ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 729

ਸੂਹੀ ਮਹਲਾ ੧ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ {ਪੰਨਾ 729}

ਪਦਅਰਥ: ਚਿਲਕਣਾਲਿਸ਼ਕਵਾਂ। ਘੋਟਿਮਮੈਂ ਘੋਟਿਆ, ਮੈਂ ਘਸਾਇਆ। ਕਾਲੜੀਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁਸਿਆਹੀ। ਸਉਸੌ ਵਾਰੀ। ਤਿਸੁਉਸ ਕੈਂਹ (ਦੇ ਭਾਂਡੇ) ਨੂੰ।੧।

ਸੇਈਉਹ ਹੀ। ਮੈ ਨਾਲਿ ਚਲੰਨ੍ਹ੍ਹਿਮੇਰੇ ਨਾਲ ਸਾਥ ਕਰਦੇ ਹਨ। ਮੰਗੀਐਮੰਗਿਆ ਜਾਂਦਾ ਹੈ। ਖੜੇਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿਦੱਸਦੇ ਹਨ, ਲੇਖਾ ਸਮਝਾਂਦੇ ਹਨ।੧।ਰਹਾਉ।

ਮੰਡਪਮੰਦਰ। ਪਾਸਹੁਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾਚਿੱਤਰੀਆਂ ਹੋਈਆਂ। ਕੰਮਿਕੰਮ ਵਿਚ। ਆਵਨ੍ਹ੍ਹੀਆਵਨ੍ਹ੍ਹਿ, ਆਉਂਦੀਆਂ। ਵਿਚਹੁਅੰਦਰੋਂ।੨।

ਬਗਾ ਕਪੜੇਬਗਲਿਆਂ ਦੇ ਖੰਭ। ਬਗੇਚਿੱਟੇ। ਮੰਝਿਵਿਚ। ਘੁਟਿ ਘੁਟਿ—(ਗਲੋਂ) ਘੁੱਟ ਘੁੱਟ ਕੇ। ਖਾਵਣੇਖਾਣ ਵਾਲੇ। ਕਹੀਅਨ੍ਹ੍ਹਿਕਹੇ ਜਾਂਦੇ।੩।

ਸਰੀਰੁ ਮੈਮੇਰਾ ਸਰੀਰ। ਮੈਜਨੁ—{मेधाविन्} ਤੋਤੇ। ਭੂਲੰਨ੍ਹ੍ਹਿਭੁਲੇਖਾ ਖਾ ਜਾਂਦੇ ਹਨ। ਤੇ ਗੁਣਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿਮੇਰੇ ਸਰੀਰ ਵਿਚ। ਹੰਨ੍ਹ੍ਹਿਹਨ।੪।

ਅੰਧੁਲੈਅੰਨੇ (ਮਨੁੱਖ) ਨੇ। ਡੂਗਰ ਵਾਟਡੁੱਗਰ ਦਾ ਰਸਤਾ, ਪਹਾੜੀ ਰਸਤਾ। ਅਖੀਅੱਖਾਂ ਨਾਲ। ਲੋੜੀਭਾਲਦਾ ਹਾਂ। ਨਾ ਲਹਾਮੈਂ ਲੱਭ ਨਹੀਂ ਸਕਦਾ। ਹਉਮੈਂ। ਕਿਤੁਕਿਸ ਤਰੀਕੇ ਨਾਲ?੫।

ਚਾਕਰੀਆਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆਬਾਹਰਲੇ ਵਿਖਾਵੇ। ਕਿਤੁਕਿਸ ਕੰਮ? ਜਿਤੁਜਿਸ ਤਰ੍ਹਾਂ।੬।

ਅਰਥ: ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ।੧।

ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ)੧।ਰਹਾਉ।

ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ।੨।

ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।੩।

(ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ।੪।

ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ?੫।

ਹੇ ਨਾਨਕ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ।੯।੧।੩।

ਨੋਟ: ਅੰਕ ੧ ਦੱਸਦਾ ਹੈ ਕਿ 'ਘਰੁ ੬' ਦਾ ਇਹ ਪਹਿਲਾ ਸ਼ਬਦ ਹੈ। ਸੂਹੀ ਵਿਚ ਹੁਣ ਤਕ ਗੁਰੂ ਨਾਨਕ ਦੇਵ ਜੀ ਦੇ ੩ ਸ਼ਬਦ ਆ ਚੁਕੇ ਹਨ।

ਸੂਹੀ ਮਹਲਾ ੧ ॥ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥ {ਪੰਨਾ 729}

ਪਦਅਰਥ: ਜਪ ਤਪ ਕਾ ਬੇੜੁਲਾਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁਨਾਮਸਿਮਰਨ {ਨੋਟ:'ਰਹਾਉ' ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੍ਰਮਾਣ ਭੀ ਹਨ:

ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥

ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੪॥੨॥੪॥ {ਧਨਾਸਰੀ ਮ: , ਪੰਨਾ ੬੬੧

ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥

ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ਰਹਾਉ॥ {ਗੂਜਰੀ ਮ:, ਪੰਨਾ ੫੦੩

ਬੰਧੁਬੰਨ, ਤਿਆਰ ਕਰ। ਜਿਤੁਜਿਸ ਬੇੜੇ ਦੀ ਰਾਹੀਂ। ਵਹੇਲਾਵਹਿਲਾ, ਛੇਤੀ। ਪੰਥੁਰਸਤਾ, ਜੀਵਨਪੰਥ। ਸੁਹੇਲਾਸੌਖਾ।੧।

ਮੰਜੀਠੜਾਸੋਹਣੀ ਮਜੀਠ। ਰਤਾਰੰਗਿਆ। ਸਦ ਰੰਗਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾਹੇ ਮਿੱਤਰ! ਹੇ ਪਿਆਰੇ!੧।ਰਹਾਉ।

ਸਾਜਨਹੇ ਸੱਜਣ! ਚਲੇ ਪਿਆਰਿਆਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨਸਫ਼ਰ ਦੇ ਪਿਆਰੇ ਪਾਂਧੀ! ਗੰਠੜੀਐਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈਉਹ ਪਰਮਾਤਮਾ।੨।

ਆਵਾਗਉਣੁਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆਮੁਕਾ ਦਿੱਤਾ। ਸਾਚਾਸਦਾ-ਥਿਰ ਰਹਿਣ ਵਾਲਾ। ਸੋਈਉਹ ਪ੍ਰਭੂ।੩।

ਮਾਰਿਮਾਰ ਕੇ। ਸੀਤਾ ਹੈ ਚੋਲਾਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ। ਸਹ ਕੇਖਸਮਪ੍ਰਭੂ ਦੇ। ਅੰਮ੍ਰਿਤ ਬੋਲਾਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ।੪।

ਖਰਾਬਹੁਤ। ਕੇਰੀਆਦੀਆਂ। ਸਾਚਾਸਦਾ-ਥਿਰ।੫।

ਅਰਥ: (ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। (ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ।੧।

ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ।੧।ਰਹਾਉ।

ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ? (ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ।੨।

ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।੩।

ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।੪।

ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ।੫।੨।੪।

ਨੋਟ: ਅੰਕ ੨ ਦੱਸਦਾ ਹੈ ਕਿ 'ਘਰੁ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ।

ਸੂਹੀ ਮਹਲਾ ੧ ॥ ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥ ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥ ਤਿਨ੍ਹ੍ਹਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥ ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥ ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥ ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥ ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥ ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥ ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥ ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥ {ਪੰਨਾ 729}

ਪਦਅਰਥ: ਜਿਨ ਕਉਜਿਨ੍ਹਾਂ (ਜੀਵਾਂ) ਨੂੰ। ਭਾਂਡੈਭਾਂਡੇ ਵਿਚ, ਹਿਰਦੇ ਵਿਚ। ਭਾਉਪ੍ਰੇਮ। ਸਵਾਰਸੀਸਵਾਰੇਗਾ, ਸੋਹਣਾ ਬਣਾਏਗਾ। ਸੂਖੀਸੁਖਾਂ ਦੀ। ਪਸਾਉਪ੍ਰਸਾਦੁ, ਬਖ਼ਸ਼ਸ਼। ਵਿਸਾਰਸੀਵਿਸਾਰ ਦੇਵੇਗਾ, ਭੁਲਾ ਦੇਂਦਾ ਹੈ। ਸਹਸਾਸਹਿਮ, ਸ਼ੱਕ। ਸਰਪਰਜ਼ਰੂਰ।੧।

ਲੀਖਿਆ—(ਬਖ਼ਸ਼ਸ਼ ਦਾ) ਲੇਖਾ। ਦੀਖਿਆਸਿੱਖਿਆ। ਸਤਿਗੁਰ ਭਾਇਗੁਰੂ ਦੇ ਪ੍ਰੇਮ ਵਿਚ, ਗੁਰੂ ਦੇ ਅਨੁਸਾਰ। ਭੀਖਿਆਭਿੱਖਿਆ ਵਾਸਤੇ।੨।

ਮਹਲੁਟਿਕਾਣਾ। ਹਜੂਰਿਪ੍ਰਭੂ ਦੀ ਹਜ਼ੂਰੀ ਵਿਚ। ਦਰਿਦਰਵਾਜ਼ੇ ਤੇ। ਦਰਵਾਣੀਦਰਬਾਨਾਂ ਦੀ। ਨਾਹਿ ਮੂਲੇਬਿਲਕੁਲ ਨਹੀਂ। ਤਾ ਕੈ ਬੋਲਿਉਸ (ਗੁਰੂ) ਦੇ ਬਚਨ ਦੀ ਰਾਹੀਂ।੩।

ਆਣੇਲਿਆਉਂਦਾ ਹੈ, ਵਾਪਸ ਬੁਲਾ ਲੈਂਦਾ ਹੈ। ਦੂਜਾ ਕੋਇ ਮਤੈ ਨਾਹਿਕੋਈ ਦੂਜਾ ਮੱਤਾਂ ਨਹੀਂ ਦੇ ਸਕਦਾ। ਸਾਜਿ ਜਾਣੈਪੈਦਾ ਕਰਨੇ ਜਾਣਦਾ ਹੈ। ਕਰਮੁਬਖ਼ਸ਼ਸ਼। ਨਦਰੀਮੇਹਰ ਦੀ ਨਜ਼ਰ ਕਰਨ ਵਾਲਾ ਪ੍ਰਭੂ।੪।

ਅਰਥ: (ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ), (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ। ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ। ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧।

ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ। ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ, ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ।੨।

(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ; ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ, ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ।੩।

ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ, ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ।

ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ।੪।੩।੫।

TOP OF PAGE

Sri Guru Granth Darpan, by Professor Sahib Singh