ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 763

ਸੂਹੀ ਮਹਲਾ ੫ ਗੁਣਵੰਤੀ ॥ ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥ ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥ ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥ ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥ ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥ ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥ ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥ {ਪੰਨਾ 763}

ਪਦਅਰਥ: ਗੁਣਵੰਤੀਗੁਣਾਂ ਵਾਲੀ। ਸਿਖੜਾਪਿਆਰਾ ਸਿੱਖ। ਲਾਗਉਮੈਂ ਲੱਗਾਂ। ਪਾਇਪੈਰੀਂ। ਬਿਰਥਾਪੀੜਾ, ਦੁੱਖ। ਜੀਅ ਕੀਜਿੰਦ ਦੀ। ਉਪਦੇਸੜਾਸੋਹਣਾ ਉਪਦੇਸ਼। ਅਨਤ—{अन्यत्र} ਕਿਸੇ ਹੋਰ ਪਾਸੇ। ਤੈ ਕੂੰਤੈਨੂੰ। ਡੇਵਸਾਮੈਂ ਦੇ ਦਿਆਂਗਾ। ਮਾਰਗੁਰਸਤਾ।

ਹਉਮੈਂ। ਸਰਣਾਇਆਸਰਾ। ਮਹਿਵਿਚ। ਸਭੋਸਭੁ, ਸਾਰਾ।

ਇਤੁ ਮਾਰਗਿਇਸ ਰਸਤੇ ਉਤੇ। ਭਾਈਅੜੇਪਿਆਰੇ ਭਰਾ। ਤਿਆਗੇਂਜੇ ਤੂੰ ਤਿਆਗ ਦੇਵੇਂ। ਮਤੜੀਕੋਝੀ ਮਤਿ। ਵਿਸਾਰੇਂਜੇ ਤੂੰ ਵਿਸਾਰ ਦੇਵੇਂ। ਭਾਉਪਿਆਰ। ਇਉਇਸ ਤਰ੍ਹਾਂ। ਦਰਸਾਵੜਾਸੋਹਣਾ ਦੀਦਾਰ। ਵਾਉਹਵਾ। ਤਤੀ ਵਾਉਸੇਕ, ਦੁੱਖਕਲੇਸ਼।

ਆਪਹੁਆਪਣੇ ਆਪ ਤੋਂ, ਆਪਣੀ ਅਕਲ ਨਾਲ। ਹੁਕਮਾਉਪ੍ਰਭੂ ਦਾ ਹੁਕਮ ਹੀ। ਗੁਰਿਗੁਰੂ ਨੇ। ਨਾਨਕਿਨਾਨਕ ਨੇ। ਪਸਾਉਪ੍ਰਸਾਦੁ, ਕਿਰਪਾ। ਬਹੁੜਿਮੁੜ। ਮੈਂਮੈਨੂੰ। ਭੁਖੜੀਭੈੜੀ ਭੁੱਖ। ਹਉਮੈਂ। ਅਘਾਇਰੱਜ ਕੇ। ਰਜਾ ਤ੍ਰਿਪਤਿ ਅਘਾਇਖਾ ਪੀ ਕੇ ਚੰਗੀ ਤਰ੍ਹਾਂ ਰੱਜ ਗਿਆ ਹਾਂ। ਗੁਰ ਸਿਖੜਾਗੁਰੂ ਦਾ ਪਿਆਰਾ ਸਿੱਖ।੩।

ਅਰਥ: ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨੀਊਂ ਨੀਊਂ ਕੇ (ਭਾਵ, ਨਿਮ੍ਰਤਾ-ਅਧੀਨਗੀ ਨਾਲ) ਉਸ ਦੀ ਪੈਰੀਂ ਲੱਗਦਾ ਹਾਂ, ਤੇ ਉਸ ਨੂੰ ਆਪਣੇ ਦਿਲ ਦੀ ਪੀੜਾ (ਤਾਂਘ) ਦੱਸਦਾ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਗੁਰਸਿੱਖ!) ਮੈਨੂੰ ਸੱਜਣ-ਗੁਰੂ ਮਿਲਾ ਦੇ। ਮੈਨੂੰ ਕੋਈ ਅਜੇਹਾ ਸੋਹਣਾ ਉਪਦੇਸ਼ ਦੱਸ (ਜਿਸ ਦੀ ਬਰਕਤਿ ਨਾਲ) ਮੇਰਾ ਮਨ ਕਿਸੇ ਹੋਰ ਪਾਸੇ ਵਲ ਨਾਹ ਜਾਏ। ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ, ਮੈਨੂੰ ਰਸਤਾ ਦੱਸ (ਜਿਸ ਰਾਹੇ ਪੈ ਕੇ ਪ੍ਰਭੂ ਦਾ ਦਰਸਨ ਕਰ ਸਕਾਂ)ਮੈਂ (ਚੌਰਾਸੀ ਲੱਖ ਦੇ) ਦੂਰ ਦੇ ਪੈਂਡੇ ਤੋਂ ਤੁਰ ਕੇ ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ। ਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ।

(ਅੱਗੋਂ ਉੱਤਰ ਮਿਲਦਾ ਹੈ-) ਇਸ ਰਸਤੇ ਉਤੇ ਜੇਹੜੇ ਗੁਰ-ਭਾਈ ਤੁਰਦੇ ਹਨ (ਉਹ ਗੁਰੂ ਦੀ ਦੱਸੀ ਕਾਰ ਕਰਦੇ ਹਨ) ਤੂੰ ਭੀ ਉਹੀ ਕਾਰ ਕਰ ਜੋ ਗੁਰੂ ਦੱਸਦਾ ਹੈ। ਜੇ ਤੂੰ ਆਪਣੇ ਮਨ ਦੀ ਕੋਝੀ ਮਤਿ ਛੱਡ ਦੇਵੇਂ, ਜੇ ਤੂੰ ਪ੍ਰਭੂ ਤੋਂ ਬਿਨਾ ਹੋਰ (ਮਾਇਆ ਆਦਿਕ) ਦਾ ਪਿਆਰ ਭੁਲਾ ਦੇਵੇਂ, ਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸਨ ਕਰ ਲਵੇਂਗਾ, ਤੈਨੂੰ ਕੋਈ ਦੁੱਖ-ਕਲੇਸ਼ ਨਹੀਂ ਵਿਆਪੇਗਾ। ਮੈਂ ਜੋ ਕੁਝ ਤੈਨੂੰ ਦੱਸਿਆ ਹੈ ਗੁਰੂ ਦਾ ਹੁਕਮ ਹੀ ਦੱਸਿਆ ਹੈ, ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸ ਰਿਹਾ। ਜਿਸ (ਸੁਭਾਗ ਬੰਦੇ) ਉਤੇ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ। (ਗੁਰੂ ਨਾਨਕ ਦੀ ਮੇਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰੱਜ ਗਿਆ ਹਾਂ, ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਂਦੀ।

ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨਿਮ੍ਰਤਾ-ਅਧੀਨਗੀ ਨਾਲ ਉਸ ਦੀ ਪੈਰੀਂ ਲੱਗਦਾ ਹਾਂ।੩।

ਰਾਗੁ ਸੂਹੀ ਛੰਤ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥ ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥ ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥ ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥ ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥੨॥ ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥ ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥ ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥ ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥ ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ {ਪੰਨਾ 763-764}

ਪਦਅਰਥ: ਭਰਿ ਜੋਬਨਿਭਰੀ ਜਵਾਨੀ ਵਿਚ, ਭਰਜਵਾਨੀ ਦੇ ਸਮੇ। ਮੈਸ਼ਰਾਬ। ਮਤਮੱਤ, ਮਸਤ। ਪੇਈਅੜੈ ਘਰਿਪੇਕੇ ਘਰ ਵਿਚ। ਪਾਹੁਣੀਪ੍ਰਾਹੁਣੀ। ਬਲਿਸਦਕੇ। ਰਾਮਹੇ ਰਾਮ! ਅਵਗਣਿਔਗੁਣ ਦੇ ਕਾਰਨ। ਚਿਤਿਚਿੱਤ ਵਿਚ। ਨ ਸਮਾਵਨੀਨਹੀਂ ਸਮਾਂਦੇ। ਸਾਰਕਦਰ। ਭਰਮਿਭਟਕਣਾ ਵਿਚ। ਬਾਦਿਵਿਅਰਥ। ਵਰੁਖਸਮਪ੍ਰਭੂ। ਸਹਜੁਸੁਭਾਉ। ਭਾਇਆਚੰਗਾ ਲੱਗਾ। ਪੂਛਿਪੁੱਛ ਕੇ। ਮਾਰਗਿ—(ਸਹੀ) ਰਸਤੇ ਉਤੇ। ਰੈਣਿ—(ਜ਼ਿੰਦਗੀ ਦੀ) ਰਾਤ। ਬਾਲਤਣਬਾਲਉਮਰ ਵਿਚ (ਹੀ)ਧਨਜੀਵਇਸਤ੍ਰੀ।੧।

ਬਾਬਾਹੇ ਗੁਰੂ! ਮੈਮੈਨੂੰ। ਵਰੁਪ੍ਰਭੂਪਤੀ। ਦੇਹਿਮਿਲਾ। ਭਾਵੈਪਿਆਰਾ ਲੱਗਦਾ ਹੈ। ਮੈ ਤਿਸ ਕੀ ਬਲਿ ਰਾਮਮੈਂ ਉਸ ਰਾਮ ਤੋਂ ਸਦਕੇ ਹਾਂ। ਰਵਿ ਰਹਿਆਮੌਜੂਦ ਹੈ, ਹਰ ਥਾਂ ਵਿਆਪਕ ਹੈ। ਜੁਗ ਚਾਰਿਸਦਾ ਹੀ। ਤ੍ਰਿਭਵਣਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਬਾਣੀਹੁਕਮ। ਰਵੈਪਿਆਰ ਕਰਦਾ ਹੈ। ਮਨਸਾ—{मनीषा} ਇੱਛਾ। ਸਰਬਸਦਾ ਹੀ। ਰਾਂਡਰੰਡੀ। ਤੈਸੇਇਕਸਮਾਨ।੨।

ਲਗਨੁਮੁਹੂਰਤ। ਲਗਨੁ ਗਣਾਇਮੁਹੂਰਤ ਕਢਾ ਕੇ। ਹੰਭੀਮੈਂ ਭੀ। ਵੰਞਾਪਹੁੰਚ ਸਕਾਂ। ਸਾਹੁਰੈਪਤੀ ਦੇ ਘਰ ਵਿਚ, ਪ੍ਰਭੂਚਰਨਾਂ ਵਿਚ। ਸਾਹਾਲਗਨ, ਮੁਹੂਰਤ। ਰਜਾਇਪਰਮਾਤਮਾ ਦੀ ਮਰਜ਼ੀ ਅਨੁਸਾਰ। ਨ ਟਲੈਅਗਾਂਹ ਪਿਛਾਂਹ ਨਹੀਂ ਹੋ ਸਕਦਾ। ਕਿਰਤੁ ਪਇਆਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਿਲਿਆ ਹੋਇਆ। ਕਿਰਤ—{कृत} ਕੀਤੇ ਹੋਏ ਕਰਮਾਂ ਦਾ ਇਕੱਠ। ਕਰਤੈਕਰਤਾਰ ਨੇ। ਜਾਞੀਜੰਞ ਦਾ ਮਾਲਕ, ਲਾੜਾ। ਨਿਹਕੇਵਲ—{निष्कैवल्य} ਪਵਿਤ੍ਰ, ਸੁਤੰਤਰ। ਨਰਹ ਨਿਹਕੇਵਲੁਮਨੁੱਖਾਂ ਤੋਂ ਸੁਤੰਤਰ। ਤਿਹੁ ਲੋਈਤਿੰਨਾਂ ਲੋਕਾਂ ਵਿਚ। ਮਾਇਮਾਇਆ। ਨਿਰਾਸੀਆਸਹੀਣੀ। ਰੋਇਰੋ ਕੇ। ਵਿਛੁੰਨੀਵਿੱਛੁੜ ਜਾਂਦੀ ਹੈ। ਬਾਲੀਕੁੜੀ। ਬਾਲੈਮੁੰਡੇ ਦਾ। ਹੇਤੇਪਿਆਰ ਦੇ ਕਾਰਨ। ਬਾਲੀ ਬਾਲੈ ਹੇਤੇਕੁੜੀ ਮੁੰਡੇ ਦੇ ਪਿਆਰ ਦੇ ਕਾਰਨ। ਸਬਦਿਸ਼ਬਦ ਦੀ ਬਰਕਤਿ ਨਾਲ। ਸੁਖਆਨੰਦ। ਮਹਲੀਪ੍ਰਭੂ ਦੇ ਘਰ ਵਿਚ।੩।

ਬਾਬੁਲਿਪਿਉ ਨੇ, ਸਤਿਗੁਰੂ ਨੇ। ਦਿਤੜੀਭੇਜ ਦਿੱਤੀ। ਦੂਰਿ—(ਮਾਇਆ ਦੇ ਪ੍ਰਭਾਵ ਤੋਂ) ਦੂਰ ਪਰੇ। ਘਰਿਘਰ ਵਿਚ। ਪੇਈਐ ਘਰਿਪੇਕੇ ਘਰ ਵਿਚ, ਜਨਮ ਮਰਨ ਵਿਚ। ਰਹਸੀਪ੍ਰਸੰਨ ਹੁੰਦੀ ਹੈ। ਵੇਖਿਵੇਖ ਕੇ। ਹਦੂਰਿਆਪਣੇ ਸਾਹਮਣੇ। ਪਿਰਿਪਿਰ ਨੇ, ਪ੍ਰਭੂਪਤੀ ਨੇ। ਰਾਵੀਪਿਆਰ ਕੀਤਾ। ਘਰਿਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਸੋਹੀਐਸੋਭਦੀ ਹੈ, ਆਤਮਕ ਜੀਵਨ ਸੋਹਣਾ ਬਣਾ ਲੈਂਦੀ ਹੈ। ਪਰਧਾਨੇਮੰਨੀਪ੍ਰਮੰਨੀ। ਸੰਜੋਗੀਚੰਗੇ ਭਾਗਾਂ ਨਾਲ। ਥਾਨਿਪ੍ਰਭੂਚਰਨਾਂ ਵਿਚ। ਸੁਹੇਲਾਸੌਖਾ (ਜੀਵਨ)ਸਚੁਸਦਾ-ਥਿਰ ਪ੍ਰਭੂ ਦਾ ਨਾਮ। ਪਲੈਪੱਲੇ ਵਿਚ, ਉਸ ਦੇ ਪਾਸ। ਬੋਲੈਸਿਮਰਦੀ ਹੈ। ਪਿਰ ਭਾਏਪਤੀ ਨੂੰ ਪਿਆਰੀ ਲੱਗਦੀ ਹੈ। ਅੰਕਿਅੰਕ ਵਿਚ, ਜੱਫੀ ਵਿਚ। ਸਮਾਏਲੀਨ ਹੋ ਜਾਂਦੀ ਹੈ।੪।

ਅਰਥ: ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ।

(ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ। ਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ।

ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ,

ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ।੧।

ਹੇ ਪਿਆਰੇ ਸਤਿਗੁਰੂ! ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ।

ਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ-ਇਸਤ੍ਰੀ ਨਾਲ ਪਿਆਰ ਕਰਦਾ ਹੈ, ਪਰ ਜਿਸ ਨੇ ਔਗੁਣ ਹੀ ਔਗੁਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੁੜੀ ਰਹਿੰਦੀ ਹੈ। ਉਹ ਮਾਲਕ ਹਰੇਕ ਦੇ ਹਿਰਦੇ ਵਿਚ ਵਿਆਪਕ ਹੈ (ਉਹ ਹਰੇਕ ਦੇ ਦਿਲ ਦੀ ਜਾਣਦਾ ਹੈ) ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜਿਹੀ ਇੱਛਾ ਉਹ ਪੂਰੀ ਕਰ ਦੇਂਦਾ ਹੈ।

ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ-ਭਾਗ ਵਾਲੀ ਹੈ, ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ (ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ)

ਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਸਤਿਗੁਰੂ! ਤੇਰੀ ਮੇਹਰ ਹੋਵੇ ਤਾਂ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਤੀ ਮੈਨੂੰ (ਸਦਾ) ਪਿਆਰਾ ਲੱਗਦਾ ਰਹੇ ਜੇਹੜਾ ਪ੍ਰੀਤਮ ਹਰੇਕ ਜੁਗ ਵਿਚ ਇਕ-ਸਮਾਨ ਰਹਿਣ ਵਾਲਾ ਹੈ।੨।

ਹੇ ਸਤਿਗੁਰੂ! (ਉਹ) ਮੁਹੂਰਤ ਕਢਾ (ਉਹ ਅਵਸਰ ਪੈਦਾ ਕਰ, ਜਿਸ ਦੀ ਬਰਕਤਿ ਨਾਲ) ਮੈਂ ਭੀ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਸਕਾਂ। (ਹੇ ਗੁਰੂ! ਤੇਰੀ ਕਿਰਪਾ ਨਾਲ) ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ (ਉਸ ਵਿਚ ਕੋਈ ਵਿਘਨ ਨਹੀਂ ਪਾ ਸਕਦਾ)

ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ (ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ) ਜੋ ਭੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ।

(ਗੁਰੂ ਵਿਚੋਲੇ ਦੀ ਕਿਰਪਾ ਨਾਲ) ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿਚ ਵਿਆਪਕ ਹੈ ਤੇ (ਫਿਰ ਭੀ ਆਪਣੇ ਪੈਦਾ ਕੀਤੇ) ਬੰਦਿਆਂ ਤੋਂ ਸੁਤੰਤਰ ਹੈ (ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਨ ਲਈ) ਲਾੜਾ ਬਣ ਕੇ ਆਉਂਦਾ ਹੈ। (ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾਹ ਕੇ ਰੋ ਕੇ ਵਿਛੁੜਦੀ ਹੈ, ਤਿਵੇਂ) ਮਾਇਆ ਜੀਵ-ਇਸਤ੍ਰੀ ਦੇ ਪ੍ਰਭੂ-ਪਤੀ ਨਾਲ ਪ੍ਰੇਮ ਦੇ ਕਾਰਨ ਜੀਵ-ਇਸਤ੍ਰੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਦੀਆਂ ਆਸਾਂ ਲਾਹ ਕੇ (ਮਾਨੋ) ਰੋ ਕੇ ਵਿਛੁੜਦੀ ਹੈ।

ਹੇ ਨਾਨਕ! ਜੀਵ-ਇਸਤ੍ਰੀ ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਂਦੀ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਆਨੰਦ ਮਾਣਦੀ ਹੈ।੩।

ਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ। ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।

ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵ, ਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ। ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।

ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ।੪।੧।

TOP OF PAGE

Sri Guru Granth Darpan, by Professor Sahib Singh