ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 707

ਪਉੜੀ ॥ ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥ ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥ ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥ ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥ ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥ {ਪੰਨਾ 707}

ਪਦਅਰਥ: ਕੋਟਿਕ੍ਰੋੜ। ਅਘਪਾਪ। ਪਾਈਅਹਿਪਾਈਦੇ ਹਨ। ਮਨ ਚਿੰਦੇਮਨਇੱਛਤ, ਮਨ ਦੇ ਚਿਤਵੇ ਹੋਏ। ਕਟੀਅਹਿਕੱਟੇ ਜਾਂਦੇ ਹਨ। ਨਿਹਚਲਅਟੱਲ। ਪੂਰਬਿਮੁੱਢ ਤੋਂ। ਸਮਾਉਸਮਾਈ।

ਅਰਥ: ਪ੍ਰਭੂ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ। ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ, ਜੰਮਣ ਤੋਂ ਮਰਣ ਤਕ ਦੇ ਸਾਰੇ ਸਹਿਮ ਕੱਟੇ ਜਾਂਦੇ ਹਨ ਤੇ ਅਟੱਲ ਸੱਚੀ ਪਦਵੀ ਮਿਲ ਜਾਂਦੀ ਹੈ। (ਪਰ) ਪ੍ਰਭੂ ਦੇ ਚਰਨਾਂ ਵਿਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ। (ਇਸ ਵਾਸਤੇ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਕਿ) ਹੇ ਪ੍ਰਭੂ! ਮੇਹਰ ਕਰ, ਮੈਨੂੰ (ਪਾਪਾਂ ਤੋਂ) ਬਚਾ ਲੈ, ਮੈਂ ਤੈਥੋਂ ਕੁਰਬਾਨ ਹਾਂ।੫।

ਸਲੋਕ ॥ ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥ ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥ ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥ ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥ {ਪੰਨਾ 707}

ਪਦਅਰਥ: ਗ੍ਰਿਹ ਰਚਨਾ ਅਪਾਰੰਘਰ ਦੀਆਂ ਬੇਅੰਤ ਸਜਾਵਟਾਂ। ਮਨਿਮਨ ਵਿਚ। ਬਿਲਾਸਚਾਉ ਖ਼ੁਸ਼ੀਆਂ। ਰਸਹ ਸੁਆਦੰਸੁਆਦਲੇ ਪਦਾਰਥਾਂ ਦੇ ਚਸਕੇ। ਕਦਾਂਚ ਨਹਕਦੇ ਭੀ ਨਹੀਂ। ਕ੍ਰਿਮਹਕੀੜੇ।

ਮੁਚੁਵੱਡਾ, ਬੜਾ। ਅਡੰਬਰੁਖਿਲਾਰਾ, ਸਜਧਜ। ਹਭੁ ਕਿਹੁਹਰੇਕ ਸ਼ੈ। ਮੰਝਿ—(ਹਿਰਦੇ) ਵਿਚ। ਨੇਹਪਿਆਰ। ਜੈਂਜਿਸ ਬੰਦੇ ਨੂੰ। ਤਨੁਸਰੀਰ। ਖੇਹਸੁਆਹ।

ਅਰਥ: ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ) ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ।੧।

ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ, ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ।੨।

ਪਉੜੀ ॥ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥ ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥ ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥ ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥ ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥ {ਪੰਨਾ 707}

ਪਦਅਰਥ: ਪੂਰੇਮੁਕੰਮਲ। ਗ੍ਰਿਹ ਸੋਇਨਸੋਨੇ ਦੇ ਘਰ। ਸੁਗੰਧਖ਼ੁਸ਼ਬੂ। ਵਿਸੂਰੇਫ਼ਿਕਰ, ਚਿੰਤਾ, ਝੋਰੇ। ਚਿਤਿਚਿੱਤ ਵਿਚ। ਕੀਰੇਕੀੜੇ। ਕਿਤੁ ਬਿਧਿਕਿਸ ਵਿਧੀ ਨਾਲ? ਧੀਰੇਧੀਰਜ ਫੜਦਾ।

ਅਰਥ: ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ। ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ। ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ, (ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ, (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ।੬।

ਸਲੋਕ ॥ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥ ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥ ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥ {ਪੰਨਾ 707}

ਪਦਅਰਥ: ਚਰਨ ਕਮਲ ਬਿਰਹੰਪ੍ਰਭੂ ਦੇ ਸੋਹਣੇ ਚਰਨਾਂ ਦੇ ਬਿਰਹੋਂ ਵਿਚ। ਬਿਰਹਮਿਲਣ ਦੀ ਖਿੱਚ। ਦਹਦਸ। ਦਿਸਹਪਾਸੇ। ਦਹ ਦਿਸਹਦਸੀਂ ਪਾਸੀਂ। ਬੈਰਾਗੀਵੈਰਾਗਵਾਨ, ਆਸ਼ਿਕ, ਪ੍ਰੇਮੀ। ਕਪਟਛਲ। ਸਾਧ ਸੰਗਮਹਸਾਧ ਸੰਗਤਿ।੧।

ਮਨਿਮਨ ਵਿਚ। ਮੁਖਿਮੂੰਹ ਨਾਲ। ਵਤਾਭੌਂਦਾ ਹਾਂ। ਹਭੇ ਲੋਅਸਾਰੇ ਲੋਕਾਂ ਵਿਚ, ਸਾਰੇ ਜਗਤ ਵਿਚ। ਹਭੀਸਾਰੇ। ਕੂੜਿਆਨਾਸਵੰਤ। ਸੋਇਖ਼ਬਰ।੨।

ਅਰਥ: ਹੇ ਨਾਨਕ! ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ, ਛਲ-ਰੂਪ ਮਾਇਆ (ਦਾ ਖਹਿੜਾ) ਛੱਡਦਾ ਹੈ ਤੇ (ਭਾਲਦਿਆਂ ਭਾਲਦਿਆਂ ਉਸ ਨੂੰ) ਆਨੰਦ-ਰੂਪ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ (ਜਿਥੇ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਦਾ ਅਵਸਰ ਮਿਲਦਾ ਹੈ)੧।

ਹੇ ਨਾਨਕ! (ਜਗਤ ਵਾਲੇ) ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿੱਸ ਰਹੇ ਹਨ, ਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ (ਕਿ ਕਿਤੇ ਉਸ ਦੀ ਸਿਫ਼ਤਿ-ਸਾਲਾਹ ਸੁਣ ਸਕਾਂ) ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉ ਪੈਂਦਾ ਹਾਂ।੨।

ਪਉੜੀ ॥ ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥ ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥ ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥ ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥ ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥ {ਪੰਨਾ 707}

ਪਦਅਰਥ: ਝੁੰਪੜੀਕੁੱਲੀ। ਚੀਰਕਪੜੇ। ਛਿੰਨਾਪਾਟੇ ਹੋਏ। ਪਤਿਇੱਜ਼ਤ। ਉਦਿਆਨਜੰਗਲ। ਭ੍ਰਮਿੰਨਾਭਟਕਣਾ। ਇਠਪਿਆਰਾ। ਸਿੰਨਾਸੈਣ, ਸਨਬੰਧੀ। ਭਿੰਨਾਭਿੱਜਾ। ਉਧਰੈ—(ਵਿਕਾਰਾਂ ਤੋਂ) ਬਚਦਾ ਹੈ। ਨਾਮਿਨਾਮ ਵਿਚ।

ਅਰਥ: ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ, ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ, (ਅਜੇਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ। ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ।੭।

ਸਲੋਕ ॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥ ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥ ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥ ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥ {ਪੰਨਾ 707}

ਪਦਅਰਥ: ਲੀਲਾਚੋਜ ਤਮਾਸ਼ੇ। ਰਾਜ ਰਸਰਾਜ ਦੀਆਂ ਮੌਜਾਂ। ਰੂਪਸੁੰਦਰਤਾ। ਛਤ੍ਰ—(ਸਿਰ ਤੇ) ਛਤਰ। ਚਮਰਚਉਰ। ਤਖਤ ਆਸਨੰਬੈਠਣ ਨੂੰ ਸ਼ਾਹੀ ਤਖ਼ਤ। ਮੂੜਮੂਰਖ। ਅੰਧਹਅੰਨੇ। ਮਨੋਰਥ—{ਮਨੋ+ਰਥ} ਮਨ ਦੀਆਂ ਦੌੜਾਂ, ਮਨਬਾਂਛਤ ਪਦਾਰਥ ੧।

ਹਭਿਸਾਰੇ। ਸੁੰਦਰਿ ਮਾਇਆਸੋਹਣੀ ਮਾਇਆ। ਧ੍ਰੋਹੁਛਲ, ਧੋਖਾ।੨।

ਅਰਥ: ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ-ਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ।੧।

ਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ (ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ)੨।

ਪਉੜੀ ॥ ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥ ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥ ਆਰਜਾ ਗਈ ਵਿਹਾਇ ਧੰਧੈ ਧਾਇਆ ॥ ਪੂਰਨ ਭਏ ਨ ਕਾਮ ਮੋਹਿਆ ਮਾਇਆ ॥ ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥ {ਪੰਨਾ 707}

ਪਦਅਰਥ: ਸੇਤੀਨਾਲ। ਮੂਰਖਿਮੂਰਖ ਨੇ। ਜਾਗਤਜਾਗਦਾ ਹੀ। ਭਖਲਾਇਆਬਰੜਾਉਂਦਾ ਹੈ। ਆਰਜਾਉਮਰ। ਧੰਧੈਧੰਧੇ ਵਿਚ। ਧਾਇਆਭਟਕਦਾ ਫਿਰਦਾ ਹੈ। ਪੂਰਨ ਭਏ ਨਮੁੱਕਦੇ ਨਹੀਂ, ਸਿਰੇ ਨਹੀਂ ਚੜ੍ਹਦੇ।

ਅਰਥ: ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ। ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ। ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ, ਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ। ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।੮।

ਸਲੋਕ ॥ ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥ ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥ {ਪੰਨਾ 707}

ਪਦਅਰਥ: ਬਸੰਤਿਵੱਸਦੇ ਹੋਣ। ਸ੍ਵਰਗ ਲੋਕਹਸੁਰਗ ਵਰਗੇ ਦੇਸਾਂ ਵਿਚ। ਜਿਤਤੇਜਿੱਤ ਲੈਣ। ਨਵ ਖੰਡਣਹ ਪ੍ਰਿਥਮੀਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ। ਗੋਪਾਲ—{ਗੋ+ਪਾਲ} ਧਰਤੀ ਦਾ ਰੱਖਕ। ਉਦਿਆਨਜੰਗਲ।੧।

ਕਉਤਕਖੇਲ, ਚੋਜ। ਕੋਡਕ੍ਰੋੜਾਂ। ਚਿਤਿਚਿੱਤ ਵਿਚ। ਨ ਆਵਸੁਜੇ ਉਸ ਨੂੰ ਨਾਹ ਆਵੇ। ਕੋੜੀ ਨਰਕਘੋਰ ਭਿਆਨਕ ਨਰਕ। ਉਜੜੁਉਜੜਿਆ ਹੋਇਆ, ਉਜਾੜ।੨।

ਅਰਥ: ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ, ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ।੧।

ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ, ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।੨।

ਪਉੜੀ ॥ ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥ ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥ {ਪੰਨਾ 707}

ਪਦਅਰਥ: ਮਹਾ ਭਇਆਨਬੜਾ ਡਰਾਉਣਾ। ਉਦਿਆਨਜੰਗਲ। ਨਗਰਸ਼ਹਿਰ। ਸਮਗ੍ਰੀਪਦਾਰਥ। ਝੂਠਨਾਸ ਹੋ ਜਾਣ ਵਾਲੇ। ਪੇਖਿਵੇਖ ਕੇ। ਸਚੁਸਦਾ-ਥਿਰ ਰਹਿਣ ਵਾਲੇ। ਕ੍ਰੋਧਿਕ੍ਰੋਧ ਵਿਚ। ਦੇਵਾਨਿਆਪਾਗਲ, ਝੱਲੇ। ਸਿਰਿਸਿਰ ਉੱਤੇ।

ਅਰਥ: ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ, ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ। (ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ, ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ। (ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ।੯।

TOP OF PAGE

Sri Guru Granth Darpan, by Professor Sahib Singh