ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 720 ਬੈਰਾੜੀ ਮਹਲਾ ੪ ॥ ਜਪਿ ਮਨ ਰਾਮ ਨਾਮੁ ਨਿਸਤਾਰਾ ॥ ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥ ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥ ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥ ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥ ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥ {ਪੰਨਾ 720} ਪਦਅਰਥ: ਮਨ—ਹੇ ਮਨ! ਨਿਸਤਾਰਾ—ਪਾਰ—ਉਤਾਰਾ। ਕੋਟੁ—ਕਿਲ੍ਹਾ। ਕੋਟ—ਕਿਲ੍ਹੇ। ਕੋਟਿ—ਕ੍ਰੋੜ। ਕੋਟ ਕੋਟੰਤਰ ਕੇ—ਅਨੇਕਾਂ ਕਿਲਿ੍ਹਆਂ ਦੇ, ਅਨੇਕਾਂ ਜੂਨਾਂ ਦੇ। ਸਭਿ—ਸਾਰੇ। ਖੋਵੈ—ਨਾਸ ਕਰਦਾ ਹੈ। ਭਵਜਲੁ—ਸੰਸਾਰ—ਸਮੁੰਦਰ।੧।ਰਹਾਉ। ਕਾਇਆ—ਸਰੀਰ। ਨਗਰਿ—ਨਗਰ ਵਿਚ। ਨਿਰੰਕਾਰਾ—ਆਕਾਰ—ਰਹਿਤ। ਨਿਕਟਿ—ਨੇੜੇ। ਗੁਰ ਵੀਚਾਰਾ—ਗੁਰੂ ਦੀ ਦਿੱਤੀ ਸੂਝ ਨਾਲ।੧। ਆਪੇ—ਆਪ ਹੀ। ਪਾਸਾਰਾ—ਖਿਲਾਰਾ। ਵਿਹਾਝੇ—ਖ਼ਰੀਦਦਾ ਹੈ। ਸਚਾ—ਸਦਾ-ਥਿਰ।੨। ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ। (ਪਰਮਾਤਮਾ ਦਾ ਨਾਮ) ਅਨੇਕਾਂ ਜੂਨਾਂ ਦੇ (ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ, ਪਰਮਾਤਮਾ (ਸਿਮਰਨ ਕਰਨ ਵਾਲੇ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।੧।ਰਹਾਉ। (ਹੇ ਭਾਈ!) ਮਾਲਕ-ਪ੍ਰਭੂ (ਸਾਡੇ) ਸਰੀਰ-ਸ਼ਹਰ ਵਿਚ ਵੱਸਦਾ ਹੈ, (ਫਿਰ ਭੀ) ਉਸ ਨੂੰ ਕੋਈ ਡਰ ਨਹੀਂ ਪੋਂਹਦਾ, ਉਸ ਨੂੰ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਖ਼ਾਸ ਆਕਾਰ ਨਹੀਂ। ਪਰਮਾਤਮਾ (ਸਦਾ ਸਾਡੇ) ਨੇੜੇ ਵੱਸਦਾ ਹੈ, (ਪਰ ਸਾਨੂੰ) ਦਿੱਸਦਾ ਨਹੀਂ (ਹਾਂ,) ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ।੧। (ਗੁਰੂ ਦੀ ਬਖ਼ਸ਼ੀ ਮਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ।੨।੪। ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥ ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥ ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥ ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥ ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥ ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥ {ਪੰਨਾ 720} ਪਦਅਰਥ: ਮਨ—ਹੇ ਮਨ! ਨਿਰੰਜਨੁ—{ਨਿਰ—ਅੰਜਨੁ। ਅੰਜਨੁ—ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਜਾ ਕਾ—ਜਿਸ (ਹਰੀ) ਦਾ। ਪਾਰਾਵਾਰ—ਪਾਰ ਅਵਾਰ, ਪਾਰਲਾ ਉਰਲਾ ਬੰਨਾ।੧।ਰਹਾਉ। ਅਗਨਿ ਕੁੰਟ—ਅੱਗ ਦਾ ਕੁੰਡ। ਮਹਿ—ਵਿਚ। ਉਰਧ—ਉਲਟਾ (ਲਟਕਿਆ ਹੋਇਆ)। ਲਿਵ ਲਾਗਾ—ਸੁਰਤਿ ਜੋੜੀ ਰੱਖਦਾ ਹੈ। ਉਦਰ—(ਮਾਂ ਦਾ) ਪੇਟ। ਮੰਝਾਰਾ—ਮੰਝ, ਵਿਚ। ਅੰਤਿ—ਅਖ਼ੀਰ ਵੇਲੇ।੧। ਕੈ ਹਿਰਦੈ—ਦੇ ਹਿਰਦੇ ਵਿਚ। ਤੇ—ਤੋਂ, ਨਾਲ। ਪਾਈਐ—ਲੱਭਦਾ ਹੈ। ਹਰਿ ਜਪੁ—ਹਰੀ ਦਾ ਜਪ। ਅਧਾਰਾ—ਆਸਰਾ।੨। ਅਰਥ: ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ। ਹੇ ਮਨ! ਜਿਸ (ਪ੍ਰਭੂ ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ (ਦੇ ਸਰੂਪ ਦਾ) ਹੱਦ-ਬੰਨਾ ਨਹੀਂ ਲੱਭਦਾ, ਉਸ ਸੁਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ।੧।ਰਹਾਉ। ਹੇ ਮਨ! ਜਦੋਂ ਜੀਵ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਪੁੱਠਾ ਲਟਕਿਆ ਹੋਇਆ (ਉਸ ਦੇ ਚਰਨਾਂ ਵਿਚ) ਸੁਰਤਿ ਜੋੜੀ ਰੱਖਦਾ ਹੈ (ਤਦੋਂ) ਪਰਮਾਤਮਾ (ਮਾਂ ਦੇ) ਪੇਟ ਵਿਚ ਉਸ ਦੀ ਰੱਖਿਆ ਕਰਦਾ ਹੈ। ਹੇ ਮੇਰੇ ਮਨ! ਇਹੋ ਜਿਹੀ ਸਮਰਥਾ ਵਾਲੇ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ, ਅਖ਼ੀਰ ਵੇਲੇ ਭੀ ਉਹੀ ਪ੍ਰਭੂ ਛਡਾ ਸਕਣ ਵਾਲਾ ਹੈ।੧। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਸੱਚਾ ਵੱਸਿਆ ਰਹਿੰਦਾ ਹੈ, ਹੇ ਮੇਰੇ ਮਨ! ਉਸ ਮਨੁੱਖ ਅੱਗੇ ਸਦਾ ਸਿਰ ਨਿਵਾਇਆ ਕਰ। ਹੇ ਨਾਨਕ! (ਆਖ-ਹੇ ਮਨ!) ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ ਹੈ (ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ) ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।੨।੫। ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥ ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥ ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥ ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥ {ਪੰਨਾ 720} ਪਦਅਰਥ: ਮਨ—ਹੇ ਮਨ! ਧਿਆਇ—ਧਿਆਨ ਧਰਿਆ ਕਰ। ਨਿਤ—ਸਦਾ। ਇਛਹਿ—ਤੂੰ ਚਾਹੇਂਗਾ। ਪਾਵਹਿ—ਤੂੰ ਹਾਸਲ ਕਰ ਲਏਂਗਾ। ਨ ਲਾਗੈ—ਪੋਹ ਨਹੀਂ ਸਕੇਗਾ। ਆਇ—ਆ ਕੇ।੧।ਰਹਾਉ। ਜਿਤੁ—ਜਿਸ (ਸਿਮਰਨ) ਦੀ ਰਾਹੀਂ। ਸੋ ਜਪੁ—ਉਹ (ਸਿਮਰਨ ਭੀ) ਜਪ ਹੈ। ਝੂਠੀ—ਨਾਸਵੰਤ। ਸਭ—ਸਾਰੀ। ਬਿਸਰਿ ਜਾਇ—ਭੁੱਲ ਜਾਂਦੀ ਹੈ।੧। ਸਰਬ—ਸਾਰੀਆਂ। ਕਲ—ਤਾਕਤਾਂ। ਹਰਿ ਜੀਉ—ਹੇ ਪ੍ਰਭੂ ਜੀ! ਭਾਵੈ—(ਜਿਵੇਂ ਤੈਨੂੰ) ਚੰਗਾ ਲੱਗੇ। ਛਡਾਇ—(ਹੋਰ ਹੋਰ ਪ੍ਰੀਤਿ ਤੋਂ) ਬਚਾ ਲੈ।੨। ਅਰਥ: ਹੇ (ਮੇਰੇ) ਮਨ! ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਪ੍ਰਭੂ ਦਾ ਧਿਆਨ ਧਰਿਆ ਕਰ, (ਉਸ ਪ੍ਰਭੂ ਦੇ ਦਰ ਤੋਂ) ਜੋ ਕੁਝ ਮੰਗੇਂਗਾ, ਉਹੀ ਪ੍ਰਾਪਤ ਕਰ ਲਏਂਗਾ। ਕੋਈ ਦੁੱਖ ਭੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ।੧।ਰਹਾਉ। ਹੇ ਮਨ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਨਾਲ ਪ੍ਰੀਤਿ ਬਣੀ ਰਹਿੰਦੀ ਹੈ, ਉਹ ਸਿਮਰਨ ਹੀ ਜਪ ਹੈ, ਉਹ ਸਿਮਰਨ ਹੀ ਤਪ ਹੈ, ਉਹ ਸਿਮਰਨ ਹੀ ਵਰਤ ਹੈ, ਉਹ ਸਿਮਰਨ ਹੀ ਪੂਜਾ ਹੈ। ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਹੋਰ (ਜਪ ਤਪ ਆਦਿਕ ਦਾ) ਪਿਆਰ ਝੂਠਾ ਹੈ, ਇਕ ਛਿਨ ਵਿਚ ਹੀ ਉਹ ਪਿਆਰ ਭੁੱਲ ਜਾਂਦਾ ਹੈ।੧। ਹੇ ਨਾਨਕ! (ਆਖ-) ਹੇ ਪ੍ਰਭੂ ਜੀ! ਤੂੰ ਬੇਅੰਤ ਹੈਂ, ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਮੈਂ (ਨਾਨਕ) ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤਿ ਤੋਂ ਬਚਾਈ ਰੱਖ।੨।੬। ਰਾਗੁ ਬੈਰਾੜੀ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥ ਜੋ ਚਾਹਤ ਸੋਈ ਮਨਿ ਪਾਇਓ ॥ ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥ ਸਰਬ ਸੂਖ ਹਰਿ ਨਾਮਿ ਵਡਾਈ ॥ ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥ {ਪੰਨਾ 720} ਪਦਅਰਥ: ਮਿਲਿ—ਮਿਲ ਕੇ। ਜਸੁ—ਸਿਫ਼ਤਿ-ਸਾਲਾਹ ਦਾ ਗੀਤ। ਗਾਇਓ—ਗਾਇਆ। ਕੋਟਿ—ਕ੍ਰੋੜਾਂ। ਗਵਾਇਓ—ਦੂਰ ਕਰ ਲਏ।੧।ਰਹਾਉ। ਚਾਹਤ—ਚਾਹੁੰਦਾ ਹੈ। ਸੋਈ—ਉਹੀ ਮੁਰਾਦ। ਮਨਿ—ਮਨ ਵਿਚ। ਪਾਇਓ—ਪ੍ਰਾਪਤ ਕਰ ਲਈ। ਕਰਿ—ਕਰ ਕੇ। ਦਿਵਾਇਓ—(ਪ੍ਰਭੂ ਪਾਸੋਂ) ਦਿਵਾ ਦਿੱਤਾ।੧। ਹਰਿ ਨਾਮਿ—ਪ੍ਰਭੂ ਦੇ ਨਾਮ ਵਿਚ (ਜੁੜਿਆਂ)। ਸਰਬ—ਸਾਰੇ। ਵਡਾਈ—ਆਦਰ ਇੱਜ਼ਤ। ਪ੍ਰਸਾਦਿ—ਕਿਰਪਾ ਨਾਲ। ਮਤਿ—ਅਕਲ।੨। ਅਰਥ: ਹੇ ਭਾਈ! ਜਿਸ ਭੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ, ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ।੧।ਰਹਾਉ। ਹੇ ਭਾਈ! ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਭੀ ਆਪਣੇ ਮਨ ਵਿਚ ਚਾਹ ਕੀਤੀ, ਉਸ ਨੂੰ ਉਹੀ ਪ੍ਰਾਪਤ ਹੋ ਗਈ। (ਗੁਰੂ ਨੇ) ਕਿਰਪਾ ਕਰ ਕੇ ਉਸ ਨੂੰ (ਪ੍ਰਭੂ ਦੇ ਦਰ ਤੋਂ) ਪ੍ਰਭੂ ਦਾ ਨਾਮ ਭੀ ਦਿਵਾ ਦਿੱਤਾ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, (ਲੋਕ ਪਰਲੋਕ ਵਿਚ) ਇੱਜ਼ਤ (ਭੀ ਮਿਲ ਜਾਂਦੀ ਹੈ)। ਹੇ ਨਾਨਕ! (ਪ੍ਰਭੂ ਦੇ ਨਾਮ ਵਿਚ ਜੁੜਨ ਦੀ ਇਹ) ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ।੨।੧।੭। ਨੋਟ:
ਅੰਕ ੧-ਮਹਲਾ ੫ ਦਾ ਇਕ ਸ਼ਬਦ |
![]() |
![]() |
![]() |
![]() |
Sri Guru Granth Darpan, by Professor Sahib Singh |