ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 723

ਤਿਲੰਗ ਮਹਲਾ ੪ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥ ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥ ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥ {ਪੰਨਾ 723}

ਪਦਅਰਥ: ਸਭਿਸਾਰੇ ਜੀਵ। ਹੁਕਮਿਹੁਕਮ ਅਨੁਸਾਰ। ਖਸਮਾਹੁਖਸਮ ਤੋਂ। ਹੁਕਮਿਹੁਕਮ ਵਿਚ। ਸਭਸਾਰੀ ਸ੍ਰਿਸ਼ਟੀ। ਵਰਤਨੀਕੰਮ ਕਰ ਰਹੀ ਹੈ। ਸਚੁਸਦਾ ਕਾਇਮ ਰਹਿਣ ਵਾਲਾ। ਸਾਚਾਅਟੱਲ (ਨਿਯਮਾਂ ਵਾਲਾ)ਖੇਲੁਜਗਤਤਮਾਸ਼ਾ। ਸਭਹਰ ਥਾਂ। ਧਨੀਮਾਲਕ।੧।

ਜਿਸੁ ਸਰੀਕੁਜਿਸ ਦੇ ਬਰਾਬਰ ਦਾ। ਲੇਖੈਲੇਖੇ ਵਿਚ। ਹਉਮੈਂ। ਗਨੀਗਨੀਂ, ਮੈਂ। (ਗੁਣ) ਬਿਆਨ ਕਰਾਂ।ਰਹਾਉ।

ਵਰਤੈਮੌਜੂਦ ਹੈ। ਕਹੁਦੱਸੋ। ਕਿਆਕਿਸ ਨੂੰ?੨।

ਅਰਥ: ਹੇ ਭਾਈ! ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ। ਜਿਸ ਹਰੀ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ?ਰਹਾਉ।

ਹੇ ਭਾਈ! ਸਾਰੇ ਜੀਵ ਹੁਕਮ ਅਨੁਸਾਰ ਖਸਮ-ਪ੍ਰਭੂ ਤੋਂ ਹੀ ਜਗਤ ਵਿਚ ਆਏ ਹਨ, ਸਾਰੀ ਲੁਕਾਈ ਉਸ ਦੇ ਹੁਕਮ ਵਿਚ (ਹੀ) ਕੰਮ ਕਰ ਰਹੀ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ (ਰਚਿਆ ਜਗਤ-) ਤਮਾਸ਼ਾ ਅਟੱਲ (ਨਿਯਮਾਂ ਵਾਲਾ ਹੈ)ਹਰ ਥਾਂ ਉਹ ਮਾਲਕ ਆਪ ਮੌਜੂਦ ਹੈ।੧।

ਹੇ ਭਾਈ! ਹਵਾ, ਪਾਣੀ, ਧਰਤੀ ਆਕਾਸ਼-ਇਹ ਸਾਰੇ ਪਰਮਾਤਮਾ ਦੇ (ਰਹਿਣ ਵਾਸਤੇ) ਘਰ ਮੰਦਰ ਬਣੇ ਹੋਏ ਹਨ। ਹੇ ਨਾਨਕ! ਇਹਨਾਂ ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਦੱਸੋ, ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਾਂ?੨।੧।

ਤਿਲੰਗ ਮਹਲਾ ੪ ॥ ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ ॥ ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥੧॥ ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥ ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥ ਰਹਾਉ ॥ ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥ ਤਿਸੁ ਨਾਨਕ ਲਏ ਛਡਾਇ ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥ {ਪੰਨਾ 723}

ਪਦਅਰਥ: ਨਿਹਫਲ ਕਰਮਉਹ ਕੰਮ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ। ਬਫਾਵੈਲਾਫ਼ਾਂ ਮਾਰਦਾ ਹੈ, ਮਾਣ ਕਰਦਾ ਹੈ। ਦੁਰਮਤੀਆਖੋਟੀ ਅਕਲ ਵਾਲਾ ਮਨੁੱਖ। ਆਵੈਲਿਆਉਂਦਾ ਹੈ। ਵਲਵੰਚਛਲ। ਕਰਿਕਰ ਕੇ। ਜਾਣੈਸਮਝਦਾ ਹੈ।੧।

ਬਾਜੀਖੇਡ, ਤਮਾਸ਼ਾ। ਬਿਨਸੈਨਾਸ ਹੋ ਜਾਂਦਾ ਹੈ। ਝੂਠੁਨਾਸਵੰਤ। ਮਨਹੇ ਮਨ!ਰਹਾਉ।

ਚਿਤਿਚਿੱਤ ਵਿਚ। ਜਿਤੁਜਿਸ (ਵੇਲੇ) ਵਿਚ। ਆਇਆ ਕੇ। ਕੰਟਕੁਕੰਡਾ, ਕੰਡੇ ਵਰਗਾ ਦੁਖਦਾਈ। ਗ੍ਰਸੈਫੜ ਲੈਂਦਾ ਹੈ। ਜਿਸੁ ਹਿਰਦੈਜਿਸ ਦੇ ਹਿਰਦੇ ਵਿਚ।੨।

ਅਰਥ: ਹੇ ਮੇਰੇ ਮਨ! ਜਗਤ ਇਹੋ ਜਿਹਾ ਹੈ ਜਿਵੇਂ ਇਕ ਖੇਡ ਹੁੰਦੀ ਹੈ, ਇਹ ਸਾਰਾ ਨਾਸਵੰਤ ਹੈ, ਇਕ ਛਿਨ ਵਿਚ ਨਾਸ ਹੋ ਜਾਂਦਾ ਹੈ (ਪਰ ਖੋਟੀ ਮਤਿ ਵਾਲਾ ਮਨੁੱਖ ਫਿਰ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਹੇ ਮੇਰੇ ਮਨ! ਤੂੰ ਤਾਂ ਪਰਮਾਤਮਾ ਦਾ ਧਿਆਨ ਧਰਦਾ ਰਹੁ।ਰਹਾਉ।

ਹੇ ਮੇਰੇ ਮਨ! ਖੋਟੀ ਬੁਧਿ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ, (ਫਿਰ ਭੀ ਅਜੇਹੇ ਵਿਅਰਥ ਕੰਮ ਕਰ ਕੇ) ਲਾਫ਼ਾਂ ਮਾਰਦਾ ਰਹਿੰਦਾ ਹੈ। ਜਦੋਂ ਕੋਈ ਠੱਗੀ ਕਰ ਕੇ, ਕੋਈ ਝੂਠ ਬੋਲ ਕੇ (ਕੁਝ ਧਨ-ਮਾਲ) ਲੈ ਆਉਂਦਾ ਹੈ, ਤਦੋਂ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ।੧।

ਹੇ ਮੇਰੇ ਮਨ! ਖੋਟੀ ਮਤਿ ਵਾਲੇ ਮਨੁੱਖ ਨੂੰ ਉਹ ਵੇਲਾ (ਕਦੇ) ਯਾਦ ਨਹੀਂ ਆਉਂਦਾ, ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਮੇਹਰ ਕਰ ਕੇ ਆ ਵੱਸਦਾ ਹੈ, ਉਸ ਨੂੰ (ਮੌਤ ਦੇ ਡਰ ਤੋਂ) ਛਡਾ ਲੈਂਦਾ ਹੈ।੨।੨।੭।

ਤਿਲੰਗ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਖਾਕ ਨੂਰ ਕਰਦੰ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥ ਬੰਦੇ ਚਸਮ ਦੀਦੰ ਫਨਾਇ ॥ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥ ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥ ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥ {ਪੰਨਾ 723}

ਪਦਅਰਥ: ਖਾਕਖ਼ਾਕ, ਮਿੱਟੀ, ਅਚੇਤਨ। ਨੂਰਜੋਤੀ, ਆਤਮਾ। ਕਰਦੰਬਣਾ ਦਿੱਤਾ। ਆਲਮਜਹਾਨ। ਜਿਮੀਜ਼ਿਮੀ, ਧਰਤੀ। ਦਰਖਤਦਰਖ਼ਤ, ਰੁੱਖ। ਆਬਪਾਣੀ। ਪੈਦਾਇਸਿ ਖੁਦਾਇਪੈਦਾਇਸ਼ਿ ਖ਼ੁਦਾਇ, ਪਰਮਾਤਮਾ ਦੀ ਰਚਨਾ। ਖੁਦਾਇਪਰਮਾਤਮਾ।੧।

ਬੰਦੇਹੇ ਮਨੁੱਖ! ਚਸਮਚਸ਼ਮ, ਅੱਖਾਂ। ਦੀਦੰਦਿੱਸਦਾ। ਫਨਾਇਫ਼ਨਾਇ, ਨਾਸਵੰਤ। ਮੁਰਦਾਰਹਰਾਮ। ਖੁਰਦਨੀਖ਼ੁਰਦਨੀ, ਖਾਣ ਵਾਲੀ। ਗਾਫਲਗ਼ਾਫ਼ਲ, ਭੁੱਲੀ ਹੋਈ। ਹਵਾਇਹਿਰਸ, ਲਾਲਚ।ਰਹਾਉ।

ਗੈਬਾਨਗ਼ੈਬਾਨ, ਨਾਹ ਦਿੱਸਣ ਵਾਲੇ, ਭੂਤ ਪ੍ਰੇਤ। ਹੈਵਾਨਪਸ਼ੂ। ਕੁਸਤਨੀਕੁਸ਼ਤਨੀ, ਮਾਰਨ ਵਾਲੀ। ਬਖੋਰਾਇਬਖ਼ੋਰਾਇ, ਖਾਂਦੀ ਹੈ। ਕਬਜ ਕਬਜਾਕਬਜ਼ ਕਬਜ਼ਾ, ਮੁਕੰਮਲ ਕਬਜ਼ਾ। ਕਾਦਰੋਪੈਦਾ ਕਰਨ ਵਾਲਾ ਪ੍ਰਭੂ। ਦੋਜਕ ਸਜਾਇਦੋਜ਼ਕ ਸਜ਼ਾਇਦੋਜ਼ਕ ਦੀ ਸਜ਼ਾ ਦੇਂਦਾ ਹੈ।੨।

ਵਲੀ ਨਿਆਮਤਿਨਿਆਮਤਾਂ ਦੇਣ ਵਾਲਾ ਪਿਤਾ। ਬਿਰਾਦਰਾਭਰਾ। ਮਿਲਕ ਜਾਇਦਾਦ। ਖਾਨਾਇਖ਼ਾਨਾਇ, ਘਰ। ਬਸਤਨੀਬੰਨ੍ਹ ਲਏਗਾ। ਚਿ ਕਾਰੇਕਿਸ ਕੰਮ? ਚਿਕੀਹ? ਬਿਦਾਇਵਿਦਾ ਹੋਣ ਵੇਲੇ। ਅਜਰਾਈਲੁਅਜ਼ਰਾਈਲ, ਮੌਤ ਦਾ ਫ਼ਰਿਸ਼ਤਾ।੩।

ਪਾਕ ਅਲਾਹਪਵਿਤ੍ਰ ਪਰਮਾਤਮਾ। ਅਲਾਹਅੱਲਾਹ। ਹਵਾਲ ਮਾਲੂਮ ਕਰਦੰ—(ਤੇਰੇ ਦਿਲ ਦਾ) ਹਾਲ ਜਾਣਦਾ ਹੈ। ਬੁਗੋਆਖ। ਪੇਸਿਸਾਹਮਣੇ, ਪੇਸ਼ਿ। ਪੇਸਿ ਦਰਵੇਸ ਬੰਦਾਹਦਰਵੇਸ਼ ਬੰਦਿਆਂ ਦੇ ਅੱਗੇ।੪।

ਅਰਥ: ਹੇ ਮਨੁੱਖ! ਜੋ ਕੁਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ। ਪਰ ਦੁਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ)ਰਹਾਉ।

ਹੇ ਭਾਈ! ਚੇਤਨ ਜੋਤਿ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਹੈ। ਆਸਮਾਨ, ਧਰਤੀ, ਰੁੱਖ, ਪਾਣੀ (ਆਦਿਕ ਇਹ ਸਭ ਕੁਝ) ਪਰਮਾਤਮਾ ਦੀ ਰਚਨਾ ਹੈ।੧।

ਹੇ ਭਾਈ! ਗ਼ਾਫ਼ਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ। ਇਸ ਦੇ ਦਿਲ ਉਤੇ (ਮਾਇਆ ਦਾ) ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ।੨।

ਹੇ ਭਾਈ! ਜਦੋਂ ਮੌਤ ਦਾ ਫ਼ਰਿਸ਼ਤਾ (ਆ ਕੇ) ਬੰਨ੍ਹ ਲੈਂਦਾ ਹੈ, ਤਦੋਂ ਪਾਲਣ ਵਾਲਾ ਪਿਉ, ਭਰਾ, ਦਰਬਾਰ, ਜਾਇਦਾਦ, ਘਰ-ਇਹ ਸਾਰੇ (ਜਗਤ ਤੋਂ) ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ?੩।

ਹੇ ਭਾਈ! ਪਵਿਤ੍ਰ ਪਰਮਾਤਮਾ (ਤੇਰੇ ਦਿਲ ਦਾ) ਸਾਰਾ ਹਾਲ ਜਾਣਦਾ ਹੈ। ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ ਦਰ ਤੇ) ਅਰਦਾਸ ਕਰਿਆ ਕਰ (ਕਿ ਤੈਨੂੰ ਮਾਇਆ ਦੀ ਹਵਸ ਵਿਚ ਨਾਹ ਫਸਣ ਦੇਵੇ)੪।੧।

ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਪੰਨਾ 723-724}

ਪਦਅਰਥ: ਕਰਹਿਤੂੰ ਕਰਦਾ ਹੈਂ। ਜੋਰੁਬਲ। ਮਨਿਮਨ ਵਿਚ। ਟੇਕਆਸਰਾ। ਨਾਨਕਹੇ ਨਾਨਕ!੧।

ਆਧਾਰੁਸਹਾਰਾ।ਰਹਾਉ।

ਤੂ ਹੈਤੂੰ ਹੀ। ਹੋਵਨਹਾਰਸਦਾ ਕਾਇਮ ਰਹਿਣ ਵਾਲਾ। ਅਗਮਅਪਹੁੰਚ। ਅਗਾਧਿਅਥਾਹ। ਆਪਾਰਅਪਾਰ, ਬੇਅੰਤ। ਤੁਧੁਤੈਨੂੰ। ਸੇਵਹਿਸਿਮਰਦੇ ਹਨ। ਪ੍ਰਸਾਦਿਕਿਰਪਾ ਨਾਲ। ਗਾਹਿਗਾਂਦੇ ਹਨ।੨।

ਦੀਸੈਦਿੱਸਦਾ ਹੈ। ਗੁਣ ਨਿਧਾਨਹੇ ਗੁਣਾਂ ਦੇ ਖ਼ਜ਼ਾਨੇ! ਅਨੂਪਹੇ ਸੁੰਦਰ! ਜਨਹੇ ਜਨ! ਸੋਇਉਸ ਪਰਮਾਤਮਾ ਨੂੰ ਹੀ। ਕਰਮਿਮੇਹਰ ਨਾਲ।੩।

ਜਿਨਿਜਿਸ (ਮਨੁੱਖ) ਨੇ। ਤਿਸ ਕਉ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}ਬਲਿਹਾਰਸਦਕੇ। ਤਿਸ ਕੈ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੈ' ਦੇ ਕਾਰਨ ਉੱਡਿਆ ਹੈ}ਕੈ ਸੰਗਿਦੇ ਨਾਲ। ਲੋਚਾਤਾਂਘ। ਪੂਰਿਪੂਰੀ ਕਰ। ਬਾਛਉਬਾਛਉਂ, ਮੈਂ ਚਾਹੁੰਦਾ ਹਾਂ। ਧੂਰਿਚਰਨਧੂੜ।੪।

ਅਰਥ: ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ।

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।੨।

ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ। ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ।੩।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੨।

TOP OF PAGE

Sri Guru Granth Darpan, by Professor Sahib Singh