰਦੇ ਵਿਚ। ਸਗਲ ਬਿਆਪੀਜਿਨ੍ਹਾਂ ਵਿਚ ਸਾਰੀ ਸ੍ਰਿਸ਼ਟੀ ਫਸੀ ਹੋਈ ਹੈ। ਕਰਿਕਰਕੇ। ਨਿਵਾਰੇਦੂਰ ਕਰ ਦਿੱਤੇ। ਭੈ ਸਾਗਰੁਭਿਆਨਕ ਸੰਸਾਰਸਮੁੰਦਰ।੩।

ਅਰਥ: ਹੇ ਸਹੇਲੀਏ! ਹੁਣ ਮੇਰੇ ਹਿਰਦੇ-ਘਰ ਵਿਚ ਸਦਾ ਹੀ ਆਨੰਦ ਖ਼ੁਸ਼ੀਆਂ ਚਾਉ ਬਣੇ ਰਹਿੰਦੇ ਹਨ, (ਕਿਉਂਕਿ) ਮੇਰੇ ਆਪਣੇ ਪਿਆਰੇ ਪ੍ਰਭੂ ਨੇ ਆਪ ਮੇਰੀ ਜ਼ਿੰਦਗੀ ਸੋਹਣੀ ਬਣਾ ਦਿੱਤੀ ਹੈ, ਮੈਨੂੰ ਸੋਭਾ ਵਾਲੀ ਜੀਵ-ਇਸਤ੍ਰੀ ਬਣਾ ਦਿੱਤਾ ਹੈ।

ਹੇ ਸਹੇਲੀਏ! ਪ੍ਰਭੂ ਜੀ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਲੈਂਦੇ ਹਨ, (ਉਹਨਾਂ ਦੇ) ਹਿਰਦੇ ਵਿਚ ਆਪਣਾ ਨਾਮ ਵਸਾ ਦੇਂਦੇ ਹਨ। ਪ੍ਰਭੂ ਜੀ ਆਪਣੇ ਸੇਵਕਾਂ ਦੇ ਗੁਣਾਂ ਔਗੁਣਾਂ ਵਲ ਧਿਆਨ ਨਹੀਂ ਦੇਂਦੇ, ਆਪਣੇ ਆਤਮਕ ਅਡੋਲਤਾ ਵਾਲੇ ਪਿਆਰ ਦੇ ਕਾਰਨ ਹੀ {ਸਹਜ-सह जायते इति सहजं} ਆਪਣੇ ਸੇਵਕਾਂ ਉਤੇ ਦਇਆਵਾਨ ਹੋ ਜਾਂਦੇ ਹਨ।

ਹੇ ਨਾਨਕ! ਆਖ-ਹੇ ਸਹੇਲੀਏ! ਅਹੰਕਾਰ, ਮਾਇਆ ਦਾ ਮੋਹ, ਮਾਇਆ ਦਾ ਨਸ਼ਾ ਜਿਹੜੇ ਸਾਰੀ ਸ੍ਰਿਸ਼ਟੀ ਉਤੇ ਭਾਰੂ ਹੋ ਰਹੇ ਹਨ (ਪ੍ਰਭੂ ਜੀ ਨੇ ਮੇਰੇ ਉਤੇ) ਮਿਹਰ ਕਰ ਕੇ (ਮੇਰੇ ਅੰਦਰੋਂ) ਆਪ ਹੀ ਦੂਰ ਕਰ ਦਿੱਤੇ ਹਨ। (ਉਸ ਦੀ ਮਿਹਰ ਨਾਲ ਇਸ) ਭਿਆਨਕ ਸੰਸਾਰ-ਸਮੁੰਦਰ ਤੋਂ ਮੈਂ ਪਾਰ ਲੰਘ ਰਿਹਾ ਹਾਂ, ਮੇਰੇ ਸਾਰੇ ਕੰਮ (ਭੀ) ਸਿਰੇ ਚੜ੍ਹ ਰਹੇ ਹਨ।੩।

ਗੁਣ ਗੋਪਾਲ ਗਾਵਹੁ ਨਿਤ ਸਖੀਹੋ ਸਗਲ ਮਨੋਰਥ ਪਾਏ ਰਾਮ ॥ ਸਫਲ ਜਨਮੁ ਹੋਆ ਮਿਲਿ ਸਾਧੂ ਏਕੰਕਾਰੁ ਧਿਆਏ ਰਾਮ ॥ ਜਪਿ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲਿ ਛਾਇਆ ॥ ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ ॥ ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ ॥ ਪੇਖਿ ਦਰਸਨੁ ਨਾਨਕ ਬਿਗਸੇ ਆਪਿ ਲਏ ਮਿਲਾਏ ॥੪॥੫॥੮॥ {ਪੰਨਾ 782}

ਪਦਅਰਥ: ਗੋਪਾਲਸ੍ਰਿਸ਼ਟੀ ਦਾ ਪਾਲਣਹਾਰ। ਸਖੀਹੋਹੇ ਸਹੇਲੀਓ! ਮਨੋਰਥਮੁਰਾਦਾਂ। ਸਫਲਕਾਮਯਾਬ। ਮਿਲਿ ਸਾਧੂਗੁਰੂ ਨੂੰ ਮਿਲ ਕੇ। ਏਕੰਕਾਰੁਵਿਆਪਕ ਪ੍ਰਭੂ। ਧਿਆਏਧਿਆਇ, ਸਿਮਰ ਕੇ।

ਜਪਿਜਪ ਕੇ। ਰਵਿਆਵਿਆਪਕ, ਮੌਜੂਦ। ਮੰਡਲਿਮੰਡਲ ਵਿਚ, ਜਗਤ ਵਿਚ। ਛਾਇਆਵਿਆਪਕ। ਬ੍ਰਹਮੋ ਪਸਾਰਾ—(ਇਹ ਸਾਰਾ) ਜਗਤਖਿਲਾਰਾ ਪਰਮਾਤਮਾ ਹੀ ਹੈ। ਬ੍ਰਹਮੁ ਪਸਰਿਆਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ। ਸਭੁਹਰ ਥਾਂ। ਦ੍ਰਿਸਟੀ ਆਇਆਦਿੱਸਦਾ ਹੈ।

ਜਲਿਜਲ ਵਿਚ। ਥਲਿਧਰਤੀ ਵਿਚ। ਮਹੀਅਲਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਜਾਏਥਾਂ। ਪੇਖਿਵੇਖ ਕੇ। ਬਿਗਸੇਖਿੜ ਗਏ, ਪ੍ਰਸੰਨਚਿੱਤ ਹੋ ਗਏ।੪।

ਅਰਥ: ਹੇ ਸਹੇਲੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰੋ, ਉਹ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਂਦਾ ਹੈ। ਗੁਰੂ ਨੂੰ ਮਿਲ ਕੇ ਸਰਬ-ਵਿਆਪਕ ਪ੍ਰਭੂ ਦਾ ਨਾਮ ਸਿਮਰਿਆਂ ਜੀਵਨ ਕਾਮਯਾਬ ਹੋ ਜਾਂਦਾ ਹੈ।

ਹੇ ਸਹੇਲੀਓ! ਉਹ ਇੱਕ ਪਰਮਾਤਮਾ ਅਨੇਕਾਂ ਵਿਚ ਵਿਆਪਕ ਹੈ, ਸਾਰੇ ਜਗਤ ਵਿਚ ਵਿਆਪਕ ਹੈ, ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਆਪ ਹੀ ਹੈ, (ਸਾਰੇ ਜਗਤ ਵਿਚ) ਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ, (ਉਸ ਦਾ ਨਾਮ) ਜਪ ਕੇ ਹਰ ਥਾਂ ਉਹ ਪ੍ਰਭੂ ਹੀ ਦਿੱਸਣ ਲੱਗ ਪੈਂਦਾ ਹੈ।

ਹੇ ਸਹੇਲੀਓ! ਉਸ ਪਰਮਾਤਮਾ ਤੋਂ ਖ਼ਾਲੀ ਕੋਈ ਭੀ ਥਾਂ ਨਹੀਂ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਉਹ ਮੌਜੂਦ ਹੈ। ਹੇ ਨਾਨਕ! (ਆਖ-ਹੇ ਸਹੇਲੀਓ! ਜਿਨ੍ਹਾਂ ਨੂੰ ਉਹ) ਆਪ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ (ਉਸ ਸਰਬ-ਵਿਆਪਕ ਦਾ) ਦਰਸਨ ਕਰ ਕੇ ਆਨੰਦ-ਭਰਪੂਰ ਰਹਿੰਦੇ ਹਨ।੪।੫।੮।

TOP OF PAGE

Sri Guru Granth Darpan, by Professor Sahib Singh