ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 709

ਸਲੋਕ ॥ ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥ ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥ ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥ ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥ {ਪੰਨਾ 709}

ਪਦਅਰਥ: ਰਸਨਾਜੀਭ। ਸਬਦ ਅੰਮ੍ਰਿਤਹਪਵਿਤ੍ਰ ਸਬਦ, ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ। ਸ੍ਰਵਣਕੰਨਾਂ ਨਾਲ। ਬਲਿਹਾਰਸਦਕੇ।੧।

ਹਭਿਸਾਰੇ। ਕੂੜਾਵੇਝੂਠੇ, ਵਿਅਰਥ, ਨਿਸਫਲ। ਸਾਈਖਸਮਪ੍ਰਭੂ। ਸੇਈਉਹੀ ਮਨੁੱਖ। ਧੰਨੁਭਾਗਾਂ ਵਾਲੇ।੨।

ਅਰਥ: ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ ਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ,) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ।੧।

ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ (ਭਾਵ, ਜੇ ਖਸਮ ਸਾਂਈ ਨੂੰ ਭੁਲਾ ਦਿੱਤਾ ਤਾਂ....)ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ।੨।

ਪਉੜੀ ॥ ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥ ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥ ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥ ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥ ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥ {ਪੰਨਾ 709}

ਪਦਅਰਥ: ਕਥਾਗੱਲਾਂ। ਪਰਧਾਨਸਭ ਤੋਂ ਚੰਗੇ। ਸੋਹਹਿਸੋਹਣੇ ਲੱਗਦੇ ਹਨ। ਪੁਨੀਤਪਵਿਤ੍ਰ। ਪਥਾਰਾਹ (ਸੰ: ਪਥਿਨ)ਸੰਗਿਸੰਗਤਿ ਵਿਚ। ਉਧਾਰੁ—(ਦੁੱਖਾਂ ਤੋਂ) ਬਚਾਉ। ਜਿਜੋ ਮਨੁੱਖ।

ਅਰਥ: ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ। ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ। (ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ ਤੇ ਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ। (ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ।੧੪।

ਸਲੋਕੁ ॥ ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥ ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥ ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥ {ਪੰਨਾ 709}

ਪਦਅਰਥ: ਭਾਵੀਜੋ ਕੁਝ ਜ਼ਰੂਰ ਵਰਤ ਕੇ ਰਹਿਣਾ ਹੈ, ਮੱਥੇ ਦੇ ਭਾਗ। ਉਦੋਤਪਰਗਟ ਹੋਣਾ, ਉੱਘੜਨਾ। ਭਾਵੀ ਉਦੋਤ ਕਰਣੰਮੱਥੇ ਦੇ ਲਿਖੇ ਲੇਖਾਂ ਦਾ ਉੱਘੜਨਾ। ਸੰਜੋਗ ਪੂਰਨਹਪੂਰੇ ਸੰਜੋਗਾਂ ਨਾਲ। ਗੋਪਾਲ ਦਰਸ ਭੇਟੰਜਗਤ ਦੇ ਰੱਖਕ ਪ੍ਰਭੂ ਦਾ ਦੀਦਾਰ ਹੋਣਾ। ਮਹੂਰਤਹਮਹੂਰਤ, ਘੜੀ, ਸਮਾਂ। ਸਫਲ+ਫਲ, ਬਰਕਤਿ ਵਾਲਾ।੧।

ਕੀਮਕੀਮਤ। ਮਿਤੀਅੰਦਾਜ਼ਾ, ਲੇਖਾ, ਮਿਣਤੀ। ਮਿਤੀ ਹੂ ਬਾਹਰੇਮਿਣਤੀ ਤੋਂ ਪਰੇ, ਅਮਿਣਵੇਂ। ਵੇਲੜੀਸੋਹਣੀ ਘੜੀ। ਜਿਤੁਜਿਸ ਘੜੀ ਵਿਚ। ਮਾ ਪਿਰੀਮੇਰਾ ਪਿਆਰਾ।੨।

ਅਰਥ: ਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ, ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ ਤੇ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ।੧।

ਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ, (ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ।੨।

ਪਉੜੀ ॥ ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥ ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥ ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥ ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥ ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥ {ਪੰਨਾ 709}

ਪਦਅਰਥ: ਸਾ...ਹੈਉਹ ਕੇਹੜਾ ਵੇਲਾ ਹੋਵੇ? (ਭਾਵ, ਉਹ ਵੇਲਾ ਛੇਤੀ ਆਵੇ)ਜਿਤੁਜਿਸ ਵੇਲੇ। ਮੂਰਤੁਮੁਹੂਰਤ, ਸਾਹਾ। ਸੰਜੋਗੁਮਿਲਣ ਦਾ ਸਮਾਂ। ਮਨ ਇਛਮਨ ਦੀ ਇੱਛਾ। ਪੁਜਾਈਪੂਰੀ ਕਰਾਂ। ਵਡੈ ਭਾਗਿਵੱਡੀ ਕਿਸਮਤ ਨਾਲ। ਨਿਵਿਨਿਊਂ ਕੇ। ਪਾਈਪੈਰੀਂ। ਮਨਿਮਨ ਵਿਚ।

ਅਰਥ: (ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ। ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ। (ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ। ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ। ਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ।੧੫।

ਸਲੋਕ ॥ ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥ ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥ ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥ ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥ {ਪੰਨਾ 709}

ਪਦਅਰਥ: ਪਤਿਤ—(ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤਪਵਿਤ੍ਰ। ਪਤਿਤ ਪੁਨੀਤਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ। ਸਰਬਸਾਰੇ। ਦੋਖਐਬ। ਸਰਣਿ ਸੂਰਸਰਨ ਦਾ ਸੂਰਮਾ, ਸਰਨ ਆਏ ਨੂੰ ਬਚਾਉਣ ਦੇ ਸਮਰੱਥ। ਜਪੰਤਿਜੋ ਜਪਦੇ ਹਨ।੧।

ਛਡਿਓਜਿਸ ਨੇ ਛੱਡਿਆ ਹੈ। ਹਭੁ ਆਪੁਸਾਰਾ ਆਪਾਭਾਵ, ਸਾਰਾ ਅਹੰਕਾਰ। ਲਗੜੋਜੋ ਲੱਗਾ ਹੈ। ਨਠੜੋਨੱਠ ਗਏ ਹਨ। ਪੇਖੰਦਿਆਦੀਦਾਰ ਕਰਨ ਨਾਲ।੨।

ਅਰਥ: ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ। ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ।੧।

ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ, ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ।੨।

ਪਉੜੀ ॥ ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥ ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥ ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥ ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥ {ਪੰਨਾ 709}

ਪਦਅਰਥ: ਦਇਆਲ—(ਦਇਆਆਲਯ) ਦਇਆ ਦਾ ਘਰ, ਹੇ ਦਿਆਲ! ਢਹਿ ਪਏਆ ਡਿੱਗਾ ਹਾਂ। ਭ੍ਰਮਤਭਟਕਦਾ। ਹਾਰਿਆਥੱਕ ਗਿਆ ਹਾਂ। ਭਗਤਿ ਵਛਲੁਭਗਤੀ ਨੂੰ ਪਿਆਰ ਕਰਨ ਵਾਲਾ। ਬਿਰਦੁਪੁਰਾਣਾ ਸੁਭਾਉ। ਪਤਿਤ ਉਧਾਰਿਆਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਬਚਾਉਣ ਵਾਲਾ। ਬਿਨਉ ਮੋਹਿਮੇਰੀ ਬੇਨਤੀ ਨੂੰ। ਸਾਰਿਆਸਾਰ ਲੈਣ ਵਾਲਾ, ਸਿਰੇ ਚਾੜ੍ਹਨ ਵਾਲਾ। ਕਰੁਹੱਥ। ਗਹਿਫੜ ਕੇ। ਸਾਗਰਸਮੁੰਦਰ।

ਅਰਥ: ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ। ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ। ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ। ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ। ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ)੧੬।

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ {ਪੰਨਾ 709}

ਪਦਅਰਥ: ਸੰਤ ਉਧਰਣਸੰਤਾਂ ਨੂੰ (ਵਿਕਾਰਾਂ ਦੀ ਤਪਸ਼ ਤੋਂ) ਬਚਾਉਣ ਵਾਲਾ। ਦਇਆਲੰਦਿਆਲ ਪ੍ਰਭੂ। ਆਸਰੰ ਗੋਪਾਲ ਕੀਰਤਨਹ—(ਜਿਨ੍ਹਾਂ ਨੂੰ) ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ। ਸੰਤ ਸੰਗੇਣ—(ਉਹਨਾਂ) ਸੰਤਾਂ ਦੀ ਸੰਗਤਿ ਕੀਤਿਆਂ।੧।

ਸਰਦ ਰੁਤਿਠੰਢੀ ਰੁੱਤ। ਘਾਂਮਮਨ ਦੀ ਤਪਸ਼। ਸੀਤਲੁਸ਼ਾਂਤ, ਠੰਢਾ।੨।

ਅਰਥ: ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ।੧।

ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ।੨।

ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥ {ਪੰਨਾ 709}

ਪਦਅਰਥ: ਓਟਆਸਰਾ। ਸਗਲਸਾਰੇ। ਜਨਮਨੁੱਖ। ਪਰਤਾਪੁਵਡਿਆਈ। ਨਿਰਭਉਨਿਡਰ। ਤੋਟਿਕਮੀ, ਘਾਟਾ। ਨ ਮੂਲਿਕਦੇ ਭੀ ਨਹੀਂ। ਸੰਚਿਆਇਕੱਠਾ ਕੀਤਾ। ਵਡੈ ਪੁਨਚੰਗੇ ਭਾਗਾਂ ਨਾਲ। ਕਮਲਕਉਲ ਫੁੱਲ। ਚਰਨ ਕਮਲਕਉਲ ਫੁੱਲ ਵਰਗੇ ਚਰਨ।

ਅਰਥ: ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ। ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ। ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ। ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ।੧੭।

ਸਲੋਕ ॥ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥ ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥ ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥ ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥ {ਪੰਨਾ 709}

ਪਦਅਰਥ: ਕੀਰਤਨਸਿਫ਼ਤਿ-ਸਾਲਾਹ, ਵਡਿਆਈ। ਲਿਪਤ ਨਨਹੀਂ ਲਿੱਬੜਦਾ, ਨਹੀਂ ਫਸਦਾ। ਪੁਰਖਸਾਰਵਿਆਪਕ। ਭਗਵਾਨਭਾਗਾਂ ਵਾਲਾ, ਪਰਤਾਪਵਾਨ ਪ੍ਰਭੂ।੧।

ਭਾਹਿਅੱਗ। ਜਿਨਿਜਿਸ ਪ੍ਰਭੂ ਨੇ। ਮੇਦਨੀਧਰਤੀ, ਸ੍ਰਿਸ਼ਟੀ।੨।

ਅਰਥ: ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ।੧।

ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ, (ਸਿਮਰਨ ਕੀਤਿਆਂ) ਉਹ ਪ੍ਰਭੂ ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।੨।

TOP OF PAGE

Sri Guru Granth Darpan, by Professor Sahib Singh