ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 744

ਸੂਹੀ ਮਹਲਾ ੫ ॥ ਸਾਧਸੰਗਿ ਤਰੈ ਭੈ ਸਾਗਰੁ ॥ ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥ ਸਿਮਰਿ ਸਿਮਰਿ ਜੀਵਾ ਨਾਰਾਇਣ ॥ ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥ ਜੀਵਨ ਪਦਵੀ ਹਰਿ ਕਾ ਨਾਉ ॥ ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥ ਆਠ ਪਹਰ ਪਾਰਬ੍ਰਹਮੁ ਧਿਆਈਐ ॥ ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥ ਸਰਣਿ ਪਏ ਜਪਿ ਦੀਨ ਦਇਆਲਾ ॥ ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥ {ਪੰਨਾ 744}

ਪਦਅਰਥ: ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਤਰੈਪਾਰ ਲੰਘ ਜਾਂਦਾ ਹੈ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਸਾਗਰੁ—(ਸੰਸਾਰ-) ਸਮੁੰਦਰ। ਸਿਮਰਿਸਿਮਰ ਕੇ। ਰਤਨਾਗਰੁ—{रत्नाकर} ਰਤਨਾਂ ਦੀ ਖਾਣਿ।੧।

ਜੀਵਾਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਸੋਗਗ਼ਮ। ਸਭਿਸਾਰੇ। ਮਿਲਿਮਿਲ ਕੇ। ਤਜਾਇਣਤਜੇ ਜਾਂਦੇ ਹਨ।੧।ਰਹਾਉ।

ਪਦਵੀਦਰਜਾ, ਪਿਆਰ। ਸਾਚੁਸਦਾ-ਥਿਰ ਪ੍ਰਭੂ (ਦਾ ਮਿਲਾਪ)ਸੁਆਉਸੁਆਰਥ, ਜ਼ਿੰਦਗੀ ਦਾ ਨਿਸ਼ਾਨਾ।੨।

ਧਿਆਈਐਸਿਮਰਨਾ ਚਾਹੀਦਾ ਹੈ। ਪੂਰਬਿਪੂਰਬਲੇ ਜਨਮ ਵਿਚ।੩।

ਜਪਿਜਪ ਕੇ। ਨਾਨਕ ਜਾਚੈਨਾਨਕ ਮੰਗਦਾ ਹੈ। ਰਵਾਲਾਚਰਨਧੂੜ।੪।

ਅਰਥ: ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਭਾਈ! ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ।੧।ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ ਮਨੁੱਖ ਡਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ। (ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ।੨।

ਹੇ ਭਾਈ! ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ, ਪਰ ਇਹ ਦਾਤਿ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ।੩।

ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੨੮।੩੪।

ਸੂਹੀ ਮਹਲਾ ੫ ॥ ਘਰ ਕਾ ਕਾਜੁ ਨ ਜਾਣੀ ਰੂੜਾ ॥ ਝੂਠੈ ਧੰਧੈ ਰਚਿਓ ਮੂੜਾ ॥੧॥ ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥ ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥ ਹਰਿ ਕੇ ਦਾਸ ਹਰਿ ਸੇਤੀ ਰਾਤੇ ॥ ਰਾਮ ਰਸਾਇਣਿ ਅਨਦਿਨੁ ਮਾਤੇ ॥੨॥ ਬਾਹ ਪਕਰਿ ਪ੍ਰਭਿ ਆਪੇ ਕਾਢੇ ॥ ਜਨਮ ਜਨਮ ਕੇ ਟੂਟੇ ਗਾਢੇ ॥੩॥ ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥ ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥ {ਪੰਨਾ 744}

ਪਦਅਰਥ: ਘਰ ਕਾ ਕਾਜੁਹਿਰਦੇਘਰ ਦੇ ਕੰਮ ਆਉਣ ਵਾਲਾ ਕੰਮ। ਰੂੜਾ ਕਾਜੁਸੋਹਣਾ ਕੰਮ। ਧੰਧੈਧੰਧੇ ਵਿਚ। ਮੂੜਾਮੂਰਖ।੧।

ਜਿਤੁਜਿਸ (ਕੰਮ) ਵਿਚ। ਤਿਤੁ ਤਿਤੁਉਸ ਉਸ (ਕੰਮ) ਵਿਚ। ਦੇਹਿਦੇਂਦਾ ਹੈਂ।੧।ਰਹਾਉ।

ਸੇਤੀਨਾਲ। ਰਾਤੇਰੰਗੇ ਹੋਏ। ਰਸਾਇਣਿਰਸਾਇਣ ਵਿਚ, ਰਸਾਂਦੇਘਰ ਵਿਚ, ਸਭ ਤੋਂ ਸ੍ਰੇਸ਼ਟ ਰਸ ਵਿਚ। ਅਨਦਿਨੁਹਰ ਰੋਜ਼, ਹਰ ਵੇਲੇ {अनुदिनं}ਮਾਤੇਮਸਤ।੨।

ਪਕਰਿਫੜ ਕੇ। ਪ੍ਰਭਿਪ੍ਰਭੂ ਨੇ। ਆਪੇਆਪ ਹੀ। ਗਾਢੇਗੰਢ ਲਿਆ।੩।

ਉਧਰੁਬਚਾ ਲੈ। ਪ੍ਰਭਹੇ ਪ੍ਰਭੂ! ਧਾਰੇਧਾਰਿ, ਧਾਰ ਕੇ, ਕਰ ਕੇ। ਦੁਆਰੇਦੁਆਰਿ, ਦਰ ਤੇ।੪।

ਅਰਥ: ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਅਸਾਂ ਜੀਵਾਂ ਨੂੰ) ਲਾਂਦਾ ਹੈਂ, ਉਸ ਉਸ ਕੰਮ ਵਿਚ ਅਸੀ ਲੱਗਦੇ ਹਾਂ। ਜਦੋਂ ਤੂੰ (ਸਾਨੂੰ ਆਪਣਾ ਨਾਮ) ਦੇਂਦਾ ਹੈਂ, ਤਦੋਂ ਤੇਰਾ ਨਾਮ ਜਪਦੇ ਹਾਂ।੧।ਰਹਾਉ।

(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ, ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ।੧।

ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ, ਹਰ ਵੇਲੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ ਰਸ ਵਿਚ ਮਸਤ ਰਹਿੰਦੇ ਹਨ।੨।

ਹੇ ਭਾਈ! ਪ੍ਰਭੂ ਨੇ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਬਾਂਹ ਫੜ ਕੇ (ਝੂਠੇ ਧੰਧਿਆਂ ਵਿਚੋਂ) ਕੱਢ ਲਿਆ, ਅਨੇਕਾਂ ਜਨਮਾਂ ਦੇ (ਪ੍ਰਭੂ ਨਾਲੋਂ) ਟੁੱਟਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ) ਜੋੜ ਲਿਆ।੩।

ਹੇ ਦਾਸ ਨਾਨਕ! (ਆਖ-) ਹੇ ਮਾਲਕ ਪ੍ਰਭੂ! ਮੇਹਰ ਕਰ। (ਮੈਨੂੰ ਝੂਠੇ ਧੰਧਿਆਂ ਤੋਂ) ਬਚਾ ਲੈ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)੪।੨੯।੩੫।

ਸੂਹੀ ਮਹਲਾ ੫ ॥ ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥ ਸਰਬ ਸੂਖ ਫਿਰਿ ਨਹੀ ਡਲਾਇਆ ॥੧॥ ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਹ੍ਹੇ ॥ ਤਾ ਤੇ ਕਰਤੈ ਅਸਥਿਰੁ ਕੀਨ੍ਹ੍ਹੇ ॥੧॥ ਰਹਾਉ ॥ ਗੁਣ ਗਾਵਤ ਅਚੁਤ ਅਬਿਨਾਸੀ ॥ ਤਾ ਤੇ ਕਾਟੀ ਜਮ ਕੀ ਫਾਸੀ ॥੨॥ ਕਰਿ ਕਿਰਪਾ ਲੀਨੇ ਲੜਿ ਲਾਏ ॥ ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥ {ਪੰਨਾ 744}

ਪਦਅਰਥ: ਸੰਤ ਪ੍ਰਸਾਦਿਗੁਰੂ ਦੀ ਕਿਰਪਾ ਨਾਲ। ਨਿਹਚਲੁ ਘਰੁਕਦੇ ਨਾਹ ਡੋਲਣ ਵਾਲਾ ਹਿਰਦਾਘਰ। ਡਲਾਇਆ—{ਅੱਖਰ '' ਦੇ ਨਾਲ ਦੋ ਲਗਾਂ ਹਨੋ ਅਤੇ ੁ। ਅਸਲ ਲਫ਼ਜ਼ 'ਡੋਲਾਇਆ' ਹੈ। ਇਥੇ 'ਡੁਲਾਇਆ' ਪੜ੍ਹਨਾ ਹੈ} ਭਟਕਣਾ ਵਿਚ ਪਾ ਸਕਦਾ।੧।

ਮਨਿਮਨ ਵਿਚ। ਚੀਨ੍ਹ੍ਹੇਪਛਾਣ ਲਏ। ਤਾ ਤੇਇਸ ਦੇ ਕਾਰਨ। ਕਰਤੈਕਰਤਾਰ ਨੇ। ਅਸਥਿਰੁਅਡੋਲਚਿੱਤ।੧।ਰਹਾਉ।

ਅਚੁਤ—{अच्युत} ਕਦੇ ਨਾਹ ਡਿੱਗਣ ਵਾਲਾ। ਫਾਸੀਫਾਹੀ।੨।

ਕਰਿਕਰ ਕੇ। ਲੜਿਲੜ ਨਾਲ, ਪੱਲੇ ਨਾਲ। ਗਾਏਗਾਇ, ਗਾ ਕੇ। ਨਾਨਕਹੇ ਨਾਨਕ!੩।

ਅਰਥ: ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ, ਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ।੧।ਰਹਾਉ।

ਹੇ ਭਾਈ! (ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ (ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ।੧।

ਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ ਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।੨।

ਹੇ ਨਾਨਕ! ਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ, ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ।੩।੩੦।੩੬।

ਸੂਹੀ ਮਹਲਾ ੫ ॥ ਅੰਮ੍ਰਿਤ ਬਚਨ ਸਾਧ ਕੀ ਬਾਣੀ ॥ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥ ਕਲੀ ਕਾਲ ਕੇ ਮਿਟੇ ਕਲੇਸਾ ॥ ਏਕੋ ਨਾਮੁ ਮਨ ਮਹਿ ਪਰਵੇਸਾ ॥੧॥ ਸਾਧੂ ਧੂਰਿ ਮੁਖਿ ਮਸਤਕਿ ਲਾਈ ॥ ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥ {ਪੰਨਾ 744}

ਪਦਅਰਥ: ਅੰਮ੍ਰਿਤਆਤਮਕ ਜੀਵਨ ਦੇਣ ਵਾਲੇ। ਸਾਧਗੁਰੂ। ਜੋ ਜੋਜੇਹੜਾ ਜੇਹੜਾ ਮਨੁੱਖ। ਤਿਸ ਕੀ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਗਤਿਉੱਚੀ ਆਤਮਕ ਅਵਸਥਾ। ਰਸਨਜੀਭ ਨਾਲ। ਬਖਾਨੀਉਚਾਰਦਾ ਹੈ।੧।ਰਹਾਉ।

ਕਲੀਝਗੜੇਕਲੇਸ਼। ਕਾਲਜੀਵਨਸਮਾ। ਕਲੀ ਕਾਲਕਲੇਸ਼ਾਂਭਰਿਆ ਜੀਵਨਸਮਾ। ਪਰਵੇਸਾਦਖ਼ਲ।੨।

ਧੂਰਿਪੈਰਾਂ ਦੀ ਖ਼ਾਕ। ਮੁਖਿਮੂੰਹ ਉਤੇ। ਮਸਤਕਿਮੱਥੇ ਉਤੇ। ਉਧਰੇਬਚ ਗਏ।੨।

ਅਰਥ: ਹੇ ਭਾਈ! ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ। ਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ।੧।

ਹੇ ਭਾਈ! (ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, (ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ।੧।

ਹੇ ਨਾਨਕ! ਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ।੨।੩੧।੩੭।

ਸੂਹੀ ਮਹਲਾ ੫ ਘਰੁ ੩ ॥ ਗੋਬਿੰਦਾ ਗੁਣ ਗਾਉ ਦਇਆਲਾ ॥ ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥ ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥ ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥ ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥ ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥ {ਪੰਨਾ 744}

ਪਦਅਰਥ: ਗੋਬਿੰਦਹੇ ਗੋਬਿੰਦ! ਦਇਆਲਾਹੇ ਦਇਆਲ! ਕਿਰਪਾਲਾਹੇ ਕਿਰਪਾਲ! ਗਾਉਗਾਉਂ, ਮੈਂ ਗਾਂਦਾ ਰਹਾਂ।ਰਹਾਉ।

ਕਰਿਕਰ ਕੇ। ਜੀਉਜਿੰਦ। ਪਿੰਡੁਸਰੀਰ। ਮਾਲਾਮਾਲ, ਰਾਸਿਪੂੰਜੀ।੧।

ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਜਪਿਜਪਿਆ ਕਰ। ਨਾਨਕੁ ਜਾਚੈਨਾਨਕ ਮੰਗਦਾ ਹੈ। ਸੰਤ ਰਵਾਲਾਗੁਰੂ ਦੇ ਚਰਨਾਂ ਦੀ ਧੂੜ।੨।

ਅਰਥ: ਹੇ ਗੋਬਿੰਦ! ਹੇ ਦਇਆਲ! ਹੇ ਪੂਰਨ ਕਿਰਪਾਲ! (ਮੈਨੂੰ ਆਪਣਾ) ਦਰਸਨ ਦੇਹ, ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ।ਰਹਾਉ।

ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ। ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ।੧।

ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ। ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ)੨।੩੨।੩੮।

ਸੂਹੀ ਮਹਲਾ ੫ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਆਪੇ ਥੰਮੈ ਸਚਾ ਸੋਈ ॥੧॥ ਹਰਿ ਹਰਿ ਨਾਮੁ ਮੇਰਾ ਆਧਾਰੁ ॥ ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥ ਸਭ ਰੋਗ ਮਿਟਾਵੇ ਨਵਾ ਨਿਰੋਆ ॥ ਨਾਨਕ ਰਖਾ ਆਪੇ ਹੋਆ ॥੨॥੩੩॥੩੯॥ {ਪੰਨਾ 744}

ਪਦਅਰਥ: ਥੰਮੈਸਹਾਰਾ ਦੇਂਦਾ ਹੈ। ਆਪੇਆਪ ਹੀ। ਸਚਾਸਦਾ ਕਾਇਮ ਰਹਿਣ ਵਾਲਾ। ਸੋਈਉਹ (ਪ੍ਰਭੂ) ਹੀ।੧।

ਆਧਾਰੁਆਸਰਾ। ਕਰਣ ਕਾਰਣਜਗਤ ਦਾ ਮੂਲ। ਸਮਰਥੁਸਭ ਤਾਕਤਾਂ ਵਾਲਾ। ਅਪਾਰੁਬੇਅੰਤ।੧।ਰਹਾਉ।

ਨਿਰੋਆਨਿਰੋਗ, ਰੋਗਰਹਿਤ। ਰਖਾਰਾਖਾ।੨।

ਅਰਥ: ਹੇ ਭਾਈ! ਜੇਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ ਮੇਰਾ ਆਸਰਾ ਹੈ।੧।ਰਹਾਉ।

ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਹਰੇਕ ਜੀਵ ਨੂੰ) ਸਹਾਰਾ ਦੇਂਦਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ (ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ)੧।

ਹੇ ਨਾਨਕ! ਜਿਸ ਮਨੁੱਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਦੇ ਉਹ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ।੨।੩੩।੩੯।

TOP OF PAGE

Sri Guru Granth Darpan, by Professor Sahib Singh