ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 739

ਸੂਹੀ ਮਹਲਾ ੫ ॥ ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥ ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥ ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥੩॥ ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥ {ਪੰਨਾ 739}

ਪਦਅਰਥ: ਘਰ ਮਹਿਹਿਰਦੇਘਰ ਵਿਚ। ਪਾਹਣੁਪੱਥਰ, ਪੱਥਰ ਦੀ ਮੂਰਤੀ।੧।

ਭਰਮੇਭਟਕਣਾ ਵਿਚ (ਪੈ ਕੇ)ਸਾਕਤੁਪਰਮਾਤਮਾ ਨਾਲੋਂ ਟੁੱਟਾ ਹੋਇਆ। ਨੀਰੁਪਾਣੀ। ਬਿਰੋਲੈਰਿੜਕਦਾ ਹੈ। ਖਪਿ ਖਪਿਵਿਅਰਥ ਮੇਹਨਤ ਕਰ ਕੇ। ਮਰਤਾਆਤਮਕ ਮੌਤ ਸਹੇੜਦਾ ਹੈ।੧।ਰਹਾਉ।

ਕਉਨੂੰ। ਕਹਤਾਆਖਦਾ ਹੈ।੨।

ਗੁਨਹਗਾਰਹੇ ਗੁਨਹਗਾਰ! ਹੇ ਪਾਪੀ! ਲੂਣ ਹਰਾਮੀਹੇ ਅਕਿਰਤਘਣ! ਨਾਵਬੇੜੀ। ਪਾਰ ਗਿਰਾਮੀਪਾਰ ਲੰਘਾਣ ਵਾਲੀ।੩।

ਗੁਰ ਮਿਲਿਗੁਰੂ ਨੂੰ ਮਿਲ ਕੇ। ਜਾਤਾਸਾਂਝ ਪਾਈ। ਜਲਿਪਾਣੀ ਵਿਚ। ਥਲਿਧਰਤੀ ਵਿਚ। ਮਹੀਅਲਿਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਬਿਧਾਤਾਰਚਣਹਾਰ ਕਰਤਾਰ।੪।

ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ। (ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ।੧।ਰਹਾਉ।

(ਸਾਕਤ ਨੂੰ ਆਪਣੇ) ਹਿਰਦੇ-ਘਰ ਵਿਚ ਮਾਲਕ-ਪ੍ਰਭੂ (ਵੱਸਦਾ) ਨਹੀਂ ਦਿੱਸਦਾ ਪੱਥਰ (ਦੀ ਮੂਰਤੀ) ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ।੧।

ਹੇ ਭਾਈ! ਸਾਕਤ ਮਨੁੱਖ ਜਿਸ ਪੱਥਰ ਨੂੰ ਪਰਮਾਤਮਾ ਆਖਦਾ (ਸਮਝਦਾ) ਰਹਿੰਦਾ ਹੈ, ਉਹ ਪੱਥਰ (ਆਪਣੇ) ਉਸ (ਪੁਜਾਰੀ) ਨੂੰ ਭੀ ਲੈ ਕੇ (ਪਾਣੀ ਵਿਚ) ਡੁੱਬ ਜਾਂਦਾ ਹੈ।੨।

ਹੇ ਪਾਪੀ! ਹੇ ਅਕਿਰਤਘਣ! ਪੱਥਰ ਦੀ ਬੇੜੀ (ਨਦੀ ਤੋਂ) ਪਾਰ ਨਹੀਂ ਲੰਘ ਸਕਦੀ (ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ)੩।

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਸ ਨੂੰ ਉਹ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।੪।੩।੯।

ਸੂਹੀ ਮਹਲਾ ੫ ॥ ਲਾਲਨੁ ਰਾਵਿਆ ਕਵਨ ਗਤੀ ਰੀ ॥ ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥ ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥ ਪਾਵ ਮਲੋਵਉ ਸੰਗਿ ਨੈਨ ਭਤੀਰੀ ॥ ਜਹਾ ਪਠਾਵਹੁ ਜਾਂਉ ਤਤੀ ਰੀ ॥੨॥ ਜਪ ਤਪ ਸੰਜਮ ਦੇਉ ਜਤੀ ਰੀ ॥ ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥ ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥ {ਪੰਨਾ 739}

ਪਦਅਰਥ: ਲਾਲਨੁਸੋਹਣਾ ਲਾਲ। ਰਾਵਿਆਮਿਲਾਪ ਦਾ ਆਨੰਦ ਮਾਣਿਆ। ਕਵਨ ਗਤੀਕਵਨ ਗਤਿ, ਕਿਸ ਤਰੀਕੇ ਨਾਲ? ਰੀਹੇ ਸਖੀ! ਮੁਝਹਿਮੈਨੂੰ ਹੀ। ਮਤੀਮਤਿ, ਅਕਲ।੧।

ਸੂਹਬਸੂਹੇ ਰੰਗ ਵਾਲੀਏ। ਕੈ ਰੰਗਿਦੇ ਪ੍ਰੇਮਰੰਗ ਵਿਚ। ਰਤੀਰੰਗੀ ਹੋਈ।੧।ਰਹਾਉ।

ਪਾਵ—{ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਉਮਲੋਵਉਂ, ਮੈਂ ਮਲਾਂਗੀ। ਸੰਗਿਨਾਲ। ਨੈਨ ਭਤੀਰੀਧੀਰੀ, ਪੁਤਲੀ। ਪਠਾਵਹੁਤੂੰ ਭੇਜੇਂ। ਜਾਉਜਾਉਂ, ਮੈਂ ਜਾਵਾਂ। ਤਤੀਤੱਤ੍ਰ ਹੀ, ਉਥੇ ਹੀ।੨।

ਦੇਉਦੇਉਂ, ਮੈਂ ਦੇ ਦਿਆਂ। ਜਤੀਜਤ। ਨਿਮਖਅੱਖ ਝਮਕਣ ਜਿਤਨਾ ਸਮਾ {निमेष}ਮੋਹਿਮੈਨੂੰ।੩।

ਅਹੰਬੁਧਿਅਹੰਕਾਰ ਵਾਲੀ ਮਤਿ। ਹਤੀਨਾਸ਼ ਕੀਤੀ। ਸਾਉਸ {ਇਸਤ੍ਰੀ ਲਿੰਗ}ਸੋਹਾਗਵਤੀਖਸਮ ਵਾਲੀ।੪।

ਅਰਥ: ਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ, ਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ।੧।ਰਹਾਉ।

ਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ? ਹੇ ਸਖੀ! ਮੈਨੂੰ ਭੀ ਉਹ ਅਕਲ ਦੱਸ।੧।

ਹੇ ਸਖੀ! (ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ, ਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ।੨।

ਹੇ ਸਖੀ! ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ, ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ।੩।

ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ, ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ।੪।੪।੧੦।

ਸੂਹੀ ਮਹਲਾ ੫ ॥ ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥ ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥ ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥ ਬੈ ਖਰੀਦੁ ਹਉ ਦਾਸਰੋ ਤੇਰਾ ॥ ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥ ਕੋਟਿ ਦਾਸ ਜਾ ਕੈ ਦਰਬਾਰੇ ॥ ਨਿਮਖ ਨਿਮਖ ਵਸੈ ਤਿਨ੍ਹ੍ਹ ਨਾਲੇ ॥੩॥ ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥ ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥ {ਪੰਨਾ 739}

ਪਦਅਰਥ: ਜੀਵਨੁਜ਼ਿੰਦਗੀ, ਜਿੰਦ। ਅਧਾਰਾਆਸਰਾ। ਪੇਖਿਵੇਖ ਕੇ। ਸਾਧਾਰਾਆਸਰਾ ਫੜਦਾ ਹੈ।੧।

ਚਿਤਹਿਚਿੱਤ ਵਿਚੋਂ। ਕਾਹੂ ਬੇਰਾਕਿਸੇ ਭੀ ਵੇਲੇ।੧।ਰਹਾਉ।

ਬੈ ਖਰੀਦੁਮੁੱਲ ਲਿਆ ਹੋਇਆ। ਹਉਮੈਂ। ਦਾਸਰੋਨਿਮਾਣਾ ਦਾਸ। ਭਾਰੋਵੱਡਾ। ਗੁਣੀਗੁਣਾਂ ਦਾ ਮਾਲਕ। ਗਹੇਰਾਡੂੰਘਾ, ਡੂੰਘੇ ਜਿਗਰੇ ਵਾਲਾ।੨।

ਕੋਟਿਕ੍ਰੋੜਾਂ। ਕੈ ਦਰਬਾਰੇਦੇ ਦਰਬਾਰ ਵਿਚ। ਨਿਮਖ ਨਿਮਖਹਰ ਵੇਲੇ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ।੩।

ਓਤਿ ਪੋਤਿਤਾਣੇ ਪੇਟੇ ਵਾਂਗ। ਓਤਉਣਿਆ ਹੋਇਆ। ਪੋਤਪ੍ਰੋਤਾ ਹੋਇਆ। ਸੰਗਿਨਾਲ।੪।

ਅਰਥ: ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਪਿਆਰਾ ਹੈਂ (ਮੇਹਰ ਕਰ) ਕਿਸੇ ਭੀ ਵੇਲੇ ਮਨ ਤੋਂ ਨਾਹ ਵਿੱਸਰ।੧।ਰਹਾਉ।

ਹੇ ਪ੍ਰਭੂ! ਤੂੰ ਹੀ ਮੇਰੀ ਜਿੰਦ ਹੈਂ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈਂ। ਤੈਨੂੰ ਹੀ ਵੇਖ ਕੇ ਮੇਰਾ ਮਨ ਧੀਰਜ ਫੜਦਾ ਹੈ।੧।

ਹੇ ਪ੍ਰਭੂ! ਮੈਂ ਮੁੱਲ ਖ਼ਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ, ਤੂੰ ਮੇਰਾ ਵੱਡਾ ਮਾਲਕ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।੨।

ਹੇ ਭਾਈ! ਉਹ ਪ੍ਰਭੂ ਐਸਾ ਹੈ ਕਿ ਕ੍ਰੋੜਾਂ ਸੇਵਕ ਉਸ ਦੇ ਦਰ ਤੇ (ਡਿੱਗੇ ਰਹਿੰਦੇ ਹਨ) ਉਹ ਹਰ ਵੇਲੇ ਉਹਨਾਂ ਦੇ ਨਾਲ ਵੱਸਦਾ ਹੈ।੩।

ਹੇ ਨਾਨਕ! (ਆਖ-ਹੇ ਪ੍ਰਭੂ!) ਮੇਰੀ ਆਪਣੀ ਪਾਂਇਆਂ ਕੁਝ ਭੀ ਨਹੀਂ, (ਮੇਰੇ ਪਾਸ ਜੋ ਕੁਝ ਭੀ ਹੈ) ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ। ਤਾਣੇ ਪੇਟੇ ਵਾਂਗ ਤੂੰ ਹੀ ਮੇਰੇ ਨਾਲ ਵੱਸਦਾ ਹੈਂ।੪।੫।੧੧।

ਸੂਹੀ ਮਹਲਾ ੫ ॥ ਸੂਖ ਮਹਲ ਜਾ ਕੇ ਊਚ ਦੁਆਰੇ ॥ ਤਾ ਮਹਿ ਵਾਸਹਿ ਭਗਤ ਪਿਆਰੇ ॥੧॥ ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥ ਤਹ ਗੀਤ ਨਾਦ ਅਖਾਰੇ ਸੰਗਾ ॥ ਊਹਾ ਸੰਤ ਕਰਹਿ ਹਰਿ ਰੰਗਾ ॥੨॥ ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥ ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥ ਗੁਹਜ ਕਥਾ ਇਹ ਗੁਰ ਤੇ ਜਾਣੀ ॥ ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥ {ਪੰਨਾ 739}

ਪਦਅਰਥ: ਜਾ ਕੇਜਿਸ ਪਰਮਾਤਮਾ ਦੇ। ਤਾ ਮਹਿਉਸ (ਸਹਜ ਅਵਸਥਾ) ਵਿਚ। ਵਾਸਹਿਵੱਸਦੇ ਹਨ।੧।

ਸਹਜ ਕਥਾਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ। ਅਤਿਬਹੁਤ। ਵਿਰਲੈ ਕਾਹੂਕਿਸੇ ਵਿਰਲੇ ਨੇ ਹੀ। ਨੇਤ੍ਰਹੁਅੱਖਾਂ ਨਾਲ।੧।ਰਹਾਉ।

ਤਹਉਸ (ਸਹਜ ਕਥਾ) ਵਿਚ। ਅਖਾਰੇਅਖਾੜੇ, ਪਹਿਲਵਾਨਾਂ ਦੇ ਘੁਲਣ ਦੇ ਪਿੜ।੨।

ਹਰਖਾਖ਼ੁਸ਼ੀ। ਸਾਚਸਦਾ-ਥਿਰ ਰਹਿਣ ਵਾਲਾ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ।੩।

ਗੁਹਜਗੂਝ, ਲੁਕੀ ਹੋਈ। ਤੇਤੋਂ, ਪਾਸੋਂ। ਨਾਨਕੁ ਬੋਲੈਨਾਨਕ ਬੋਲਦਾ ਹੈ।੪।

ਅਰਥ: ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਬੜੀ ਹੀ ਸੁਆਦਲੀ ਹੈ, ਪਰ ਕਿਸੇ ਵਿਰਲੇ ਹੀ ਮਨੁੱਖ ਨੇ ਉਸ ਨੂੰ ਅੱਖੀਂ ਵੇਖਿਆ ਹੈ (ਮਾਣਿਆ ਹੈ)੧।ਰਹਾਉ।

ਹੇ ਭਾਈ! ਉਸ (ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ) ਵਿਚ ਉਸ ਪਰਮਾਤਮਾ ਦੇ ਪਿਆਰੇ ਭਗਤ (ਹੀ) ਵੱਸਦੇ ਹਨ ਜਿਸ ਪਰਮਾਤਮਾ ਦੇ ਮਹਲ ਆਨੰਦ-ਭਰਪੂਰ ਹਨ, ਤੇ ਜਿਸ ਦੇ ਦਰਵਾਜ਼ੇ ਉੱਚੇ ਹਨ (ਭਾਵ, ਉਥੇ ਆਤਮਕ ਆਨੰਦ ਤੋਂ ਬਿਨਾ ਹੋਰ ਕਿਸੇ ਵਿਕਾਰ ਆਦਿਕ ਦੀ ਪਹੁੰਚ ਨਹੀਂ ਹੈ)੧।

ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਉਸ ਸਿਫ਼ਤਿ-ਸਾਲਾਹ ਵਿਚ (ਮਾਨੋ) ਗੀਤ ਤੇ ਰਾਗ ਹੋ ਰਹੇ ਹੁੰਦੇ ਹਨ (ਉਸ ਵਿਚ, ਮਾਨੋ) ਪਿੜ ਬੱਝੇ ਹੁੰਦੇ ਹਨ (ਜਿੱਥੇ ਕਾਮਾਦਿਕ ਪਹਿਲਵਾਨਾਂ ਨਾਲ ਟਾਕਰਾ ਕਰਨ ਦੀ ਜਾਚ ਸਿੱਖੀਦੀ ਹੈ)ਉਸ ਸਿਫ਼ਤਿ-ਸਾਲਾਹ ਵਿਚ ਜੁੜ ਕੇ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ।੨।

ਹੇ ਭਾਈ! ਸਿਫ਼ਤਿ-ਸਾਲਾਹ ਵਿਚ ਜੁੜਿਆਂ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਖ਼ੁਸ਼ੀ ਗ਼ਮੀ ਨਹੀਂ ਪੋਹ ਸਕਦੀ। ਉਸ ਅਵਸਥਾ ਵਿਚ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ।੩।

ਹੇ ਭਾਈ! (ਸਿਫ਼ਤਿ-ਸਾਲਾਹ ਬਾਰੇ) ਇਹ ਭੇਤ ਦੀ ਗੱਲ (ਨਾਨਕ ਨੇ) ਗੁਰੂ ਪਾਸੋਂ ਸਮਝੀ ਹੈ (ਤਾਹੀਏਂ) ਨਾਨਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ।੪।੬।੧੨।

ਸੂਹੀ ਮਹਲਾ ੫ ॥ ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥ ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥ ਜਾ ਕਾ ਸਬਦੁ ਸੁਨਤ ਸੁਖ ਸਾਰੇ ॥ ਜਾ ਕੀ ਟਹਲ ਜਮਦੂਤ ਬਿਦਾਰੇ ॥੨॥ ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥ ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥ ਸਰਣਿ ਨਾਨਕ ਤਿਨ੍ਹ੍ਹ ਸਦ ਬਲਿਹਾਰੇ ॥੪॥੭॥੧੩॥ {ਪੰਨਾ 739}

ਪਦਅਰਥ: ਜਾ ਕੈ ਦਰਸਿਜਿਨ੍ਹਾਂ ਦੇ ਦਰਸਨ ਨਾਲ। ਕੋਟਿਕ੍ਰੋੜਾਂ। ਭੇਟਤ ਸੰਗਿ—(ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ। ਭਵਜਲੁਸੰਸਾਰਸਮੁੰਦਰ।੧।

ਓਇਉਹ—{ਲਫ਼ਜ਼ 'ਓਹ' ਤੋਂ ਬਹੁ-ਵਚਨ}ਹਮ ਕਉਅਸਾਨੂੰ, ਮੈਨੂੰ। ਚਿਤਾਰੇਚੇਤੇ ਕਰਾਂਦੇ ਹਨ।੧। ਰਹਾਉ।

ਜਾ ਕਾ ਸਬਦੁਜਿਨ੍ਹਾਂ ਦਾ ਬਚਨ। ਬਿਦਾਰੇਨਾਸ ਹੋ ਜਾਂਦੇ ਹਨ।੨।

ਧੀਰਕਧੀਰਜ। ਮਨਹਿਮਨ ਨੂੰ। ਸਧਾਰੇਸਹਾਰਾ ਦੇਂਦੀ ਹੈ। ਜਾ ਕੈ ਸਿਮਰਣਿਜਿਨ੍ਹਾਂ ਦੇ (ਦਿੱਤੇ ਹੋਏ ਹਰਿਨਾਮ ਦੇ) ਸਿਮਰਨ ਨਾਲ। ਉਜਲਾਰੇਉਜਲਾ, ਰੌਸ਼ਨ।੩।

ਪ੍ਰਭਿਪ੍ਰਭੂ ਨੇ। ਸਵਾਰੇਸੋਹਣੇ ਜੀਵਨ ਵਾਲੇ ਬਣਾਏ ਹਨ। ਸਦਸਦਾ।੪।

ਅਰਥ: ਹੇ ਭਾਈ! ਜੇਹੜੇ (ਸੰਤ ਜਨ) ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ਉਹ (ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ।੧।ਰਹਾਉ।

ਹੇ ਭਾਈ! (ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੍ਹਾਂ ਦੇ ਦਰਸਨ ਨਾਲ ਕ੍ਰੋੜਾਂ ਪਾਪ ਲਹਿ ਜਾਂਦੇ ਹਨ, (ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੧।

ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, ਜਿਨ੍ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ।੨।

ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ, ਜਿਨ੍ਹਾਂ (ਦੇ ਦਿੱਤੇ ਹੋਏ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹੁੰਦਾ ਹੈ।੩।

ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ। ਹੇ ਭਾਈ! ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ।੪।੭।੧੩।

TOP OF PAGE

Sri Guru Granth Darpan, by Professor Sahib Singh