ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 710

ਪਉੜੀ ॥ ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥ ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥ ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥ ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥ {ਪੰਨਾ 710}

ਪਦਅਰਥ: ਨ ਬਿਆਪੈਜ਼ੋਰ ਨਹੀਂ ਪਾ ਸਕਦੀ। ਕੋਟਿ ਅਘਾਕਰੋੜਾਂ ਪਾਪ। ਨਿਰਮਲਪਵਿਤ੍ਰ। ਜਨ ਧੂਰੀਸੰਤ ਜਨਾਂ ਦੀ ਚਰਨਧੂੜ ਵਿਚ। ਨਾਇਆਨ੍ਹਾਤਿਆਂ। ਕੁਟੰਬਪਰਵਾਰ। ਸਬਾਇਆਸਾਰੀ।

ਅਰਥ: ਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ। ਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ, ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ, (ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ।੧੮।

ਸਲੋਕ ॥ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥ ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥ ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥ ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥ {ਪੰਨਾ 710}

ਪਦਅਰਥ: ਪੂਰਨਸਰਬਵਿਆਪਕ। ਪਤਿਤ ਉਧਾਰਣਹਵਿਕਾਰੀਆਂ ਨੂੰ ਤਾਰਨ ਵਾਲਾ।੧।

ਭਉਜਲਸੰਸਾਰਸਮੁੰਦਰ। ਬਿਖਮੁਔਖਾ, ਡਰਾਉਣਾ। ਅਸਗਾਹੁਅਥਾਹ। ਗੁਰਿਗੁਰੂ ਨੇ। ਬੋਹਿਥੈਜਹਾਜ਼ ਨੇ। ਗੁਰਿ ਬੋਹਿਥੈਗੁਰੂ ਜਹਾਜ਼ ਨੇ। ਤਾਰਿਅਮੁਮੈਨੂੰ ਤਾਰ ਲਿਆ ਹੈ। ਪੂਰ ਕਰੰਮਪੂਰੇ ਭਾਗ, ਚੰਗੇ ਭਾਗ।੧।

ਅਰਥ: ਹੇ ਨਾਨਕ! ਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ। ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ।

ਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ। ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ।੨।

ਪਉੜੀ ॥ ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥ ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥ ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥ ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥ ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥ {ਪੰਨਾ 710}

ਪਦਅਰਥ: ਧੰਨੁ ਗੁਰਦੇਵਸਦਕੇ ਹਾਂ ਗੁਰੂ ਤੋਂ, ਸ਼ਾਬਾਸ਼ੇ ਗੁਰੂ ਨੂੰ। ਜਿਸੁ ਸੰਗਿਜਿਸ ਦੀ ਸੰਗਤਿ ਵਿਚ। ਸਭਿ ਅਵਗੁਣਸਾਰੇ ਐਬ। ਛਪੇਦੂਰ ਹੋ ਜਾਂਦੇ ਹਨ। ਨੀਚਹੁਨੀਵੇਂ ਤੋਂ। ਉਚ ਥਪੇਉੱਚੇ ਥਾਪ ਦੇਂਦਾ ਹੈ। ਸਿਲਕ—{} ਫਾਹੀ, ਰੱਸੀ। ਅਪ ਦਸੇਆਪਣੇ ਦਾਸ। ਰਸਨਾਜੀਭ (ਨਾਲ)ਜਸੇਜਸ।

ਅਰਥ: ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ, ਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ, ਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ, ਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ, (ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੀਦੀ ਹੈ।੧੯।

ਸਲੋਕ ॥ ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥ ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥ ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥ ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥ {ਪੰਨਾ 710}

ਪਦਅਰਥ: ਏਕੋਇਕ ਪ੍ਰਭੂ ਹੀ। ਦ੍ਰਿਸਟੰਤਦਿੱਸਦਾ ਹੈ। ਵਰਤੰਤਮੌਜੂਦ ਹੈ। ਨਰਹਰਹਨਰਾਂ ਦਾ ਸਾਈਂ, ਖ਼ਲਕਤ ਦਾ ਮਾਲਕ। ਜਾਚੰਤਿਜੋ ਮੰਗਦੇ ਹਨ। ਦਾਨੁਖੈਰ।੧।

ਸੇਵੀਮੈਂ ਸਿਮਰਾਂ। ਸੰਮਲਾਮੈਂ ਹਿਰਦੇ ਵਿਚ ਸੰਭਾਲ ਰੱਖਾਂ। ਵਖਰੁਸਉਦਾ। ਸੰਚਿਆਜੋੜਿਆ ਹੈ। ਰਾਸਿਪੂੰਜੀ।੨।

ਅਰਥ: ਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ, ਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ।੧।

ਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ। ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ।੨।

ਪਉੜੀ ॥ ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥ ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥ ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥ ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥ ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥ {ਪੰਨਾ 710}

ਪਦਅਰਥ: ਪੂਰਨਹਰ ਥਾਂ ਵਿਆਪਕ। ਇਕੁ ਏਹੁਸਿਰਫ਼ ਇਕ ਬੇਅੰਤ ਪ੍ਰਭੂ। ਕਹਾ ਕੇਹੁਕੇਹੜਾ ਦੱਸਾਂ? (ਭਾਵ, ਕੋਈ ਹੋਰ ਦੱਸ ਨਹੀਂ ਸਕਦਾ)ਆਪੇਆਪ ਹੀ। ਆਵਣ ਜਾਣਾਜੰਮਣਾ ਤੇ ਮਰਨਾ। ਨਿਹਚਲੁਅਟੱਲ। ਥੇਹੁਟਿਕਾਣਾ। ਤੁਧੁਤੇਰਾ।

ਅਰਥ: ਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ, ਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)?

ਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ। (ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ। ਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼।੨੦।੧।

ਜੈਤਸਰੀ ਬਾਣੀ ਭਗਤਾ ਕੀ    ੴ ਸਤਿਗੁਰ ਪ੍ਰਸਾਦਿ ॥ ਨਾਥ ਕਛੂਅ ਨ ਜਾਨਉ ॥ ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥ ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥ ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥ ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥ ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥ ਜਤ ਦੇਖਉ ਤਤ ਦੁਖ ਕੀ ਰਾਸੀ ॥ ਅਜੌਂ ਨ ਪਤ੍ਯ੍ਯਾਇ ਨਿਗਮ ਭਏ ਸਾਖੀ ॥੩॥ ਗੋਤਮ ਨਾਰਿ ਉਮਾਪਤਿ ਸ੍ਵਾਮੀ ॥ ਸੀਸੁ ਧਰਨਿ ਸਹਸ ਭਗ ਗਾਂਮੀ ॥੪॥ ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥ ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥ ਕਹਿ ਰਵਿਦਾਸ ਕਹਾ ਕੈਸੇ ਕੀਜੈ ॥ ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥ {ਪੰਨਾ 710}

ਪਦਅਰਥ: ਨਾਥਹੇ ਨਾਥ! ਹੇ ਪ੍ਰਭੂ! ਨ ਜਾਨਉਮੈਂ ਨਹੀਂ ਜਾਣਦਾ। ਕਛੂਅ ਨ ਜਾਨਉਮੈਂ ਕੁਝ ਭੀ ਨਹੀਂ ਜਾਣਦਾ, ਮੈਨੂੰ ਕੁਛ ਭੀ ਨਹੀਂ ਅਹੁੜਦਾ, ਮੇਰੀ ਕੋਈ ਪੇਸ਼ ਨਹੀਂ ਜਾਂਦੀ। ਬਿਕਾਨਉਮੈਂ ਵੇਚ ਦਿੱਤਾ ਹੈ।੧।ਰਹਾਉ।

ਕਹੀਅਤ ਹੌਤੂੰ ਅਖਵਾਉਂਦਾ ਹੈਂ। ਕਾਮੀਵਿਸ਼ਈ।੧।

ਪੰਚਨਕਾਮਾਦਿਕ ਪੰਜ ਵਿਕਾਰਾਂ ਨੇ। ਜੁਇਤਨਕੁ। ਤੇਤੋਂ। ਅੰਤਰੁਵਿੱਥ।੨।

ਜਤਜਿੱਧਰ। ਦੇਖਉਮੈਂ ਵੇਖਦਾ ਹਾਂ। ਰਾਸੀਖਾਣ, ਸਾਮਾਨ। ਨ ਪਤ੍ਯ੍ਯਾਇਪਤੀਜਦਾ ਨਹੀਂ, ਮੰਨਦਾ ਨਹੀਂ। ਨਿਗਮਵੇਦ ਆਦਿਕ ਧਰਮਪੁਸਤਕ। ਸਾਖੀਗਵਾਹ।੩।

ਗੋਤਮ ਨਾਰਿਗੌਤਮ ਦੀ ਵਹੁਟੀ, ਅਹੱਲਿਆ। ਉਮਾਪਤਿਪਾਰਵਤੀ ਦਾ ਪਤੀ, ਸ਼ਿਵ। ਸੀਸੁ ਧਰਨਿ—(ਬ੍ਰਹਮਾ ਦਾ) ਸਿਰ ਧਾਰਨ ਵਾਲਾ ਸ਼ਿਵ (ਨੋਟ: ਜਦੋਂ ਬ੍ਰਹਮਾ ਆਪਣੀ ਹੀ ਧੀ ਉੱਤੇ ਮੋਹਿਤ ਹੋ ਗਿਆ, ਤੇ ਜਿੱਧਰ ਉਹ ਜਾਏ ਉੱਧਰ ਬ੍ਰਹਮਾ ਆਪਣਾ ਨਵਾਂ ਮੂੰਹ ਬਣਾਈ ਜਾਏ; ਉਹ ਅਕਾਸ਼ ਵੱਲ ਉੱਡ ਖਲੋਤੀ, ਬ੍ਰਹਮਾ ਨੇ ਪੰਜਵਾਂ ਮੂੰਹ ਉੱਪਰ ਵਲ ਬਣਾ ਲਿਆ। ਸ਼ਿਵ ਜੀ ਨੇ ਇਹ ਅੱਤ ਵੇਖ ਕੇ ਬ੍ਰਹਮਾ ਦਾ ਇਹ ਸਿਰ ਕੱਟ ਦਿਤਾ, ਪਰ ਬ੍ਰਹਮਹਤਿਆ ਦਾ ਪਾਪ ਹੋ ਜਾਣ ਕਰਕੇ ਇਹ ਸਿਰ ਸ਼ਿਵ ਜੀ ਦੇ ਹੱਥਾਂ ਨਾਲ ਹੀ ਚੰਬੜ ਗਿਆ)ਸਹਸਹਜ਼ਾਰ। ਭਗਤ੍ਰੀਮਤ ਦਾ ਗੁਪਤ ਅੰਗ। ਸਹਸ ਭਗ ਗਾਂਮੀਹਜ਼ਾਰਾਂ ਭਗਾਂ ਦੇ ਨਿਸ਼ਾਨਾਂ ਵਾਲਾ (ਨੋਟ: ਜਦੋਂ ਇੰਦਰ ਨੇ ਗੌਤਮ ਦੀ ਵਹੁਟੀ ਨਾਲ ਵਿਭਚਾਰ ਕੀਤਾ, ਤਾਂ ਗੌਤਮ ਦੇ ਸ੍ਰਾਪ ਨਾਲ ਉਸ ਦੇ ਪਿੰਡੇ ਤੇ ਹਜ਼ਾਰ ਭਗਾਂ ਬਣ ਗਈਆਂ)੪।

ਦੂਤਨਦੂਤਾਂ ਨੇ, ਭੈੜਿਆਂ ਨੇ। ਖਲੁਮੂਰਖ। ਬਧੁਮਾਰ ਕੁਟਾਈ। ਬਧੁ ਕਰਿ ਮਾਰਿਓਮਾਰ ਮਾਰ ਕੇ ਮਾਰਿਆ ਹੈ, ਬੁਰੀ ਤਰ੍ਹਾਂ ਮਾਰਿਆ ਹੈ।੫।

ਕਹਿਕਹੇ, ਆਖਦਾ ਹੈ। ਕਹਾਕਿੱਥੇ (ਜਾਵਾਂ)? ਰਘੁਨਾਥਪਰਮਾਤਮਾ।੬।

ਅਰਥ: ਹੇ ਪ੍ਰਭੂ! ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ, ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ।੧।ਰਹਾਉ।

ਹੇ ਨਾਥ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ, ਅਸੀ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ)੧।

(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ।੨।

(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ। ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ।੩।

ਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ, ਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ)੪।

ਇਹਨਾਂ ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ, ਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ।੫।

ਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ? (ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ।੬।੧।

ਨੋਟ: ਇਸ ਸ਼ਬਦ ਵਿਚ ਜਿਸ ਨੂੰ ਲਫ਼ਜ਼ 'ਰਘੁਨਾਥ' ਨਾਲ ਯਾਦ ਕੀਤਾ ਹੈ, ਉਸ ਦੇ ਵਾਸਤੇ ਲਫ਼ਜ਼ 'ਜਗਤ-ਗੁਰ ਸੁਆਮੀ' ਭੀ ਵਰਤਿਆ ਹੈ। ਲਫ਼ਜ਼ 'ਰਘੁਨਾਥ' ਸਤਿਗੁਰੂ ਜੀ ਨੇ ਆਪ ਭੀ ਕਈ ਵਾਰੀ ਵਰਤਿਆ ਹੈ, ਪਰਮਾਤਮਾ ਦੇ ਅਰਥ ਵਿਚ।

ਸ਼ਬਦ ਦਾ ਭਾਵ: ਵਿਕਾਰਾਂ ਦੀ ਮਾਰ ਤੋਂ ਬਚਣ ਲਈ ਪਰਮਾਤਮਾ ਦਾ ਆਸਰਾ ਲੈਣਾ ਹੀ ਇਕੋ ਇਕ ਤਰੀਕਾ ਹੈ।

TOP OF PAGE

Sri Guru Granth Darpan, by Professor Sahib Singh