ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 747

ਰਾਗੁ ਸੂਹੀ ਮਹਲਾ ੫ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥ ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥ ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਹ੍ਹਾਰੀ ॥ ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥ ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥ ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥ ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥ ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥ ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥ ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ ॥੪॥੧॥੪੮॥ {ਪੰਨਾ 747}

ਪਦਅਰਥ: ਤੂੰ ਹੈਤੂੰ ਆਪ ਹੀ। ਭਾਣਾਮਨਾਇਹਿਤੂੰ ਰਜ਼ਾ ਵਿਚ ਤੋਰਦਾ ਹੈਂ। ਜਿਸ ਨੋ—{ਲਫ਼ਜ਼ 'ਜਿਸ' ਦਾ ੁ ਸੰੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਹੋਹਿਤੂੰ ਹੁੰਦਾ ਹੈਂ। ਦਇਆਲਾਦਇਆਵਾਨ। ਸਾਈਉਹੀ। ਤੁਧੁ ਭਾਵੈਤੈਨੂੰ ਪਸੰਦ ਆਉਂਦੀ ਹੈ।੧।

ਰਾਮਰਾਇਹੇ ਪ੍ਰਭੂ ਪਾਤਿਸ਼ਾਹ! ਟੇਕਆਸਰਾ। ਪਰਵਾਣਕਬੂਲ। ਮਨਿਮਨ ਵਿਚ। ਅਧਾਰੀਆਸਰਾ।੧।ਰਹਾਉ।

ਕ੍ਰਿਪਾਨਿਧਿਕਿਰਪਾ ਦਾ ਖ਼ਜ਼ਾਨਾ। ਮਨਸਾ—{मनीषा} ਮਨ ਦੀ ਕਾਮਨਾ। ਭਗਤ—{ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖੋ}ਸਭਿਸਾਰੇ। ਪ੍ਰਾਣਪਤਿਹੇ ਜਿੰਦ ਦੇ ਮਾਲਕ!੨।

ਅਥਾਹੁਜਿਸ ਦੀ ਹਾਥ ਨਾਹ ਪੈ ਸਕੇ। ਅਪਾਰੁਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਤੇਰੀ ਭਾਤੇਤੇਰੀ ਭਾਂਤਿ ਦਾ, ਤੇਰੇ ਵਰਗੇ। ਸੁਆਮੀਹੇ ਸੁਆਮੀ! ਸੁਖ ਦਾਤੇਹੇ ਸੁਖ ਦੇਣ ਵਾਲੇ!੩।

ਰੈਣਿਰਾਤ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਗਾਵਾਗਾਵਾਂ, ਮੈਂ ਗਾਂਦਾ ਰਹਾਂ। ਤੁਠੈਜੇ ਤ੍ਰੱੁਠ ਪਏ। ਪਾਵਾਪਾਵਾਂ, ਮੈਂ ਹਾਸਲ ਕਰਾਂ।੪।

ਅਰਥ: ਹੇ ਮੇਰੇ ਪ੍ਰਭੂ ਪਾਤਿਸ਼ਾਹ! ਤੇਰੇ ਸੰਤਾਂ ਨੂੰ (ਸਦਾ) ਤੇਰਾ ਹੀ ਆਸਰਾ ਰਹਿੰਦਾ ਹੈ। ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ (ਤੇਰੇ ਸੰਤਾਂ ਨੂੰ) ਪਰਵਾਨ ਹੁੰਦਾ ਹੈ। ਉਹਨਾਂ ਦੇ ਮਨ ਵਿਚ, ਉਹਨਾਂ ਦੇ ਤਨ ਵਿਚ, ਤੂੰ ਹੀ ਆਸਰਾ ਹੈਂ।੧।ਰਹਾਉ।

ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈਂ। ਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ।੧।

ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਤੂੰ ਕਿਰਪਾ ਦਾ ਖ਼ਜ਼ਾਨਾ ਹੈਂ, ਤੂੰ (ਆਪਣੇ ਭਗਤਾਂ ਦੀ) ਮਨੋ-ਕਾਮਨਾ ਪੂਰੀ ਕਰਨ ਵਾਲਾ ਹੈਂ। ਹੇ ਜਿੰਦ ਦੇ ਮਾਲਕ! ਹੇ ਪ੍ਰੀਤਮ ਪ੍ਰਭੂ! ਤੇਰੇ ਸਾਰੇ ਭਗਤ (ਤੈਨੂੰ ਪਿਆਰੇ ਲੱਗਦੇ ਹਨ), ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈਂ।੨।

ਹੇ ਪ੍ਰਭੂ! (ਤੇਰੇ ਦਿਲ ਦੀ) ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬਹੁਤ ਹੀ ਉੱਚਾ ਹੈਂ, ਕੋਈ ਹੋਰ ਤੇਰੇ ਵਰਗਾ ਨਹੀਂ ਹੈ। ਹੇ ਮਾਲਕ! ਹੇ ਸੁਖਾਂ ਦੇ ਦੇਣ ਵਾਲੇ! ਅਸਾਂ ਜੀਵਾਂ ਦੀ (ਤੇਰੇ ਅੱਗੇ) ਇਹੀ ਅਰਜ਼ੋਈ ਹੈ, ਕਿ ਸਾਨੂੰ ਤੂੰ ਕਦੇ ਭੀ ਨਾਹ ਭੁੱਲ।੬।

ਹੇ ਸੁਆਮੀ! ਜੇ ਮੈਂ ਤੈਨੂੰ ਚੰਗਾ ਲੱਗਾਂ (ਜੇ ਤੇਰੀ ਮੇਰੇ ਉਤੇ ਮੇਹਰ ਹੋਵੇ) ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ। (ਤੇਰਾ ਦਾਸ) ਨਾਨਕ (ਤੈਥੋਂ) ਤੇਰਾ ਨਾਮ ਮੰਗਦਾ ਹੈ (ਇਹੀ ਨਾਨਕ ਵਾਸਤੇ) ਸੁਖ (ਹੈ)ਹੇ ਮੇਰੇ ਸਾਹਿਬ! ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਨੂੰ ਇਹ ਦਾਤਿ ਮਿਲ ਜਾਏ।੪।੧।੪੮।

ਸੂਹੀ ਮਹਲਾ ੫ ॥ ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥ ਆਠ ਪਹਰ ਜਿਤੁ ਤੁਧੁ ਧਿਆਈ ਨਿਰਮਲ ਹੋਵੈ ਦੇਹਾ ॥੧॥ ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥ ਖੋਜਤ ਖੋਜਤ ਭਇਆ ਸਾਧਸੰਗੁ ਤਿਨ੍ਹ੍ਹ ਸਰਣਾਈ ਪਾਇਆ ॥੧॥ ਰਹਾਉ ॥ ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥ ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥੨॥ ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ ਤਿਨ੍ਹ੍ਹ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥ ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥ ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥ {ਪੰਨਾ 747}

ਪਦਅਰਥ: ਜਿਤੁਜਿੱਥੇ, ਜਿਸ ਥਾਂ ਵਿਚ। ਕਬ ਹੂਕਦੇ ਭੀ। ਕੇਹਾਬੜਾ ਅਸਚਰਜ। ਤੁਧੁਤੈਨੂੰ। ਧਿਆਈਧਿਆਈਂ, ਮੈਂ ਧਿਆਨ ਧਰਦਾ ਰਹਾਂ। ਦੇਹਾਸਰੀਰ।੧।

ਹਉਮੈਂ। ਖੋਜਤਭਾਲਦਿਆਂ। ਸਾਧ ਸੰਗੁਗੁਰਮੁਖਾਂ ਦਾ ਮੇਲ। ਤਿਨ੍ਹ੍ਹ ਸਰਣਾਈਉਹਨਾਂ ਦੀ ਸਰਨ ਵਿਚ।੧।ਰਹਾਉ।

ਪੜੇ ਪੜਿਪੜ੍ਹ ਪੜ੍ਹ ਕੇ, ਪੜਿ ਪੜਿ। ਬ੍ਰਹਮੇਬ੍ਰਹਮਾ ਵਰਗੇ ਅਨੇਕਾਂ। ਤਿਲੁਰਤਾ ਭਰ। ਸਾਧਿਕਸਾਧਨ ਕਰਨ ਵਾਲੇ। ਸਿਧਸਾਧਨਾਂ ਵਿਚ ਪੁੱਗੇ ਹੋਏ ਜੋਗੀ, ਕਰਾਮਾਤੀ ਜੋਗੀ। ਤੇ ਭੀਉਹ ਭੀ {ਬਹੁ-ਵਚਨ}ਮਾਈਮਾਇਆ।੨।

ਦਸ ਅਉਤਾਰ—{ਮੱਛ, ਕੱਛ, ਵਰਾਹ, ਨਰਸਿੰਘ, ਵਾਮਨਸਤਜੁਗ ਦੇ ਅਵਤਾਰ। ਪਰਸ ਰਾਮ, ਰਾਮਚੰਦ੍ਰਤ੍ਰੇਤੇ ਦੇ ਅਵਤਾਰ। ਕ੍ਰਿਸ਼ਨਦੁਆਪਰ ਦਾ ਅਵਤਾਰ। ਬੁੱਧ, ਕਲਕੀਕਲਿਜੁਗ ਦੇ ਅਵਤਾਰ}ਰਾਜੇਪੂਜਨੀਕ। ਮਹਾ ਦੇਵਸ਼ਿਵ। ਅਵਧੂਤਾਤਿਆਗੀ। ਬਿਭੂਤਾਸੁਆਹ।੩।

ਸਹਜਆਤਮਕ ਅਡੋਲਤਾ। ਸੰਤੀਸੰਤਾਂ ਨੇ। ਮੰਗਲੁਸਿਫ਼ਤਿ-ਸਾਲਾਹ ਦਾ ਗੀਤ। ਸਫਲ ਦਰਸਨੁਜਿਸ ਦਾ ਦਰਸਨ ਫਲ ਦੇਣ ਵਾਲਾ ਹੈ। ਭੇਟਿਆਮਿਲਿਆ। ਮਨਿਮਨ ਵਿਚ। ਤਨਿਹਿਰਦੇ ਵਿਚ।੪।

ਅਰਥ: ਹੇ ਮੇਰੇ ਰਾਮ! ਮੈਂ ਉਹ ਥਾਂ ਲੱਭਣ ਤੁਰ ਪਿਆ (ਜਿੱਥੇ ਮੈਂ ਤੇਰਾ ਦਰਸਨ ਕਰ ਸਕਾਂ)ਲੱਭਦਿਆਂ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ, ਉਹਨਾਂ (ਗੁਰਮੁਖਾਂ) ਦੀ ਸਰਨ ਪੈ ਕੇ ਮੈਂ (ਤੈਨੂੰ ਭੀ) ਲੱਭ ਲਿਆ।੧।ਰਹਾਉ।

ਹੇ ਮੇਰੇ ਰਾਮ! ਤੇਰਾ ਉਹ (ਸਾਧ ਸੰਗਤਿ) ਥਾਂ ਬੜਾ ਹੀ ਅਸਚਰਜ ਹੈ, ਜਿਸ ਵਿਚ ਬੈਠਿਆਂ ਤੂੰ ਕਦੇ ਭੀ ਨਾਹ ਭੁੱਲੇਂ, ਜਿਸ ਵਿਚ ਬੈਠ ਕੇ ਮੈਂ ਤੈਨੂੰ ਅੱਠੇ ਪਹਰ ਯਾਦ ਕਰ ਸਕਾਂ, ਤੇ, ਮੇਰਾ ਸਰੀਰ ਪਵਿਤ੍ਰ ਹੋ ਜਾਏ।੧।

ਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ। ਸਾਧਨਾਂ ਕਰਨ ਵਾਲੇ ਜੋਗੀ, ਕਰਾਮਾਤੀ ਜੋਗੀ (ਤੇਰੇ ਦਰਸਨ ਨੂੰ) ਵਿਲਕਦੇ ਫਿਰਦੇ ਹਨ, ਪਰ ਉਹ ਭੀ ਮਾਇਆ ਦੇ ਮੋਹ ਵਿਚ ਹੀ ਫਸੇ ਰਹੇ।੨।

ਹੇ ਮੇਰੇ ਰਾਮ! (ਵਿਸ਼ਨੂ ਦੇ) ਦਸ ਅਵਤਾਰ (ਆਪੋ ਆਪਣੇ ਜੁਗ ਵਿਚ) ਸਤਕਾਰ ਪ੍ਰਾਪਤ ਕਰਦੇ ਰਹੇ। ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ। ਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ। (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ।੩।

ਹੇ ਨਾਨਕ! (ਆਖ-) ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਂਵਿਆ, ਉਹਨਾਂ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇ, ਉਹਨਾਂ ਨਾਮ ਦਾ ਰਸ ਚੱਖਿਆ। ਜਦੋਂ ਉਹਨਾਂ ਨੂੰ ਉਹ ਗੁਰੂ ਮਿਲ ਪਿਆ, ਜਿਸ ਦਾ ਦਰਸਨ ਹੀ ਜੀਵਨ-ਮਨੋਰਥ ਪੂਰਾ ਕਰ ਦੇਂਦਾ ਹੈ, ਤਦੋਂ ਉਹਨਾਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ।੪।੨।੪੯।

ਸੂਹੀ ਮਹਲਾ ੫ ॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}

ਪਦਅਰਥ: ਕਰਮ ਧਰਮ—(ਤੀਰਥਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ। ਪਾਖੰਡਵਿਖਾਵੇ ਦੇ ਕੰਮ। ਤਿਨਉਹਨਾਂ ਨੂੰ। ਜਾਗਾਤੀਮਸੂਲੀਆ। ਨਿਰਬਾਣ—{निर्वाण} ਵਾਸਨਾਰਹਿਤ ਹੋ ਕੇ। ਕਰਤੇ ਕਾਕਰਤਾਰ ਦਾ। ਨਿਮਖਅੱਖ ਝਮਕਣ ਜਿਤਨਾ ਸਮਾ। ਜਿਤੁਜਿਸ ਦੀ ਰਾਹੀਂ, ਜਿਸ (ਕੀਰਤਨ) ਦੀ ਰਾਹੀਂ। ਛੂਟੈ—(ਮਨੁੱਖ ਵਿਕਾਰਾਂ ਤੋਂ) ਬਚ ਜਾਂਦਾ ਹੈ।੧।

ਸਾਗਰੁ—(ਸੰਸਾਰ-) ਸਮੁੰਦਰ। ਉਤਰੀਐਲੰਘ ਜਾਈਦਾ ਹੈ। ਕੋਕੋਈ ਮਨੁੱਖ। ਪਰਸਾਦੀਕਿਰਪਾ ਨਾਲ।੧।ਰਹਾਉ।

ਕੋਟਿਕ੍ਰੋੜਾਂ। ਮਜਨਇਸ਼ਨਾਨ। ਕਲਿ ਮਹਿਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਚੱਲ ਰਿਹਾ}ਸੰਗਿਸੰਗਤਿ ਵਿਚ। ਕਰਿ ਲੀਜੈਕਰ ਲਿਆ ਜਾਂਦਾ ਹੈ।੨।

ਕਤੇਬਸ਼ਾਮੀ ਮਤਾਂ ਦੇ ਧਰਮਪੁਸਤਕ (ਕੁਰਾਨ, ਅੰਜੀਲ, ਜ਼ੰਬੂਰ, ਤੌਰੇਤ)ਸਭਿਸਾਰੇ। ਪੜਿਆਨਿਰੇ ਪੜ੍ਹਨ ਨਾਲ। ਮੁਕਤਿਵਿਕਾਰਾਂ ਤੋਂ ਖ਼ਲਾਸੀ। ਅਖਰੁ—{अक्षर} ਨਾਸਰਹਿਤ, ਅਬਿਨਾਸੀ ਪ੍ਰਭੂ। ਗੁਰਮੁਖਿਗੁਰੂ ਦੀ ਸਰਨ ਪੈ ਕੇ। ਤਿਸ ਕੀ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਸੋਈਸੋਭਾ।੩।

ਉਧਰੈ—(ਵਿਕਾਰਾਂ ਤੋਂ) ਬਚ ਜਾਂਦਾ ਹੈ। ਕਲਿ ਮਹਿਜਗਤ ਵਿਚ। ਘਟਿ ਘਟਿਹਰੇਕ ਸਰੀਰ ਵਿਚ। ਮਾਝਾਵਿਚ।੪।

ਅਰਥ: ਹੇ ਸੰਤ ਜਨੋ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ।੧।ਰਹਾਉ।

ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।੧।

ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ।੨।

ਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਹ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ।੩।

ਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।੪।੩।੫੦।

TOP OF PAGE

Sri Guru Granth Darpan, by Professor Sahib Singh