ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 730

ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥ {ਪੰਨਾ 730}

ਪਦਅਰਥ: ਭਾਂਡਾਹਿਰਦਾ। ਹਛਾਪਵਿਤ੍ਰ। ਤਿਸੁਉਸ (ਪਰਮਾਤਮਾ) ਨੂੰ। ਭਾਵਸੀਚੰਗਾ ਲੱਗੇ। ਧੋਤਾਬਾਹਰੋਂ ਸਾਫ਼ ਕੀਤਿਆਂ, ਤੀਰਥ ਆਦਿਕ ਦੇ ਇਸ਼ਨਾਨ ਨਾਲ। ਦੁਆਰੈਦਰ ਤੇ। ਹੋਇਹੋ ਕੇ, ਮੰਗਤਾ ਬਣ ਕੇ। ਸੋਝੀ—(ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ। ਪਾਇਸੀਪ੍ਰਾਪਤ ਕਰਦਾ ਹੈ। ਏਤੁ ਦੁਆਰੈਇਸ ਦਰ ਤੇ, ਗੁਰੂ ਦੇ ਦਰ ਤੇ। ਧੋਇਧੋ ਕੇ, ਸੁੱਧ ਕੀਤਿਆਂ। ਵੀਚਾਰੁਸਮਝ। ਆਪਿਪ੍ਰਭੂ ਆਪ। ਵਰਤਾਇਸੀਦੇਂਦਾ ਹੈ। ਮਤੁ ਕੋ ਜਾਣੈਕੋਈ ਮਨੁੱਖ ਇਹ ਨਾਹ ਸਮਝੇ। ਜਾਇ—(ਇਥੋਂ ਜਗਤ ਤੋਂ) ਜਾ ਕੇ। ਅਗੈਪਰਲੋਕ ਵਿਚ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ। ਪਤਿ ਸਿਉਇੱਜ਼ਤ ਨਾਲ। ਵਾਇਸੀਵਜਾਏਗਾ। ਤਿਹੁ ਲੋਕਤਿੰਨਾਂ ਹੀ ਲੋਕਾਂ ਵਿਚ। ਨਿਹਾਲਪ੍ਰਸੰਨਚਿੱਤ। ਸਭਿਸਾਰੇ।੧।

ਅਰਥ: ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ। ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ।

ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ। (ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀ ਚੰਗੇ ਹਾਂ ਜਾਂ ਮੰਦੇ।

(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ। (ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।

(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ। (ਜਿਸ ਮਨੁੱਖ ਨੂੰ ਇਹ ਦਾਤਿ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ। ਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ। ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ)੧।੪।੬।

ਨੋਟ: ਇਸ ਸ਼ਬਦ ਵਿਚ ਵਖ ਵਖ ਬੰਦ ਨਹੀਂ ਹਨ। ਸਾਰਾ ਸ਼ਬਦ ਸਮੁੱਚੇ ਤੌਰ ਤੇ ਇੱਕ ਬੰਦ ਗਿਣਿਆ ਗਿਆ ਹੈ। 'ਘਰੁ ੬' ਦਾ ਇਹ ਚੌਥਾ ਸ਼ਬਦ ਹੈ।

ਸੂਹੀ ਮਹਲਾ ੧ ॥ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥ ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥ ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥ ਜੈਸਾ ਬੀਜੈ ਸੋ ਲੁਣੇ ਜੋ ਖਟੇ ਸਖਾਇ ॥ ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥ ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥ ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥ {ਪੰਨਾ 730}

ਪਦਅਰਥ: ਜੋਗਵੈਜੋਗ ਕਮਾਂਦਾ ਹੈ। ਭੋਗੀਮਾਇਕ ਪਦਾਰਥਾਂ ਨੂੰ ਭੋਗਣ ਵਾਲਾ, ਗ੍ਰਿਹਸਤੀ। ਖਾਇਖਾਂਦਾ ਹੈ, ਭੋਗਾਂ ਵਿਚ ਮਸਤ ਹੈ। ਤੀਰਥਿਤੀਰਥ ਉਤੇ। ਮਲਿਮਲ ਕੇ। ਨਾਇਇਸ਼ਨਾਨ ਕਰਦਾ ਹੈ।੧।

ਸਦੜਾਸੋਹਣਾ ਸੱਦ, ਸੋਹਣਾ ਸ਼ਬਦ। ਸੁਣੀਜੈਸੁਣਨਾ ਚਾਹੁੰਦਾ ਹਾਂ। ਭਾਈਹੇ ਪਿਆਰੇ! ਕੋਕੋਈ ਮਨੁੱਖ। ਬਹੈ—(ਮੇਰੇ ਕੋਲ) ਬੈਠ ਜਾਏ। ਅਲਾਇਅਲਾਪ ਕਰੇ, ਸੁਣਾਏ।੧।ਰਹਾਉ।

ਲੁਣੇਵੱਢਦਾ ਹੈ। ਜੋਜੋ ਕੁਝ। ਸਉਹੀ ਖੱਟੀ {ਨੋਟ: ਲਫ਼ਜ਼ '' ਦੇ ਨਾਲ ਦੋ ਲਗਾਂ ਹਨ ੋ ਅਤੇ ੁ। ਅਸਲ ਪਾਠ 'ਸੋ' ਹੈ, ਇਥੇ 'ਸੁ' ਪੜ੍ਹਨਾ ਹੈ}ਖਾਇਖਾਂਦਾ ਹੈ, ਫਲ ਭੋਗਦਾ ਹੈ। ਨ ਹੋਵਈਨ ਹੋਵਏ, ਨ ਹੋਵੈ, ਨਹੀਂ ਹੁੰਦੀ। ਸਣੁਸਮੇਤ। ਨੀਸਾਣੁਪਰਵਾਨਾ, ਰਾਹਦਾਰੀ, ਨਾਮ। ਸਣੁ ਨੀਸਾਣੈਸਿਫ਼ਤਿ-ਸਾਲਾਹ ਦੇ ਪਰਵਾਨੇ ਸਮੇਤ।੨।

ਕਾਢੀਐਕਿਹਾ ਜਾਂਦਾ ਹੈ। ਚਿਤਿਚਿੱਤ ਵਿਚ। ਨ ਆਵਈਨ ਆਵਏ, ਨ ਆਵੈ, ਨਹੀਂ ਆਉਂਦਾ। ਬਿਰਥਾਵਿਅਰਥ।੩।

ਵੇਚੀਮੈਂ ਵੇਚਦਾ ਹਾਂ, ਵੇਚਣ ਨੂੰ ਤਿਆਰ ਹਾਂ। ਬੈ ਕਰੀਕੀਮਤ ਲੈ ਕੇ ਦੇਣ ਨੂੰ ਤਿਆਰ ਹਾਂ। ਵਿਕਾਇਕੀਮਤ ਦੇ ਕੇ। ਜਿਤੁਜਿਸ ਵਿਚ। ਜਿਤੁ ਤਨਿਜਿਸ ਸਰੀਰ ਵਿਚ।੪।

ਅਰਥ: ਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ), ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ। ਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ।੧।

(ਪਰ) ਹੇ ਪਿਆਰੇ (ਪ੍ਰਭੂ)! ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ।੧।ਰਹਾਉ।

(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ)ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ।੨।

ਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ। ਭਗਤ ਉਹੀ ਜੋ ਭਗਤੀ ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ)(ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ।੩।

ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ। ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ।੪।੫।੭।

ਨੋਟ: 'ਘਰੁ ੬' ਦੇ ਇਥੇ ੫ ਸ਼ਬਦ ਮੁੱਕ ਗਏ ਹਨ।

ਸੂਹੀ ਮਹਲਾ ੧ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥ {ਪੰਨਾ 730}

ਪਦਅਰਥ: ਜੋਗੁਜੋਗ ਸਾਧਨਾਂ ਦਾ ਅੱਭਿਆਸ, ਪਰਮਾਤਮਾ ਨਾਲ ਮਿਲਾਪ। ਖਿੰਥਾਗੋਦੜੀ। ਡੰਡੈਡੰਡੇ ਦੀ ਰਾਹੀਂ, ਡੰਡਾ ਹੱਥ ਵਿਚ ਫੜਿਆਂ। ਭਸਮਸੁਆਹ। ਚੜਾਈਐਸਰੀਰ ਉਤੇ ਮਲ ਲਈਏ। ਮੁੰਦੀਮੁੰਦੀਂ, ਮੁੰਦ੍ਰਾਂ ਦੀ ਰਾਹੀਂ, ਕੰਨਾਂ ਵਿਚ ਮੁੰਦ੍ਰਾਂ ਪਾ ਲਿਆਂ। ਮੂੰਡੁਸਿਰ। ਮੂੰਡਿਸਿਰ ਦੀ ਰਾਹੀਂ। ਮੂੰਡਿ ਮੁਡਾਇਐਜੇ ਸਿਰ ਮੁਨਾ ਲਈਏ। ਸਿੰਙੀਸਿੰਙ ਦਾ ਵਾਜਾ, ਜੋਗੀਆਂ ਦੀ ਤੁਰੀ ਜੋ ਸਿੰਙ ਦੀ ਹੁੰਦੀ ਹੈ। ਵਾਈਐਜੇ ਵਜਾਈਏ। ਅੰਜਨਕਾਲਖ, ਸੁਰਮਾ, ਮਾਇਆ ਦੇ ਮੋਹ ਦੀ ਕਾਲਖ। ਨਿਰੰਜਨਿਨਿਰੰਜਨ ਵਿਚ, ਉਸ ਪਰਮਾਤਮਾ ਵਿਚ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਜੁਗਤਿਤਰੀਕਾ, ਜਾਚ। ਇਵਇਸ ਤਰ੍ਹਾਂ।੧।

ਗਲੀਗੱਲੀਂ, ਗੱਲਾਂ ਕਰਨ ਨਾਲ ਹੀ। ਦ੍ਰਿਸਟਿਨਿਗਾਹ, ਨਜ਼ਰ। ਕਰਿਕਰ ਕੇ। ਸਮਸਰਿਬਰਾਬਰ, ਇਕੋ ਜੇਹਾ।੧।ਰਹਾਉ।

ਮੜੀਮੜ੍ਹੀਆਂ ਵਿਚ। ਮਸਾਣੀਮਸਾਣਾਂ ਵਿਚ। ਤਾੜੀਸਮਾਧੀ। ਦੇਸਿਦੇਸ ਵਿਚ। ਦਿਸੰਤਰਿਦੇਸ ਅੰਤਰਿ, ਹੋਰ ਹੋਰ ਦੇਸਾਂ ਵਿਚ। ਦੇਸਿ ਦਿਸੰਤਰਿ ਭਵਿਐਦੇਸ ਪਰਦੇਸ ਵਿਚ ਭੌਣ ਨਾਲ। ਤੀਰਥਿਤੀਰਥ ਉਤੇ।੨।

ਭੇਟੈਮਿਲੇ। ਸਹਸਾਸਹਿਮ, ਡਰ। ਧਾਵਤੁਭਟਕਦਾ ਹੋਇਆ (ਮਨ)ਵਰਜਿਵਰਜ ਕੇ, ਰੋਕ ਕੇ। ਰਹਾਈਐਰੱਖ ਲਈਦਾ ਹੈ। ਨਿਝਰੁ—{निभर्त्र्र} ਚਸ਼ਮਾ, ਝਾਲ, ਪਹਾੜੀ ਨਦੀ। ਝਰੈਚੱਲ ਪੈਂਦਾ ਹੈ, ਵਹਿਣ ਲੱਗ ਪੈਂਦਾ ਹੈ। ਸਹਜਅਡੋਲ ਅਵਸਥਾ। ਧੁਨਿਤਾਰ, ਰੌ। ਘਰਿ ਹੀਘਰ ਹੀ, ਹਿਰਦੇਘਰ ਵਿਚ ਹੀ। ਪਰਚਾ—{परिचय} ਸਾਂਝ, ਜਾਣ-ਪਛਾਣ, ਮਿਤ੍ਰਤਾ।੩।

ਮਰਿਮਰ ਕੇ, ਵਿਕਾਰ ਵਲੋਂ ਮਰ ਕੇ। ਜੋਗੁਜੋਗ ਦਾ ਅਭਿਆਸ। ਵਾਜੈਵੱਜਦੀ ਹੈ। ਤਉਤਦੋਂ। ਪਦੁਆਤਮਕ ਦਰਜਾ। ਨਿਰਭਉਜਿਥੇ ਡਰ ਨਹੀਂ।੪।

ਅਰਥ: ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। (ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ।

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੧।

ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ। ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ।੧।ਰਹਾਉ।

(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ। ਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ। ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ।

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੨।

ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ, (ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।

ਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੩।

ਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ। (ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।

ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ।੪।੧।੮।

ਨੋਟ: ਅੰਕ ੧ ਦੱਸਦਾ ਹੈ ਕਿ 'ਘਰੁ ੭' ਦਾ ਇਹ ਪਹਿਲਾ ਸ਼ਬਦ ਹੈ।

ਸੂਹੀ ਮਹਲਾ ੧ ॥ ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥ ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥ {ਪੰਨਾ 730-731}

ਪਦਅਰਥ: ਕਉਣਕੇਹੜੀ? ਤਰਾਜੀਤੱਕੜੀ। ਕਵਣੁਕੇਹੜਾ? ਤੁਲਾਵੱਟਾ। ਸਰਾਫੁਮੁੱਲ ਪਾਣ ਵਾਲਾ, ਪਰਖ ਕਰਨ ਵਾਲਾ। ਬੁਲਾਵਾਬੁਲਾਵਾਂ, ਮੈਂ ਸੱਦਾਂ। ਕੈ ਪਹਿਕਿਸ ਪਾਸੋਂ? ਦੀਖਿਆਸਿੱਖਿਆ। ਲੇਵਾਮੈਂ ਲਵਾਂ। ਮੁਲੁ ਕਰਾਵਾਮੈਂ ਕੀਮਤ ਪਵਾਵਾਂ।੧।

ਲਾਲਹੇ ਲਾਲ! ਨ ਜਾਣਾਮੈਂ ਨਹੀਂ ਜਾਣਦਾ। ਜਲਿਜਲ ਵਿਚ। ਥਲਿਧਰਤੀ ਦੇ ਅੰਦਰ। ਮਹੀਅਲਿਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਰਿਪੁਰਿਭਰਪੂਰ। ਲੀਣਾਵਿਆਪਕ। ਆਪੇਆਪ ਹੀ।੧।ਰਹਾਉ।

ਤਾਰਾਜੀਤੱਕੜੀ। ਤੇਰੀ ਸੇਵ ਕਮਾਵਾਮੈਂ ਤੇਰੀ ਸੇਵਾ ਕਰਾਂ, ਮੈਂ ਤੇਰਾ ਸਿਮਰਨ ਕਰਾਂ। ਘਟਹਿਰਦਾ। ਭੀਤਰਿਅੰਦਰ। ਸਹੁਖਸਮਪ੍ਰਭੂ। ਤੋਲੀਮੈਂ ਤੋਲਾਂ, ਪਰਖ ਕਰਾਂ। ਇਨ੍ਹ੍ਹ ਬਿਧਿਇਹਨਾਂ ਤਰੀਕਿਆਂ ਨਾਲ। ਰਹਾਵਾਮੈਂ ਟਿਕਾਵਾਂ।੨।

ਕੰਡਾਤੱਕੜੀ ਦੀ ਡੰਡੀ ਦੇ ਅੱਧ ਵਿਚ ਦੀ ਸੂਈ, ਤੱਕੜੀ ਦੀ ਬੋਦੀ। ਦੇਖੈਸੰਭਾਲ ਕਰਦਾ ਹੈ। ਬੂਝੈਸਮਝਦਾ ਹੈ। ਵਣਜਾਰਾਵਣਜ ਕਰਨ ਵਾਲਾ ਜੀਵਵਪਾਰੀ।੩।

ਅੰਧੁਲਾਅੰਨ੍ਹ੍ਹਾ। ਨੀਚ ਜਾਤਿਨੀਵੀਂ ਜਾਤਿ ਵਾਲਾ। ਪਰਦੇਸੀਭਟਕਦਾ ਰਹਿਣ ਵਾਲਾ। ਖਿਨੁਅੱਖ ਦੇ ਝਮਕਣ ਜਿਤਨੇ ਸਮੇ ਵਿਚ। ਤਿਲੁਰਤਾ ਭਰ ਸਮੇ ਵਿਚ। ਤਾ ਕੀਅਜੇਹੇ (ਮਨ) ਦੀ। ਕਿਉ ਕਰਿਕਿਸ ਤਰ੍ਹਾਂ? ਮੂੜਾਮੂਰਖ। ਪਾਵੈ—(ਕਦਰ) ਪਾ ਸਕਦਾ ਹੈ।੪।

ਅਰਥ: ਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ)ਤੂੰ ਪਾਣੀ ਵਿਚ ਭਰਪੂਰ ਹੈਂ, ਤੂੰ ਧਰਤੀ ਦੇ ਅੰਦਰ ਵਿਆਪਕ ਹੈਂ, ਤੂੰ ਆਕਾਸ਼ ਵਿਚ ਹਰ ਥਾਂ ਮੌਜੂਦ ਹੈਂ, ਤੂੰ ਆਪ ਹੀ ਸਭ ਜੀਵਾਂ ਵਿਚ ਸਭ ਥਾਵਾਂ ਵਿਚ ਸਮਾਇਆ ਹੋਇਆ ਹੈਂ।੧।ਰਹਾਉ।

ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ। ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ।੧।

ਹੇ ਪ੍ਰਭੂ! ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ (ਜੇ ਇਹ ਸੇਵਾ-ਸਿਮਰਨ ਮੇਰੇ ਵਾਸਤੇ) ਸਰਾਫ਼ ਬਣ ਜਾਏ (ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ) ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਕੇ ਰੱਖ ਸਕਾਂਗਾ। (ਹੇ ਭਾਈ!) ਮੈਂ ਆਪਣੇ ਹਿਰਦੇ ਵਿਚ ਹੀ ਉਸ ਖਸਮ-ਪ੍ਰਭੂ ਨੂੰ ਬੈਠਾ ਜਾਚ ਸਕਾਂਗਾ।੨।

(ਹੇ ਭਾਈ! ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਭੀ ਉਹ ਆਪ ਹੀ ਜਾਣਦਾ ਹੈ ਤੇ ਜਾਚ ਸਕਦਾ ਹੈ ਉਹ) ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਦੀ ਹੈ, ਉਹ ਆਪ ਹੀ (ਆਪਣੇ ਗੁਣਾਂ ਨੂੰ) ਤੋਲਣ ਵਾਲਾ ਹੈ। ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ (ਨਾਮ) ਵਣਜ ਕਰ ਰਿਹਾ ਹੈ।੩।

ਅੰਞਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ, ਕਿਉਂਕਿ ਇਸ ਦੀ ਸੰਗਤਿ ਸਦਾ ਉਸ ਮਨ ਨਾਲ ਹੈ ਜੋ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈ ਜੋ (ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ) ਨੀਵੀਂ ਜਾਤਿ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤ੍ਰ ਭੀ ਕਿਤੇ ਇਕ ਥਾਂ ਟਿਕ ਨਹੀਂ ਸਕਦਾ।੪।੨।੯।

TOP OF PAGE

Sri Guru Granth Darpan, by Professor Sahib Singh