ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 728 ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧ ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥ ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥ ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥ ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥ ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥ ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥ {ਪੰਨਾ 728} ਨੋਟ: ਇਸ ਸ਼ਬਦ ਵਿਚ ਦੋ ਅਲੰਕਾਰ ਦਿੱਤੇ ਹੋਏ ਹਨ-ਦੁੱਧ ਰਿੜਕਣ ਦਾ ਅਤੇ ਮੂਰਤੀ ਨੂੰ ਪੂਜਣ ਦਾ। ਭਾਂਡਾ ਧੋ ਮਾਂਜ ਕੇ ਉਸ ਵਿਚ ਦੁੱਧ ਪਾਈਦਾ ਹੈ ਤੇ ਜਾਗ ਲਾਈਦੀ ਹੈ। ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜ ਕੇ ਦੁੱਧ ਭਾਂਡੇ ਵਿਚ ਰਿੜਕੀਦਾ ਹੈ ਤੇ ਮੱਖਣ ਕੱਢੀਦਾ ਹੈ। ਠਾਕਰਾਂ ਦੀ ਮੂਰਤੀ ਨੂੰ ਡੱਬੇ ਵਿਚ ਪਾ ਕੇ ਰੱਖੀਦਾ ਹੈ, ਇਸ਼ਨਾਨ ਕਰਾਈਦਾ ਹੈ, ਫੁੱਲ ਪੱਤਰ ਆਦਿਕ ਭੇਟਾ ਕਰ ਕੇ ਪੂਜਾ ਕਰੀਦੀ ਹੈ। ਪਦਅਰਥ: ਚਉਪਦੇ—ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ। ਧੋਇ—ਧੋ ਕੇ। ਬੈਸਿ—ਬੈਠ ਕੇ, ਟਿਕ ਕੇ। ਤਉ—ਤਦੋਂ। ਦੂਧੈ ਕਉ—ਦੁੱਧ ਲੈਣ ਵਾਸਤੇ। ਕਰਮ—ਰੋਜ਼ਾਨਾ ਕਿਰਤ—ਕਾਰ। ਸਮਾਇਣੁ—ਜਾਗ। ਨਿਰਾਸ—ਦੁਨੀਆ ਦੀਆਂ ਆਸਾਂ ਤੋਂ ਨਿਰਲੇਪ ਹੋ ਕੇ।੧। ਏਕੋ ਨਾਮਾ—ਸਿਰਫ਼ ਪ੍ਰਭੂ—ਨਾਮ ਹੀ। ਅਵਰਿ—ਹੋਰ ਉੱਦਮ। ਨਿਰਾਫਲ—ਵਿਅਰਥ।੧।ਰਹਾਉ। ਹਾਥਿ—ਹੱਥ ਵਿਚ। ਨੇਤ੍ਰਉ—ਨੇਤ੍ਰਾ, ਮਧਾਣੀ ਦੇ ਦੁਆਲੇ ਵਲ੍ਹੇਟੀ ਹੋਈ ਉਹ ਰੱਸੀ ਜਿਸ ਦੀ ਮਦਦ ਨਾਲ ਮਧਾਣੀ ਨੂੰ ਭਵਾਂ ਕੇ ਚਾਟੀ ਵਿਚਲਾ ਦੁੱਧ ਰਿੜਕੀਦਾ ਹੈ। ਮਥੀਐ—ਰਿੜਕੀਦਾ ਹੈ। ਇਨ ਬਿਧਿ—ਇਹਨਾਂ ਤਰੀਕਿਆਂ ਨਾਲ।੨। ਸੰਪਟੁ—ਉਹ ਡੱਬਾ ਜਿਸ ਵਿਚ ਠਾਕੁਰ—ਮੂਰਤੀ ਨੂੰ ਰੱਖੀਦਾ ਹੈ। ਜਿਤੁ—ਜਿਸ (ਨਾਮ) ਦੀ ਰਾਹੀਂ। ਸਤ ਸਰਿ—ਸਤ ਸਰੋਵਰ ਵਿਚ, ਸਾਧ ਸੰਗਤਿ ਵਿਚ। ਭਵਨ—ਸਰਧਾ। ਪਾਤੀ—ਪੱਤਰਾਂ ਨਾਲ। ਤ੍ਰਿਪਤਿ ਕਰੇ—ਪ੍ਰਸੰਨ ਕਰੇ। ਪੂਜਾ ਪ੍ਰਾਣ—ਪ੍ਰਾਣਾਂ ਪ੍ਰਯੰਤ ਪੂਜਾ ਕਰੇ, ਆਪਾ ਵਾਰੇ, ਅਪਣੱਤ ਛੱਡੇ। ਰਵਤੁ ਰਹੈ—ਮਿਲਿਆ ਰਹਿੰਦਾ ਹੈ।੩। ਕਹਦੇ—ਕਹਿਣ ਵਾਲੇ, (ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ। ਕਹੇ ਕਹਿ—ਕਹਿ ਕਹਿ, ਦੱਸ ਦੱਸ ਕੇ। ਜਾਵਹਿ—ਚਲੇ ਜਾਂਦੇ ਹਨ, ਵਿਅਰਥ ਸਮਾ ਗਵਾ ਜਾਂਦੇ ਹਨ। ਤੁਮ ਸਰਿ—ਤੇਰੇ ਬਰਾਬਰ, ਤੇਰੇ ਸਿਮਰਨ ਦੇ ਨਾਲ ਦਾ। ਅਵਰੁ—ਹੋਰ ਉੱਦਮ। ਜੰਪੈ—ਬੇਨਤੀ ਕਰਦਾ ਹੈ। ਹਉ—ਮੈਂ। ਸਾਲਾਹੀ—ਸਿਫ਼ਤਿ-ਸਾਲਾਹ ਕਰਾਂ।੪। ਅਰਥ: (ਹੇ ਭਾਈ! ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ਼ ਪ੍ਰਭੂ-ਨਾਮ ਹੀ ਜਪੋ (ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ।੧।ਰਹਾਉ। (ਮੱਖਣ ਹਾਸਲ ਕਰਨ ਲਈ, ਹੇ ਭਾਈ!) ਤੁਸੀ (ਪਹਿਲਾਂ) ਭਾਂਡਾ ਧੋ ਕੇ ਬੈਠ ਕੇ (ਉਸ ਭਾਂਡੇ ਨੂੰ) ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ (ਫਿਰ ਜਾਗ ਲਾ ਕੇ ਉਸ ਨੂੰ ਜਮਾਂਦੇ ਹੋ। ਇਸੇ ਤਰ੍ਹਾਂ ਜੇ ਨਾਮ-ਅੰਮ੍ਰਿਤ ਪ੍ਰਾਪਤ ਕਰਨਾ ਹੈ, ਤਾਂ) ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਰੋਕੋ-ਇਹ ਇਸ ਹਿਰਦਾ-ਭਾਂਡੇ ਨੂੰ ਧੂਪ ਦਿਉ। ਤਦੋਂ ਦੁੱਧ ਲੈਣ ਜਾਵੋ। ਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂ-ਚਰਨਾਂ ਵਿਚ (ਹਰ ਵੇਲੇ) ਸੁਰਤਿ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਣੀ ਹੈ, (ਜੁੜੀ ਸੁਰਤਿ ਦੀ ਬਰਕਤਿ ਨਾਲ) ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ (ਭਾਵ, ਜੁੜੀ ਸੁਰਤਿ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤ-ਕਾਰ ਕਰਦਿਆਂ ਭੀ ਮਾਇਆ ਵਲੋਂ ਉਪਰਾਮਤਾ ਜੇਹੀ ਹੀ ਰਹੇਗੀ)।੧। (ਦੁੱਧ ਰਿੜਕਣ ਵੇਲੇ ਤੁਸੀ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ-ਰੂਪ) ਈਟੀਆਂ ਹੱਥ ਵਿਚ ਫੜੋ। ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨ ਪਾਏ-ਇਹ ਹੈ ਨੇਤ੍ਰਾ। ਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ ਜਿਉਂ ਨਾਮ ਜਪੋਗੇ,) ਤਿਉਂ ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕੀਂਦਾ ਰਹੇਗਾ, ਇਹਨਾਂ ਤਰੀਕਿਆਂ ਨਾਲ (ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ) ਨਾਮ-ਅੰਮ੍ਰਿਤ ਪ੍ਰਾਪਤ ਕਰ ਲਵੋਗੇ।੨। (ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਂਦਾ ਹੈ, ਜੇ ਜੀਵ) ਆਪਣੇ ਮਨ ਨੂੰ ਡੱਬਾ ਬਣਾਏ (ਉਸ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ) ਉਸ ਨਾਮ ਦੀ ਰਾਹੀਂ ਸਾਧ ਸੰਗਤਿ ਸਰੋਵਰ ਵਿਚ ਇਸ਼ਨਾਨ ਕਰੇ, (ਮਨ ਵਿਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ) ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ, ਜੇ ਜੀਵ ਸੇਵਕ ਬਣ ਕੇ ਆਪਾ-ਭਾਵ ਛੱਡ ਕੇ (ਅੰਦਰ-ਵੱਸਦੇ ਠਾਕੁਰ-ਪ੍ਰਭੂ ਦੀ) ਸੇਵਾ (ਸਿਮਰਨ) ਕਰੇ, ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ-ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ।੩। (ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ ਬੰਦੇ ਜੋ ਜੋ ਭੀ ਹੋਰ ਹੋਰ ਉੱਦਮ ਦੱਸਦੇ ਹਨ, ਉਹ ਦੱਸ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਜਾਂਦੇ ਹਨ (ਕਿਉਂਕਿ) ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ। (ਭਾਵੇਂ) ਨਾਨਕ (ਤੇਰਾ) ਦਾਸ ਭਗਤੀ ਤੋਂ ਸੱਖਣਾ (ਹੀ ਹੈ ਫਿਰ ਭੀ ਇਹ ਇਹੀ) ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਰਹਾਂ।੪।੧। ਸੂਹੀ ਮਹਲਾ ੧ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਅੰਤਰਿ ਵਸੈ ਨ ਬਾਹਰਿ ਜਾਇ ॥ ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥ ਐਸਾ ਗਿਆਨੁ ਜਪਹੁ ਮਨ ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥ ਗਿਆਨੁ ਧਿਆਨੁ ਸਭੁ ਕੋਈ ਰਵੈ ॥ ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥ ਸੇਵਾ ਕਰੇ ਸੁ ਚਾਕਰੁ ਹੋਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥ ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥ {ਪੰਨਾ 728} ਪਦਅਰਥ: ਅੰਤਰਿ—ਅੰਤਰ ਆਤਮੇ। ਵਸੈ—ਟਿਕਿਆ ਰਹਿੰਦਾ ਹੈ। ਬਾਹਰਿ—ਦੁਨੀਆ ਦੇ ਰਸਾਂ ਪਦਾਰਥਾਂ ਵਲ। ਛੋਡਿ—ਛੱਡ ਕੇ। ਚਾਹੇ—ਕਿਉਂ? ਬਿਖੁ—ਜ਼ਹਿਰ, ਚਸਕਿਆਂ—ਰੂਪ ਜ਼ਹਿਰ।੧। ਗਿਆਨੁ—ਡੂੰਘੀ ਸਾਂਝ, ਸੂਝ। ਜਪਹੁ—ਮੁੜ ਮੁੜ ਚੇਤੇ ਰੱਖੋ। ਹੋਵਹੁ—ਹੋ ਸਕੋ, ਬਣ ਸਕੋ। ਕੇਰੇ—ਦੇ।੧।ਰਹਾਉ। ਗਿਆਨੁ—ਆਤਮਕ ਵਿੱਦਿਆ ਦੀ ਸੂਝ। ਧਿਆਨੁ—ਸੁਰਤਿ ਜੋੜਨੀ, ਮਨ ਇਕਾਗਰ ਕਰਨਾ। ਰਵੈ—ਜ਼ਬਾਨੀ ਜ਼ਬਾਨੀ ਆਖਦਾ ਹੈ। ਬਾਂਧਨਿ—ਬੰਧਨ ਵਿਚ, ਫਾਹੀ ਵਿਚ। ਸਭੁ ਜਗੁ—ਸਾਰਾ ਸੰਸਾਰ। ਭਵੈ—ਭਟਕਦਾ ਹੈ।੨। ਸੁ—ਉਹ ਮਨੁੱਖ। ਥਲਿ—ਧਰਤੀ ਦੇ ਅੰਦਰ। ਮਹੀਅਲਿ—ਮਹੀਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰਲੇ ਪੁਲਾੜ ਵਿਚ। ਸੋਇ—ਉਹੀ ਪ੍ਰਭੂ।੩। ਪ੍ਰਣਵਤਿ—ਬੇਨਤੀ ਕਰਦਾ ਹੈ। ਸੋਇ—ਉਹ ਪਰਮਾਤਮਾ।੪। ਅਰਥ: ਹੇ ਮਨ! ਪਰਮਾਤਮਾ ਨਾਲ ਅਜੇਹੀ ਡੂੰਘੀ ਸਾਂਝ ਪੱਕੀ ਕਰ, (ਜਿਸ ਦੀ ਬਰਕਤਿ ਨਾਲ) ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ (ਸੱਚਾ) ਸੇਵਕ ਬਣ ਸਕੇਂ।੧।ਰਹਾਉ। (ਸੇਵਕ ਉਹ ਹੈ ਜਿਸ ਦਾ ਮਨ) ਦੁਨੀਆ ਦੇ ਰਸਾਂ ਪਦਾਰਥਾਂ ਵਲ ਨਹੀਂ ਦੌੜਦਾ, ਤੇ ਆਪਣੇ ਅੰਤਰ ਆਤਮੇ ਹੀ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ; ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਕੇ ਉਹ ਵਿਸ਼ਿਆਂ ਦਾ ਜ਼ਹਿਰ ਨਹੀਂ ਖਾਂਦਾ।੧। ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਹੈ, ਮੇਰੀ ਸੁਰਤਿ ਜੁੜੀ ਹੋਈ ਹੈ, ਪਰ (ਵੇਖਣ ਵਿਚ ਇਹ ਆਉਂਦਾ ਹੈ ਕਿ) ਸਾਰਾ ਜਗਤ ਮਾਇਆ ਦੇ ਮੋਹ ਦੀ ਫਾਹੀ ਵਿਚ ਬੱਝਾ ਹੋਇਆ ਭਟਕ ਰਿਹਾ ਹੈ (ਜ਼ਬਾਨੀ ਆਖਿਆਂ ਪ੍ਰਭੂ ਦਾ ਸੇਵਕ ਬਣ ਨਹੀਂ ਸਕੀਦਾ)।੨। ਜੋ ਮਨੁੱਖ (ਮਨ ਨੂੰ ਬਾਹਰ ਭਟਕਣੋਂ ਹਟਾ ਕੇ ਪ੍ਰਭੂ ਦਾ) ਸਿਮਰਨ ਕਰਦਾ ਹੈ ਉਹੀ (ਪ੍ਰਭੂ ਦਾ) ਸੇਵਕ ਬਣਦਾ ਹੈ, ਉਸ ਸੇਵਕ ਨੂੰ ਪ੍ਰਭੂ ਜਲ ਵਿਚ ਧਰਤੀ ਦੇ ਅੰਦਰ ਆਕਾਸ਼ ਵਿਚ ਹਰ ਥਾਂ ਵਿਆਪਕ ਦਿੱਸਦਾ ਹੈ।੩। ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ (ਹਉਮੈ ਦਾ ਤਿਆਗ ਕਰਦਾ ਹੈ ਤੇ) ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਕੋਈ ਮੈਥੋਂ ਮਾੜਾ ਨਹੀਂ, ਅਜੇਹੇ ਸੇਵਕ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲੈਂਦਾ ਹੈ।੪।੧।੨। ਨੋਟ: ਅਖ਼ੀਰਲੇ ਅੰਕਾਂ ਵਿਚੋਂ ਅੰਕ ੧ ਦੱਸਦਾ ਹੈ ਕਿ 'ਘਰੁ ੨' ਦਾ ਇਹ ਪਹਿਲਾ ਸ਼ਬਦ ਹੈ। |
![]() |
![]() |
![]() |
![]() |
Sri Guru Granth Darpan, by Professor Sahib Singh |