ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 777

ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥ ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥ ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥ ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥ {ਪੰਨਾ 777}

ਪਦਅਰਥ: ਇਕਤੁ—{ਲਫ਼ਜ਼ 'ਇਕਸੁ' ਤੋਂ ਅਧਿਕਰਣ ਕਾਰਕ ਇਕ-ਵਚਨ} ਇੱਕ ਉੱਤੇ ਹੀ। ਇਕਤੁ ਸੇਜੈਇੱਕੋ ਹਿਰਦਾਸੇਜ ਉੱਤੇ। ਹਰਿ ਪ੍ਰਭੋਹਰਿ ਪ੍ਰਭੂ (ਵੱਸਦਾ ਹੈ। ਦਸੇਦੱਸੇ, ਦੱਸ ਪਾਂਦਾ ਹੈ। ਮੇਲੇਈਮਿਲਾ ਦੇਂਦਾ ਹੈ। ਮੈ ਮਨਿਮੇਰੇ ਮਨ ਵਿਚ। ਮੈ ਤਨਿਮੇਰੇ ਤਨ ਵਿਚ। ਬੈਰਾਗੁਤੀਬਰ ਤਾਂਘ। ਕਰੇਈਕਰਦਾ ਹੈ। ਹਉਹਉਂ, ਮੈਂ। ਵਿਟਹੁਤੋਂ। ਘੋਲਿ ਘੁਮਾਇਆਸਦਕੇ ਕੁਰਬਾਨ ਜਾਂਦਾ ਹਾਂ। ਜੀਉਜਿੰਦ। ਦੇਈਦੇਈਂ, ਮੈਂ ਦੇਂਦਾ ਹਾਂ। ਤੁਠਾਪ੍ਰਸੰਨ ਹੋਇਆ ਹੋਇਆ। ਜੀਉ ਰਾਮ ਰਾਜਿਆਹੇ ਪ੍ਰਭੂਪਾਤਿਸ਼ਾਹ ਜੀ!੪।

ਨੋਟ: ਲਫ਼ਜ਼ 'ਰਾਮ ਰਾਜਿਆ' ਛੰਤ ਦੀ ਟੇਕ ਵਾਸਤੇ ਹੀ ਹੈ।

ਅਰਥ: ਹੇ ਭਾਈ! (ਜੀਵ-ਇਸਤ੍ਰੀ ਦੀ) ਇੱਕੋ ਹੀ (ਹਿਰਦਾ-) ਸੇਜ ਉੱਤੇ ਹਰੀ ਪ੍ਰਭੂ (ਵੱਸਦਾ ਹੈ), (ਜਿਸ ਜੀਵ-ਇਸਤ੍ਰੀ ਨੂੰ) ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਪ੍ਰਭੂ ਦੇ ਮਿਲਾਪ ਲਈ) ਖਿੱਚ ਹੈ ਤਾਂਘ ਹੈ (ਪਰ ਜਿਸ ਜੀਵ ਇਸਤ੍ਰੀ ਉੱਤੇ) ਗੁਰੂ ਮਿਹਰ ਕਰਦਾ ਹੈ, ਉਸ ਨੂੰ (ਪ੍ਰਭੂ ਨਾਲ) ਮਿਲਾਂਦਾ ਹੈ।

ਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ (ਆਪਣੀ) ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ। ਹੇ ਦਾਸ ਨਾਨਕ! (ਆਖ-) ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ।੪।੨।੬।੧੮।

ਅੰਕਾਂ ਦਾ ਵੇਰਵਾ:
: ----
: ----
: ----
 . . . . . . ---
 ਜੋੜ . . . . ੧੮

ਰਾਗੁ ਸੂਹੀ ਛੰਤ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥ ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥ ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥ ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥ ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥ {ਪੰਨਾ 777}

ਪਦਅਰਥ: ਬਾਵਰੇ—(ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! ਕਾਏਕਿਉਂ? ਦੇਖਿ—(ਇਸ ਮਾਇਆ ਨੂੰ) ਵੇਖ ਕੇ। ਭੁਲਾਨਾ—(ਜੀਵਨਰਾਹ ਤੋਂ) ਖੁੰਝ ਗਿਆ ਹੈਂ। ਕੂੜਾਝੂਠਾ, ਨਾਹ ਨਿਭ ਸਕਣ ਵਾਲਾ। ਕੁਸੰਭ ਰੰਗਾਨਾਕਸੁੰਭੇ ਫੁੱਲ ਦੇ ਰੰਗ। ਕੂੜੀਨਾਸਵੰਤ। ਡੇਖਿਦੇਖ ਕੇ। ਅਢੁਅੱਧੀ ਕੌਡੀ। ਥੀਵਹਿਤੂੰ ਹੋ ਜਾਹਿਂਗਾ। ਲਾਲਾਇਕ ਫੁੱਲ ਦਾ ਨਾਮ। ਚੀਨ੍ਹ੍ਹਿਪਛਾਣ ਕੇ। ਮਿਥਿਆਨਾਸਵੰਤ ਪਦਾਰਥ। ਮੋਹਿਮੋਹ ਵਿਚ। ਮਗਨੁਮਸਤ। ਸੰਗਿਨਾਲ। ਦੀਨਗ਼ਰੀਬੀ। ਕਿਰਪਾ ਨਿਧਿਹੇ ਕਿਰਪਾ ਦੇ ਖ਼ਜ਼ਾਨੇ! ਲਾਜਇੱਜ਼ਤ।੧।

ਅਰਥ: (ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! (ਜੋ ਕੁਝ ਮੈਂ ਕਹਿ ਰਿਹਾ ਹਾਂ, ਇਸ ਨੂੰ ਧਿਆਨ ਨਾਲ) ਸੁਣ। ਤੂੰ (ਮਾਇਆ ਨੂੰ) ਵੇਖ ਕੇ ਕਿਉਂ (ਜੀਵਨ-ਰਾਹ ਤੋਂ) ਖੁੰਝ ਰਿਹਾ ਹੈਂ! ਹੇ ਬਾਵਰੇ! ਸੁਣ, (ਇਹ ਮਾਇਆ) ਕਸੁੰਭੇ ਦੇ ਰੰਗ (ਵਰਗੀ ਹੈ, ਤੂੰ ਇਸ ਨਾਲ) ਪਿਆਰ ਪਾਇਆ ਹੋਇਆ ਹੈ ਜੋ ਸਦਾ ਨਿਭਣ ਵਾਲਾ ਨਹੀਂ। ਤੂੰ (ਉਸ) ਨਾਸਵੰਤ (ਮਾਇਆ) ਨੂੰ ਵੇਖ ਕੇ ਜੀਵਨ-ਰਾਹ ਤੋਂ ਖੁੰਝ ਰਿਹਾ ਹੈਂ, (ਜਿਹੜੀ ਆਖ਼ਰ) ਅੱਧੀ ਕੌਡੀ ਮੁੱਲ ਭੀ ਨਹੀਂ ਵੱਟ ਸਕਦੀ। ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਜੀਠ ਦੇ ਪੱਕੇ ਰੰਗ ਵਾਂਗ ਸਦਾ ਸਾਥ ਨਿਬਾਹੁਣ ਵਾਲਾ) ਹੈ। ਜੇ ਤੂੰ ਗੁਰੂ ਦੇ ਮਿੱਠੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ (ਪਰਮਾਤਮਾ ਦਾ ਨਾਮ ਜਪਦਾ ਰਹੇਂ, ਤਾਂ) ਤੂੰ ਸੋਹਣੇ ਗੂੜ੍ਹੇ ਰੰਗ ਵਾਲੇ ਲਾਲ ਫੁੱਲ ਬਣ ਜਾਹਿਂਗਾ। ਪਰ ਤੂੰ ਤਾਂ ਨਾਸਵੰਤ (ਮਾਇਆ) ਦੇ ਮੋਹ ਵਿਚ ਮਸਤ ਹੋ ਰਿਹਾ ਹੈਂ, ਤੂੰ ਉਹਨਾਂ ਪਦਾਰਥਾਂ ਨਾਲ ਚੰਬੜ ਰਿਹਾ ਹੈਂ ਜਿਨ੍ਹਾਂ ਨਾਲ ਤੇਰਾ ਸਾਥ ਨਹੀਂ ਨਿਭਣਾ।

ਹੇ ਨਾਨਕ! (ਆਖ-) ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! (ਮੈਂ) ਗਰੀਬ (ਤੇਰੀ) ਸਰਨ (ਆਇਆ ਹਾਂ ਮੇਰੀ) ਲਾਜ ਰੱਖ, (ਜਿਵੇਂ) ਤੂੰ ਆਪਣੇ ਭਗਤਾਂ ਦੀ (ਲਾਜ ਰੱਖਦਾ ਆਇਆ ਹੈਂ)੧।

ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥ ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥ ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥ ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥ ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥ ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥ {ਪੰਨਾ 777}

ਪਦਅਰਥ: ਸੇਵਿਸੇਵਾਭਗਤੀ ਕਰ। ਨਾਥੁ ਪਰਾਣਾਪ੍ਰਾਣਾਂ ਦਾ ਨਾਥ, ਜਿੰਦ ਦਾ ਮਾਲਕ। ਤਿਸੁ ਜਾਣਾਉਸ ਨੂੰ (ਇਥੋਂ) ਜਾਣਾ (ਭੀ ਪਏਗਾ)ਹਭਸਾਰੀ ਲੁਕਾਈ, ਸਾਰੀ ਸ੍ਰਿਸ਼ਟੀ। ਨਿਹਚਲੁਅਟੱਲ। ਵੈਸੀਚਲੀ ਜਾਇਗੀ। ਪਰਦੇਸੀਹੇ ਪਰਾਏ ਦੇਸ ਵਿਚ ਆਏ ਜੀਵ! ਸੰਗਿਸੰਗਤਿ ਵਿਚ। ਮਿਲਿ ਰਹੀਐਮਿਲ ਕੇ ਰਹਿਣਾ ਚਾਹੀਦਾ ਹੈ, (ਪ੍ਰਭੂ ਦੀ ਯਾਦ ਵਿਚ) ਮਿਲੇ ਰਹਿਣਾ ਚਾਹੀਦਾ ਹੈ। ਪਾਈਐਮਿਲਦਾ ਹੈ। ਬੈਰਾਗੀ—(ਮਾਇਆ ਦੇ ਮੋਹ ਵਲੋਂ) ਉਪਰਾਮ (ਰਹਿ ਕੇ)ਗਹਿਫੜ ਕੇ। ਰਹੀਐਟਿਕੇ ਰਹਿਣਾ ਚਾਹੀਦਾ ਹੈ। ਦੀਜੈਭੇਟ ਕਰ ਦੇਹ। ਸੰਕਸ਼ੰਕਾ, ਝਿਝਕ। ਨ ਕੀਜੈਨਹੀਂ ਕਰਨੀ ਚਾਹੀਦੀ। ਗੁਰਮੁਖਿਗੁਰੂ ਦੀ ਸਰਨ ਪੈ ਕੇ। ਮਾਣਾਅਹੰਕਾਰ। ਭਵਸੰਸਾਰਸਮੁੰਦਰ। ਆਖਿਆਖ ਕੇ। ਵਖਾਣਾਮੈਂ ਦੱਸਾਂ।੨।

ਅਰਥ: ਹੇ ਬਾਵਰੇ! ਸੁਣ; ਜਿੰਦ ਦੇ ਮਾਲਕ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ। ਹੇ ਝੱਲੇ! ਸੁਣ, (ਇਥੇ ਸਦਾ ਕਿਸੇ ਨਹੀਂ ਬੈਠ ਰਹਿਣਾ) ਜਿਹੜਾ (ਜੀਵ ਜਗਤ ਵਿਚ) ਆਇਆ ਹੈ ਉਸ ਨੂੰ (ਇਥੋਂ) ਜਾਣਾ ਭੀ ਪਏਗਾ।

ਹੇ ਪਰਾਏ ਦੇਸ ਵਿਚ ਆਏ ਜੀਵ! ਸੁਣ, (ਜਿਸ ਜਗਤ ਨੂੰ ਤੂੰ) ਅਟੱਲ (ਸਮਝ ਰਿਹਾ ਹੈਂ, ਇਹ) ਸਾਰੀ ਸ੍ਰਿਸ਼ਟੀ ਨਾਸ ਹੋ ਜਾਇਗੀ। ਹੇ ਪਰਦੇਸੀ! ਸਾਧ ਸੰਗਤਿ ਵਿਚ (ਟਿਕ ਕੇ) ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਚਾਹੀਦਾ ਹੈ। ਹੇ ਭਾਈ! ਸੁਣ, (ਮਾਇਆ ਦੇ ਮੋਹ ਵਲੋਂ) ਉਪਰਾਮ (ਹੋ ਕੇ ਹੀ) ਚੰਗੀ ਕਿਸਮਤ ਨਾਲ ਪ੍ਰਭੂ ਨੂੰ ਮਿਲ ਸਕੀਦਾ ਹੈ, (ਇਸ ਵਾਸਤੇ) ਪ੍ਰਭੂ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਫੜ ਰੱਖਣਾ ਚਾਹੀਦਾ ਹੈ।

ਹੇ ਭਾਈ! ਇਹ ਮਨ ਗੁਰੂ ਦੇ ਹਵਾਲੇ ਕਰ, (ਇਸ ਵਿਚ ਰਤਾ ਭਰ ਭੀ) ਝਿਝਕਣਾ ਨਹੀਂ ਚਾਹੀਦਾ। ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ (ਸਰਨ ਪਏ) ਗਰੀਬਾਂ ਨੂੰ ਅਤੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸ ਸਕਦਾ ਹਾਂ?੨।

ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥ ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥ ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥ ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥ ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥ {ਪੰਨਾ 777}

ਪਦਅਰਥ: ਕਿਆ ਕੀਚੈਨਹੀਂ ਕਰਨਾ ਚਾਹੀਦਾ। ਕੂੜਾਝੂਠਾ। ਮਾਨੋਅਹੰਕਾਰ। ਹਭੁਸਾਰਾ। ਗਰਬੁਮਾਣ। ਨਿਹਚਲੁਅਟੱਲ। ਹਭਸਾਰੀ ਸ੍ਰਿਸ਼ਟੀ। ਮਿਥਿਆਝੂਠਾ। ਹੋਇਬਣਿਆ ਰਹੁ। ਜੀਵਤ ਮਰੀਐਜੇ ਜੀਊਂਦੇ ਮਰੇ ਰਹੀਏ, ਜੇ ਸਦਾ ਆਪਾਭਾਵ ਦੂਰ ਕਰੀ ਰੱਖੀਏ। ਭਉਜਲੁਸੰਸਾਰਸਮੁੰਦਰ। ਥੀਵੈਹੋਵੇ। ਕਰਮਿ—(ਪ੍ਰਭੂ ਦੀ) ਮਿਹਰ ਨਾਲ। ਸੇਵੀਜੈਸਰਨ ਪੈਣਾ ਚਾਹੀਦਾ ਹੈ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਪੀਜੈਪੀਣਾ ਚਾਹੀਦਾ ਹੈ। ਲਾਵਹਿ—(ਹੇ ਪ੍ਰਭੂ!) ਤੂੰ ਜੋੜਦਾ ਹੈਂ। ਸਹਜਿਆਤਮਕ ਅਡੋਲਤਾ ਵਿਚ। ਜਿਸੁ ਧਿਆਨੋਜਿਸ ਦੀ ਸੁਰਤਿ। ਹਰਿ ਦੁਆਰੈਹਰੀ ਦੇ ਦਰ ਤੇ। ਹਉਮੈਂ, ਹਉਂ। ਸਦਸਦਾ।੩।

ਅਰਥ: ਹੇ ਭਾਵਰੇ! (ਨਾਸਵੰਤ ਪਦਾਰਥਾਂ ਦਾ) ਝੂਠਾ ਅਹੰਕਾਰ ਨਹੀਂ ਕਰਨਾ ਚਾਹੀਦਾ। ਹੇ ਬਾਵਰੇ! ਸੁਣ, (ਪਦਾਰਥਾਂ ਨਾਲੋਂ ਸੰਬੰਧ ਟੁੱਟਿਆਂ ਇਹ) ਸਾਰਾ ਮਾਣ ਤੇ ਗੁਮਾਨ ਭੀ ਮੁੱਕ ਜਾਇਗਾ। ਹੇ ਭਾਈ! ਜਿਸ ਜਗਤ ਨੂੰ ਸਦਾ-ਥਿਰ ਸਮਝਦਾ ਹੈਂ, ਇਹ ਸਾਰੀ ਸ੍ਰਿਸ਼ਟੀ ਚਲੀ ਜਾਣ ਵਾਲੀ ਹੈ, ਇਸ ਦਾ ਮਾਣ ਕਰਨਾ ਝੂਠਾ ਕਰਮ ਹੈ। (ਇਥੇ) ਗੁਰੂ ਦਾ ਪ੍ਰਭੂ ਦਾ ਦਾਸ ਬਣੇ ਰਹਿਣਾ ਚਾਹੀਦਾ ਹੈ। ਜੇ ਸਦਾ ਆਪਾ-ਭਾਵ ਦੂਰ ਕਰੀ ਰੱਖੀਏ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ,) ਜੇ (ਪਰਮਾਤਮਾ ਦੀ) ਮਿਹਰ ਨਾਲ (ਮੱਥੇ ਉਤੇ ਲੇਖ) ਲਿਖਿਆ ਹੋਇਆ ਹੋਵੇ। ਹੇ ਭਾਈ! ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕੀਦਾ ਹੈ। (ਪਰ, ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ-ਅੰਮ੍ਰਿਤ ਪੀਂਦਾ ਹੈ,) ਜਿਸ ਦੀ ਸੁਰਤਿ ਤੂੰ ਆਤਮਕ ਅਡੋਲਤਾ ਵਿਚ ਟਿਕਾਂਦਾ ਹੈਂ।

ਹੇ ਹਰੀ! (ਤੇਰਾ ਦਾਸ) ਨਾਨਕ ਤੇਰੇ ਦਰ ਤੇ ਤੇਰੀ ਸਰਨ ਆ ਪਿਆ ਹੈ। ਮੈਂ (ਤੈਥੋਂ) ਸਦਾ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।੩।

ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥ ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥ ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥ ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥ ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥ ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥ {ਪੰਨਾ 777}

ਪਦਅਰਥ: ਮਤੁ ਜਾਣਹਿਮਤਾਂ ਤੂੰ ਇਹ ਖ਼ਿਆਲ ਕਰੇਂ। ਪਾਇਆਲੱਭ ਲਿਆ ਹੈ। ਥੀਉਹੋ ਜਾ। ਰੇਣੁਚਰਨਧੂੜ। ਜਿਨਿਜਿਸ (ਮਨੁੱਖ) ਨੇ। ਤਿਨਿਉਸ ਨੇ। ਪਾਈਐਪ੍ਰਾਪਤ ਹੁੰਦਾ ਹੈ। ਸਦਸਦਾ। ਆਪੁਆਪਾਭਾਵ। ਧਨੁ—{धन्य} ਸਲਾਹੁਣਜੋਗ। ਭਾਗ ਸੁਧਾਸੁੱਧ ਭਾਗ, ਚੰਗੇ ਭਾਗ। ਲਧਾਲੱਧਾ, ਲੱਭ ਲਿਆ। ਹਮਮੈਂ। ਆਪੁਆਪਣਾ ਆਪ। ਪਹਿਪਾਸ, ਕੋਲ। ਸੁਖ ਸਾਗਰਹੇ ਸੁਖਾਂ ਦੇ ਸਮੁੰਦਰ! ਅਪਨਾਇਆਆਪਣੇ (ਸੇਵਕ) ਦੀ।੪।

ਅਰਥ: ਹੇ (ਮਾਇਆ ਦੇ ਮੋਹ ਵਿਚ) ਝੱਲੇ (ਹੋ ਰਹੇ) ਮਨੁੱਖ (ਜੋ ਕੁਝ ਮੈਂ ਕਹਿ ਰਿਹਾ ਹਾਂ, ਧਿਆਨ ਨਾਲ) ਸੁਣ। ਇਹ ਨਾਹ ਸਮਝ ਕਿ (ਮਾਇਆ ਦੇ ਮਾਣ ਵਿਚ ਰਹਿ ਕੇ ਭੀ) ਮੈਂ (ਭਾਵ, ਤੂੰ) ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਹੇ ਬਾਵਰੇ! ਸੁਣ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, (ਉਹਨਾਂ ਦੇ) ਚਰਨਾਂ ਦੀ ਧੂੜ ਬਣਿਆ ਰਹੁ (ਤਾਂ ਹੀ ਪ੍ਰਭੂ-ਮਿਲਾਪ ਹੁੰਦਾ ਹੈ)

ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਵੱਡੇ ਭਾਗਾਂ ਨਾਲ (ਪਰਮਾਤਮਾ ਦਾ) ਦਰਸਨ ਹੁੰਦਾ ਹੈ। ਗਰੀਬੀ ਸੁਭਾਉ ਵਾਲਾ ਬਣਿਆ ਰਿਹਾ ਕਰ, (ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਤੋਂ) ਸਦਾ ਸਦਕੇ ਹੋਇਆ ਕਰ। ਹੇ ਭਾਈ! ਆਪਾ-ਭਾਵ ਚੰਗੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ।

ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ, ਉਹ ਸਲਾਹੁਣ-ਜੋਗ ਹੋ ਗਿਆ, ਉਸ ਦੇ ਚੰਗੇ ਭਾਗ ਹੋ ਗਏ। ਮੈਂ ਤਾਂ ਆਪਣਾ ਆਪ ਅਜਿਹੇ ਮਨੁੱਖ ਅੱਗੇ ਭੇਟ ਕਰ ਦਿੱਤਾ ਹੈ।

ਹੇ ਨਾਨਕ! (ਆਖ-) ਹੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! (ਮੈਂ ਤੇਰੀ ਸਰਨ ਆਇਆ ਹਾਂ) ਆਪਣੇ ਸੇਵਕ ਦੀ ਲਾਜ ਰੱਖ।੪।੧।

TOP OF PAGE

Sri Guru Granth Darpan, by Professor Sahib Singh