ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 748

ਸੂਹੀ ਮਹਲਾ ੫ ॥ ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥ ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥੧॥ ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥ ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥ ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥ ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਹ੍ਹ ਹਰਿ ਸਿਉ ਆਣਿ ਮਿਲਾਵੈ ॥੨॥ ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥ ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥ ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥ ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥ {ਪੰਨਾ 748}

ਪਦਅਰਥ: ਕਰੈ—(ਪਰਮਾਤਮਾ) ਕਰਦਾ ਹੈ। ਪ੍ਰਭ ਮਾਨਹਿਪ੍ਰਭੂ ਦਾ ਕੀਤਾ ਮੰਨਦੇ ਹਨ। ਓਇਉਹ ਸੰਤ ਜਨ {ਲਫ਼ਜ਼ 'ਓਹੁ' ਤੋਂ ਬਹੁ-ਵਚਨ}ਰੰਗਿਰੰਗ ਵਿਚ। ਰਾਤੇਰੰਗੇ ਹੋਏ। ਥਾਈਥਾਈਂ, ਥਾਵਾਂ ਵਿਚ। ਪਰਾਤੇਪਛਾਣੇ, ਸਾਂਝ ਪਾ ਲਈ।੧।

ਜੇਵਡੁਜੇਡਾ, ਬਰਾਬਰ ਦਾ। ਸਿਉਨਾਲ। ਜਲਿਜਲ ਵਿਚ। ਥਲਿਧਰਤੀ ਵਿਚ। ਮਹੀਅਲਿਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।੧।ਰਹਾਉ।

ਕੋਟਿ ਅਪ੍ਰਾਧੀਕ੍ਰੋੜਾਂ ਪਾਪ ਕਰਨ ਵਾਲਾ। ਸੰਗਿਸੰਗਤਿ ਵਿਚ। ਉਭਰੈਵਿਕਾਰਾਂ ਤੋਂ ਬਚ ਜਾਂਦਾ ਹੈ। ਕੈ ਨੇੜਿਦੇ ਨੇੜੇ। ਸਿਉਨਾਲ। ਆਣਿਲਿਆ ਕੇ।੨।

ਭਰਮੁਭਟਕਣਾ। ਕਰਿਕਰ ਕੇ, ਧਾਰ ਕੇ। ਤੇਤੋਂ, ਪਾਸੋਂ।੩।

ਮਹਿਮਾਵਡਿਆਈ। ਕੇਤਕਕਿਤਨੀ ਕੁ। ਬਰਨਉਬਰਨਉਂ, ਮੈਂ ਬਿਆਨ ਕਰਾਂ। ਭਾਣੇਚੰਗੇ ਲੱਗੇ। ਸਭ ਤੇਸਾਰੀ ਲੁਕਾਈ ਤੋਂ। ਨਿਕਾਣੇਬੇਮੁਥਾਜ।੪।

ਅਰਥ: ਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤਿ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।੧।ਰਹਾਉ।

ਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ। ਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ)੧।

ਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ। ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ।੨।

ਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ। ਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ।੩।

ਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ? ਹੇ ਨਾਨਕ! ਆਖ-ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ।੪।੪।੫੧।

ਸੂਹੀ ਮਹਲਾ ੫ ॥ ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥ ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥ ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥ ਤੇਰੀ ਟੇਕ ਭਰਵਾਸਾ ਤੁਮ੍ਹ੍ਹਰਾ ਜਪਿ ਨਾਮੁ ਤੁਮ੍ਹ੍ਹਾਰਾ ਉਧਰੇ ॥੧॥ ਰਹਾਉ ॥ ਅੰਧ ਕੂਪ ਤੇ ਕਾਢਿ ਲੀਏ ਤੁਮ੍ਹ੍ਹ ਆਪਿ ਭਏ ਕਿਰਪਾਲਾ ॥ ਸਾਰਿ ਸਮ੍ਹ੍ਹਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥ ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥ ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥ ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥ ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥ {ਪੰਨਾ 748}

ਪਦਅਰਥ: ਮਹਾ ਅਗਨਿ ਤੇ—(ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ। ਤੁਧੁਤੂੰ। ਦੇਦੇ ਕੇ। ਤਾਣੁਬਲ, ਤਾਕਤ। ਰਿਦਹਿਰਦਾ। ਚੁਕਾਈਦੂਰ ਕਰ ਦਿੱਤੀ।੧।

ਰਾਮ ਰਾਇਹੇ ਪ੍ਰਭੂਪਾਤਿਸ਼ਾਹ! ਤੁਧੁ ਚਿਤਿ ਆਈਐਜੇ ਤੂੰ ਚਿੱਤ ਵਿਚ ਆ ਵੱਸੇਂ। ਉਬਰੇਡੁੱਬਣੋਂ ਬਚ ਗਏ। ਟੇਕਆਸਰਾ। ਉਧਰੇਵਿਕਾਰਾਂ ਤੋਂ ਬਚ ਗਏ।੧।ਰਹਾਉ।

ਅੰਧ ਕੂਪ ਤੇਹਨੇਰੇ ਖੂਹ ਵਿਚੋਂ। ਤੇਤੋਂ, ਵਿਚੋਂ। ਸਾਰਿਸਾਰ ਲੈ ਕੇ। ਸਮ੍ਹ੍ਹਾਲਿਸੰਭਾਲ ਕਰ ਕੇ।੨।

ਨਦਰਿਮੇਹਰ ਦੀ ਨਿਗਾਹ। ਕਾਟਿਕੱਟ ਕੇ। ਪ੍ਰਭਿਪ੍ਰਭੂ ਨੇ।੩।

ਭਰਮੁਭਟਕਣਾ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਵਿਸੂਰਾਝੋਰਾ, ਚਿੰਤਾ। ਸੁਖਦਾਤੈਸੁਖਦਾਤੇ ਨੇ। ਭੇਟਿਆਮਿਲ ਗਿਆ।੪।

ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ। ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ।੧।ਰਹਾਉ।

ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ। ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ।੧।

ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ, ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ। ਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ।੩।

ਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ, (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ।੪।੫।੫੨।

ਸੂਹੀ ਮਹਲਾ ੫ ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥ ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥ ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥ ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥ ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥ ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥ ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥ ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥ {ਪੰਨਾ 748}

ਪਦਅਰਥ: ਕਛੁ—(ਜਗਤ ਦਾ) ਕੁਝ ਭੀ। ਸੀਓਸੀ। ਕਰਿਕਰ ਕੇ। ਆਇਆ—(ਹੁਣ) ਜਨਮਿਆ ਹੈ। ਖੇਲੁਤਮਾਸ਼ਾ। ਠਾਕੁਰਿਠਾਕੁਰ ਨੇ।੧।

ਰਾਮ ਰਾਇਹੇ ਪ੍ਰਭੂਪਾਤਿਸ਼ਾਹ! ਮੁਝ ਤੇਮੈਥੋਂ। ਆਪੇਆਪ ਹੀ। ਸਰਬ ਨਿਰੰਤਰਿਸਭਨਾਂ ਦੇ ਅੰਦਰ ਇਕ-ਰਸ। ਸੋਈਉਹ ਪਰਮਾਤਮਾ ਹੀ।੧।ਰਹਾਉ।

ਗਣਤੀ ਗਣੀਲੇਖਾ ਗਿਣਿਆਂ। ਕਤ ਹੂਕਿਸੇ ਭੀ ਤਰ੍ਹਾਂ। ਕਾਚੀਨਾਸਵੰਤ। ਪ੍ਰਭਹੇ ਪ੍ਰਭੂ! ਕਰਣੈਹਾਰੇਹੇ ਸਭ ਕੁਝ ਕਰਨ ਦੇ ਸਮਰਥ! ਨਿਰਾਲੀਅਨੋਖੀ, ਵੱਖਰੀ ਕਿਸਮ ਦੀ।੨।

ਕੀਤੇਪੈਦਾ ਕੀਤੇ ਹੋਏ। ਘਟਿ ਘਟਿਹਰੇਕ ਸਰੀਰ ਵਿਚ। ਗਤਿਆਤਮਕ ਅਵਸਥਾ। ਮਿਤਿਮਾਪ, ਮਰਯਾਦਾ। ਤੇਰੀ ਗਤਿ ਮਿਤਿਤੇਰੀ ਆਤਮਕ ਅਵਸਥਾ ਅਤੇ ਤੇਰੀ ਹਸਤੀ ਦਾ ਹੱਦਬੰਨਾ। ਕੀਮਕੀਮਤ।੩।

ਨਿਰਗੁਣੁਗੁਣ-ਹੀਨ। ਮੁਗਧੁਮੂਰਖ। ਅਜਾਣੁਬੇਸਮਝ। ਅਗਿਆਨੀਆਤਮਕ ਜੀਵਨ ਤੋਂ ਬੇਸਮਝ। ਭਾਣਾਰਜ਼ਾ।੪।

ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੀ ਪ੍ਰੇਰਨਾ ਸਹਾਇਤਾ ਤੋਂ ਬਿਨਾ) ਮੈਥੋਂ ਕੋਈ ਕੰਮ ਨਹੀਂ ਹੋ ਸਕਦਾ। ਹੇ ਭਾਈ! ਉਹ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਉਹ ਆਪ ਹੀ (ਜੀਵਾਂ ਵਿਚ ਬੈਠ ਕੇ) ਸਭ ਕੁਝ ਕਰਦਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ।੧।ਰਹਾਉ।

ਹੇ ਭਾਈ! ਜਦੋਂ ਅਜੇ ਸੰਸਾਰ ਹੀ ਨਹੀਂ ਸੀ (ਇਹ ਜੀਵ ਭੀ ਨਹੀਂ ਸੀ, ਤਦੋਂ) ਇਹ ਜੀਵ ਕੀਹ ਕਰਦਾ ਸੀ? ਤੇ, ਕੇਹੜੇ ਕਰਮ ਕਰ ਕੇ ਇਹ ਹੋਂਦ ਵਿਚ ਆਇਆ ਹੈ? (ਅਸਲ ਗੱਲ ਇਹ ਕਿ) ਪਰਮਾਤਮਾ ਨੇ ਆਪ ਹੀ ਜਗਤ-ਰਚਨਾ ਰਚੀ ਹੈ, ਉਹ ਆਪ ਹੀ ਆਪਣਾ ਇਹ ਜਗਤ-ਤਮਾਸ਼ਾ ਰਚ ਕੇ ਆਪ ਹੀ ਇਸ ਤਮਾਸ਼ੇ ਨੂੰ ਵੇਖ ਰਿਹਾ ਹੈ।੧।

ਹੇ ਪ੍ਰਭੂ! ਇਹ ਜੀਵ ਅੰਞਾਣ ਅਕਲ ਵਾਲਾ ਤੇ ਨਾਸਵੰਤ ਸਰੀਰ ਵਾਲਾ ਹੈ। ਜੇ ਇਸ ਦੇ ਕੀਤੇ ਕਰਮਾਂ ਦਾ ਲੇਖਾ ਗਿਣਿਆ ਗਿਆ, ਤਾਂ ਇਹ ਕਿਸੇ ਭੀ ਤਰ੍ਹਾਂ ਸੁਰਖ਼ਰੂ ਨਹੀਂ ਹੋ ਸਕਦਾ। ਹੇ ਸਭ ਕੁਝ ਕਰਨ ਦੇ ਸਮਰਥ ਪ੍ਰਭੂ! ਤੂੰ ਆਪ ਹੀ ਮੇਹਰ ਕਰ (ਤੇ ਬਖ਼ਸ਼)ਤੇਰੀ ਬਖ਼ਸ਼ਸ਼ ਵੱਖਰੀ ਹੀ ਕਿਸਮ ਦੀ ਹੈ।੨।

ਹੇ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਹਰੇਕ ਸਰੀਰ ਵਿਚ ਤੇਰਾ ਹੀ ਧਿਆਨ ਧਰਿਆ ਜਾ ਰਿਹਾ ਹੈ। ਤੂੰ ਕਿਹੋ ਜਿਹਾ ਹੈਂ, ਤੂੰ ਕੇਡਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ। ਤੇਰੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।੩।

ਹੇ ਪ੍ਰਭੂ! ਮੈਂ ਗੁਣ-ਹੀਨ ਹਾਂ, ਮੈਂ ਮੂਰਖ ਹਾਂ, ਮੈਂ ਬੇ-ਸਮਝ ਹਾਂ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੈਂ ਕੋਈ ਧਾਰਮਿਕ ਕੰਮ ਕਰਨੇ ਭੀ ਨਹੀਂ ਜਾਣਦਾ (ਜਿਨ੍ਹਾਂ ਨਾਲ ਤੈਨੂੰ ਖ਼ੁਸ਼ ਕਰ ਸਕਾਂ)ਹੇ ਪ੍ਰਭੂ! ਮੇਹਰ ਕਰ, (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ, ਅਤੇ (ਨਾਨਕ ਨੂੰ) ਤੇਰੀ ਰਜ਼ਾ ਮਿੱਠੀ ਲੱਗਦੀ ਰਹੇ।੪।੬।੫੩।

TOP OF PAGE

Sri Guru Granth Darpan, by Professor Sahib Singh