ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 769

ਸੂਹੀ ਮਹਲਾ ੩ ॥ ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥ ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥ ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥ ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥ ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥ ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥ {ਪੰਨਾ 769}

ਪਦਅਰਥ: ਸਬਦਿ ਸਚੈਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਸੋਹਿਲਾ—{सुख केल:} ਆਤਮਕ ਆਨੰਦ ਦੇਣ ਵਾਲਾ ਗੀਤ। ਜਿਥੈਜਿਸ ਹਿਰਦੇਘਰ ਵਿਚ। ਸਭਿ ਕਿਲਵਿਖਸਾਰੇ ਪਾਪ। ਸਚੁਸਦਾ-ਥਿਰ। ਉਰਿਹਿਰਦੇ ਵਿਚ। ਦੁਤਰੁਜਿਸ ਨੂੰ ਤਰਨਾ ਬਹੁਤ ਔਖਾ ਹੈ। ਭਵਜਲੁਸੰਸਾਰਸਮੁੰਦਰ। ਤਰਣੁ ਨ ਹੋਈਤਰਨ ਦੀ ਲੋੜ ਨਹੀਂ ਪੈਂਦੀ। ਸਚੀ ਬਾਣੀਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਬਾਣੀ। ਜਿਨਿਜਿਸ (ਗੁਰੂ) ਨੇ। ਸਚੁਸਦਾ-ਥਿਰ ਪ੍ਰਭੂ। ਸਚਿਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਨਾਈਵਡਿਆਈ {स्ना, ਅਰਬੀ ਲਫ਼ਜ਼}ਸਚੁ ਨਿਸਤਾਰਾਸਦਾ ਲਈ ਪਾਰਉਤਾਰਾ।੧।

ਅਰਥ: ਹੇ ਭਾਈ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹੁੰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਉਸ ਦੇ ਅੰਦਰੋਂ ਹਉਮੈ ਆਦਿਕ ਸਾਰੇ ਪਾਪ ਕੱਟੇ ਜਾਂਦੇ ਹਨ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੀ ਮੁੜ ਮੁੜ ਉਸ ਨੂੰ ਲੋੜ ਨਹੀਂ ਰਹਿੰਦੀ। ਹੇ ਭਾਈ! ਜਿਸ ਗੁਰੂ ਨੇ ਉਸ ਨੂੰ ਸਦਾ-ਥਿਰ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਆਪ ਭੀ ਸਦਾ-ਥਿਰ ਪ੍ਰਭੂ ਦਾ ਰੂਪ ਹੈ, ਉਸ ਦੀ ਬਾਣੀ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਹੈ। (ਗੁਰੂ ਦੀ ਕਿਰਪਾ ਨਾਲ) ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਵਿਚ ਹੀ ਲੀਨ ਰਹਿੰਦਾ ਹੈ, ਅਤੇ ਉਸ ਨੂੰ ਹਰ ਥਾਂ ਵੱਸਿਆ ਵੇਖਦਾ ਹੈ। ਹੇ ਨਾਨਕ! ਜੇਹੜਾ ਪਰਮਾਤਮਾ ਆਪ ਸਦਾ-ਥਿਰ ਹੈ, ਜਿਸ ਦੀ ਵਡਿਆਈ ਸਦਾ-ਥਿਰ ਹੈ ਉਹ ਉਸ ਮਨੁੱਖ ਦਾ ਸਦਾ ਲਈ ਪਾਰ-ਉਤਾਰਾ ਕਰ ਦੇਂਦਾ ਹੈ।੧।

ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥ ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥ ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥ ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥ ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥ ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥ {ਪੰਨਾ 769}

ਪਦਅਰਥ: ਸਚੈ ਸਤਿਗੁਰਿਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ। ਸਾਚੁਸਦਾ-ਥਿਰ ਪ੍ਰਭੂ। ਪਤਿਇੱਜ਼ਤ। ਭਾਉ ਸਚਾਸਦਾ ਕਾਇਮ ਰਹਿਣ ਵਾਲਾ ਪ੍ਰੇਮ। ਨਾਮਿਨਾਮ ਵਿਚ। ਮਰੈ ਨਆਤਮਕ ਮੌਤ ਨਹੀਂ ਸਹੇੜਦਾ। ਗਰਭਿਮਾਂ ਦੇ ਪੇਟ ਵਿਚ। ਜੋਤੀਪਰਮਾਤਮਾ ਦੀ ਜੋਤਿ ਵਿਚ। ਸਚਿਸਦਾ-ਥਿਰ ਪ੍ਰਭੂ ਵਿਚ। ਸਚਿ ਨਾਇਸਦਾ-ਥਿਰ ਹਰਿਨਾਮ ਦੀ ਬਰਕਤਿ ਨਾਲ। ਜਿਨਿਜਿਨ੍ਹਾਂ ਮਨੁੱਖਾਂ ਨੇ। ਜਾਤਾਡੂੰਘੀ ਸਾਂਝ ਪਾ ਲਈ। ਅਨਦਿਨੁਹਰ ਰੋਜ਼, ਹਰ ਵੇਲੇ। ਧਿਆਇਨਿਧਿਆਉਂਦੇ ਹਨ। ਹਿਰਦੈਹਿਰਦੇ ਵਿਚ। ਵੀਛੁੜਿਵਿਛੁੜ ਕੇ। ਨ ਪਾਇਨਿਨਹੀਂ ਪਾਂਦੇ।੨।

ਅਰਥ: ਹੇ ਭਾਈ! ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ ਲਾਜ ਸਦਾ-ਥਿਰ ਪ੍ਰਭੂ ਆਪ ਰੱਖਦਾ ਹੈ। ਪ੍ਰਭੂ-ਚਰਨਾਂ ਨਾਲ ਅਟੱਲ ਪਿਆਰ ਉਸ ਮਨੁੱਖ ਦੀ ਆਤਮਕ ਖ਼ੁਰਾਕ ਬਣ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਭੀ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਆਤਮਕ ਆਨੰਦ ਲੱਭਦਾ ਹੈ, ਉਹ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ ਜਨਮ ਮਰਨ ਦੇ ਗੇੜ ਵਿਚ ਜੂਨਾਂ ਵਿਚ ਨਹੀਂ ਪੈਂਦਾ। (ਗੁਰੂ ਨੇ ਜਿਸ ਮਨੁੱਖ ਦੀ) ਸੁਰਤਿ ਪਰਮਾਤਮਾ ਦੀ ਜੋਤਿ ਵਿਚ ਮਿਲਾ ਦਿੱਤੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਉਹ ਉਸੇ ਦਾ ਰੂਪ ਬਣ ਗਏ, ਉਹ ਹਰ ਵੇਲੇ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਉਹ ਫਿਰ ਪਰਮਾਤਮਾ ਦੇ ਚਰਨਾਂ ਤੋਂ ਵਿਛੁੜ ਕੇ ਦੁੱਖ ਨਹੀਂ ਪਾਂਦੇ।੨।

ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥ ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥ ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥ ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥ ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥ ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥ {ਪੰਨਾ 769}

ਪਦਅਰਥ: ਸਚੀ ਬਾਣੀਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਗਾਵਹਿਗਾਂਦੇ ਹਨ। ਤਿਤੁ ਘਰਿ—(ਉਹਨਾਂ ਦੇ) ਉਸ ਹਿਰਦੇਘਰ ਵਿਚ। ਸੋਹਿਲਾ—{सुख केलः} ਖ਼ੁਸ਼ੀ ਦਾ ਗੀਤ, ਆਨੰਦ ਦੀ ਰੌ। ਸਚਾਸਦਾ-ਥਿਰ, ਅਡੋਲ। ਸਭੁਹਰ ਥਾਂ। ਸਚੋਸੱਚ ਹੀ, ਸਦਾ-ਥਿਰ ਪ੍ਰਭੂ ਹੀ। ਜਹ ਦੇਖਾਜਿਧਰ ਉਹਨਾਂ ਵੇਖਿਆ। ਤਹਉਧਰ (ਹੀ)ਸਚੇ ਉਪਜੈ—(ਜੇਹੜਾ ਮਨੁੱਖ) ਸਦਾ-ਥਿਰ ਪ੍ਰਭੂ ਤੋਂ ਨਵਾਂ ਆਤਮਕ ਜੀਵਨ ਲੈਂਦਾ ਹੈ। ਸਚਿਸਦਾ-ਥਿਰ ਪ੍ਰਭੂ ਵਿਚ।੩।

ਅਰਥ: ਹੇ ਭਾਈ! (ਜੇਹੜੇ ਮਨੁੱਖ ਆਪਣੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ (ਉਹਨਾਂ ਦੀ) ਉਸ ਹਿਰਦੇ-ਘਰ ਵਿਚ ਆਨੰਦ ਦੀ ਰੌ ਬਣੀ ਰਹਿੰਦੀ ਹੈ। ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਗੁਣਾਂ ਦੀ ਬਰਕਤਿ ਨਾਲ ਉਹਨਾਂ ਦਾ ਮਨ ਉਹਨਾਂ ਦਾ ਤਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਸਦਾ-ਥਿਰ ਪ੍ਰਭੂ-ਪੁਰਖ ਪਰਤੱਖ ਪਰਗਟ ਹੋ ਜਾਂਦਾ ਹੈ। (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਹਰ ਥਾਂ ਸਦਾ-ਥਿਰ ਪ੍ਰਭੂ ਕੰਮ ਕਰ ਰਿਹਾ ਹੈ, ਉਹ ਹੀ ਬੋਲ ਰਿਹਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ। ਜਿਧਰ ਵੀ ਉਹਨਾਂ ਨਿਗਾਹ ਕੀਤੀ, ਉਧਰ ਹੀ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਪਸਾਰਾ ਦਿੱਸਿਆ। ਪ੍ਰਭੂ ਤੋਂ ਬਿਨਾ ਉਹਨਾਂ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।

ਹੇ ਭਾਈ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਤੋਂ ਨਵਾਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ। ਪਰ ਮਾਇਆ ਨਾਲ ਪਿਆਰ ਕਰਨ ਵਾਲਾ ਜਨਮ ਮਰਨ ਵਿਚ ਪਿਆ ਰਹਿੰਦਾ ਹੈ। ਹੇ ਨਾਨਕ! ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ।੩।

ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥ ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥ ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥ ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥ ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥ ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥ {ਪੰਨਾ 769}

ਪਦਅਰਥ: ਸਚੇ ਭਗਤਸਦਾ-ਥਿਰ ਪ੍ਰਭੂ ਦੇ ਭਗਤ। ਦਰਵਾਰੇਦਰਬਾਰਿ, (ਪ੍ਰਭੂ ਦੀ) ਹਜ਼ੂਰੀ ਵਿਚ। ਸਚੋ ਸਚੁਸਚੁ ਹੀ ਸਚੁ, ਸਦਾ-ਥਿਰ ਪ੍ਰਭੂ ਦਾ ਨਾਮ ਹੀ ਨਾਮ। ਅੰਤਰੇਅੰਦਰ। ਘਟਹਿਰਦਾ। ਸਾਚੀ ਬਾਣੀਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਾਚੋਸਾਚੁ ਹੀ, ਸਦਾ-ਥਿਰ ਪ੍ਰਭੂ ਨੂੰ ਹੀ। ਆਪਿਆਪਣੇ ਅੰਦਰ। ਆਪੁਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਜਾਣਹਿਡੂੰਘੀ ਸਾਂਝ ਪਾਂਦੇ ਹਨ। ਸਾਚਿਸਦਾ-ਥਿਰ ਹਰਿਨਾਮ ਵਿਚ। ਇਕ ਰੰਗੀਇਕ ਪ੍ਰਭੂ ਦੇ ਹੀ ਪ੍ਰੇਮਰੰਗ ਵਾਲੇ। ਜਿਸ ਕਉ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}ਮਸਤਕਿਮੱਥੇ ਉਤੇ।੪।

ਅਰਥ: ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਭਗਤ ਉਸ ਸਦਾ-ਥਿਰ ਪ੍ਰਭੂ ਦਾ ਨਾਮ ਹੀ ਹਰ ਵੇਲੇ ਉਚਾਰ ਉਚਾਰ ਕੇ ਉਸ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ। ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਵੱਸਦੀ ਹੈ। ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਵੇਖਦੇ ਹਨ। ਜਦੋਂ ਭਗਤ-ਜਨ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਦੇ ਹਨ, ਤਦੋਂ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ, ਉਹਨਾਂ ਨੂੰ ਉਸ ਸਦਾ-ਥਿਰ ਪ੍ਰਭੂ ਦੀ ਜਾਣ-ਪਛਾਣ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਵੱਸਦਾ ਰਹਿੰਦਾ ਹੈ, (ਇਸ ਕਰ ਕੇ ਲੋਕ ਪਰਲੋਕ ਵਿਚ) ਉਹਨਾਂ ਨੂੰ ਸਦਾ ਲਈ ਸੋਭਾ ਮਿਲ ਜਾਂਦੀ ਹੈ। ਪ੍ਰਭੂ ਵਿਚ ਜੁੜਨ ਕਰ ਕੇ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ-ਰੰਗ) ਵਿਚ ਰੰਗੇ ਹੋਏ ਭਗਤ ਜਨ ਇਕੋ ਪ੍ਰਭੂ-ਪ੍ਰੇਮ ਦੇ ਰੰਗ ਵਿਚ ਹੀ ਰਹਿੰਦੇ ਹਨ। ਕੋਈ ਹੋਰ (ਮਾਇਆ ਦੇ ਮੋਹ ਆਦਿਕ ਦਾ) ਰੰਗ ਉਹਨਾਂ ਨੂੰ ਨਹੀਂ ਚੜ੍ਹਦਾ।

ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ।੪।੨।੩।

ਸੂਹੀ ਮਹਲਾ ੩ ॥ ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥ {ਪੰਨਾ 769-770}

ਪਦਅਰਥ: ਜੁਗ ਚਾਰੇਚੌਹਾਂ ਹੀ ਜੁਗਾਂ ਵਿਚ। ਧਨਜੀਵਇਸਤ੍ਰੀ। ਸੋਹਾਗੁਪ੍ਰਭੂਪਤੀ ਦਾ ਮਿਲਾਪ। ਨਿਹਚਲੁਅਟੱਲ, ਕਦੇ ਨਾਹ ਹਿੱਲਣ ਵਾਲਾ। ਕੇਰਾਦਾ। ਸਚੁਸਦਾ ਕਾਇਮ ਰਹਿਣ ਵਾਲਾ। ਗੁਰਮੁਖਿਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਏਕੋਇਕ ਪਰਮਾਤਮਾ ਹੀ। ਮੇਲਾਵਾਮਿਲਾਪ। ਗੁਰਮਤੀਗੁਰੂ ਦੀ ਮਤਿ ਉਤੇ ਤੁਰਿਆਂ। ਕਾਮਣਿਜੀਵਇਸਤ੍ਰੀ। ਕੰਤੈ ਰਾਵੈਖਸਮਪ੍ਰਭੂ ਨੂੰ ਹਿਰਦੇ ਵਿਚ ਵਸਾਂਦੀ ਹੈ। ਰਾਵੇਮਿਲਾਪ ਮਾਣਦੀ ਹੈ। ਮਨਿ ਮਾਨਿਐਜੇ ਮਨ ਪਤੀਜ ਜਾਏ।੧।

ਅਰਥ: ਹੇ ਭਾਈ! (ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ। ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ)ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ)ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ। ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।

ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ।੧।

TOP OF PAGE

Sri Guru Granth Darpan, by Professor Sahib Singh