ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 680

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥ {ਪੰਨਾ 680}

ਪਦਅਰਥ: ਜਤਨ—(ਬਹੁ-ਵਚਨ)ਡਹਕਾਵੈਧੋਖਾ ਦੇਂਦਾ ਹੈ, ਠੱਗਦਾ ਹੈ। ਅੰਤਰਜਾਮੀਸਭ ਦੇ ਦਿਲ ਦੀ ਜਾਣਨ ਵਾਲਾ। ਜਾਨੈਜਾਣਦਾ ਹੈ। ਕਰਿਕਰ ਕੇ। ਭੇਖਪਹਿਰਾਵੇ। ਨਿਰਬਾਨੈਵਾਸਨਾਰਹਿਤ, ਵਿਰਕਤ।੧।

ਪ੍ਰਭਹੇ ਪ੍ਰਭੂ! ਤੁਮਹਿਤੈਨੂੰ। ਉਤਉੱਧਰ। ਤਾਕੈਤੱਕਦਾ ਹੈ। ਤੇਤੋਂ। ਲੋਭੀਲਾਲਚੀ। ਫੇਰਿਫੇਰ ਵਿਚ, (ਲਾਲਚ ਦੇ) ਗੇੜ ਵਿਚ।ਰਹਾਉ।

ਜਬ ਲਗੁਜਦੋਂ ਤਕ। ਭਰਮਾਭਟਕਣਾ। ਮੁਕਤੁ—(ਲੋਭ ਤੋਂ) ਆਜ਼ਾਦ। ਸੋਈਉਹੀ ਮਨੁੱਖ।੨।

ਅਰਥ: ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)ਰਹਾਉ।

ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧।

ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।

ਧਨਾਸਰੀ ਮਹਲਾ ੫ ॥ ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥ ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥ ਜਨ ਕਉ ਨਾਮੁ ਵਡਾਈ ਸੋਭ ॥ ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥ ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥ ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥ {ਪੰਨਾ 680}

ਪਦਅਰਥ: ਗੁਰਿਗੁਰੂ ਨੇ। ਕੈ ਮਸਤਕਿਦੇ ਮੱਥੇ ਉੱਤੇ। ਕਰਮਾਕਿਸਮਤ, ਭਾਗ। ਦ੍ਰਿੜਾਵੈ—(ਹੋਰਨਾਂ ਨੂੰ) ਦ੍ਰਿੜ੍ਹ ਕਰਾਂਦਾ ਹੈ। ਜੁਗ ਮਹਿਜਗਤ ਵਿਚ। ਧਰਮਫ਼ਰਜ਼, ਕੰਮ।੧।

ਕਉਨੂੰ, ਵਾਸਤੇ। ਵਡਾਈਵਡਿਆਈ। ਸੋਭਸੋਭਾ। ਨਾਮੋਨਾਮ ਹੀ। ਗਤਿਉੱਚੀ ਆਤਮਕ ਅਵਸਥਾ। ਪਤਿਇੱਜ਼ਤ। ਮਾਨੈਮੰਨਦਾ ਹੈ। ਹੋਗਹੋਵੇਗਾ।੧।ਰਹਾਉ।

ਕੈ ਪਾਲੈਦੇ ਪੱਲੇ ਵਿਚ। ਬਿਉਹਾਰਾਵਿਹਾਰਕਾਰ। ਆਧਾਰਾਆਸਰਾ। ਲਾਹਾਲਾਭ, ਖੱਟੀ।੨।

ਅਰਥ: ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ। ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ। ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ)੧।

ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ। ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ।੨।੬।੩੭।

ਧਨਾਸਰੀ ਮਹਲਾ ੫ ॥ ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥ ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥ ਤੁਮ ਤਉ ਰਾਖਨਹਾਰ ਦਇਆਲ ॥ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥ ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥ ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥ {ਪੰਨਾ 680}

ਪਦਅਰਥ: ਨੇਤ੍ਰਅੱਖਾਂ। ਪੁਨੀਤਪਵਿਤ੍ਰ। ਪੇਖੇਪੇਖਿ, ਵੇਖ ਕੇ। ਮਾਥੈਮੱਥੇ ਉੱਤੇ। ਪਰਉਪਈ ਰਹੇ। ਰਵਾਲਚਰਨਧੂੜ। ਰਸਿਸੁਆਦ ਨਾਲ। ਗਾਵਉਗਾਵਉਂ, ਮੈਂ ਗਾਂਦਾ ਹਾਂ। ਮੋਰੈ ਹਿਰਦੈਮੇਰੇ ਹਿਰਦੇ ਵਿਚ।੧।

ਰਾਖਨਹਾਰਰੱਖਿਆ ਕਰਨ ਦੀ ਸਮਰਥਾ ਵਾਲਾ। ਸੁਘਰਸੁੱਘੜ, ਸੁਚੱਜੀ ਘਾੜਤ ਵਾਲਾ, ਸਿਆਣਾ।੧।ਰਹਾਉ।

ਅਨੂਪਉਪਮਾਰਹਿਤ, ਬਹੁਤ ਸੋਹਣੇ। ਰਸਾਲਰਸਭਰੇ {ਰਸਆਲਯ}ਹਿਰਦੈਹਿਰਦੇ ਵਿਚ। ਕੋਦਾ। ਪਾਲਪੱਲੇ।੨।

ਅਰਥ: ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ। ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ।੧।ਰਹਾਉ।

ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ, ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ। ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ)੧।

ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ। ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ।੨।੭।੩੮।

ਧਨਾਸਰੀ ਮਹਲਾ ੫ ॥ ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥ ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥ ਹਮਰੇ ਪਿਤਾ ਗੋਪਾਲ ਦਇਆਲ ॥ ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥ {ਪੰਨਾ 680}

ਪਦਅਰਥ: ਉਕਤਿਜੁਗਤਿ, ਢੰਗ, ਤਰੀਕਾ, ਵਿਓਂਤ। ਖਲਾਵੈ ਭੋਜਨਖਾਣਾ ਖੁਆਂਦਾ ਹੈ। ਖੇਲਾਵੈਖਿਡਾਂਦਾ ਹੈ। ਸਰਬਸਾਰੇ। ਮਨ ਹੀ ਨਾਲਿਸਾਡੇ ਮਨ ਦੇ ਨਾਲ ਹੀ, ਸਾਡੇ ਸਦਾ ਅੰਗਸੰਗ। ਸਮਾਵੈਮੌਜੂਦ ਰਹਿੰਦਾ ਹੈ।੧।

ਗੋਪਾਲਹੇ ਸ੍ਰਿਸ਼ਟੀ ਦੇ ਪਾਲਣਹਾਰ! ਮਹਤਾਰੀਮਾਂ। ਬਾਰਿਕ ਕਉਬੱਚੇ ਨੂੰ। ਪਾਲਪਾਲਣ ਵਾਲਾ।੧।

ਸਰਬ ਗੁਣਸਾਰੇ ਗੁਣਾਂ ਵਾਲਾ। ਨਾਇਕਆਗੂ, ਜੀਵਨਅਗਵਾਈ ਕਰਨ ਵਾਲਾ। ਸਲਾਮਤਿਜੀਊਂਦਾ। ਦੇਵਾਪ੍ਰਕਾਸ਼ਰੂਪ ਪ੍ਰਭੂ। ਈਤਇਸ ਲੋਕ ਵਿਚ। ਊਤਪਰਲੋਕ ਵਿਚ। ਜਤ ਕਤ ਤਤਜਿੱਥੇ ਕਿੱਥੇ ਤਿੱਥੇ, ਹਰ ਥਾਂ। ਨਾਨਕਹੇ ਨਾਨਕ!੨।

ਅਰਥ: ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ! ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ।੧।ਰਹਾਉ।

ਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ, (ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ।੧।

ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ; ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ।੨।੮।੩੯।

ਧਨਾਸਰੀ ਮਹਲਾ ੫ ॥ ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥ ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥ ਮਨਿ ਤਨਿ ਰਾਮ ਨਾਮ ਹਿਤਕਾਰੇ ॥ ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥ ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥ ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥ {ਪੰਨਾ 680}

ਪਦਅਰਥ: ਦਮੋਦਰ—{दामउदर} ਪਰਮਾਤਮਾ। ਬਿਖੁਜ਼ਹਰ। ਜਾਰੇਸਾੜ ਦਿੱਤਾ। ਜੀਅਰਾਜਿੰਦ। ਇਨ ਊਪਰਿਇਹਨਾਂ ਸੰਤ ਜਨਾਂ ਤੋਂ। ਬਾਰੇਸਦਕੇ, ਕੁਰਬਾਨ।੧।

ਮਨਿਮਨ ਵਿਚ। ਤਨਿਤਨ ਵਿਚ, ਹਿਰਦੇ ਵਿਚ। ਹਿਤਕਾਰੇਪਿਆਰ। ਸਹਜਆਤਮਕ ਅਡੋਲਤਾ। ਸਹਿਤਸਮੇਤ। ਭਵਨਿਧਿਸੰਸਾਰਸਮੁੰਦਰ। ਪਾਰਿ ਉਤਾਰੇਪਾਰ ਲੰਘਾ ਦਿੱਤਾ ਹੈ।ਰਹਾਉ।

ਧੰਨਿਭਾਗਾਂ ਵਾਲਾ। ਸੁਉਹ। ਓਇ—{ਲਫ਼ਜ਼ 'ਓਹ' ਤੋਂ ਬਹੁ-ਵਚਨ}ਭਵਨਾਘਰ। ਜਾ ਮਹਿਜਿਨ੍ਹਾਂ ਵਿਚ। ਬਸਾਰੇਵੱਸਦੇ ਹਨ। ਸਰਧਾਤਾਂਘ। ਪੂਰਹੁਪੂਰੀ ਕਰੋ।੨।

ਅਰਥ: ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ।ਰਹਾਉ।

ਹੇ ਭਾਈ! (ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ); ਉਹ ਆਪਣੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ। ਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ।੧।

ਹੇ ਭਾਈ! ਉਹ ਥਾਂ ਭਾਗਾਂ ਵਾਲਾ ਹੈ, ਉਹ ਘਰ ਭਾਗਾਂ ਵਾਲੇ ਹਨ, ਜਿਨ੍ਹਾਂ ਵਿਚ ਸੰਤ ਜਨ ਵੱਸਦੇ ਹਨ। ਹੇ ਠਾਕੁਰ! ਦਾਸ ਦੀ ਤਾਂਘ ਪੂਰੀ ਕਰ, ਕਿ ਤੇਰੇ ਭਗਤਾਂ ਨੂੰ ਸਦਾ ਸਿਰ ਨਿਵਾਂਦਾ ਰਹੇ।੨।੯।੪੦।

TOP OF PAGE

Sri Guru Granth Darpan, by Professor Sahib Singh