ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 679

ਧਨਾਸਰੀ ਮਹਲਾ ੫ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥ ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥ ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥ ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥ ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥ {ਪੰਨਾ 679}

ਪਦਅਰਥ: ਪਿਆਰੇਹੇ ਪਿਆਰੇ! ਕਲਿ ਕਲੇਸਸੰਸਾਰਕ ਝਗੜੇ। ਮਹਾਵੱਡੇ (ਭਿਆਨਕ)ਭਉਜਲੁਸੰਸਾਰਸਮੁੰਦਰ। ਤਾਰੇਪਾਰ ਲੰਘਾ ਦੇਂਦਾ ਹੈ।ਰਹਾਉ।

ਸਾਸਿ ਸਾਸਿਹਰੇਕ ਸਾਹ ਦੇ ਨਾਲ। ਨਿਮਖਅੱਖ ਝਮਕਣ ਜਿਤਨਾ ਸਮਾ {निमेष}ਰੈਨਿਰਾਤ। ਚਿਤਾਰੇਚਿਤਾਰਿ, ਚੇਤੇ ਰੱਖ। ਸਾਧ ਸੰਗਸਾਧ ਸੰਗਤਿ ਵਿਚ। ਨਿਸੰਗਝਾਕਾ ਲਾਹ ਕੇ। ਮਨਿਮਨ ਵਿਚ। ਨਿਧਾਨੁਖ਼ਜ਼ਾਨਾ। ਧਾਰੇਧਾਰਿ, ਟਿਕਾ ਲੈ।੧।

ਬੀਚਾਰੇਬੀਚਾਰਿ; ਸੋਚਮੰਡਲ ਵਿਚ ਵਸਾ ਲੈ। ਰੇਨਚਰਨਧੂੜ। ਮੰਗਲਖੁਸ਼ੀ। ਸਧਾਰੇਦੇਂਦੀ ਹੈ।੨।

ਅਰਥ: ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ।ਰਹਾਉ।

ਹੇ ਭਾਈ! ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ (ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ। ਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ।੧।

ਹੇ ਪਿਆਰੇ! ਪਰਮਾਤਮਾ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ। ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ (ਆਪਣੇ ਮੱਥੇ ਉਤੇ ਲਾਇਆ ਕਰ, ਇਹ ਚਰਨ-ਧੂੜ) ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ।੨।੧।੩੧।

ਧਨਾਸਰੀ ਮਹਲਾ ੫ ਘਰੁ ੮ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ {ਪੰਨਾ 679}

ਪਦਅਰਥ: ਸਿਮਰਉਸਿਮਰਉਂ, ਮੈਂ ਸਿਮਰਦਾ ਹਾਂ। ਸਿਮਰਿਸਿਮਰ ਕੇ। ਪਾਵਉਪਾਵਉਂ, ਮੈਂ ਪਾਂਦਾ ਹਾਂ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਸਮਾਲੇਸਮ੍ਹ੍ਹਾਲਿ, ਸੰਭਾਲ ਕੇ, ਹਿਰਦੇ ਵਿਚ ਵਸਾ ਕੇ। ਲੋਕਿਲੋਕ ਵਿਚ। ਸੰਗਿਨਾਲ। ਸਹਾਈਮਦਦਗਾਰ। ਜਤ ਕਤਜਿੱਥੇ ਕਿਥੇ, ਹਰ ਥਾਂ। ਮੋਹਿਮੇਰਾ।੧।

ਜੀਅ ਨਾਲੇ—(ਮੇਰੀ) ਜਿੰਦ ਦੇ ਨਾਲ। ਜਲਿਪਾਣੀ ਵਿਚ। ਤਸਕਰੁਚੋਰ। ਭਾਹਿਅੱਗ। ਨ ਸਾਕੈ ਜਾਲੇਜਲਾ ਨ ਸਕੇ।੧।ਰਹਾਉ।

ਕਉਵਾਸਤੇ। ਟਿਕਟੇਕ, ਸਹਾਰਾ। ਬਾਲੈਬਾਲ ਵਾਸਤੇ। ਬੋਹਿਥੁਜਹਾਜ਼।੨।

ਅਰਥ: ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ।

ਹੇ ਭਾਈ! (ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ। ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ)ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ।੨।੧।੩੨।

ਧਨਾਸਰੀ ਮਹਲਾ ੫ ॥ ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥ ਸੰਤਨ ਕਉ ਅਨਦੁ ਸਗਲ ਹੀ ਜਾਈ ॥ ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥ ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥ {ਪੰਨਾ 679}

ਪਦਅਰਥ: ਦਇਆਲਦਇਆਵਾਨ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਰਿਦੈਹਿਰਦੇ ਵਿਚ। ਸਿੰਚਾਈਮੈਂ ਭੀ ਭਰ ਲਵਾਂ। ਨਵ ਨਿਧਿ—(ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਰਿਧਿ ਸਿਧਿਕਰਾਮਾਤੀ ਤਾਕਤਾਂ। ਜਨ ਪਾਈਸੰਤ ਜਨਾਂ ਦੇ ਪੈਰਾਂ ਵਿਚ।੧।

ਕਉਨੂੰ। ਜਾਈਥਾਂ। ਸਗਲ ਹੀ ਜਾਈਸਭ ਥਾਵਾਂ ਵਿਚ। ਗ੍ਰਿਹਿਘਰ ਵਿਚ। ਰਵਿ ਰਹਿਆਵੱਸ ਰਿਹਾ ਹੈ। ਸ੍ਰਬਸਰਬ, ਸਾਰੀਆਂ। ਠਾਈਥਾਵਾਂ ਵਿਚ।੧।ਰਹਾਉ।

ਪਹੁਚਨਹਾਰਾਬਰਾਬਰੀ ਕਰ ਸਕਣ ਵਾਲਾ। ਜਾ ਕੈ ਅੰਗਿਜਿਸ ਦੇ ਪੱਖ ਵਿਚ। ਗੁਸਾਈਧਰਤੀ ਦਾ ਖਸਮਪ੍ਰਭੂ। ਤ੍ਰਾਸਡਰ। ਧਿਆਈਧਿਆਇ।੨।

ਅਰਥ: ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ। ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ। (ਭਗਤਾਂ ਨੂੰ ਪ੍ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ)੧।ਰਹਾਉ।

ਹੇ ਭਾਈ! ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ। ਪ੍ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ। (ਜੇ ਪ੍ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ।੧।

ਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ। ਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ।੨।੨।੩੩।

ਧਨਾਸਰੀ ਮਹਲਾ ੫ ॥ ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥ ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥ ਜੇ ਕੋਊ ਅਪੁਨੀ ਓਟ ਸਮਾਰੈ ॥ ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥ ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥ ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥ {ਪੰਨਾ 679}

ਪਦਅਰਥ: ਦਰਬੁ—{द्रव्य} ਧਨ। ਦਰਬਵੰਤੁਧਨ ਵਾਲਾ ਮਨੁੱਖ, ਧਨੀ। ਦੇਖਿਵੇਖ ਕੇ। ਗਰਬੈਅਹੰਕਾਰ ਕਰਦਾ ਹੈ। ਭੂਮਵੰਤੁਜ਼ਿਮੀਂ ਦਾ ਮਾਲਕ। ਅਭਿਮਾਨੀਅਹੰਕਾਰੀ। ਰਾਜੁਹਕੂਮਤ। ਜਾਨੈਸਮਝਦਾ ਹੈ। ਟੇਕਆਸਰਾ।੧।

ਕੋਊਕੋਈ ਮਨੁੱਖ। ਓਟਆਸਰਾ। ਸਮਾਰੈਸੰਭਾਲੇ, ਹਿਰਦੇ ਵਿਚ ਵਸਾਈ ਰੱਖੇ। ਬਿਤੁਵਿਤ, ਪਾਂਇਆਂ। ਵਰਤੈਜਗਤ ਨਾਲ ਕਾਰਵਿਹਾਰ ਰੱਖਦਾ ਹੈ। ਬਲੁਤਾਕਤ, ਹੌਸਲਾ।੧।ਰਹਾਉ।

ਆਨਹੋਰ ਸਾਰੇ (ਆਸਰੇ)ਤਿਆਗਿਛੱਡ ਕੇ। ਇਕ ਆਸਰਇੱਕ ਆਸਰੇ ਵਾਲੇ। ਕਰਿਕਰ ਕੇ, ਆਖ ਕੇ। ਅਨੁਗ੍ਰਹਕਿਰਪਾ ਨਾਲ। ਗਾਏਗਾਇ, ਗਾ ਕੇ।੨।

ਅਰਥ: ਜੇ ਕੋਈ ਮਨੁੱਖ ਆਪਣੀ ਅਸਲੀ ਓਟ (ਪਰਮਾਤਮਾ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖੇ, ਤਾਂ ਉਹ (ਅਹੰਕਾਰ ਆਦਿਕ ਦੇ ਮੁਕਾਬਲੇ ਤੇ) ਆਪਣਾ ਹੌਸਲਾ ਨਹੀਂ ਹਾਰਦਾ, (ਕਿਉਂਕਿ) ਉਹ ਮਨੁੱਖ ਆਪਣੇ ਵਿਤ ਅਨੁਸਾਰ ਵਰਤਦਾ ਹੈ (ਵਿਤੋਂ ਬਾਹਰਾ ਨਹੀਂ ਹੁੰਦਾ, ਅਹੰਕਾਰ ਵਿਚ ਨਹੀਂ ਆਉਂਦਾ, ਮਨੁੱਖਤਾ ਤੋਂ ਨਹੀਂ ਡਿੱਗਦਾ)੧।ਰਹਾਉ।

(ਹੇ ਭਾਈ! ਧਨੀ ਮਨੁੱਖ ਨੂੰ ਧਨ ਦਾ ਆਸਰਾ ਹੁੰਦਾ ਹੈ, ਪਰ) ਧਨੀ ਮਨੁੱਖ ਧਨ ਨੂੰ ਵੇਖ ਕੇ ਅਹੰਕਾਰ ਕਰਨਾ ਲੱਗ ਪੈਂਦਾ ਹੈ। (ਜ਼ਿਮੀਂ ਦੇ ਮਾਲਕ ਨੂੰ ਜ਼ਿਮੀਂ ਦਾ ਸਹਾਰਾ ਹੁੰਦਾ ਹੈ, ਪਰ) ਜ਼ਿਮੀਂ ਦਾ ਮਾਲਕ (ਆਪਣੀ ਜ਼ਿਮੀਂ ਵੇਖ ਕੇ) ਅਹੰਕਾਰੀ ਹੋ ਜਾਂਦਾ ਹੈ। ਰਾਜਾ ਸਮਝਦਾ ਹੈ ਸਾਰਾ ਦੇਸ ਮੇਰਾ ਹੀ ਰਾਜ ਹੈ (ਰਾਜੇ ਨੂੰ ਰਾਜ ਦਾ ਸਹਾਰਾ ਹੈ, ਪਰ ਰਾਜ ਦਾ ਅਹੰਕਾਰ ਭੀ ਹੈ)ਇਸੇ ਤਰ੍ਹਾਂ ਪਰਮਾਤਮਾ ਦੇ ਸੇਵਕ ਨੂੰ ਮਾਲਕ-ਪ੍ਰਭੂ ਦਾ ਆਸਰਾ ਹੈ (ਪਰ ਉਸ ਨੂੰ ਕੋਈ ਅਹੰਕਾਰ ਨਹੀਂ)੧।

ਹੇ ਨਾਨਕ! ਜੇਹੜੇ ਮਨੁੱਖ ਹੋਰ ਸਾਰੇ (ਧਨ ਭੁਇਂ ਰਾਜ ਆਦਿਕ ਦੇ) ਆਸਰੇ ਛੱਡ ਕੇ ਇਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਹਨ, ਜੇਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਹਨ ਕਿ, ਹੇ ਪ੍ਰਭੂ! ਅਸੀ ਤੇਰੀ ਸਰਨ ਆਏ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ।੨।੩।੩੪।

ਧਨਾਸਰੀ ਮਹਲਾ ੫ ॥ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥ {ਪੰਨਾ 679-680}

ਪਦਅਰਥ: ਜਾ ਕਉਜਿਸ (ਮਨੁੱਖ) ਨੂੰ। ਰੰਗੁਪ੍ਰੇਮ। ਇਸੁ ਜੁਗ ਮਹਿਇਸ ਜਗਤ ਵਿਚ। ਸੂਰਾਸੂਰਮਾ। ਆਤਮੁਆਪਣੇ ਆਪ ਨੂੰ, ਆਪਣੇ ਮਨ ਨੂੰ। ਜਿਣੈਜਿੱਤ ਲੈਂਦਾ ਹੈ। ਵਸਿਵੱਸ ਵਿਚ। ਤਾ ਕੈ ਵਸਿਉਸ ਦੇ ਵੱਸ ਵਿਚ।੧।

ਆਤਮ ਰੰਗਿਦਿਲੀ ਪਿਆਰ ਨਾਲ। ਗਾਈਐਗਾਣਾ ਚਾਹੀਦਾ ਹੈ। ਸਹਜਿਆਤਮਕ ਅਡੋਲਤਾ ਵਿਚ। ਸੰਗਿਨਾਲ।੧।ਰਹਾਉ।

ਵਸਹਿਵੱਸ ਪੈਣ। ਮੇਰੈ ਹੀਅਰੈਮੇਰੇ ਹਿਰਦੇ ਵਿਚ। ਪੁਨੀਤਾਪਵਿਤ੍ਰ। ਦੇਹੀਸਰੀਰ। ਕਿਰਪਾ ਨਿਧਿਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈਨਾਨਕ ਦੇ ਹਿਰਦੇ ਵਿਚ।੨।

ਅਰਥ: ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ।੧।ਰਹਾਉ।

ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ)੧।

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ। (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ।੨।੪।੩੫।

TOP OF PAGE

Sri Guru Granth Darpan, by Professor Sahib Singh