ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 737

ਸੂਹੀ ਮਹਲਾ ੫ ॥ ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ ਮਾਨੈ ਹੁਕਮੁ ਤਜੈ ਅਭਿਮਾਨੈ ॥ ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥ ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥ ਸਖੀ ਸਹੇਲੀ ਕਉ ਸਮਝਾਵੈ ॥ ਸੋਈ ਕਮਾਵੈ ਜੋ ਪ੍ਰਭ ਭਾਵੈ ॥ ਸਾ ਸੋਹਾਗਣਿ ਅੰਕਿ ਸਮਾਵੈ ॥੨॥ ਗਰਬਿ ਗਹੇਲੀ ਮਹਲੁ ਨ ਪਾਵੈ ॥ ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥ ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥ ਬਿਨਉ ਕਰੀ ਜੇ ਜਾਣਾ ਦੂਰਿ ॥ ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥ ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥ {ਪੰਨਾ 737}

ਪਦਅਰਥ: ਧਨੁਧਨੁ {धन्य} ਭਾਗਾਂ ਵਾਲੀ, ਸਲਾਹੁਣਜੋਗ। ਸੋਹਾਗਨਿ—{सौभागिनी} ਸੁਹਾਗਭਾਗ ਵਾਲੀ। ਪਛਾਨੈਸਾਂਝ ਪਾਂਦੀ ਹੈ। ਮਾਨੈਮੰਨਦੀ ਹੈ। ਪ੍ਰਿਅ ਸਿਉਪਿਆਰੇ ਨਾਲ। ਰਾਤੀਮਗਨ, ਰੰਗੀ ਹੋਈ। ਰਲੀਆਆਤਮਕ ਆਨੰਦ। ਮਾਨੈਮਾਣਦੀ ਹੈ।੧।

ਸਖੀਏਹੇ ਸਹੇਲੀ! ਅਰਪਿਭੇਟਾ ਕਰ ਦੇ। ਤਜਿਤਿਆਗ ਕੇ। ਲਾਜ ਲੋਕਾਨੀਲੋਕ ਦੀ ਲਾਜ, ਲੋਕਲਾਜ ਦੀ ਖ਼ਾਤਰ ਕੰਮ ਕਰਨੇ।੧।ਰਹਾਉ।

ਕਉਨੂੰ। ਪ੍ਰਭ ਭਾਵੈਪ੍ਰਭੂ ਨੂੰ ਚੰਗਾ ਲੱਗੇ। ਸਾਉਹ {ਇਸਤ੍ਰੀ ਲਿੰਗ}ਅੰਕਿਗੋਦ ਵਿਚ।੨।

ਗਰਬਿਅਹੰਕਾਰ ਵਿਚ। ਗਹੇਲੀਫਸੀ ਹੋਈ। ਮਹਲੁਟਿਕਾਣਾ। ਰੈਣਿ—(ਜ਼ਿੰਦਗੀ ਦੀ) ਰਾਤ। ਕਰਮਹੀਣਿਮੰਦਭਾਗਣ। ਮਨਮੁਖਿਆਪਣੇ ਮਨ ਦੇ ਪਿੱਛੇ ਤੁਰਨ ਵਾਲੀ।੩।

ਬਿਨਉ—{विनय} ਬੇਨਤੀ। ਕਰੀਕਰੀਂ, ਮੈਂ ਕਰਦਾ ਹਾਂ। ਜਾਣਾਜਾਣਾਂ, ਮੈਂ ਸਮਝਾਂ। ਰਹਿਆ ਭਰਪੂਰਿਹਰ ਥਾਂ ਮੌਜੂਦ। ਦੇਖਿਵੇਖ ਕੇ। ਹਜੂਰਿਅੰਗਸੰਗ, ਹਾਜ਼ਰਨਾਜ਼ਰ।੪।

ਅਰਥ: ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ। (ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ।੧।ਰਹਾਉ।

ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ, ਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ। ਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ।੧।

(ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ) ਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ, ਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।੨।

(ਪਰ) ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ। ਜਦੋਂ (ਜ਼ਿੰਦਗੀ ਦੀ) ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ। ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ।੩।

ਹੇ ਭਾਈ! (ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ) ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ। ਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ। ਦਾਸ ਨਾਨਕ (ਤਾਂ ਉਸ ਨੂੰ ਆਪਣੇ) ਅੰਗ-ਸੰਗ (ਵੱਸਦਾ) ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ।੪।੩।

ਸੂਹੀ ਮਹਲਾ ੫ ॥ ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ ਦਸ ਦਾਸੀ ਕਰਿ ਦੀਨੀ ਭਤਾਰਿ ॥ ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥ ਆਸ ਪਿਆਸੀ ਪਿਰ ਕਉ ਲੋੜੀ ॥੧॥ ਕਵਨ ਕਹਾ ਗੁਨ ਕੰਤ ਪਿਆਰੇ ॥ ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥ ਸਤੁ ਸੀਗਾਰੁ ਭਉ ਅੰਜਨੁ ਪਾਇਆ ॥ ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥ ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥ ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥ ਗੁਣ ਕਾਮਣ ਕਰਿ ਕੰਤੁ ਰੀਝਾਇਆ ॥ ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥ ਸਭ ਤੇ ਊਚਾ ਮੰਦਰੁ ਮੇਰਾ ॥ ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥ ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥ ਸੇਜ ਵਿਛਾਈ ਸਰਧ ਅਪਾਰਾ ॥ ਨਵ ਰੰਗ ਲਾਲੁ ਸੇਜ ਰਾਵਣ ਆਇਆ ॥ ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥ {ਪੰਨਾ 737}

ਪਦਅਰਥ: ਗ੍ਰਿਹੁ—(ਸਰੀਰ-) ਘਰ। ਵਸਿਵੱਸ ਵਿਚ। ਗੁਰਿਗੁਰੂ ਦੀ ਰਾਹੀਂ। ਹਉਹਉਂ, ਮੈਂ। ਨਾਰਿਇਸਤ੍ਰੀ, ਮਾਲਕਾ। ਦਸਦਸ ਇੰਦ੍ਰੀਆਂ। ਦਾਸੀਦਾਸੀਆਂ, ਨੌਕਰਿਆਣੀਆਂ। ਭਤਾਰਿਖਸਮਪ੍ਰਭੂ ਨੇ। ਸਗਲਸਾਰੀ। ਸਮਗ੍ਰੀਰਾਸਿਪੂੰਜੀ, ਉੱਚੇ ਆਤਮਕ ਗੁਣ। ਕਉਨੂੰ। ਲੋੜੀਲੋੜੀਂ, ਮੈਂ ਲੱਭਦੀ ਹਾਂ।੧।

ਕਹਾਕਹਾਂ, ਮੈਂ ਆਖਾਂ। ਕੰਤਕੰਤ ਦੇ। ਸੁਘੜਸੁਚੱਜਾ। ਸਰੂਪਸੋਹਣਾ। ਮੁਰਾਰੇ—{ਮੁਰਅਰਿ} ਪਰਮਾਤਮਾ (ਦੇ)੧।ਰਹਾਉ।

ਸਤੁਸੁੱਚਾ ਆਚਰਨ। ਅੰਜਨੁਸੁਰਮਾ। ਤੰਬੋਲੁਪਾਨ। ਮੁਖਿਮੂੰਹ ਨਾਲ। ਸੁਹਾਵੇਸੋਹਣੇ। ਧਨਜੀਵਇਸਤ੍ਰੀ। ਜਾਂਜਦੋਂ। ਘਰਿਹਿਰਦੇਘਰ ਵਿਚ।੧।

ਕਾਮਣਟੂਣੇ। ਕਰਿਬਣਾ ਕੇ। ਰੀਝਾਇਆਖ਼ੁਸ਼ ਕੀਤਾ। ਗੁਰਿਗੁਰੂ ਨੇ। ਭਰਮੁਭਟਕਣਾ। ਤੇਤੋਂ। ਮੰਦਰੁਹਿਰਦਾਘਰ। ਕਾਮਣਿਇਸਤ੍ਰੀ।੩।

ਸੂਰੁਸੂਰਜ। ਉਜੀਆਰਾਚਾਨਣ। ਸਰਧਸਰਧਾ। ਨਵ ਰੰਗ ਲਾਲੁਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ। ਸੇਜਹਿਰਦਾਸੇਜ। ਪਿਰ ਮਿਲਿਪਤੀ ਨੂੰ ਮਿਲ ਕੇ। ਧਨਇਸਤ੍ਰੀ (ਨੇ)੪।

ਅਰਥ: (ਹੇ ਸਖੀ!) ਸੁਚੱਜੇ, ਦਇਆਵਾਨ, ਪ੍ਰਭੂ-ਕੰਤ ਦੇ ਮੈਂ ਕੇਹੜੇ ਕੇਹੜੇ ਗੁਣ ਦੱਸਾਂ?੧।ਰਹਾਉ।

(ਹੇ ਸਖੀ!) ਉਸ ਖਸਮ-ਪ੍ਰਭੂ ਨੇ ਗੁਰੂ ਦੀ ਰਾਹੀਂ (ਮੇਰਾ) ਸਰੀਰ-ਘਰ (ਮੇਰੇ) ਵੱਸ ਵਿਚ ਕਰ ਦਿੱਤਾ ਹੈ (ਹੁਣ) ਮੈਂ (ਉਸ ਦੀ ਕਿਰਪਾ ਨਾਲ ਇਸ) ਘਰ ਦੀ ਮਾਲਕਾ ਬਣ ਗਈ ਹਾਂ। ਉਸ ਖਸਮ ਨੇ ਦਸਾਂ ਹੀ ਇੰਦ੍ਰਿਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ। (ਉੱਚੇ ਆਤਮਕ ਗੁਣਾਂ ਦਾ) ਮੈਂ ਆਪਣੇ ਸਰੀਰ-ਘਰ ਦਾ ਸਾਰਾ ਸਾਮਾਨ ਜੋੜ ਕੇ (ਸਜਾ ਕੇ) ਰੱਖ ਦਿੱਤਾ ਹੈ। ਹੁਣ ਮੈਂ ਪ੍ਰਭੂ-ਪਤੀ ਦੇ ਦਰਸਨ ਦੀ ਆਸ ਤੇ ਤਾਂਘ ਵਿਚ ਉਸ ਦੀ ਉਡੀਕ ਕਰ ਰਹੀ ਹਾਂ।੧।

(ਹੇ ਸਖੀ! ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਸੁੱਚੇ ਆਚਰਨ ਨੂੰ ਮੈਂ (ਆਪਣੇ ਜੀਵਨ ਦਾ) ਸਿੰਗਾਰ ਬਣਾ ਲਿਆ ਹੈ, ਉਸ ਦੇ ਡਰ-ਅਦਬ (ਦਾ) ਮੈਂ (ਅੱਖਾਂ ਵਿਚ) ਸੁਰਮਾ ਪਾ ਲਿਆ ਹੈ। (ਉਸ ਦੀ ਮੇਹਰ ਨਾਲ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਪਾਨ ਮੈਂ ਮੂੰਹ ਨਾਲ ਖਾਧਾ ਹੈ। ਹੇ ਸਖੀ! ਜਦੋਂ ਪ੍ਰਭੂ-ਪਤੀ ਹਿਰਦੇ-ਘਰ ਵਿਚ ਆ ਵੱਸਦਾ ਹੈ, ਤਦੋਂ ਜੀਵ-ਇਸਤ੍ਰੀ ਸਾਰੇ ਸੁਖ ਹਾਸਲ ਕਰ ਲੈਂਦੀ ਹੈ, ਉਸ ਦੇ ਕੰਗਣ, ਕੱਪੜੇ, ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਹਨ (ਸਾਰੇ ਧਾਰਮਿਕ ਉੱਦਮ ਸਫਲ ਹੋ ਜਾਂਦੇ ਹਨ)੨।

ਹੇ ਸਖੀ! ਗੁਰੂ ਨੇ (ਜਿਸ ਜੀਵ-ਇਸਤ੍ਰੀ ਦੀ) ਭਟਕਣਾ ਦੂਰ ਕਰ ਦਿੱਤੀ, ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਵੱਸ ਵਿਚ ਕਰ ਲਿਆ, ਗੁਣਾਂ ਦੇ ਟੂਣੇ ਬਣਾ ਕੇ ਉਸ ਨੇ ਪ੍ਰਭੂ-ਪਤੀ ਨੂੰ ਖ਼ੁਸ਼ ਕਰ ਲਿਆ। (ਹੇ ਸਖੀ! ਉਸ ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਮੇਰਾ ਹਿਰਦਾ-ਘਰ ਸਭ (ਵਾਸਨਾਵਾਂ) ਤੋਂ ਉੱਚਾ ਹੋ ਗਿਆ ਹੈ। ਹੋਰ ਸਾਰੀਆਂ ਇਸਤ੍ਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ।੩।

ਹੇ ਸਖੀ! (ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ) ਸੂਰਜ ਚੜ੍ਹ ਪਿਆ ਹੈ, (ਆਤਮਕ ਜੀਵਨ ਦੀ) ਜੋਤਿ ਜਗ ਪਈ ਹੈ। ਬੇਅੰਤ ਪ੍ਰਭੂ ਦੀ ਸਰਧਾ ਦੀ ਸੇਜ ਮੈਂ ਵਿਛਾ ਦਿੱਤੀ ਹੈ (ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਪੂਰੀ ਸਰਧਾ ਬਣ ਗਈ ਹੈ), (ਹੁਣ ਆਪਣੀ ਮੇਹਰ ਨਾਲ ਹੀ) ਉਹ ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉਤੇ ਆ ਬੈਠਾ ਹੈ। ਹੇ ਦਾਸ ਨਾਨਕ! (ਆਖ-) ਪ੍ਰਭੂ-ਪਤੀ ਨੂੰ ਮਿਲ ਕੇ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ।੪।੪।

ਸੂਹੀ ਮਹਲਾ ੫ ॥ ਉਮਕਿਓ ਹੀਉ ਮਿਲਨ ਪ੍ਰਭ ਤਾਈ ॥ ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥ ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥ ਏਕਾ ਸੇਜ ਵਿਛੀ ਧਨ ਕੰਤਾ ॥ ਧਨ ਸੂਤੀ ਪਿਰੁ ਸਦ ਜਾਗੰਤਾ ॥ ਪੀਓ ਮਦਰੋ ਧਨ ਮਤਵੰਤਾ ॥ ਧਨ ਜਾਗੈ ਜੇ ਪਿਰੁ ਬੋਲੰਤਾ ॥੨॥ ਭਈ ਨਿਰਾਸੀ ਬਹੁਤੁ ਦਿਨ ਲਾਗੇ ॥ ਦੇਸ ਦਿਸੰਤਰ ਮੈ ਸਗਲੇ ਝਾਗੇ ॥ ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥ ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥ ਬੂਝੀ ਤਪਤਿ ਘਰਹਿ ਪਿਰੁ ਪਾਇਆ ॥ ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥ ਜਹ ਦੇਖਾ ਤਹ ਪਿਰੁ ਹੈ ਭਾਈ ॥ ਖੋਲ੍ਹ੍ਹਿਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥ {ਪੰਨਾ 737-738}

ਪਦਅਰਥ: ਉਮਕਿਓਖ਼ੁਸ਼ੀ ਨਾਲ ਉਛਲ ਪਿਆ ਹੈ। ਹੀਉਹਿਰਦਾ। ਤਾਈਵਾਸਤੇ। ਖੋਜਤ ਚਰਿਓਲੱਭਣ ਚੜ੍ਹ ਪਿਆ ਹੈ। ਦੇਖਉਦੇਖਉਂ, ਮੈਂ ਵੇਖਾਂ। ਪ੍ਰਿਅ ਜਾਈਪਿਆਰੇ (ਦੇ ਰਹਿਣ) ਦੀ ਥਾਂ। ਸਦੇਸਰੋ ਪ੍ਰਿਅਪਿਆਰੇ ਦਾ ਸਨੇਹਾ। ਗ੍ਰਿਹਿਹਿਰਦੇਘਰ ਵਿਚ। ਭ੍ਰਮਿ ਭ੍ਰਮਿਭਟਕ ਭਟਕ ਕੇ। ਤਉਤਾਂ ਭੀ। ਨਦਰਿਮੇਹਰ ਦੀ ਨਿਗਾਹ।੧।

ਕਿਨ ਬਿਧਿਕਿਨ੍ਹਾਂ ਤਰੀਕਿਆਂ ਨਾਲ? ਹੀਅਰੋ ਨਿਮਾਨੋਇਹ ਵਿਚਾਰਾ ਹਿਰਦਾ। ਸਾਜਨਹੇ ਸਾਜਨ! ਹਉਹਉਂ, ਮੈਂ।੧।ਰਹਾਉ।

ਧਨਇਸਤ੍ਰੀ। ਪਿਰੁਪਤੀ। ਪੀਓਪੀਤਾ ਹੋਇਆ ਹੈ। ਮਦਰੋਮਦਿਰਾ, ਸ਼ਰਾਬ। ਮਤਵੰਤਾਮਸਤ। ਜਾਗੈਜਾਗ ਪੈਂਦਾ ਹੈ। ਬੋਲੰਤਾਬੁਲਾਂਦਾ ਹੈ, ਸੱਦਦਾ ਹੈ।੨।

ਨਿਰਾਸੀਉਦਾਸ। ਦਿਸੰਤਰਦੇਸ ਅੰਤਰ। ਦੇਸ ਦਿਸੰਤਰਦੇਸ ਦੇ ਦੇਸ ਅੰਤਰ, ਹੋਰ ਹੋਰ ਦੇਸ। ਝਾਗੇਫਿਰੇ ਹਨ। ਨ ਪਾਵਉਨ ਪਾਵਉਂ, ਮੈਂ ਨਹੀਂ ਲੱਭ ਸਕਦੀ। ਰਹਨੁਟਿਕਾਉ, ਧੀਰਜ। ਪਗਪੈਰ। ਬਿਨੁ ਪਗ ਪਾਗੇਚਰਨਾਂ ਉਤੇ ਪੈਣ ਤੋਂ ਬਿਨਾ। ਪ੍ਰਭ ਮਿਲਹਅਸੀ ਪ੍ਰਭੂ ਨੂੰ ਮਿਲ ਸਕਦੇ ਹਾਂ। ਸਭਾਗੇਭਾਗਾਂ ਵਾਲੇ।੩।

ਸਤ ਸੰਗਿਸਤ ਸੰਗ ਵਿਚ। ਤਪਤਿਤਪਸ਼, ਸੜਨ। ਘਰਹਿਘਰ ਹੀ, ਘਰ ਵਿਚ ਹੀ। ਮੁਝਹਿਮੈਨੂੰ। ਗੁਰਿਗੁਰੂ ਨੇ। ਚੁਕਾਇਆਦੂਰ ਕਰ ਦਿੱਤਾ।੪।

ਜਹਜਿੱਥੇ। ਦੇਖਾਦੇਖਾਂ, ਮੈਂ ਵੇਖਦਾ ਹਾਂ। ਭਾਈਹੇ ਭਾਈ! ਕਪਾਟੁਕਵਾੜ, ਭਿੱਤ। ਠਹਰਾਈਟਿਕ ਗਿਆ ਹੈ।੧।ਰਹਾਉ ਦੂਜਾ।

ਅਰਥ: ਹੇ ਸੱਜਣ ਪ੍ਰਭੂ! (ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ। (ਤੇਰੇ ਦਰਸਨ ਤੋਂ ਬਿਨਾ) ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?੧।ਰਹਾਉ।

ਹੇ ਸਖੀ! ਪਿਆਰੇ ਦਾ ਸਨੇਹਾ ਸੁਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ। ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖ਼ੁਸ਼ੀ ਨਾਲ ਨੱਚ ਪਿਆ, (ਪ੍ਰਭੂ ਨੂੰ) ਲੱਭਣ ਚੜ੍ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ। (ਪਰ) ਭਟਕ ਭਟਕ ਕੇ ਮੁੜ ਆਇਆ, ਤਦੋਂ (ਪ੍ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ।੧।

ਹੇ ਸਖੀ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈ; ਪਰ ਜੀਵ-ਇਸਤ੍ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ, ਪ੍ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ) ਜੀਵ-ਇਸਤ੍ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ। (ਹਾਂ) ਜੀਵ-ਇਸਤ੍ਰੀ ਜਾਗ ਭੀ ਸਕਦੀ ਹੈ, ਜੇ ਪ੍ਰਭੂ-ਪਤੀ (ਆਪ) ਜਗਾਏ।੨।

ਹੇ ਸਖੀ! (ਉਮਰ ਦੇ) ਬਹੁਤ ਸਾਰੇ ਦਿਨ ਬੀਤ ਗਏ ਹਨ, ਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੍ਰਭੂ-ਪਤੀ ਕਿਤੇ ਲੱਭਾ ਨਹੀਂ। ਹੁਣ) ਮੈਂ (ਬਾਹਰ ਭਾਲ ਭਾਲ ਕੇ) ਨਿਰਾਸ ਹੋ ਗਈ ਹਾਂ। ਉਸ ਪ੍ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। (ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੍ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਾਂ।੩।

ਹੇ ਨਾਨਕ! ਆਖ-ਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ। ਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੍ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਹੁਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ। ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ।੪।

ਹੇ ਭਾਈ! (ਗੁਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੍ਰਭੂ ਹੀ ਦਿੱਸਦਾ ਹੈ।੧।ਰਹਾਉ ਦੂਜਾ।੫।

TOP OF PAGE

Sri Guru Granth Darpan, by Professor Sahib Singh