ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 749

ਸੂਹੀ ਮਹਲਾ ੫ ॥ ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥ ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥ ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥ {ਪੰਨਾ 749}

ਪਦਅਰਥ: ਭਾਗਠੜੇਭਾਗਾਂ ਵਾਲੇ। ਹਰਿਹੇ ਹਰੀ! ਘਰਿਹਿਰਦੇਘਰ ਵਿਚ। ਗਣੀਗਣੀਂ, ਮੈਂ ਗਿਣਦਾ ਹਾਂ।੧।

ਕੈਤੋਂ। ਬਲਿ ਜਾਈਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਕਰਿਬਣਾ ਕੇ। ਢੁਲਾਵਾਢੁਲਾਵਾਂ, ਮੈਂ ਝੁਲਾਵਾਂ। ਮੁਖਿਮੂਂੰਹ ਉਤੇ। ਲਾਈਲਾਈਂ, ਮੈਂ ਲਾਵਾਂ।੧।ਰਹਾਉ।

ਮਹਿਵਿਚ। ਪਰਉਪਕਾਰੀਦੂਜਿਆਂ ਦਾ ਭਲਾ ਕਰਨ ਵਾਲੇ। ਜੀਅ ਦਾਨੁਆਤਮਕ ਜੀਵਨ ਦੀ ਦਾਤਿ। ਦੇਦੇ ਕੇ। ਲਾਇਨਿਲਾਂਦੇ ਹਨ। ਲੈਨਿ ਮਿਲਾਏਮਿਲਾਇ ਲੈਨਿ, ਮਿਲਾ ਲੈਂਦੇ ਹਨ।੨।

ਸਚਾਸਦਾ ਕਾਇਮ ਰਹਿਣ ਵਾਲਾ। ਅਮਰੁਹੁਕਮ। ਸਚੇ ਸੇਤੀਸਦਾ-ਥਿਰ ਪ੍ਰਭੂ ਨਾਲ। ਰਾਤੇਰੰਗੇ ਰਹਿੰਦੇ ਹਨ। ਜਿਸ ਕੇ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ} ਜਿਸ (ਪਰਮਾਤਮਾ) ਦੇ। ਸੇ—(ਬਣੇ ਹੋਏ) ਸਨ। ਤਿਨਿਉਸ (ਪਰਮਾਤਮਾ) ਨੇ। ਜਾਤੇਪਛਾਣੇ, ਡੂੰਘੀ ਸਾਂਝ ਪਾਈ।੩।

ਫੇਰੀਫੇਰੀਂ, ਮੈਂ ਫੇਰਾਂ। ਢੋਵਾਢੋਵਾਂ, ਮੈਂ ਢੋਵਾਂ। ਜਨ ਕੈਜਨਾਂ ਦੇ ਘਰ ਵਿਚ। ਪੀਸਣੁਚੱਕੀ। ਪੀਸਿਪੀਹ ਕੇ। ਕਮਾਵਾਕਮਾਵਾਂ, ਮੈਂ ਸੇਵਾ ਕਰਾਂ। ਦੇਖਣੁ ਪਾਵਾਦੇਖਣ ਪਾਵਾਂ, ਦੇਖ ਸਕਾਂ।੪।

ਅਰਥ: ਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ), ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ।੧।ਰਹਾਉ।

ਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ। ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ।੧।

ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ। ਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤਿ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ।੨।

ਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ। ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ।੩।

ਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।੪।੭।੫੪।

ਸੂਹੀ ਮਹਲਾ ੫ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥ ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥ ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥ ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥ ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥ {ਪੰਨਾ 749}

ਪਦਅਰਥ: ਪਾਰਬ੍ਰਹਮਹੇ ਪਾਰਬ੍ਰਹਮ! ਸਤਿਗੁਰਹੇ ਸਤਿਗੁਰ! ਆਪੇ—(ਤੂੰ) ਆਪ ਹੀ। ਕਰਣੈਹਾਰਾਕਰਨਜੋਗ, ਕਰ ਸਕਣ ਵਾਲਾ। ਮਾਗੈਮੰਗਦਾ ਹੈ। ਕਉਤੋਂ। ਬਲਿਹਾਰਾਸਦਕੇ।੧।

ਰਾਮਰਾਇਹੇ ਪ੍ਰਭੂਪਾਤਿਸ਼ਾਹ! ਰਾਖਹਿਤੂੰ ਰੱਖਦਾ ਹੈਂ। ਰਹੀਐਰਹਿ ਸਕੀਦਾ ਹੈ। ਤੁਧੁ ਭਾਵੈਜੇ ਤੈਨੂੰ ਚੰਗਾ ਲੱਗੇ। ਲਹੀਐਲੈ ਸਕੀਦਾ ਹੈ।੧।ਰਹਾਉ।

ਮੁਕਤਿਵਿਕਾਰਾਂ ਤੋਂ ਖ਼ਲਾਸੀ। ਭੁਗਤਿਦੁਨੀਆ ਦੇ ਸੁਖਾਂ ਦੇ ਭੋਗ। ਜੁਗਤਿਚੰਗੀ ਜੀਵਨਮਰਯਾਦਾ। ਤਹਾਉਥੇ ਹੀ। ਜਹਜਿਥੇ।੨।

ਜੀਵਾਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਨਿਹਾਲਾਪ੍ਰਸੰਨ, ਖਿੜਿਆ ਹੋਇਆ। ਚਰਣ ਕਮਲਕੌਲ ਫੁੱਲਾਂ ਵਰਗੇ ਸੋਹਣੇ ਚਰਨ। ਧੋਇਧੋ ਕੇ। ਪੀਵਾਪੀਵਾਂ।੩।

ਜਾਈਜਾਈਂ, ਮੈਂ ਜਾਂਦਾ ਹਾਂ। ਉਸੁ ਵੇਲਾ ਸੁਹਾਵੀਉਸ ਸੋਹਣੀ ਘੜੀ ਤੋਂ। ਜਿਤੁਜਿਸ ਵਿਚ, ਜਿਸ ਵੇਲੇ। ਦੁਆਰੈਦਰ ਤੇ। ਕਉਨੂੰ, ਉਤੇ।੪।

ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ। ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀ ਲੈ ਸਕਦੇ ਹਾਂ।੧।ਰਹਾਉ।

ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ। (ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ।੧।

ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ। ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ।੨।

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! (ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ। (ਮੇਹਰ ਕਰ) ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ।੩।

(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ। ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ।੪।੮।੫੫।

ਸੂਹੀ ਮਹਲਾ ੫ ॥ ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥ ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥ ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥ ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥ ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥ ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥ {ਪੰਨਾ 749}

ਪਦਅਰਥ: ਚਿਤਿਚਿੱਤ ਵਿਚ। ਵਿਸਰਹਿਤੂੰ ਵਿਸਰ ਜਾਂਦਾ ਹੈਂ। ਮਰਿ ਜਾਏਆਤਮਕ ਮੌਤ ਸਹੇੜ ਲੈਂਦਾ ਹੈ। ਕਰਤੇਹੇ ਕਰਤਾਰ!੧।

ਸਾਹਿਬਹੇ ਸਾਹਿਬ! ਮੈਮੇਰਾ। ਕਰੀਕਰੀਂ, ਮੈਂ ਕਰਦਾ ਹਾਂ। ਸੁਣਿਸੁਣ ਕੇ। ਜੀਵਾਜੀਵਾਂ, ਆਤਮਕ ਜੀਵਨ ਪ੍ਰਾਪਤ ਕਰਦਾ ਹਾਂ।੧।ਰਹਾਉ।

ਹੋਵਾਹੋਵਾਂ। ਕਉਤੋਂ। ਬਲਿਸਦਕੇ। ਜਾਈਜਾਈਂ, ਮੈਂ ਜਾਂਦਾ ਹਾਂ। ਅੰਮ੍ਰਿਤਆਤਮਕ ਜੀਵਨ ਵਾਲੇ। ਉਰਿਹਿਰਦੇ ਵਿਚ। ਤਉਤੇਰੀ {तव}ਤੇਤੋਂ, ਨਾਲ। ਸੰਗੁਸਾਥ। ਪਾਈਪਾਈਂ, ਮੈਂ ਪਾਵਾਂ।੨।

ਗਤਿਹਾਲਤ, ਅਵਸਥਾ। ਸਾਰੀਖੋਲ੍ਹੀ ਹੈ। ਜਿਸ ਨੋ—{ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੇ' ਦੇ ਕਾਰਨ ਉੱਡ ਗਿਆ ਹੈ}ਸੋਈਉਹ ਹੀ।੩।

ਕਰਹੱਥ {ਬਹੁ-ਵਚਨ}ਜੋੜਿਜੋੜ ਕੇ। ਮਾਗਉਮਾਗਉਂ, ਮੈਂ ਮੰਗਦਾ ਹਾਂ। ਸਾਹਿਬ ਤੁਠੈਜੇ ਸਾਹਿਬ ਤ੍ਰੱੁਠ ਪਏ। ਪਾਵਾਪਾਵਾਂ, ਮੈਂ ਪ੍ਰਾਪਤ ਕਰਾਂ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਗਾਵਾਗਾਵਾਂ।੪।

ਅਰਥ: ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ। ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ।੧।ਰਹਾਉ।

ਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ। ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ।੧।

ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ। (ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ।੨।

ਹੇ ਭਾਈ! ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ। ਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਉਹੀ ਤੇਰਾ (ਅਸਲ) ਭਗਤ ਹੈ।੩।

ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ। ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ। (ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ।੪।੯।੫੬।

ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}

ਪਦਅਰਥ: ਜਿਸ ਕੇ—{ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}ਸੁਆਮੀਹੇ ਸੁਆਮੀ! ਬੋਲਿ ਨ ਜਾਣੈਬੋਲਣ ਨਹੀਂ ਜਾਣਦਾ। ਮਦਿਅਹੰਕਾਰ ਵਿਚ। ਮਾਤਾਮਸਤ। ਮਰਣਾਮੌਤ, ਮੌਤ ਦਾ ਸਹਿਮ। ਚੀਤਿਚਿੱਤ ਵਿਚ।੧।

ਰਾਮਰਾਇਹੇ ਪ੍ਰਭੂਪਾਤਿਸ਼ਾਹ! ਕਉਨੂੰ। ਨੇਰੇਨੇੜੇ।੧।ਰਹਾਉ।

ਤੇਰੈ ਰੰਗਿਤੇਰੇ ਪ੍ਰੇਮ ਵਿਚ। ਰਾਤੇਰੰਗੇ ਹੋਏ। ਨਾਸਾਦੂਰ ਹੋ ਜਾਂਦਾ ਹੈ। ਬਖਸਬਖ਼ਸ਼ਸ਼। ਦਿਲਾਸਾਭਰੋਸਾ, ਤਸੱਲੀ।੨।

ਧਿਆਇਨਿਧਿਆਉਂਦੇ ਹਨ। ਪਾਇਨਿਪਾਂਦੇ ਹਨ। ਆਰਾਧਹਿਆਰਾਧਦੇ ਹਨ। ਭਰਵਾਸੇਆਸਰੇ ਨਾਲ। ਪੰਚ ਦੁਸਟਕਾਮਾਦਿਕ ਪੰਚ ਵੈਰੀ। ਲੈਫੜ ਕੇ। ਸਾਧਹਿਵੱਸ ਵਿਚ ਕਰ ਲੈਂਦੇ ਹਨ।੩।

ਗਿਆਨੁਆਤਮਕ ਜੀਵਨ ਦੀ ਸੂਝ। ਧਿਆਨੁਸੁਰਤਿ ਜੋੜਨ ਦੀ ਜਾਚ। ਨ ਜਾਣਾਨ ਜਾਣਾਂ, ਨਹੀਂ ਸਾਂ ਜਾਣਦਾ। ਸਾਰਕਦਰ। ਜਿਨਿਜਿਸ (ਗੁਰੂ) ਨੇ। ਕਰਇੱਜਤ, ਲਾਜ।੪।

ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।

ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।

ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।

ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।

ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ)੪।੧੦।੫੭।

TOP OF PAGE

Sri Guru Granth Darpan, by Professor Sahib Singh