ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 682

ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}

ਪਦਅਰਥ: ਅਉਖੀਦੁੱਖ ਦੇਣ ਵਾਲੀ। ਦੇਈਦੇਂਦਾ। ਬਿਰਦੁਮੁੱਢਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇਚੇਤੇ ਰੱਖਦਾ ਹੈ। ਦੇਇਦੇ ਕੇ। ਰਾਖੈਰੱਖਿਆ ਕਰਦਾ ਹੈ। ਕਉਨੂੰ। ਸਾਸਿ ਸਾਸਿਹਰੇਕ ਸਾਹ ਦੇ ਨਾਲ।੧।

ਸਿਉਨਾਲ। ਆਦਿ ਅੰਤਿਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈਮਦਦਗਾਰ। ਧੰਨੁਸਲਾਹੁਣ ਜੋਗ।ਰਹਾਉ।

ਮਨਿਮਨ ਵਿਚ। ਬਿਲਾਸਖ਼ੁਸ਼ੀਆਂ। ਦੇਖਿਵੇਖ ਕੇ। ਸਿਮਰਿਸਿਮਰ ਕੇ। ਕਰਿਮਾਣ। ਪ੍ਰਭਿਪ੍ਰਭੂ ਨੇ। ਪੈਜਇੱਜ਼ਤ।੨।

ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ)ਰਹਾਉ।

ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।

ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।

ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ {ਪੰਨਾ 682}

ਪਦਅਰਥ: ਜਿਸ ਕਉ—(ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ)ਪ੍ਰਾਨ ਪਤਿਜਿੰਦ ਦਾ ਮਾਲਕ। ਗਨਹੁਜਾਣੋ, ਸਮਝੋ। ਅਭਾਗਾਭਾਗਹੀਣ, ਬਦਕਿਸਮਤ। ਰਾਗਿਓਪ੍ਰੇਮੀ ਹੋ ਗਿਆ। ਪਾਗਾਪ੍ਰਾਪਤ ਕੀਤਾ।੧।

ਜਨੁਦਾਸ। ਰੰਗਿਪ੍ਰੇਮ ਵਿਚ। ਜਾਗਾਸੁਚੇਤ ਰਹਿੰਦਾ ਹੈ। ਛੀਜਿ ਗਇਆਮੁੱਕ ਗਿਆ।ਰਹਾਉ।

ਜਹ ਜਹਜਿੱਥੇ ਜਿੱਥੇ। ਪੇਖਉਪੇਖਉਂ, ਮੈਂ ਵੇਖਦਾ ਹਾਂ। ਤਹਉੱਥੇ। ਘਟਾ ਮਹਿਸਰੀਰਾਂ ਵਿਚ। ਤਾਗਾਧਾਗਾ (ਜਿਵੇਂ ਮਣਕਿਆਂ ਵਿਚ ਧਾਗਾ ਪ੍ਰੋਇਆ ਹੁੰਦਾ ਹੈ)ਉਦਕੁਪਾਣੀ, ਜਲ। ਪੀਵਤਪੀਂਦਿਆਂ। ਸਭਿ—(ਹੋਰ) ਸਾਰੇ। ਅਨੁਰਾਗਾਪਿਆਰ।੨।

ਅਰਥ: ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।ਰਹਾਉ।

ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।੧।

ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।੨।੧੯।੪੭।

ਧਨਾਸਰੀ ਮਹਲਾ ੫ ॥ ਜਨ ਕੇ ਪੂਰਨ ਹੋਏ ਕਾਮ ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥ {ਪੰਨਾ 682}

ਪਦਅਰਥ: ਪੂਰਨਸਫਲ। ਕਲੀ ਕਾਲ ਮਹਿਝਗੜਿਆਂਭਰੇ ਸੰਸਾਰ ਵਿਚ। ਮਹਾ ਬਿਖਿਆ ਮਹਿਵੱਡੀ (ਮੋਹਣੀ) ਮਾਇਆ ਵਿਚ। ਲਜਾਸ਼ਰਮ, ਇੱਜ਼ਤ, ਲਾਜ।੧।ਰਹਾਉ।

ਸਿਮਰਿਸਿਮਰ ਕੇ। ਨਿਕਟਿਨੇੜੇ। ਜਾਮਜਮ, ਮੌਤ, ਆਤਮਕ ਮੌਤ। ਮੁਕਤਿਵਿਕਾਰਾਂ ਤੋਂ ਖ਼ਲਾਸੀ। ਬੈਕੁੰਠਸੁਰਗ। ਧਾਮਘਰ।੧।

ਥਾਤੀ—{स्थिति} ਆਸਰਾ। ਕੋਟਿਕ੍ਰੋੜਾਂ। ਬਿਸ੍ਰਾਮਟਿਕਾਣਾ। ਸਿਮਰਉਸਿਮਰਉਂ, ਮੈਂ ਸਿਮਰਦਾ ਹਾਂ। ਰੈਨਿਰਾਤ। ਸਦਸਦਾ।੨।

ਅਰਥ: ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ।੧।ਰਹਾਉ।

ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ। ਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ।੧।

ਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ। ਹੇ ਨਾਨਕ! (ਆਖ-ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ।੨।੧੭।੪੮।

ਧਨਾਸਰੀ ਮਹਲਾ ੫ ॥ ਮਾਂਗਉ ਰਾਮ ਤੇ ਇਕੁ ਦਾਨੁ ॥ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥ ਚਰਨ ਤੁਮ੍ਹ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥ ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥ ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਯ੍ਯੰਤ ਪ੍ਰਭ ਜਾਪਣ ॥ ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥ {ਪੰਨਾ 682}

ਪਦਅਰਥ: ਮਾਂਗਉਮਾਂਗਉਂ, ਮੈਂ ਮੰਗਦਾ ਹਾਂ। ਤੇਤੋਂ। ਸਿਮਰਉਸਿਮਰਉਂ, ਮੈਂ ਸਿਮਰਦਾ ਰਹਾਂ। ਮਨੋਰਥਮੁਰਾਦਾਂ।੧।ਰਹਾਉ।

ਵਾਸਹਿਵੱਸਦੇ ਰਹਿਣ। ਹਿਰਦੈਹਿਰਦੇ ਵਿਚ। ਸੰਗੁਸਾਥ, ਸੰਗਤਿ। ਪਾਵਉਪਾਵਉਂ, ਮੈਂ ਪ੍ਰਾਪਤ ਕਰਾਂ। ਸੋਗਚਿੰਤਾ, ਗ਼ਮ। ਮਹਿਵਿਚ। ਨ ਵਿਆਪੈਨਹੀਂ ਫਸਦਾ। ਗਾਵਉਗਾਵਉਂ।੧।

ਸ੍ਵਸਤਿਸ਼ਾਂਤੀ, ਸੁਖ। ਬਿਵਸਥਾਅਵਸਥਾ, ਹਾਲਤ। ਸੇਵਾਸੇਵਾਭਗਤੀ। ਮਧ੍ਯ੍ਯੰਤਵਿਚਕਾਰ ਤੋਂ ਅਖ਼ੀਰ ਤਕ, ਸਦਾ ਹੀ। ਜਾਪਣਜਪਣ ਨਾਲ। ਰੰਗੁਪਿਆਰ। ਬਾਹੁੜਿਮੁੜ। ਛਾਪਣਮੌਤ, ਛੁਪਣਾ।੨।

ਅਰਥ: ਹੇ ਭਾਈ! ਮੈਂ ਪਰਮਾਤਮਾ ਪਾਸੋਂ ਇਕ ਖ਼ੈਰ ਮੰਗਦਾ ਹਾਂ (ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ-) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।੧।ਰਹਾਉ।

ਹੇ ਪ੍ਰਭੂ! ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ, ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਹਾਸਲ ਕਰ ਲਵਾਂ, ਮੈਂ ਅੱਠੇ ਪਹਰ ਤੇਰੇ ਗੁਣ ਗਾਂਦਾ ਰਹਾਂ। (ਤੇਰੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਚਿੰਤਾ ਦੀ ਅੱਗ ਵਿਚ ਨਹੀਂ ਫਸਦਾ।੧।

ਹੇ ਨਾਨਕ! ਸਦਾ ਪ੍ਰਭੂ ਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ਵਿਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ। ਜਿਸ ਮਨੁੱਖ (ਦੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਜਾਏ ਉਹ ਮੁੜ ਮੁੜ ਜਨਮ ਮਰਨ (ਦੇ ਗੇੜ) ਵਿਚ ਨਹੀਂ ਆਉਂਦਾ।੨।੧੮।੪੯।

ਧਨਾਸਰੀ ਮਹਲਾ ੫ ॥ ਮਾਂਗਉ ਰਾਮ ਤੇ ਸਭਿ ਥੋਕ ॥ ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥ ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥ ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥ ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥ {ਪੰਨਾ 682}

ਪਦਅਰਥ: ਮਾਂਗਉਮਾਂਗਉਂ, ਮੈਂ ਮੰਗਦਾ ਹਾਂ। ਤੇਤੋਂ। ਸਭਿਸਾਰੇ। ਥੋਕਪਦਾਰਥ। ਕਉਨੂੰ। ਜਾਚਤਮੰਗਦਿਆਂ। ਸ੍ਰਮੁਥਕਾਵਟ, ਖੇਚਲ। ਕੈ ਸਿਮਰਨਿਦੇ ਸਿਮਰਨ ਦੀ ਰਾਹੀਂ। ਮੋਖ—(ਮਾਇਆ ਦੇ ਮੋਹ ਤੋਂ) ਖ਼ਲਾਸੀ।੧।ਰਹਾਉ।

ਘੋਖੇਗਹੁ ਨਾਲ ਵਿਚਾਰੇ। ਮੁਨਿ ਜਨਰਿਸ਼ੀ ਮੁਨੀ। ਪੁਕਾਰਹਿਉੱਚੀ ਉੱਚੀ ਪੜ੍ਹਦੇ ਹਨ। ਘੋਖਘੋਖਿ, ਗਹੁ ਨਾਲ ਵਿਚਾਰ ਕੇ। ਸਿੰਧੁਸਮੁੰਦਰ। ਸੇਵਿਸੇਵ ਕੇ, ਸਰਨ ਪੈ ਕੇ। ਸਚੁਸਦਾ-ਥਿਰ ਹਰਿਨਾਮ। ਸੁਹੇਲੇਸੌਖੇ।੧।

ਆਨ—{अन्य} ਹੋਰ। ਅਚਾਰਧਾਰਮਿਕ ਰਸਮਾਂ। ਬਿਉਹਾਰਵਿਹਾਰ। ਜੇਤੇਜਿਤਨੇ ਭੀ। ਫੋਕਫੋਕੇ, ਵਿਅਰਥ। ਭੈ—(ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਮਿਲਿਮਿਲ ਕੇ। ਸਾਧੂਗੁਰੂ। ਸੋਕਚਿੰਤਾ, ਗ਼ਮ।੨।

ਅਰਥ: ਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ। ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ, (ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ।੧।

ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ। ਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ।੨।੧੯।੫੦।

ਧਨਾਸਰੀ ਮਹਲਾ ੫ ॥ ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥ ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥ ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥ ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥ {ਪੰਨਾ 682-683}

ਪਦਅਰਥ: ਕੈ ਨਾਮਿਦੇ ਨਾਮ ਦੀ ਰਾਹੀਂ। ਗੁਰ ਬਚਨੀਗੁਰੂ ਦੇ ਬਚਨਾਂ ਉਤੇ ਤੁਰਿਆਂ। ਸਿਉਨਾਲ। ਧਿਆਨੁਲਗਨ।੧।ਰਹਾਉ।

ਕਲੋਲਚੋਜ ਤਮਾਸ਼ੇ, ਨਖ਼ਰੇ। ਬੁਝਹਿਬੁੱਝ ਜਾਂਦੇ ਹਨ, ਪ੍ਰਭਾਵ ਨਹੀਂ ਪਾ ਸਕਦੇ। ਦੀਨ ਦਇਆਲਹੇ ਦੀਨਾਂ ਉਤੇ ਦਇਆ ਕਰਨ ਵਾਲੇ! ਜਪਿਜਪ ਕੇ। ਜੀਵਾਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਪੂਰਨਸਫਲ। ਘਾਲਮੇਹਨਤ।੧।

ਸਰਬਸਾਰੇ। ਮਨੋਰਥਮੁਰਾਦਾਂ। ਸਦਸਦਾ। ਜਪਿਜਪ ਕੇ। ਜਿਸ ਕੈ ਕਰਮਿਜਿਸ ਦੀ ਕਿਸਮਤਿ ਵਿਚ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੈ' ਦੇ ਕਾਰਨ ਉੱਡ ਗਿਆ ਹੈ}ਧੁਰਿਧੁਰ ਦਰਗਾਹ ਤੋਂ। ਕਰਤੈਕਰਤਾਰ ਨੇ। ਪੂਰਨਸਫਲ।੨।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ। ਗੁਰੂ ਦੀ ਬਾਣੀ ਦਾ ਆਸਰਾ ਲਿਆਂ (ਮਨ ਵਿਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤਿ ਜੁੜ ਜਾਂਦੀ ਹੈ।੧।ਰਹਾਉ।

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ। ਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ।੧।

ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ। (ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ।੨।੨੦।੫੧।

TOP OF PAGE

Sri Guru Granth Darpan, by Professor Sahib Singh