ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 734

ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ {ਪੰਨਾ 734}

ਪਦਅਰਥ: ਜਵੇਹਰੁਜਵਾਹਰ। ਮਾਣਕੁਮੋਤੀ। ਅੰਮ੍ਰਿਤ ਵੇਲੈਆਤਮਕ ਜੀਵਨ ਦੇਣ ਵਾਲੇ ਸਮੇ ਵਿਚ। ਵਤੈਵੱਤਰ ਦੇ ਵੇਲੇ। ਹਰਿ ਭਗਤੀਹਰੀ ਦੇ ਭਗਤਾਂ ਨੇ। ਲਿਵਲਗਨ। ਲਿਵ ਲਾਈਸੁਰਤਿ ਜੋੜੀ। ਨਿਖੁਟੈਮੁੱਕਦਾ। ਹਲਤਿਇਸ ਲੋਕ ਵਿਚ। ਪਲਤਿਪਰਲੋਕ ਵਿਚ। ਕਉਨੂੰ।੩।

ਅਸਥਿਰੁਸਦਾ ਕਾਇਮ ਰਹਿਣ ਵਾਲਾ। ਸਾਚਾਸਦਾ ਟਿਕੇ ਰਹਿਣ ਵਾਲਾ। ਤਸਕਰਚੋਰ। ਉਚਕਾਉਚੱਕਾ, ਚੁੱਕ ਕੇ ਲੈ ਜਾਣ ਵਾਲਾ, ਲੁਟੇਰਾ। ਜਾਗਾਤੀਮਸੂਲੀਆ। ਡੰਡੁਡੰਨ।੪।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤਿ ਜੋੜੀ ਹੁੰਦੀ ਹੈ। ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ।੩।

ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ। ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ।੪।

ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ {ਪੰਨਾ 734}

ਪਦਅਰਥ: ਸਾਕਤੀਸਾਕਤੀਂ, ਸਾਕਤਾਂ ਨੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੇ। ਬਿਖਿਆਮਾਇਆ। ਸੰਚਿਆਇਕੱਠਾ ਕੀਤਾ, ਜੋੜਿਆ। ਵਿਖਕਦਮ। ਦੁਹੇਲੇਦੁਖੀ। ਸਾਕਤਮਾਇਆਵੇੜ੍ਹੇ ਮਨੁੱਖ। ਹਥਹੁਹੱਥ ਵਿਚੋਂ। ਛੁੜਕਿ ਗਇਆਖੁੱਸ ਗਿਆ। ਅਗੈ ਪਲਤਿਅਗਾਂਹ ਪਰਲੋਕ ਵਿਚ। ਸਾਕਤੁਮਾਇਆਵੇੜ੍ਹਿਆ ਮਨੁੱਖ {ਇਕ-ਵਚਨ}ਢੋਈਆਸਰਾ।੫।

ਸਾਹੁਸ਼ਾਹੁ, ਸਰਮਾਏ ਦਾ ਮਾਲਕ। ਸੰਤਹੁਹੇ ਸੰਤ ਜਨੋ! ਜਿਸ ਨੋ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਦੇਇਦੇਂਦਾ ਹੈ। ਲਦਿਲੱਦ ਕੇ। ਤੋਟਾਘਾਟ। ਆਵਈਆਵਏ, ਆਵੈ। ਗੁਰਿਗੁਰੂ ਨੇ। ਜਨ ਕਉਆਪਣੇ ਦਾਸ ਨੂੰ। ਨਾਨਕਹੇ ਨਾਨਕ!੬।

ਅਰਥ: ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ। (ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ।੫।

ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ।੬।੩।੧੦।

ਸੂਹੀ ਮਹਲਾ ੪ ॥ ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥ ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥ ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥ ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥ ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥ ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥ {ਪੰਨਾ 734}

ਪਦਅਰਥ: ਜਿਸ ਨੋ, ਜਿਸ ਕੈ, ਤਿਸ ਕੀ, ਜਿਸ ਤੇ, ਤਿਸ ਕਾ—{ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਨੋ' 'ਕੈ', 'ਕੀ', 'ਕਾ' ਦੇ ਕਾਰਨ ਉੱਡ ਗਿਆ ਹੈ}ਸੁਪ੍ਰਸੰਨੁਚੰਗੀ ਤਰ੍ਹਾਂ ਖ਼ੁਸ਼। ਰਵੈਚੇਤੇ ਕਰਦਾ ਹੈ। ਪਰਵਾਨੁਕਬੂਲ। ਮਹਿਮਾਵਡਿਆਈ। ਵਰਨੀਐਬਿਆਨ ਕੀਤੀ ਜਾਏ। ਕੈ ਹਿਰਦੇਦੇ ਹਿਰਦੇ ਵਿਚ।੧।

ਗਾਈਐਆਓ, ਗਾਵੀਏ। ਜੀਉ ਲਾਇਚਿੱਤ ਜੋੜ ਕੇ।।੧।ਰਹਾਉ।

ਸਫਲਕਾਮਯਾਬ। ਤੇਤੋਂ। ਨਿਧਾਨੁਖ਼ਜ਼ਾਨਾ। ਦੂਜੈ ਭਾਇਮਾਇਆ ਦੇ ਪਿਆਰ ਵਿਚ। ਕਾਮਨਾ ਅਰਥਿਮਨ ਦੀਆਂ ਵਾਸਨਾਂ ਦੀ ਖ਼ਾਤਰ। ਦੁਰਗੰਧਵਿਸ਼ੇ ਵਿਕਾਰ। ਅਗਿਆਨੁਆਤਮਕ ਜੀਵਨ ਵਲੋਂ ਬੇਸਮਝੀ।੨।

ਪਰਤੀਤਿਸਰਧਾ, ਨਿਸਚਾ। ਥਾਇ ਪਵੈਪਰਵਾਨ ਹੁੰਦਾ ਹੈ। ਮਾਨੁਆਦਰ। ਕਪਟੀਫ਼ਰੇਬੀ। ਕੂੜੀ ਕੂੜੀਝੂਠਮੂਠ। ਗੁਮਾਨੁਮਾਣ, ਅਹੰਕਾਰ।੩।

ਜੀਉਜਿੰਦ। ਪਿੰਡੁਸਰੀਰ। ਅੰਤਰਜਾਮੀਸਭ ਦੇ ਦਿਲ ਦੀ ਜਾਣਨ ਵਾਲਾ। ਦਾਸਨਿ ਦਾਸੁਦਾਸਾਂ ਦਾ ਦਾਸ। ਵਖਿਆਨੁਬਿਆਨ। ਕਰੀਕਰੀਂ, ਮੈਂ ਕਰਦਾ ਹਾਂ।੪।

ਅਰਥ: ਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤਿ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ।੧।ਰਹਾਉ।

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।੧।

ਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ। ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ।੨।

ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ। ਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ।੩।

ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ। ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ-(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ।੪।੪।੧੧।

TOP OF PAGE

Sri Guru Granth Darpan, by Professor Sahib Singh