ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 673

ਧਨਾਸਰੀ ਮਹਲਾ ੫ ॥ ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥ ਮਾਇਆ ਮੋਹ ਭੂਲੋ ਅਵਰੈ ਹੀਤ ॥ ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥ ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥ ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥ ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥ ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥ ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥ {ਪੰਨਾ 673}

ਪਦਅਰਥ: ਜਿਹ ਕਰਣੀਜਿਸ ਕਰਤੂਤ ਨਾਲ। ਹੋਵਹਿਤੂੰ ਹੋਵੇਂਗਾ। ਰੀਤਿਮਰਯਾਦਾ, ਚਾਲ। ਸਾਕਤਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਪੂਜਾਆਦਰਸਤਕਾਰ। ਬਿਪਰੀਤਿਉਲਟੀ ਚਾਲ।੧।

ਭੂਲੋਕੁਰਾਹੇ ਪਿਆ ਰਿਹਾ। ਅਵਰੈ—(ਪਰਮਾਤਮਾ ਤੋਂ ਬਿਨਾ) ਹੋਰ ਵਿਚ। ਹੀਤਹਿਤ, ਮੋਹ। ਹਰਿਚੰਦਉਰੀਹਰਿਚੰਦਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਹਵਾਈ ਕਿਲ੍ਹਾ। ਬਨ ਹਰ ਪਾਤਜੰਗਲ ਦੇ ਹਰੇ ਪੱਤੇ। ਰੇਹੇ ਭਾਈ! ਬੀਤਵਿਤ, ਪਾਇਆਂ।੧।ਰਹਾਉ।

ਦੇਹ ਕਉਸਰੀਰ ਨੂੰ। ਗਰਧਭਖੋਤਾ। ਭਸਮਸੁਆਹ, ਮਿੱਟੀ। ਸੰਗੀਤਿਨਾਲ। ਸੰਗਿਨਾਲ। ਰਚੁਪਿਆਰ। ਬਿਖੈਵਿਸ਼ੇ। ਠਗਉਰੀਠਗਮੂਰੀ, ਠਗਬੂਟੀ।੨।

ਭਲੇ ਸੰਜੋਗੀਭਲੇ ਸੰਜੋਗਾਂ ਨਾਲ (ਮਿਲਦੇ ਹਨ)ਜੁਗਜਗਤ, ਸੰਸਾਰ। ਪੁਨੀਤਪਵਿਤ੍ਰ। ਜਾਤ ਅਕਾਰਥਵਿਅਰਥ ਜਾ ਰਿਹਾ ਹੈ। ਕਾਚਕੱਚ। ਬਾਦਰੈਬਦਲੇ ਵਿਚ, ਵੱਟੇ ਵਿਚ। ਜੀਤਜਿੱਤਿਆ ਜਾ ਰਿਹਾ ਹੈ।੩।

ਕਿਲਵਿਖਪਾਪ। ਗੁਰਿਗੁਰੂ ਨੇ। ਅੰਜਨੁਸੁਰਮਾ। ਗਿਆਨਆਤਮਕ ਜੀਵਨ ਦੀ ਸੂਝ। ਨੇਤ੍ਰਅੱਖਾਂ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਤੇਤੋਂ, ਵਿਚੋਂ। ਨਿਕਸਿਓਨਿਕਲ ਗਿਆ।੪।

ਅਰਥ: ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ।੧।ਰਹਾਉ।

ਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ।੧।

ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ (ਇਹੀ ਹਾਲ ਤੇਰਾ ਹੈ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ।੨।

ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। (ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।੩।

ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ। ਸੰਗਤਿ ਵਿਚ ਟਿਕ ਕੇ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।੪।੯।

ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥ {ਪੰਨਾ 673}

ਪਦਅਰਥ: ਪੀਸਉਪੀਸਉਂ, ਮੈਂ (ਆਟਾ) ਪੀਹਾਂ। ਸੰਤ ਆਗੈਸੰਤਾਂ ਦੀ ਸੇਵਾ ਵਿਚ। ਜਸੁਸਿਫ਼ਤਿ-ਸਾਲਾਹ। ਗਾਈਗਈਂ, ਮੈਂ ਗਾਵਾਂ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈਯਾਦ ਕਰਦਾ ਰਹੇ। ਬਿਸ੍ਰਾਮ ਨਿਧਿਸੁਖ ਦਾ ਖ਼ਜ਼ਾਨਾ। ਪਾਈਪਾਈਂ, ਮੈਂ ਹਾਸਲ ਕਰ ਲਵਾਂ।੧।

ਮੇਰੇ ਸਾਈਹੇ ਮੇਰੇ ਸਾਈਂ! ਠਾਕੁਰਹੇ ਮਾਲਕ! ਧਿਆਈਧਿਆਈਂ, ਮੈਂ ਧਿਆਵਾਂ।੧।ਰਹਾਉ।

ਤੇਤੋਂ, ਨਾਲ। ਛੁਟੈਮੁੱਕ ਜਾਏ। ਭਰਮਾਈਭਟਕਣਾ। ਅਨਦਆਨੰਦ। ਰਵਿਓਵਿਆਪਕ। ਮਧੇਵਿਚ। ਜਤ ਕਤਜਿੱਥੇ ਕਿੱਥੇ। ਪੇਖਉਪੇਖਉਂ, ਮੈਂ ਵੇਖਾਂ। ਜਾਈਜਾਇ, ਜਾ ਕੇ।੨।

ਨਿਧਿਖ਼ਜ਼ਾਨਾ। ਪਤਿਤ ਪਾਵਨਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਗੋਸਾਈਹੇ ਧਰਤੀ ਦੇ ਖਸਮ! ਕੋਟਿਕ੍ਰੋੜਾਂ। ਤੇਤੋਂ, ਨਾਲ। ਮੁਖ ਤੇਮੂੰਹੋਂ। ਨਿਮਖਅੱਖ ਝਮਕਣ ਜਿਤਨੇ ਸਮੇ ਲਈ। ਬੁਲਾਈਬੁਲਾਈਂ, ਮੈਂ (ਤੇਰਾ ਨਾਮ) ਉਚਾਰਾਂ।੩।

ਸਾਉਹ {ਇਸਤ੍ਰੀ ਲਿੰਗ}ਕੈ ਮਨਿਦੇ ਮਨ ਵਿਚ। ਭਾਈਪਸੰਦ ਆਉਂਦੀ ਹੈ। ਤ੍ਰਿਪਤਿ ਅਘਾਈਪੂਰਨ ਤੌਰ ਤੇ ਰੱਜ ਜਾਈਦਾ ਹੈ।੪।

ਅਰਥ: ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ।੧।ਰਹਾਉ।

(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ।੧।

ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ।੨।

ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ।੩।

ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ।੪।੧੦।

ਧਨਾਸਰੀ ਮਹਲਾ ੫ ॥ ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ ਪ੍ਰਭ ਕੀ ਓਟ ਗਹੀ ਤਉ ਛੂਟੋ ॥ ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥ ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥ ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥ ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥ ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥ {ਪੰਨਾ 673}

ਪਦਅਰਥ: ਜਿਨਿਜਿਸ (ਮਾਇਆ) ਨੇ। ਅਪੁਨੈ ਵਸਿਆਪਣੇ ਵੱਸ ਵਿਚ। ਤ੍ਰੈਗੁਣ ਭਵਨਮਾਇਆ ਦੇ ਤਿੰਨ ਗੁਣ ਵਾਲੇ ਜਗਤ ਨੂੰ। ਚਤੁਰ ਸੰਸਾਰਾਚਾਰ ਕੂਟਸੰਸਾਰ ਨੂੰ। ਖੰਡੇਤੋੜ ਦਿੱਤੇ, ਜਿੱਤ ਲਏ ਹਨ।੧।

ਗਹੀਪਕੜੀ। ਓਟਆਸਰਾ। ਤਉਤਦੋਂ। ਛੂਟੋਬਚਿਆ। ਸਾਧ ਪ੍ਰਸਾਦਿਗੁਰੂ ਦੀ ਕਿਰਪਾ ਨਾਲ। ਬਿਖੈ ਬਿਆਧਿਵਿਸ਼ਿਆਂ ਦਾ ਰੋਗ। ਹੂਟੋਮੁੱਕਿਆ, ਥੱਕਿਆ।੧।ਰਹਾਉ।

ਸੁਣੀਐਆਵਾਜ਼ ਸੁਣੀ ਜਾਂਦੀ। ਮੁਖ ਤੇਮੂੰਹੋਂ। ਬਕੀਐਬੋਲਦੀ। ਡੀਠੀਦਿੱਸਦੀ। ਉਹ—{ਇਸਤ੍ਰੀ ਲਿੰਗ} ਉਹ ਮਾਇਆ। ਠਗਉਰੀਠਗਮੂਰੀ, ਠਗਬੂਟੀ, ਨਸ਼ੀਲੀ ਚੀਜ਼। ਭੁਲਾਵੈਕੁਰਾਹੇ ਪਾ ਦੇਂਦੀ ਹੈ। ਕੈ ਮਨਿਦੇ ਮਨ ਵਿਚ।੨।

ਮਾਇਮਾਂ। ਹਿਤਹਿਤ ਕਰਨ ਵਾਲੇ, ਮਿੱਤਰ। ਉਨਿਉਸ (ਮਾਇਆ) ਨੇ। ਘਰਿ ਘਰਿਹਰੇਕ ਘਰ ਵਿਚ, ਹਰੇਕ ਦੇ ਹਿਰਦੇਘਰ ਵਿਚ। ਦੂਆਦ੍ਵੈਤ, ਵਿਤਕਰਾ। ਵਾਧਿਵੱਧ, ਬਹੁਤੀ। ਘਾਟਿਘੱਟ, ਥੋੜੀ।੩।

ਹਉਮੈਂ। ਜਿਨਿਜਿਸ (ਗੁਰੂ) ਨੇ। ਚਲਤੁਤਮਾਸ਼ਾ। ਗੂਝੀਲੁਕੀ ਹੋਈ। ਭਾਹਿਅੱਗ। ਨਾ ਬਿਆਪੈਜ਼ੋਰ ਨਹੀਂ ਪਾ ਸਕਦੀ।੪।

ਸੰਤ ਪ੍ਰਸਾਦਿਗੁਰੂ ਦੀ ਕਿਰਪਾ ਨਾਲ। ਸਗਲੇਸਾਰੇ। ਅਪੁਨੈ ਘਰਿਆਪਣੇ ਹਿਰਦੇਘਰ ਵਿਚ। ਖਾਟੇਖਾਟਿ, ਖੱਟ ਕੇ।੫।

ਅਰਥ: ਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ। ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ।੧।ਰਹਾਉ।

ਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ)?੧।

ਹੇ ਭਾਈ! ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ। ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ।੨।

ਹੇ ਭਾਈ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ। ਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ।੩।

ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ। (ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ) ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ।੪।

ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਨੇ) ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਤੇ ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ਉਹ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ।੫।੧੧।

TOP OF PAGE

Sri Guru Granth Darpan, by Professor Sahib Singh