ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 751

ਸੂਹੀ ਮਹਲਾ ੧ ਘਰੁ ੯    ੴ ਸਤਿਗੁਰ ਪ੍ਰਸਾਦਿ ॥ ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥ ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥ ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥ ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥ਚਾਰੇ ਕੁੰਡਾ ਜੇ ਭਵਹਿ ਬਿਨੁ ਭਾਗਾ ਧਨੁ ਨਾਹਿ ਜੀਉ ॥ ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥ ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨ ਮਾਹਿ ਜੀਉ ॥੨॥ ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥੩॥ ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥ ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥ ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥ ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥ ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥ ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ ॥੫॥ ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥ ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥ ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥੬॥ ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥ ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥ ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥੭॥ ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥ ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥ {ਪੰਨਾ 751}

ਪਦਅਰਥ: ਭ੍ਰਮਿਭਟਕਣਾ ਵਿਚ (ਪੈ ਕੇ)ਠਗਿਠੱਗੀ (ਜਾਂਦੀ ਹੈ)ਮੁਠੀਲੁੱਟੀ (ਜਾਂਦੀ) ਹੈ। ਕੂੜਿਆਰਿਕੂੜ ਦੀ ਵਪਾਰਨ (ਜੀਵਇਸਤ੍ਰੀ)ਸੇਤੀਨਾਲ।੧।

ਕਿਆ ਰੰਗੀਐਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿੰਦੀ। ਸਚੇ ਸਿਉਸਦਾ-ਥਿਰ ਪ੍ਰਭੂ ਨਾਲ।੧।ਰਹਾਉ।

ਕੁੰਡਾਕੁੰਡਾਂ, ਪਾਸੇ, ਕੂੰਟਾਂ। ਭਵਹਿਤੂੰ ਭਵੇਂ। ਧਨੁਨਾਮਧਨ। ਬਧਿਕਸ਼ਿਕਾਰੀ। ਥਾਇ ਨ ਪਾਹਿਤੂੰ ਥਾਂ ਸਿਰ ਨਹੀਂ ਪਾਏਂਗੀ, ਤੂੰ ਪਰਵਾਨ ਨਹੀਂ ਹੋਵੇਂਗੀ। ਗੁਰਿਗੁਰੂ ਨੇ। ਉਬਰੇਬਚ ਗਏ।੨।

ਕਠੋਰਸਖ਼ਤ, ਨਿਰਦਈ। ਦੂਜੈ ਵਿਆਪੇਮਾਇਆ ਦੇ ਮੋਹ ਵਿਚ ਦਬੇ ਹੋਏ, ਪ੍ਰਭੂ ਤੋਂ ਬਿਨਾ ਕਿਸੇ ਹੋਰ ਵਿਚ ਫਸੇ ਹੋਏ। ਢੋਰਪਸ਼ੂ, ਮਹਾਂ ਮੂਰਖ।੩।.

ਚਿਤਿਚਿੱਤ ਵਿਚ। ਆਵਈਆਵਏ, ਆਵੈ, ਆਉਂਦਾ। ਤਿਤੁ ਤਨਿਉਸ ਸਰੀਰ ਵਿਚ।੪।

ਬਾਕੀ ਵਾਲਾਕਰਜ਼ਾਈ, ਜਿਸ ਨੇ ਵਿਕਾਰਾਂਰੂਪ ਕਰਜ਼ੇ ਦੀ ਪੰਡ ਚੁੱਕੀ ਹੋਈ ਹੈ। ਤਲਬੀਐਸੱਦਿਆ ਜਾਂਦਾ ਹੈ (ਲੇਖਾ ਦੇਣ ਵਾਸਤੇ। ਸਿਰਿ—(ਉਸ ਦੇ) ਸਿਰ ਉਤੇ। ਜੰਦਾਰੁਜੰਦਾਲ, ਅਵੈੜਾ, ਜਮ। ਲਿਵਲਗਨ, ਖਿੱਚ।੫।

ਕੋਕੋਈ। ਅਨ—{अन्य} ਹੋਰ। ਕੀਜੈਬਣਾਇਆ ਜਾਏ। ਮਰਿ ਜਾਇ—(ਆਤਮਕ ਮੌਤੇ) ਮਰ ਜਾਂਦਾ ਹੈ। ਦੇਖਿਵੇਖ ਕੇ। ਤੇਤੋਂ, ਦੀ ਰਾਹੀਂ। ਨਦਰੀਮੇਹਰ ਦੀ ਨਿਗਾਹ ਨਾਲ।੬।

ਗਾਫਲਹੇ ਗ਼ਾਫ਼ਲ! ਹੇ ਬੇਸਮਝ! ਹੇ ਲਾਪਰਵਾਹ ਬੰਦੇ! ਵਿਹੂਣਾਸੱਖਣਾ। ਖਿੰਚੋਤਾਣਿਖਿੱਚਾਖਿਚੀ ਵਿਚ। ਵਿਗੁਚੀਐਖ਼ੁਆਰ ਹੋਈਦਾ ਹੈ। ਬੁਰਾ ਭਲਾ ਦੁਇਨੇਕੀ ਤੇ ਬਦੀ ਦੋਵੇਂ। ਭੈਸਹਿਮ ਵਿਚ। ਜੋਹੀਤੱਕੀ, ਨਜ਼ਰ ਹੇਠ ਰੱਖੀ। ਕਾਲਿਕਾਲ ਨੇ।੭।

ਜਿਨਿਜਿਸ (ਕਰਤਾਰ) ਨੇ। ਕਾਰਣੁਜਗਤ। ਸਭਸੈਹਰੇਕ ਜੀਵ ਨੂੰ। ਆਧਾਰੁਆਸਰਾ। ਮਨਹੁਮਨ ਤੋਂ। ਨਿਧਾਰਾਨਿਆਸਰਿਆਂ ਦਾ।੮।

ਅਰਥ: ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦਾ ਪ੍ਰੇਮ-ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿ ਜਾਂਦੀ (ਨਾਮ ਵਿਚ ਰੱਤੇ ਨੂੰ) ਕਿਸੇ ਹੋਰ ਕਰਮ-ਸੁਹਜ ਦੀ ਮੁਥਾਜੀ ਨਹੀਂ ਰਹਿੰਦੀ। (ਪਰ ਇਹ ਨਾਮ-ਰੰਗ ਪਰਮਾਤਮਾ ਆਪ ਹੀ ਦੇਂਦਾ ਹੈ, ਸੋ) ਉਸ ਸਦਾ-ਥਿਰ ਰਹਿਣ ਵਾਲੇ ਨੂੰ ਤੇ (ਜੀਵਾਂ ਦੇ ਮਨ ਨੂੰ ਆਪਣੇ ਪ੍ਰੇਮ-ਰੰਗ ਨਾਲ) ਰੰਗਣ ਵਾਲੇ ਪ੍ਰਭੂ ਨੂੰ ਚਿੱਤ ਲਾ ਕੇ ਸਿਮਰਨਾ ਚਾਹੀਦਾ ਹੈ।੧।ਰਹਾਉ।

(ਜੀਵ ਮਾਇਆ ਦੇ ਸੁਹਣੱਪ ਨੂੰ ਵੇਖ ਵੇਖ ਕੇ ਫੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੀ ਹੈ) ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਥੋੜਾ ਚਿਰ ਹੀ ਰਹਿੰਦਾ ਹੈ, ਚਾਰ ਦਿਨ ਹੀ ਟਿਕਦਾ ਹੈ। ਮਾਇਆ ਦੀ ਵਪਾਰਨ ਜੀਵ-ਇਸਤ੍ਰੀ ਪ੍ਰਭੂ-ਨਾਮ ਤੋਂ ਖੁੰਝ ਕੇ (ਮਾਇਆ-ਕਸੁੰਭੇ ਦੇ) ਭੁਲੇਖੇ ਵਿਚ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਤੇ ਇਸ ਦਾ ਆਤਮਕ ਜੀਵਨ (ਦਾ ਸਰਮਾਇਆ) ਲੁੱਟਿਆ ਜਾਂਦਾ ਹੈ। ਹੇ ਭਾਈ! ਜੇ ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ (ਦਾ ਗੇੜ) ਮੁੱਕ ਜਾਂਦਾ ਹੈ।੧।

ਹੇ ਜਿੰਦੇ! ਜੇ ਤੂੰ ਚਾਰੇ ਕੂੰਟਾਂ ਭਾਲਦੀ ਫਿਰੇਂ ਤਾਂ ਭੀ ਚੰਗੇ ਭਾਗਾਂ ਤੋਂ ਬਿਨਾ ਨਾਮ-ਧਨ ਨਹੀਂ ਲੱਭਦਾ। ਜੇ ਔਗੁਣ ਨੇ ਤੇਰੇ ਮਨ ਨੂੰ ਠੱਗ ਲਿਆ ਹੈ, ਤੇ ਜੇ ਇਸ ਆਤਮਕ ਦਸ਼ਾ ਵਿਚ ਤੂੰ (ਤੀਰਥ ਆਦਿਕਾਂ ਤੇ ਭੀ) ਫਿਰੇਂ, ਤਾਂ ਭੀ ਸ਼ਿਕਾਰੀ ਦੇ ਬਾਹਰੋਂ ਲਿਫਣ ਵਾਂਗ ਤੂੰ (ਆਪਣੇ ਇਹਨਾਂ ਉੱਦਮਾਂ ਦੀ ਰਾਹੀਂ) ਕਬੂਲ ਨਹੀਂ ਹੋਵੇਂਗੀ। ਜਿਨ੍ਹਾਂ ਦੀ ਗੁਰੂ ਨੇ ਰਾਖੀ ਕੀਤੀ, ਜੇਹੜੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਵਿਚ ਪ੍ਰਭੂ-ਨਾਮ ਨਾਲ ਰੰਗੇ ਗਏ ਹਨ, ਉਹੀ (ਮਾਇਆ ਦੇ ਮੋਹ ਤੇ ਵਿਕਾਰਾਂ ਤੋਂ) ਬਚਦੇ ਹਨ।੨।

(ਬਗੁਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉਤੇ ਭੀ ਨਿਵਾਸ ਰੱਖਦੇ ਹਨ, ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਤਿਵੇਂ ਹੀ) ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ ਹਨ ਪਰ ਮਨ ਮੈਲੇ ਹਨ ਤੇ ਨਿਰਦਈ ਹਨ ਉਹਨਾਂ ਦੇ ਮੂੰਹੋਂ (ਆਖਣ ਨਾਲ ਮਨ ਵਿਚ) ਪ੍ਰਭੂ ਦਾ ਨਾਮ ਪਰਗਟ ਨਹੀਂ ਹੁੰਦਾ ਉਹ (ਬਾਹਰੋਂ ਸਾਧ ਦਿੱਸਦੇ ਹਨ ਅਸਲ ਵਿਚ) ਚੋਰ ਹਨ, ਉਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ।੩।

(ਮਾਇਆ-ਵੇੜ੍ਹੇ ਮਨੁੱਖ ਦਾ) ਮਨ ਸਦਾ ਦੁਨੀਆ ਵਾਲੇ ਚਾਉ-ਮਲ੍ਹਾਰ ਹੀ ਕਰਦਾ ਹੈ ਤੇ ਸਦਾ ਸੁਖ ਹੀ ਮੰਗਦਾ ਹੈ, ਪਰ (ਜਿਤਨਾ ਚਿਰ) ਕਰਤਾਰ ਉਸ ਦੇ ਚਿੱਤ ਵਿਚ ਨਹੀਂ ਵੱਸਦਾ, ਉਸ ਨੂੰ ਮੁੜ ਮੁੜ ਦੁੱਖ ਵਿਆਪਦੇ ਰਹਿੰਦੇ ਹਨ।

(ਹਾਂ,) ਜਿਸ ਮਨ ਵਿਚ ਸੁਖ ਦੁਖ ਦੇਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ (ਤੇ ਉਹ ਸੁਖਾਂ ਦੀ ਲਾਲਸਾ ਨਹੀਂ ਕਰਦਾ)੪।

(ਜੀਵ-ਵਣਜਾਰਾ ਇਥੇ ਨਾਮ ਦਾ ਵਣਜ ਕਰਨ ਆਇਆ ਹੈ, ਪਰ ਜੇਹੜਾ ਜੀਵ ਇਹ ਵਣਜ ਵਿਸਾਰ ਕੇ ਵਿਕਾਰਾਂ ਦਾ ਕਰਜ਼ਾ ਆਪਣੇ ਸਿਰ ਚਾੜ੍ਹਨ ਲੱਗ ਪੈਂਦਾ ਹੈ, ਉਸ) ਕਰਜ਼ਾਈ ਨੂੰ ਸੱਦਾ ਪੈਂਦਾ ਹੈ; ਜਮਰਾਜ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ, ਉਸ ਦੇ ਸਾਰੇ ਕੀਤੇ ਕਰਮਾਂ ਦਾ ਵਿਚਾਰ ਕਰ ਕੇ ਉਸ ਤੋਂ ਪੁੱਛਦਾ ਹੈ ਤੇ ਉਸ ਤੋਂ ਉਹ ਲੇਖਾ ਮੰਗਦਾ ਹੈ ਜੋ (ਉਸ ਦੇ ਜ਼ਿੰਮੇ) ਦੇਣਾ ਬਣਦਾ ਹੈ। ਜਿਸ ਜੀਵ ਵਣਜਾਰੇ ਦੇ ਅੰਦਰ ਸਦਾ-ਥਿਰ ਪ੍ਰਭੂ ਦੀ ਲਗਨ ਹੋਵੇ, ਉਹ ਜਮਰਾਜ ਦੀ ਮਾਰ ਤੋਂ ਬਚ ਜਾਂਦਾ ਹੈ, ਬਖ਼ਸ਼ਣਹਾਰ ਪ੍ਰਭੂ ਉਸ ਉਤੇ ਮੇਹਰ ਕਰਦਾ ਹੈ।੫।

ਜੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮਿੱਤਰ ਬਣਾਇਆ ਜਾਏ, ਤਾਂ (ਅਜੇਹੇ ਮਿੱਤਰ ਬਣਾਣ ਵਾਲਾ) ਮਿੱਟੀ ਵਿਚ ਰਲ ਜਾਂਦਾ ਹੈ ਆਤਮਕ ਮੌਤੇ ਮਰ ਜਾਂਦਾ ਹੈ। ਮਾਇਆ ਦੇ ਬਹੁਤੇ ਰੰਗ-ਤਮਾਸ਼ੇ ਵੇਖ ਕੇ ਉਹ ਕੁਰਾਹੇ ਪਾਇਆ ਜਾਂਦਾ ਹੈ, ਸਹੀ ਜੀਵਨ-ਰਾਹ ਤੋਂ ਖੁੰਝ ਖੁੰਝ ਕੇ ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। (ਇਸ ਗੇੜ ਵਿਚੋਂ) ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਹੀ ਖ਼ਲਾਸੀ ਪਾਈਦੀ ਹੈ, ਉਹ ਪ੍ਰਭੂ ਮੇਹਰ ਦੀ ਨਿਗਾਹ ਨਾਲ (ਗੁਰੂ-ਚਰਨਾਂ ਵਿਚ) ਮਿਲਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ।੬।

ਹੇ ਅਵੇਸਲੇ ਤੇ ਗਿਆਨ-ਹੀਣ ਜੀਵ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਦੀ ਆਸ ਵਿਅਰਥ ਹੈ। ਕੀਤੇ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਤਾਂ ਹਰ ਵੇਲੇ ਅੰਦਰ ਮੌਜੂਦ ਹੀ ਹਨ, (ਜੇ ਗੁਰੂ ਦੀ ਸਰਨ ਨਾਹ ਪਈਏ, ਤਾਂ ਉਹ ਅੰਦਰਲੇ ਚੰਗੇ ਮੰਦੇ ਸੰਸਕਾਰ ਚੰਗੇ ਮੰਦੇ ਪਾਸੇ ਖਿੱਚਦੇ ਹਨ) ਤੇ ਇਸ ਖਿੱਚਾ-ਖਿੱਚੀ ਵਿਚ ਖ਼ੁਆਰ ਹੋਵੀਦਾ ਹੈ। ਗੁਰ-ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਲੋਕਾਈ (ਦੁਨੀਆ ਵਾਲੇ) ਸਹਿਮ ਵਿਚ ਗ੍ਰਸੀ ਰਹਿੰਦੀ ਹੈ, ਅਜੇਹੀ ਲੋਕਾਈ ਨੂੰ ਆਤਮਕ ਮੌਤ ਨੇ (ਹਰ ਵੇਲੇ) ਆਪਣੀ ਤੱਕ ਵਿਚ ਰੱਖਿਆ ਹੁੰਦਾ ਹੈ।੨।

ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਤੇ ਰਚ ਕੇ ਇਸ ਨੂੰ ਟਿਕਾਇਆ ਹੋਇਆ ਹੈ, ਉਹ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ। ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ, ਉਹ ਸਦਾ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ।

ਹੇ ਨਾਨਕ! (ਅਰਦਾਸ ਕਰ ਕਿ) ਪਰਮਾਤਮਾ ਦਾ ਨਾਮ ਕਦੇ ਨਾਹ ਭੁੱਲੇ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ।੮।੧।੨।

ਨੋਟ: ਪਹਿਲੀ ਅਸਟਪਦੀ 'ਘਰ ੧' ਦੀ ਹੈ। ਇਹ ਦੂਜੀ ਅਸ਼ਟਪਦੀ 'ਘਰੁ ੯' ਦੀ ਹੈ। ਅੰਕ ੧ ਇਹੀ ਪਰਗਟ ਕਰਦਾ ਹੈ। ਕੁੱਲ ਜੋੜ ੨ ਹੈ।

ਸੂਹੀ ਮਹਲਾ ੧ ਕਾਫੀ ਘਰੁ ੧੦    ੴ ਸਤਿਗੁਰ ਪ੍ਰਸਾਦਿ ॥ ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥ ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥ ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥ ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥ ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥ ਮੂਰਖ ਮਨ ਸਮਝਾਇ ਆਖਉ ਕੇਤੜਾ ॥ ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥ ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥ ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥ ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥ ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥ ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥ ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥ ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥ {ਪੰਨਾ 751-752}

ਨੋਟ: ਇਹ ਅਸ਼ਟਪਦੀ ਸੂਹੀ ਅਤੇ ਕਾਫੀ ਦੋਹਾਂ ਮਿਲਵੀਆਂ ਰਾਗਣੀਆਂ ਵਿਚ ਗਾਈ ਜਾਣੀ ਹੈ। ਕਾਫੀ ਇਕ ਰਾਗਣੀ ਦਾ ਨਾਮ ਹੈ।

ਪਦਅਰਥ: ਮਾਣਸ ਜਨਮੁਮਨੁੱਖਾ ਜਨਮ। ਦੁਲੰਭੁਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਪਾਇਆਕਦਰ ਪਾਈ। ਚੁਲੰਭੁਗੂੜ੍ਹਾ ਲਾਲ।੧।

ਸਵਾਰਿਸਵਾਰ ਕੇ। ਵਖਰੁਵਪਾਰ ਦਾ ਸੌਦਾ। ਸਚੁਸਦਾ-ਥਿਰ ਨਾਮ। ਲੈਲੈ ਕੇ। ਪਤਿਇੱਜ਼ਤ। ਦਰਬਾਰਿਪ੍ਰਭੂ ਦੀ ਹਜ਼ੂਰੀ ਵਿਚ। ਭੈਡਰਅਦਬ ਵਿਚ (ਰਹਿ ਕੇ)੧।ਰਹਾਉ।

ਮਨਿਮਨ ਵਿਚ। ਤਨਿਸਰੀਰ ਦੀ ਰਾਹੀਂ। ਸਾਲਾਹਿਸਲਾਹ ਕੇ, ਸਿਫ਼ਤਿ-ਸਾਲਾਹ ਕਰ ਕੇ। ਲਾਲਿਲਾਲ (ਰੰਗ) ਵਿਚ। ਰਤਾਰੰਗਿਆ ਗਿਆ।੨।

ਹਉਮੈਂ। ਸਾਰਿਸੰਭਾਲ ਕੇ। ਤੂ ਵਸੈ—'ਤੂ ਹੀ ਤੂ' ਦਾ ਬੋਲ ਵੱਸ ਪਏ। ਸਹਜੇਸਹਿਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਰਸਿ—(ਨਾਮ-) ਅੰਮ੍ਰਿਤ ਨਾਲ। ਰਸੈਰਸਦਾ ਹੈ, ਭਿੱਜਦਾ ਹੈ, ਰਚਦਾ ਹੈ।੩।

ਮਨਹੇ ਮਨ! ਆਖਉਮੈਂ ਆਖਾਂ। ਕੇਤੜਾਕਿਤਨਾ ਕੁ? ਗੁਰਮੁਖਿਗੁਰੂ ਦੇ ਸਨਮੁਖ ਹੋ ਕੇ। ਗਾਇਗਾ ਕੇ। ਰੰਗਿਰੰਗ ਵਿਚ। ਰੰਗੇਤੜਾਰੰਗਿਆ ਜਾ।੪।

ਰਿਦੈਹਿਰਦੇ ਵਿਚ। ਸਮਾਲਿਸਾਂਭ। ਸੰਤਾਪਣਾਕਲੇਸ਼ ਦੇ ਸਕਣਾ।੫।

ਰੰਗੁ—(ਨਾਮ ਦੀ) ਲਾਲੀ। ਮਰਸੀਆਤਮਕ ਜੀਵਨ ਗਵਾ ਬੈਠੇਗਾ। ਵਿਡਾਣਾਓਪਰਾ, ਨਿਖਸਮਾ। ਭੰਗੁਤੋਟ, ਵਿਛੋੜਾ।੬।

ਲਾਹਾਲਾਭ। ਆਣਿਆਲਿਆਂਦਾ। ਨਿਰਬਾਣੁਵਾਸਨਾਰਹਿਤ ਪ੍ਰਭੂ।੭।

ਭਾਵਸੀਚੰਗੀ ਲੱਗੇ, ਪਸੰਦ ਆਵੇ। ਮੈਮੈਨੂੰ, ਮੇਰੇ ਹਿਰਦੇ ਵਿਚ। ਗਾਵਸੀਗਾਵੇਗਾ।੮।

ਅਰਥ: ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ) ਡਰ ਅਦਬ ਵਿਚ (ਰਹਿ ਕੇ) ਸਦਾ-ਥਿਰ ਪ੍ਰਭੂ ਦਾ ਨਾਮ-ਸੌਦਾ ਵਿਹਾਝਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾ ਕੇ (ਇਥੋਂ) ਤੁਰਦਾ ਹੈ ਉਹ (ਪਰਮਾਤਮਾ ਦੀ) ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ।੧।ਰਹਾਉ।

(ਚੌਰਾਸੀ ਲੱਖ ਜੂਨਾਂ ਵਿਚੋਂ) ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਪਰ ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੀ ਸਰਨ ਪਏ। ਜੇ ਸਤਿਗੁਰੂ ਨੂੰ ਚੰਗਾ ਲੱਗੇ (ਭਾਵ, ਜੇ ਗੁਰੂ ਦੀ ਕਿਰਪਾ ਹੋ ਜਾਏ) ਤਾਂ (ਸਰਨ ਪਏ ਉਸ ਮਨੁੱਖ ਦਾ) ਮਨ ਅਤੇ ਸਰੀਰ (ਪ੍ਰਭੂ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਲਾਲ ਹੋ ਜਾਂਦਾ ਹੈ (ਨਾਮ ਦੀ ਬਰਕਤਿ ਨਾਲ ਉਸ ਨੂੰ ਲਾਲੀ ਚੜ੍ਹੀ ਰਹਿੰਦੀ ਹੈ)੧।

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਆਪਣੇ ਮਨ ਅਤੇ ਸਰੀਰ ਦੀ ਰਾਹੀਂ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਦਾ-ਥਿਰ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ)੨।

ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ, ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ "ਤੂ ਹੀ ਤੂ" ਦੀ ਧੁਨ ਲੱਗ ਪਏ।੩।

ਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ)੪।

ਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ। ਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ।੫।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ। ਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ।੬।

ਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾ) ਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ।੭।

ਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ ਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ।੮।੧।੩।

ਨੋਟ: ਇਹ ਅਸਟਪਦੀ 'ਘਰੁ ੧੦' ਦੀ ਹੈ। ਕੁੱਲ ਜੋੜ ੩ ਹੈ।

TOP OF PAGE

Sri Guru Granth Darpan, by Professor Sahib Singh