ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 745

ਸੂਹੀ ਮਹਲਾ ੫ ॥ ਦਰਸਨ ਕਉ ਲੋਚੈ ਸਭੁ ਕੋਈ ॥ ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥ ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥ ਮਹਾ ਮੋਹਨੀ ਦੂਤਾ ਲਾਈ ॥੧॥ ਪ੍ਰੇਮ ਬਿਛੋਹਾ ਕਰਤ ਕਸਾਈ ॥ ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥ ਅਨਿਕ ਜਨਮ ਬੀਤੀਅਨ ਭਰਮਾਈ ॥ ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥ ਦਿਨੁ ਰੈਨਿ ਅਪਨਾ ਕੀਆ ਪਾਈ ॥ ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥ ਸੁਣਿ ਸਾਜਨ ਸੰਤ ਜਨ ਭਾਈ ॥ ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥ {ਪੰਨਾ 745}

ਪਦਅਰਥ: ਕਉਨੂੰ, ਵਾਸਤੇ। ਸਭੁ ਕੋਈਹਰੇਕ ਜੀਵ। ਭਾਗਿਕਿਸਮਤ ਨਾਲ।੧।ਰਹਾਉ।

ਸਿਆਮਸਾਉਲੇ ਰੰਗ ਵਾਲਾ। ਸਿਆਮ ਸੁੰਦਰਸੋਹਣਾ ਪ੍ਰਭੂ। ਤਜਿਵਿਸਾਰ ਕੇ। ਮਹਾ ਮੋਹਨੀਵੱਡੀ ਮਨ ਨੂੰ ਮੋਹਣ ਵਾਲੀ ਮਾਇਆ। ਦੂਤਾਦੂਤਾਂ, ਕਾਮਾਦਿਕ ਵੈਰੀਆਂ ਨੇ।੧।

ਪ੍ਰੇਮ ਬਿਛੋਹਾਪ੍ਰੇਮ ਦੀ ਅਣਹੋਂਦ। ਬਿਛੋਹਾਵਿਛੋੜਾ। ਕਸਾਈਖਿੱਚ। ਨਿਰਦੈਜ਼ਾਲਮ, ਨਿਰਦਈ।੨।

ਬੀਤੀਅਨਬੀਤ ਗਏ ਹਨ। ਭਰਮਾਈਭਟਕਦਿਆਂ। ਘਰਿਹਿਰਦੇਘਰ ਵਿਚ। ਦੁਤਰ—{दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਈਮਾਇਆ।੩।

ਰੈਨਿਰਾਤ। ਪਾਈਮੈਂ ਪਾਂਦਾ ਹਾਂ। ਭਵਾਈਭਵਾਂਦੀ ਹੈ। ਕਿਰਤੁਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ।੪।

ਗਤਿਉੱਚੀ ਆਤਮਕ ਅਵਸਥਾ।੫।

ਅਰਥ: ਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ, ਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ।੧।ਰਹਾਉ।

(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ? (ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ।੧।

ਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ, ਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ।੨।

ਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦਾ, ਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।੩।

ਪਰ ਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ, ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।੪।

ਹੇ ਨਾਨਕ! (ਆਖ-) ਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ। ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ।੫।੩੪।੪੦।

ਰਾਗੁ ਸੂਹੀ ਮਹਲਾ ੫ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥ ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥ ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥ ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥ ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥ ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥ ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥ ਸਭੁ ਕਿਛੁ ਤੁਮ੍ਹ੍ਹਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥ ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥ {ਪੰਨਾ 745}

ਪਦਅਰਥ: ਭਲੀਚੰਗੀ। ਸੁਹਾਵੀਸੋਹਣੀ, ਸੁਖ ਦੇਣ ਵਾਲੀ। ਛਾਪਰੀਕੁੱਲੀ। ਜਾ ਮਹਿਜਿਸ (ਕੁੱਲੀ) ਵਿਚ। ਕਿਤ ਹੀਕਿਤੁ ਹੀ {ਲਫ਼ਜ਼ 'ਕਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}ਕਿਤ ਹੀ ਕਾਮਿਕਿਸੇ ਹੀ ਕੰਮ ਵਿਚ। ਧਉਲਹਰਪੱਕੇ ਮਹੱਲ।੧।ਰਹਾਉ।

ਸੰਗਿਸੰਗਤਿ ਵਿਚ। ਚਿਤਿਚਿੱਤ ਵਿਚ। ਜਲਿ ਜਾਉਸੜ ਜਾਏ। ਬਡਪਨਾਵਡਿਆਈ, ਵੱਡਾ ਹੋਣ ਦਾ ਮਾਣ।੧।

ਪੀਸਨੁਚੱਕੀ। ਪੀਸਿਪੀਹ ਕੇ। ਓਢਿਪਹਨ ਕੇ। ਤ੍ਰਿਪਤਾਏਰੱਜਦਾ।੨।

ਕੈ ਰੰਗਿਦੇ ਪ੍ਰੇਮ ਵਿਚ। ਪਟੰਬਰਪਟ ਦੇ ਅੰਬਰ, ਰੇਸ਼ਮੀ ਕੱਪੜੇ। ਰਚਿਮਸਤ ਹੋ ਕੇ।੩।

ਹਾਥਿਹੱਥ ਵਿਚ। ਪ੍ਰਭਹੇ ਪ੍ਰਭੂ! ਸਾਸਿ ਸਾਸਿਹਰੇਕ ਸਾਹ ਦੇ ਨਾਲ। ਰਹਾਰਹਾਂ।੪।

ਅਰਥ: ਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। (ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।੧।ਰਹਾਉ।

ਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ। ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ।੧।

(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ। ਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ।੨।

ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ, ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ।੩।

(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ। ਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ।੪।੧।੪੧।

ਸੂਹੀ ਮਹਲਾ ੫ ॥ ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥ ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥ ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥ ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥ ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ॥ ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥੨॥ ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ ॥ ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥ ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ ॥ ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥੪॥੨॥੪੨॥ {ਪੰਨਾ 745}

ਪਦਅਰਥ: ਪਰਾਨਪ੍ਰਾਣ। ਤਿਸ ਕਾ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਪਨਿਹਾਰਾਪਾਣੀ ਭਰਨ ਵਾਲਾ। ਸੁਤਪੁੱਤਰ। ਸਗਲ ਤੇਸਾਰਿਆਂ ਨਾਲੋਂ। ਜੀਅ ਹੂੰ ਤੇਜਿੰਦ ਤੋਂ ਭੀ।੧।

ਕਰਿਬਣਾ ਕੇ। ਬੀਜਨਾਪੱਖਾ {व्यजन}ਢੁਲਾਵਉਢੁਲਾਵਉਂ। ਨਿਹਾਰਉਨਿਹੁਰਾਵਉਂ, ਨੀਵਾਂ ਕਰਾਂ। ਚਰਣ ਤਲਿਚਰਨਾਂ ਹੇਠ। ਮੁਖਿਮੂੰਹ ਉਤੇ। ਲਾਵਉਲਾਵਉਂ।੧।

ਮਿਸਟਮਿੱਠੇ। ਕਰਉਕਰਉਂ। ਨਿਆਈਵਾਂਗ। ਤਜਿਤਜ ਕੇ, ਛੱਡ ਕੇ। ਪਰਉਪਰਉਂ, ਮੈਂ ਪਿਆ ਰਹਾਂ। ਗੁਣ ਨਿਧਿਗੁਣਾਂ ਦਾ ਖ਼ਜ਼ਾਨਾ। ਪਾਈਪਾਈਂ, ਪ੍ਰਾਪਤ ਕਰਾਂ।੨।

ਅਵਲੋਕਨਦਰਸਨ। ਪੁਨਹ ਪੁਨਹ—{पुनः पुनः} ਮੁੜ ਮੁੜ। ਸਿੰਚਉਸਿੰਚਉਂ, ਮੈਂ ਸਿੰਜਦਾ ਰਹਾਂ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ ਨਾਮਜਲ। ਬੰਦਉਬੰਦਉਂ। ਬਾਰ ਬਾਰਮੁੜ ਮੁੜ।੩।

ਚਿਤਵਉਚਿਤਵਉਂ, ਚਿਤਾਰਦਾ ਰਹਾਂ। ਮਨਿਮਨ ਵਿਚ। ਸੰਗੁਸਾਥ। ਮਾਗਉਮਾਗਉਂ, ਮੈਂ ਮੰਗਦਾ ਹਾਂ। ਲਾਗਉਲਾਗਉਂ, ਮੈਂ ਲੱਗਾ ਰਹਾਂ।੪।

ਅਰਥ: ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ, ਮੈਂ ਉਸ ਦਾ ਪਾਣੀ ਭਰਨ ਵਾਲਾ ਬਣਿਆ ਰਹਾਂ। ਭਰਾ, ਮਿੱਤਰ, ਪੁੱਤਰਾਂ ਨਾਲੋਂ ਜਿੰਦ ਨਾਲੋਂ ਭੀ, ਮੈਨੂੰ ਉਹ ਪਿਆਰਾ ਲੱਗੇ।੧।ਰਹਾਉ।

(ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ, ਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ।੧।

(ਹੇ ਭਾਈ! ਜੇ ਪ੍ਰਭੂ ਦਇਆ ਕਰੇ, ਤਾਂ) ਮੈਂ ਨਿਮਾਣਿਆਂ ਵਾਂਗ (ਸੰਤ ਅੱਗੇ) ਮਿੱਠੇ ਬੋਲਾਂ ਨਾਲ ਬੇਨਤੀ ਕਰਦਾ ਰਹਾਂ, ਅਹੰਕਾਰ ਛੱਡ ਕੇ ਉਸ ਦੀ ਸਰਨ ਪਿਆ ਰਹਾਂ, ਤੇ, ਉਸ ਸੰਤ ਪਾਸੋਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰਾਂ।੨।

(ਹੇ ਭਾਈ! ਪ੍ਰਭੂ ਕਿਰਪਾ ਕਰੇ) ਮੈਂ ਉਸ ਦੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾ ਰਹਾਂ। ਆਤਮਕ ਜੀਵਨ ਦੇਣ ਵਾਲੇ ਉਸ ਸੰਤ ਦੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿਚ ਸਿੰਜਦਾ ਰਹਾਂ, ਤੇ, ਮੁੜ ਮੁੜ ਉਸ ਨੂੰ ਨਮਸਕਾਰ ਕਰਦਾ ਰਹਾਂ।੩।

ਹੇ ਪ੍ਰਭੂ! ਨਾਨਕ ਉਤੇ ਮੇਹਰ ਕਰ, ਮੈਂ ਤੇਰੇ ਦਾਸ ਦੇ ਚਰਨੀਂ ਲੱਗਾ ਰਹਾਂ, ਮੈਂ ਹਰ ਵੇਲੇ ਇਹੀ ਚਿਤਾਰਦਾ ਰਹਾਂ, ਮੈਂ ਆਪਣੇ ਮਨ ਵਿਚ ਇਹੀ ਆਸ ਕਰਦਾ ਰਹਾਂ, ਮੈਂ ਤੇਰੇ ਪਾਸੋਂ ਤੇਰੇ ਸੇਵਕ ਦਾ ਸਾਥ ਮੰਗਦਾ ਰਹਾਂ।੪।੨।੪੨।

ਸੂਹੀ ਮਹਲਾ ੫ ॥ ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥ ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥ ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥ ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥ ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥ {ਪੰਨਾ 745}

ਪਦਅਰਥ: ਜਿਨਿਜਿਸ (ਮਾਇਆ) ਨੇ। ਮੋਹੇਮੋਹ ਲਏ ਹਨ। ਬ੍ਰਹਮੰਡਸਾਰੀ ਸ੍ਰਿਸ਼ਟੀ। ਖੰਡਸਾਰੇ ਦੇਸ। ਤਾ ਹੂ ਮਹਿਉਸੇ ਵਿਚ ਹੀ। ਪਾਉਪਾਉਂ, ਮੈਂ ਪੈ ਰਿਹਾ ਹਾਂ। ਬਿਖਈਵਿਕਾਰੀ।੧।ਰਹਾਉ।

ਜਾ ਤੇਜਿਸ (ਮਾਇਆ) ਪਾਸੋਂ। ਜਾਉਜਾਉਂ, ਮੈਂ ਜਾਂਦਾ ਹਾਂ। ਕਉਨੂੰ। ਲਪਟਾਉਲਪਟਾਉਂ।੧।

ਕਰੁਣਾਤਰਸ। ਪਤਿਮਾਲਕ। ਪਤੇਹੇ ਮਾਲਕ! ਕਰੁਣਾਪਤੇਹੇ ਤਰਸ ਦੇ ਮਾਲਕ! ਗਾਉਗਾਉਂ। ਸਮਾਉਸਮਾਉਂ, ਮੈਂ ਲੀਨ ਰਹਾਂ।੨।

ਅਰਥ: ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ।੧।ਰਹਾਉ।

ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ। ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ।੧।

ਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ। ਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ।੨।੩।੪੩।

TOP OF PAGE

Sri Guru Granth Darpan, by Professor Sahib Singh