ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 746

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥ ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥ {ਪੰਨਾ 746}

ਪਦਅਰਥ: ਪ੍ਰੀਤਿ ਪ੍ਰੀਤਿਪ੍ਰੀਤਾਂ ਵਿਚੋਂ ਪ੍ਰੀਤਿ। ਗੁਰੀਆਵੱਡੀ। ਮਨਹੇ ਮਨ! ਲੇਖੈਲੇਖੇ ਵਿਚ, ਪਰਵਾਨ। ਅਵਰੁਕੋਈ ਹੋਰ (ਉੱਤਮ)ਮਨਹਿਮਨ ਵਿਚੋਂ। ਦੁਬਿਧਾਡਾਂਵਾਂਡੋਲ ਹਾਲਤ। ਕੁਰੀਆਪਗਡੰਡੀ, ਰਸਤਾ।੧।ਰਹਾਉ।

ਨਿਰਗੁਨਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਹਰੀਆਪਰਮਾਤਮਾ। ਸਰਗੁਨ ਧਰੀਆਮਾਇਆ ਦੇ ਤਿੰਨ ਗੁਣਾਂ ਵਾਲਾ ਸਰੂਪ ਧਾਰਿਆ। ਭਿੰਨਵੱਖ। ਕੋਟਵਰੀਆਕੋਤਵਾਲ। ਨਿਜ ਮੰਦਰਿਆਪਣੇ ਮੰਦਰ ਵਿਚ। ਜਰੀਆਬੁਢੇਪਾ।੧।

ਕਿਰਤਨਿਇਸ ਕੀਤੇ ਹੋਏ ਜਗਤ ਵਿਚ, ਰਚੇ ਹੋਏ ਸੰਸਾਰ (ਦੇ ਮੋਹ) ਵਿਚ। ਜੁਰੀਆਜੁੜਿਆ ਹੋਇਆ। ਪਰ ਕਉਪਰਾਏ (ਧਨ) ਨੂੰ। ਹਿਰੀਆਤੱਕਦਾ ਹੈ। ਬਿਖਨਾਵਿਸ਼ਿਆਂ ਨਾਲ। ਸੰਗਿਸੰਗਤਿ ਵਿਚ। ਪਰੀਆਆ ਪਿਆ ਹੈ। ਦੁਆਰੈਦਰ ਤੇ। ਗੁਰ ਮਿਰੀਆਗੁਰੂ ਨੂੰ ਮਿਲਿਆ। ਬਹੁਰਿਮੁੜ।੨।

ਅਰਥ: ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ। ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ।੧।ਰਹਾਉ।

ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ। (ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ। ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ, ਅਤੇ ਉੱਥੇ ਆਨੰਦ ਮਾਣਦਾ ਹੈ। ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ।੧।

ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ, ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।

ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ, ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ, (ਪ੍ਰਭੂ ਦਾ) ਦਰਸਨ ਕਰਦਾ ਹੈ। ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ, ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ।੨।੧।੪੪।

ਸੂਹੀ ਮਹਲਾ ੫ ॥ ਰਾਸਿ ਮੰਡਲੁ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥ ਬਹੁ ਬਿਧਿ ਰੂਪ ਰੰਗ ਆਪਾਰਾ ॥ ਪੇਖੈ ਖੁਸੀ ਭੋਗ ਨਹੀ ਹਾਰਾ ॥ ਸਭਿ ਰਸ ਲੈਤ ਬਸਤ ਨਿਰਾਰਾ ॥੧॥ ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥ ਕਹਨੁ ਨ ਜਾਈ ਖੇਲੁ ਤੁਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥ {ਪੰਨਾ 746}

ਪਦਅਰਥ: ਮੰਡਲੁਮੰਡੂਆ। ਅਖਾਰਾਜਗਤਅਖਾੜਾ। ਸਗਲੋ ਪਾਸਾਰਾਸਾਰਾ ਜਗਤਖਿਲਾਰਾ। ਸਾਜਸਾਜ ਕੇ।੧।ਰਹਾਉ।

ਬਹੁ ਬਿਧਿਕਈ ਕਿਸਮਾਂ ਦੇ। ਆਪਾਰਾਬੇਅੰਤ। ਪੇਖੈਵੇਖਦਾ ਹੈ। ਹਾਰਾਥੱਕਦਾ। ਸਭਿਸਾਰੇ। ਬਸਤਵੱਸਦਾ ਹੈ। ਨਿਰਾਰਾਨਿਰਾਲਾ, ਵੱਖਰਾ, ਨਿਰਲੇਪ।੧।

ਬਰਨੁਰੰਗ। ਚਿਹਨੁਨਿਸ਼ਾਨ। ਮਾਸਾਰਾਦਾੜ੍ਹੀ। ਰੇਣਧੂੜ।੨।

ਅਰਥ: ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ। ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ।੧।ਰਹਾਉ।

ਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ (ਪਰਮਾਤਮਾ ਆਪ ਇਸ ਨੂੰ) ਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ। ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ।੧।

ਹੇ ਪ੍ਰਭੂ! ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ।

ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੨।੨।੪੫।

ਸੂਹੀ ਮਹਲਾ ੫ ॥ ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥ ਸੁਨਿ ਸੁਨਿ ਹੀ ਡਰਾਇਆ ॥ ਕਰਰੋ ਧ੍ਰਮਰਾਇਆ ॥੨॥ ਗ੍ਰਿਹ ਅੰਧ ਕੂਪਾਇਆ ॥ ਪਾਵਕੁ ਸਗਰਾਇਆ ॥੩॥ ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ ਅਬ ਮੈ ਪੂਰਾ ਪਾਇਆ ॥੪॥੩॥੪੬॥ {ਪੰਨਾ 746}

ਪਦਅਰਥ: ਤਉ ਸਰਨੀਤੇਰੀ ਸਰਨ। ਭਰੋਸੈਭਰੋਸੇ ਨਾਲ, ਇਤਬਾਰ ਨਾਲ। ਸੁਆਮੀਹੇ ਸੁਆਮੀ! ਮਾਰਗੁਰਸਤਾ। ਗੁਰਹਿਗੁਰੂ ਨੇ। ਪਠਾਇਆਭੇਜਿਆ ਹੈ।੧।ਰਹਾਉ।

ਦੁਤਰੁਜਿਸ ਨੂੰ ਤਰਨਾ ਔਖਾ ਹੈ। ਝੁਲਾਇਆਹੁਲਾਰੇ ਦੇਂਦੀ ਹੈ।੧।

ਸੁਨਿਸੁਣ ਕੇ। ਕਰਰੋਕਰੜਾ, ਸਖ਼ਤ।੨।

ਗ੍ਰਿਹਘਰ, ਸੰਸਾਰ। ਕੂਪਖੂਹ। ਪਾਵਕੁ—(ਤ੍ਰਿਸ਼ਨਾ ਦੀ) ਅੱਗ। ਸਗਰਾਇਆਸਾਰਾ।੩।

ਗਹੀਫੜੀ। ਸਾਧਾਇਆਗੁਰੂ (ਦੀ)ਪੂਰਾਪੂਰਨ ਪ੍ਰਭੂ।੪।

ਅਰਥ: ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ। ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ)੧।ਰਹਾਉ।

ਹੇ ਪ੍ਰਭੂ! ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।੧।

ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ।੨।

ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ, ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ।

ਹੇ ਨਾਨਕ (ਆਖ-ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ, ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ।੪।੩।੪੬।

ਰਾਗੁ ਸੂਹੀ ਮਹਲਾ ੫ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ਹ ਹਰਿ ਨਾਮੁ ਪਿਆਰਾ ॥੩॥ ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥ {ਪੰਨਾ 746}

ਪਦਅਰਥ: ਆਧਾਰਾ—(ਜ਼ਿੰਦਗੀ ਦਾ) ਆਸਰਾ। ਤੁਠਾਪ੍ਰਸੰਨ ਹੋਇਆ। ਸਚਾਸਦਾ-ਥਿਰ ਰਹਿਣ ਵਾਲਾ। ਤਾਪੁਸੰਸਾਰ ਵਾਲਾ ਤਾਪ, ਮਾਇਆ ਦੇ ਮੋਹ ਦਾ ਤਾਪ।੧।

ਟੇਕਸਹਾਰਾ। ਓਟਆਸਰਾ। ਸਿਰਜਨਹਾਰਾਪੈਦਾ ਕਰਨ ਵਾਲਾ।੧।ਰਹਾਉ।

ਸਚੁਸਦਾ-ਥਿਰ। ਸਾਮਗਰੀਸਾਮਾਨ, ਪਦਾਰਥ। ਖਾਜੀਨਿਆਖ਼ਜ਼ਾਨੇ। ਪਾਸਾਰਾਜਗਤਖਿਲਾਰਾ।੨।

ਅਗੰਮੁ—{अगभ्य} ਅਪਹੁੰਚ। ਅਨੂਪੁਬੇਮਿਸਾਲ, ਅਦੁੱਤੀ। ਦਰਸਾਰਾਦਰਸਨ। ਹਉਮੈਂ।੩।

ਅਗਮਅਪਹੁੰਚ। ਅਪਾਰਾਬੇਅੰਤ। ਕਉਨੂੰ, ਤੋਂ।੪।

ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ।੧।ਰਹਾਉ।

ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ।੧।

ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ, (ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ।੨।

ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ।੩।

ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ।੪।੧।੪੭।

TOP OF PAGE

Sri Guru Granth Darpan, by Professor Sahib Singh