ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 726 ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥ ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥ ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥ ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥ ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥ ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥ ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥ ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥ {ਪੰਨਾ 726} ਪਦਅਰਥ: ਸਖੀ—ਸਖੀਆਂ, ਸਹੇਲੀਆਂ। ਸੇ—ਉਹ ਸਖੀਆਂ। ਭਾਈਆ—ਭਾਈਆਂ, ਪਿਆਰੀਆਂ ਲੱਗੀਆਂ। ਪੈਨਾਈਆ—ਪੈਨਾਈਆਂ, ਸਤਕਾਰੀਆਂ ਗਈਆਂ, ਉਹਨਾਂ ਨੂੰ ਸਿਰੋਪਾ ਮਿਲਿਆ। ਗਲਿ—ਗਲ ਨਾਲ। ਲਾਈਆ—ਲਾਈਆਂ।੧੧। ਦੀਜੈ—ਕਿਰਪਾ ਕਰ ਕੇ ਦੇਹ। ਪਖਾਲਦੇ—ਧੋਂਦੇ ਹਾਂ। ਘੋਲਿ—ਘੋਲ ਕੇ।੧੨। ਖਾਤੀਆ—ਖਾਤੀਆਂ, ਖਾਂਦੀਆਂ। ਮੁਖਿ—ਮੂੰਹ ਵਿਚ। ਬੀੜੀਆ—ਬੀੜੀਆਂ, ਪਾਨਾਂ ਦੀਆਂ ਬੀੜੀਆਂ। ਜਮਿ—ਜਮ ਨੇ, ਮੌਤ ਨੇ। ਪਕੜਿ—ਫੜ ਕੇ।੧੩। ਹਿਰਦੈ—ਹਿਰਦੇ ਵਿਚ। ਉਰਿ—ਹਿਰਦੇ ਵਿਚ। ਧਾਰੇ—ਧਾਰਿ, ਧਾਰ ਕੇ। ਜਮੁ—ਮੌਤ, ਮੌਤ ਦਾ ਡਰ। ਆਵਈ—ਆਵਏ, ਆਵੈ, ਆਉਂਦਾ।੧੪। ਨਿਧਾਨੁ—ਖ਼ਜ਼ਾਨਾ। ਕੋਈ—ਕੋਈ ਵਿਰਲਾ। ਗੁਰਮੁਖਿ—ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਭੇਟਿਆ—ਮਿਲ ਪਿਆ। ਰੰਗਿ—ਪ੍ਰੇਮ—ਰੰਗ ਵਿਚ। ਮਾਣੈ—ਮਾਣਦਾ ਹੈ। ਨਾਨਕ—ਹੇ ਨਾਨਕ!।੧੫। ਅਰਥ: ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ। ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ।੧੧। ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼। ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ।੧੨। ਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ), ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ)।੧੩। ਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ।੧੪। ਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ। ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ।੧੫। ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥ ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥ ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥ ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥ ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥ ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥ ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥ ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥ ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥ ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥ ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥ ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ {ਪੰਨਾ 726} ਪਦਅਰਥ: ਦਾਤਾ—(ਨਾਮ ਦੀ ਦਾਤਿ) ਦੇਣ ਵਾਲਾ। ਆਖੀਐ—ਆਖਣਾ ਚਾਹੀਦਾ ਹੈ। ਤੁਸਿ—ਤ੍ਰੁੱਠ ਕੇ। ਪਸਾਓ—ਪ੍ਰਸਾਦੁ, ਕਿਰਪਾ। ਹਉ—ਮੈਂ। ਵਿਟਹੁ—ਤੋਂ। ਵਾਰਿਆ—ਕੁਰਬਾਨ। ਜਿਨਿ—ਜਿਸ (ਗੁਰੂ) ਨੇ। ਨਾਓ—ਨਾਉ, ਨਾਮ।੧੬। ਧੰਨੁ—ਸਲਾਹੁਣ—ਜੋਗ। ਦੇਇ—ਦੇਂਦਾ ਹੈ। ਸਨੇਹਾ—ਉਪਦੇਸ਼। ਵੇਖਿ—ਵੇਖ ਕੇ। ਵਿਗਸਿਆ—ਖਿੜ ਪਿਆ ਹਾਂ। ਗੁਰ ਦੇਹਾ—ਗੁਰੂ ਦਾ ਸਰੀਰ।੧੭। ਰਸਨਾ—ਜੀਭ। ਅੰਮ੍ਰਿਤੁ—ਆਤਮਕ ਜੀਵਨ ਦੇਣ ਵਾਲਾ ਹਰਿ—ਨਾਮ। ਨਾਮਿ—ਨਾਮ ਦੀ ਰਾਹੀਂ। ਸੁਹਾਵੀ—ਸੋਹਣੀ। ਜਿਨ—ਜਿਨ੍ਹਾਂ ਨੇ {ਲਫ਼ਜ਼ 'ਜਿਨਿ' ਅਤੇ 'ਜਿਨ' ਦਾ ਫ਼ਰਕ ਵੇਖੋ}। ਸਿਖਾ—ਸਿੱਖਾਂ (ਨੇ)। ਜਾਵੀ—ਦੂਰ ਹੋ ਜਾਂਦੀ ਹੈ।੧੮। ਮਾਰਗੁ—ਰਸਤਾ। ਕਹੁ—ਦੱਸੋ। ਕਿਤੁ ਬਿਧਿ—ਕਿਸ ਤਰੀਕੇ ਨਾਲ?।੧੯। ਗੁਰਮੁਖਿ—ਗੁਰੂ ਦੀ ਸਰਨ ਪੈ ਕੇ। ਸੇ—ਉਹ {ਬਹੁ-ਵਚਨ}। ਸਾਹ—ਸ਼ਾਹ। ਦਾਣੇ—ਸਿਆਣੇ, ਦਾਨੇ। ਸਦ—ਸਦਾ। ਗੁਰ ਬਚਨਿ—ਗੁਰੂ ਦੇ ਬਚਨ ਦੀ ਰਾਹੀਂ।੨੦। ਸਾਹਿਬੋ—ਸਾਹਿਬੁ, ਮਾਲਕ। ਮੀਰਾ—ਸਰਦਾਰ, ਪਾਤਿਸ਼ਾਹ। ਤੁਧੁ—ਤੈਨੂੰ। ਗੁਣੀ—ਗੁਣਾਂ ਦਾ ਮਾਲਕ। ਗਹੀਰਾ—ਡੂੰਘੇ ਜਿਗਰੇ ਵਾਲਾ।੨੧। ਆਪੇ—ਆਪ ਹੀ। ਇਕ ਰੰਗੁ—ਇਕ ਸਰੂਪ ਵਾਲਾ। ਬਹੁ ਰੰਗੀ—ਅਨੇਕਾਂ ਸਰੂਪਾਂ ਵਾਲਾ।੨੨। ਅਰਥ: ਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤੱ੍ਰੁਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ। ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ।੧੬। ਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ। ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ।੧੭। ਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ। ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ।੧੮। ਹੇ ਭਾਈ! (ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ। ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ? ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ।੧੯। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ। ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ।੨੦। ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ। ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।੨੧। ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ। ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ।੨੨।੨। ਤਿਲੰਗ ਮਹਲਾ ੯ ਕਾਫੀ ੴ ਸਤਿਗੁਰ ਪ੍ਰਸਾਦਿ ॥ ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥ ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥ ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥ ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥ ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥ {ਪੰਨਾ 726} ਨੋਟ: ਕਾਫੀ ਇਕ ਰਾਗਣੀ ਦਾ ਨਾਮ ਹੈ। ਇਹਨਾਂ ਸ਼ਬਦਾਂ ਨੂੰ ਤਿਲੰਗ ਅਤੇ ਕਾਫੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਣਾ ਹੈ। ਪਦਅਰਥ: ਤਉ—ਤਾਂ। ਨਿਸਿ—ਰਾਤ। ਦਿਨਿ ਮੈ—ਦਿਨ ਵਿਚ। ਨਿਸ ਦਿਨ ਮਹਿ—ਰਾਤ ਦਿਨ ਵਿਚ, ਰਾਤ ਦਿਨ ਇੱਕ ਕਰ ਕੇ। ਪ੍ਰਾਨੀ—ਹੇ ਮਨੁੱਖ! ਅਉਧ—ਉਮਰ। ਬਿਹਾਤੁ ਹੈ—ਬੀਤਦੀ ਜਾ ਰਹੀ ਹੈ। ਜਿਉ—ਜਿਵੇਂ। ਫੂਟੈ ਘਟ—ਫੁੱਟੇ ਹੋਏ ਘੜੇ ਵਿਚੋਂ।੧। ਕਾਹਿ—ਕਿਉਂ? ਗਾਵਹੀ—ਗਾਵਹਿ, ਤੂੰ ਗਾਂਦਾ। ਮੂਰਖ—ਹੇ ਮੂਰਖ! ਅਗਿਆਨਾ—ਹੇ ਗਿਆਨ—ਹੀਣ! ਲਾਲਚਿ—ਲਾਲਚ ਵਿਚ। ਲਾਗਿ ਕੈ—ਫਸ ਕੇ। ਮਰਨੁ—ਮੌਤ।੧। ਅਜਹੂ—ਅਜੇ ਭੀ। ਜੋ—ਜੇ। ਗਾਵੈ—ਗਾਣੇ ਸ਼ੁਰੂ ਕਰ ਦੇਵੇ। ਕਹੁ—ਆਖ। ਨਾਨਕ—ਹੇ ਨਾਨਕ! ਤਿਹ ਭਜਨ ਤੇ—ਉਸ ਪਰਮਾਤਮਾ ਦੇ ਭਜਨ ਨਾਲ। ਤਿਹ—ਤਿਸੁ। ਤੇ—ਤੋਂ, ਨਾਲ। ਨਿਰਭੈ ਪਦੁ—ਉਹ ਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਹੀਂ ਸਕਦਾ। ਪਾਵੈ—ਪ੍ਰਾਪਤ ਕਰ ਲੈਂਦਾ ਹੈ।੨। ਅਰਥ: ਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ, (ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ।੧।ਰਹਾਉ। ਹੇ ਮੂਰਖ! ਹੇ ਬੇ-ਸਮਝ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ? ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ।੧। ਪਰ, ਹੇ ਨਾਨਕ! ਆਖ-ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨ-ਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ, (ਕਿਉਂਕਿ) ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ।੨।੧। ਤਿਲੰਗ ਮਹਲਾ ੯ ॥ ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥ ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥ ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥ ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥ ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥ {ਪੰਨਾ 726} ਪਦਅਰਥ: ਜਾਗ ਲੇਹੁ—ਹੋਸ਼ ਕਰ, ਸੁਚੇਤ ਹੋ। ਕਹਾ—ਕਿਉਂ? ਗਾਫਲ—ਗ਼ਾਫ਼ਲ, ਬੇ—ਫ਼ਿਕਰ। ਸੰਗ ਹੀ—ਸੰਗਿ ਹੀ, ਨਾਲ ਹੀ {ਲਫ਼ਜ਼ 'ਸੰਗਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸੰਗਿ—ਨਾਲ।੧।ਰਹਾਉ। ਸੁਤ—ਪੁੱਤਰ। ਬੰਧ ਜਨ—ਰਿਸ਼ਤੇਦਾਰ। ਹਿਤੁ—ਪਿਆਰ। ਜਾ ਸਿਉ—ਜਿਨ੍ਹਾਂ ਨਾਲ। ਜੀਉ—ਜਿੰਦ। ਛੂਟਿਓ—ਨਿਕਲ ਜਾਂਦੀ ਹੈ। ਦੇਹ ਤੇ—ਸਰੀਰ ਵਿਚੋਂ। ਤੇ—ਤੋਂ, ਵਿਚੋਂ। ਡਰਿ ਦੀਨਾ—ਸੁੱਟ ਦਿੱਤਾ। ਅਗਨਿ ਮਹਿ—ਅੱਗ ਵਿਚ।੧। ਜੀਵਤ ਲਉ—ਜ਼ਿੰਦਗੀ ਤਕ। ਲਉ—ਤਕ। ਬਿਉਹਾਰੁ—ਵਰਤਣ—ਵਿਹਾਰ। ਜਗ ਕਉ—ਜਗਤ ਨੂੰ। ਜਾਨਉ—ਜਾਨਹੁ, ਸਮਝੋ। ਸਮਾਨਉ—ਸਮਾਨ, ਵਰਗਾ।੨। ਅਰਥ: ਹੇ ਮਨ! ਹੋਸ਼ ਕਰ, ਹੋਸ਼ ਕਰ! ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ? (ਵੇਖ,) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ ਜਾਂਦਾ।੧।ਰਹਾਉ। ਹੇ ਮਨ! (ਵੇਖ,) ਮਾਂ, ਪਿਉ, ਪੁੱਤਰ, ਰਿਸ਼ਤੇਦਾਰ-ਜਿਨ੍ਹਾਂ ਨਾਲ ਮਨੁੱਖ (ਸਾਰੀ ਉਮਰ) ਪਿਆਰ ਕਰਦਾ ਰਹਿੰਦਾ ਹੈ, ਜਦੋਂ ਜਿੰਦ ਸਰੀਰ ਵਿਚੋਂ ਵੱਖ ਹੁੰਦੀ ਹੈ, ਤਦੋਂ (ਉਹ ਸਾਰੇ ਰਿਸ਼ਤੇਦਾਰ, ਉਸ ਦੇ ਸਰੀਰ ਨੂੰ) ਅੱਗ ਵਿਚ ਪਾ ਦੇਂਦੇ ਹਨ।੧। ਹੇ ਨਾਨਕ! (ਆਖ-ਹੇ ਮਨ!) ਜਗਤ ਨੂੰ ਤੂੰ ਇਉਂ ਹੀ ਸਮਝ (ਕਿ ਇਥੇ) ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ। ਉਂਞ, ਇਹ ਸਾਰਾ ਸੁਪਨੇ ਵਾਂਗ ਹੀ ਹੈ। (ਇਸ ਵਾਸਤੇ ਜਦ ਤਕ ਜੀਊਂਦਾ ਹੈਂ) ਪਰਮਾਤਮਾ ਦੇ ਗੁਣ ਗਾਂਦਾ ਰਹੁ।੨।੨। TOP OF PAGE |
![]() |
![]() |
![]() |
![]() |
Sri Guru Granth Darpan, by Professor Sahib Singh |