ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 681

ਧਨਾਸਰੀ ਮਹਲਾ ੫ ॥ ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥ ਸਤਿਗੁਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥ ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥ ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥ {ਪੰਨਾ 681}

ਪਦਅਰਥ: ਮਹਾ ਬਲੀ ਤੇਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿਪ੍ਰੋ ਕੇ। ਮੰਤਾਮੰਤਰ, ਉਪਦੇਸ਼। ਬਿਨਸਿ ਨ ਜਾਤਿਨਾਸ ਨਹੀਂ ਹੁੰਦਾ, ਨਾਹ ਹੀ ਗਵਾਚਦਾ ਹੈ। ਕਤ ਹੂਕਿਤੇ ਭੀ।੧।

ਸਤਿਗੁਰਿਗੁਰੂ ਨੇ। ਦਾਤਿਬਖ਼ਸ਼ਸ਼। ਕਉਵਾਸਤੇ। ਗਾਤਿਗਤਿ, ਉੱਚੀ ਆਤਮਕ ਅਵਸਥਾ।ਰਹਾਉ।

ਅੰਗੀਕਾਰੁਪੱਖ। ਪ੍ਰਭਿਪ੍ਰਭੂ ਨੇ। ਪਾਤਿਪਤਿ, ਇੱਜ਼ਤ। ਗਹੇਫੜੇ।੨।

ਅਰਥ: ਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। (ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।ਰਹਾਉ।

ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ।੧।

ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

ਧਨਾਸਰੀ ਮਹਲਾ ੫ ॥ ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥ ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥ ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥ ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥ {ਪੰਨਾ 681}

ਪਦਅਰਥ: ਪਰਪਰਾਇਆ (ਧਨ)ਹਰਨਾਚੁਗਾਣਾ। ਨਿੰਦਨਿੰਦਿਆ। ਇਵ ਹੀਇਸੇ ਤਰ੍ਹਾਂ ਹੀ। ਗੁਦਾਰੀਗੁਜ਼ਾਰੀ, ਲੰਘਾ ਦਿੱਤੀ। ਮ੍ਰਿਗ ਤ੍ਰਿਸਨਾਠਗਨੀਰਾ, ਤ੍ਰੇਹ ਦੇ ਮਾਰੇ ਹਰਨ ਨੂੰ ਪਾਣੀ ਦਿੱਸਣ ਵਾਲਾ ਰੇਤਥਲਾ। ਮਿਥਿਆਝੂਠੀ। ਮਨਹਿਮਨ ਵਿਚ। ਸਾਧਾਰੀਆਸਰਾ ਬਣਾ ਲਿਆ।੧।

ਸਾਕਤਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆਵੇੜ੍ਹਿਆ ਜੀਵ। ਆਵਰਦਾਆਰਜਾ, ਉਮਰ। ਬ੍ਰਿਥਾਰੀਵਿਅਰਥ। ਕਾਗਦਕਾਗ਼ਜ਼ {ਲਫ਼ਜ਼ 'ਗੁਦਾਰੀ', 'ਆਵਰਦਾ', 'ਕਾਗਦ' ਦਾ ਅੱਖਰ '' ਅੱਖਰ '' ਤੋਂ ਬਦਲਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਕਾਜੀ' ਦਾ ਦੂਜਾ ਪਾਠ 'ਕਾਦੀ' ਹੈ। 'ਜਪੁ' ਵਿਚ ਲਫ਼ਜ਼ 'ਕਾਦੀਆ' ਮਿਰਜ਼ਈਆਂ ਦੇ ਨਗਰ 'ਕਾਦੀਆਂ' ਵਾਸਤੇ ਨਹੀਂ ਹੈ। ਉਹ ਲਫ਼ਜ਼ ਭੀ 'ਕਾਜੀਆ' ਦਾ ਦੂਜਾ ਪਾਠ ਹੈ}ਟੂਕਿਟੁੱਕ ਟੁੱਕ ਕੇ। ਗਾਵਾਰਮੂਰਖ।ਰਹਾਉ।

ਪਾਰਬ੍ਰਹਮਹੇ ਪਰਮਾਤਮਾ! ਅੰਧ—(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ। ਪ੍ਰਭਹੇ ਪ੍ਰਭੂ! ਸੰਗਾਰੀਸੰਗਤਿ ਵਿਚ।੨।

ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ, ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ।ਰਹਾਉ।

ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ। ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ।੧।

ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ। ਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ।੨।੧੧।੪੨।

ਧਨਾਸਰੀ ਮਹਲਾ ੫ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥ ਰੂਪ ਰੰਗ ਸੂਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥ ਰਸਨਾ ਰਾਮ ਰਸਾਇਨਿ ਮਾਤੀ ॥ ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥ ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥ ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥ {ਪੰਨਾ 681}

ਪਦਅਰਥ: ਸਿਮਰਿਸਿਮਰ ਕੇ। ਸੀਤਲਠੰਢਾ, ਸ਼ਾਂਤ। ਛਾਤੀਹਿਰਦਾ। ਜੀਅ ਕਾਜਿੰਦ ਦਾ, ਜਿੰਦ ਵਾਸਤੇ। ਮੋਰੈਮੇਰੇ ਵਾਸਤੇ। ਜਾਤੀਉੱਚੀ ਜਾਤਿ।੧।

ਰਸਨਾਜੀਭ। ਰਸਾਇਨ—{ਰਸਅਯਨ। ਅਯਨਘਰ} ਰਸਾਂ ਦਾ ਘਰ, ਰਸਾਂ ਦਾ ਖ਼ਜ਼ਾਨਾ। ਰਸਾਇਨਿਰਸਾਂ ਦੇ ਖ਼ਜ਼ਾਨੇ ਵਿਚ। ਮਾਤੀਮਸਤ। ਨਿਧਿਖ਼ਜ਼ਾਨਾ। ਥਾਤੀਇਕੱਠਾ ਕੀਤਾ।ਰਹਾਉ।

ਸਾਸੀ। ਤਿਨ ਹੀ—{ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਭਾਤੀਤਰੀਕਾ, ਢੰਗ। ਸੁਖਦਾਤੈਸੁਖਦਾਤੇ ਨੇ। ਪਾਤੀਪਤਿ, ਇੱਜ਼ਤ।੨।

ਅਰਥ: ਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ, ਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ।ਰਹਾਉ।

ਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ। ਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ।੧।

ਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ। ਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ।੨।੧੨।੪੩।

ਧਨਾਸਰੀ ਮਹਲਾ ੫ ॥ ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥ ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥ ਨਿਰਖਉ ਤੁਮਰੀ ਓਰਿ ਹਰਿ ਨੀਤ ॥ ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥ ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥ {ਪੰਨਾ 681}

ਪਦਅਰਥ: ਦੂਤਵੈਰੀ। ਸਭਿਸਾਰੇ। ਤੁਝ ਤੇਤੈਥੋਂ, ਤੇਰੀ ਕਿਰਪਾ ਨਾਲ। ਤੇਤੋਂ। ਨਿਵਰਹਿਦੂਰ ਹੋ ਜਾਂਦੇ ਹਨ। ਪ੍ਰਤਾਪੁਤੇਜ, ਇਕਬਾਲ। ਜੋ ਜੋਜੇਹੜਾ ਜੇਹੜਾ ਮਨੁੱਖ। ਦੁਖਾਏਦੁੱਖ ਦੇਂਦਾ ਹੈ। ਓਹੁ—{ਇਕ-ਵਚਨ} ਉਹ ਮਨੁੱਖ। ਤਤਕਾਲਉਸੇ ਵੇਲੇ। ਮਾਰਾਮਾਰ ਦਿੱਤਾ, ਆਤਮਕ ਮੌਤੇ ਮਾਰ ਦਿੱਤਾ।੧।

ਨਿਰਖਉਨਿਰਖਉਂ, ਮੈਂ ਧਿਆਨ ਨਾਲ ਵੇਖਦਾ ਹਾਂ, ਮੈਂ ਤੱਕਦਾ ਹਾਂ। ਓਰਿਪਾਸੇ ਵਲ। ਨੀਤਸਦਾ। ਮੁਰਾਰਿਹੇ ਮੁਰਾਰੀ! ਹੇ ਹਰੀ! ਸਹਾਇਮਦਦਗਾਰ। ਕਰੁਹੱਥ। ਗਹਿਫੜ ਕੇ। ਉਧਰਹੁਬਚਾ ਲਵੋ। ਮੀਤਹੇ ਮਿੱਤਰ!ਰਹਾਉ।

ਠਾਕੁਰਿ ਮੇਰੈਮੇਰੇ ਠਾਕੁਰ ਨੇ। ਖਸਮਾਨਾਖਸਮ ਵਾਲਾ ਫ਼ਰਜ਼। ਕਰਿਕਰ ਕੇ। ਜਾਪਿਜਪ ਕੇ।੨।

ਅਰਥ: ਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ। (ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ।ਰਹਾਉ।

ਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ। ਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ।੧।

ਹੇ ਨਾਨਕ! (ਆਖ-) ਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ, ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ।੨।੧੩।੪੪।

ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ {ਪੰਨਾ 681}

ਪਦਅਰਥ: ਚਤੁਰਚਾਰ। ਦਿਸਾਤਰਫ਼ਾਂ, ਪਾਸੇ। ਥਲੁਸ਼ਕਤੀ। ਕਰੁਹੱਥ {ਇਕ-ਵਚਨ}ਕਟਾਖ੍ਹਨਿਗਾਹ। ਅਵਲੋਕਨੁਵੇਖਣ। ਅਵਲੋਕਨੁ ਕੀਨੋਵੇਖਿਆ। ਬਿਦਾਰਿਓਦੂਰ ਕਰ ਦਿੱਤਾ।੧।

ਜਨਸੇਵਕ, ਦਾਸ {ਬਹੁ-ਵਚਨ}ਗੁਰ ਗੋਵਿੰਦਵੱਡੇ ਮਾਲਕ ਨੇ। ਗੋਵਿੰਦਪ੍ਰਿਥਵੀ ਦਾ ਮਾਲਕ। ਕੰਠਿਗਲ ਨਾਲ। ਲਾਇਲਾ ਕੇ। ਸਭਿਸਾਰੇ। ਪੁਰਖਸਰਬਵਿਆਪਕ।ਰਹਾਉ।

ਮਾਗਹਿਮੰਗਦੇ ਹਨ। ਤੇਤੋਂ। ਮੁਖ ਤੇਮੂੰਹੋਂ। ਈਹਾਇਸ ਲੋਕ ਵਿਚ। ਊਹਾਪਰਲੋਕ ਵਿਚ। ਸਚੁਸਦਾ-ਥਿਰ ਰਹਿਣ ਵਾਲਾ ਬਚਨ, ਅਟੱਲ ਬਚਨ।੨।

ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ।ਰਹਾਉ।

ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।੧।

ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।੧੪।੪੫।

TOP OF PAGE

Sri Guru Granth Darpan, by Professor Sahib Singh