ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 672

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥ {ਪੰਨਾ 672}

ਪਦਅਰਥ: ਰਾਜਨਰਾਜੇ। ਭੂਮਨਜ਼ਿਮੀਂ ਦੇ ਮਾਲਕ। ਤਾ ਕੀਉਹਨਾਂ ਦੀ। ਤ੍ਰਿਸਨਲਾਲਚ, ਤ੍ਰੇਹ। ਲਪਟਿ ਰਹੇਚੰਬੜੇ ਰਹਿੰਦੇ ਹਨ। ਮਾਤੇਮਸਤ। ਲੋਚਨਅੱਖਾਂ।੧।

ਬਿਖਿਆਮਾਇਆ। ਕਿਨ ਹੀਕਿਨਿ ਹੀ {ਲਫ਼ਜ਼ 'ਕਿਨਿ ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਕਿਸੇ ਨੇ ਭੀ। ਤ੍ਰਿਪਤਿਸ਼ਾਂਤੀ, ਰਜੇਵਾਂ। ਪਾਵਕੁਅੱਗ। ਈਧਨਿਈਧਨ ਨਾਲ, ਬਾਲਣ ਨਾਲ। ਧ੍ਰਾਪੈਰੱਜਦੀ। ਕਹਾਕਿੱਥੇ? ਅਘਾਈਰੱਜਦਾ ਹੈ।ਰਹਾਉ।

ਦਿਨੁ ਦਿਨੁਹਰ ਰੋਜ਼। ਬਿੰਜਨ—{व्यंजन} ਸੁਆਦਲੇ ਖਾਣੇ। ਤਾ ਕੀਉਸ (ਮਨੁੱਖ) ਦੀ। ਸੁਆਨਕੁੱਤਾ। ਨਿਆਈਵਾਂਗ। ਘੋਖਾਭਾਲਦਾ ਫਿਰਦਾ ਹੈ।੨।

ਕਾਮਵੰਤਕਾਮਵਾਸਨਾ ਵਾਲਾ। ਕਾਮੀਵਿਸ਼ਈ। ਪਰ ਗ੍ਰਿਹ ਜੋਹਪਰਾਏ ਘਰ ਦੀ ਤੱਕ। ਜੋਰਤੱਕ, ਮੰਦ ਦ੍ਰਿਸ਼ਟੀ, ਭੈੜੀ ਵਿਕਾਰਭਰੀ ਨਿਗਾਹ। ਦਿਨ ਪ੍ਰਤਿਹਰ ਰੋਜ਼। ਸੂਕੈਸੁੱਕਦਾ ਜਾਂਦਾ ਹੈ।੩।

ਨਿਧਾਨਾਖ਼ਜ਼ਾਨਾ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ। ਸਹਜੁਆਤਮਕ ਅਡੋਲਤਾ। ਕੈਦੇ (ਹਿਰਦੇ) ਵਿਚ। ਤੇਤੋਂ, ਪਾਸੋਂ।੪।

ਅਰਥ: ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ। ਰਹਾਉ।

(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ।੧।

ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ।੨।

ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ।੩।

ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ, (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ।੪।੬।

ਧਨਾਸਰੀ ਮਃ ੫ ॥ ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ ਇਹੁ ਧਾਵੈ ॥ ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥੧॥ ਜਾ ਕਉ ਆਇਓ ਏਕੁ ਰਸਾ ॥ ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ ॥ ਰਹਾਉ ॥ ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੂੰਦ ਜਿਨਿ ਪਾਈ ॥ ਬਰਨਿ ਨ ਸਾਕਉ ਉਸਤਤਿ ਤਾ ਕੀ ਕੀਮਤਿ ਕਹਣੁ ਨ ਜਾਈ ॥੨॥ ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥ ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥੩॥ ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ ॥ ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗਪਾਲਾ ॥੪॥੭॥ {ਪੰਨਾ 672}

ਪਦਅਰਥ: ਲਵੈ ਨਨੇੜੇ ਨਹੀਂ ਪਹੁੰਚ ਸਕਦੀ। ਕਛੂਐਕੋਈ ਭੀ ਚੀਜ਼। ਜਾ ਕਉਜਿਸ ਦੀ ਖ਼ਾਤਰ। ਫਿਰਿਮੁੜ ਮੁੜ। ਧਾਵੈਦੌੜਦਾ ਹੈ। ਗੁਰਿਗੁਰੂ ਨੇ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਤਿਸ ਹੀ ਕਉ—{ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}ਬਨਿ ਆਵੈਸੋਭਦਾ ਹੈ।੧।

ਖੁਧਿਆਭੁੱਖ। ਆਨਕੋਈ ਹੋਰ। ਤਾ ਕੈ ਚਿਤਿਉਸ ਦੇ ਚਿੱਤ ਵਿਚ।ਰਹਾਉ।

ਮਉਲਿਓਖਿੜ ਪਿਆ। ਜਿਨਿਜਿਸ (ਮਨੁੱਖ) ਨੇ। ਬਰਨਿ ਨ ਸਾਕਉ—{ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਤਾ ਕੀਉਸ (ਮਨੁੱਖ) ਦੀ।੨।

ਘਾਲਮੇਹਨਤ। ਅਚਿੰਤਾਉਸ ਦੇ ਚਿਤਚੇਤੇ ਤੋਂ ਬਾਹਰਾ ਹੀ। ਠਾਕੁਰਿਠਾਕੁਰ ਨੇ। ਤਿਨਿਉਸ (ਮਨੁੱਖ) ਨੇ। ਗੁਰਹਿ ਮੰਤਾਗੁਰੂ ਦਾ ਹੀ ਉਪਦੇਸ਼।੩।

ਓਤਿ ਪੋਤਿਤਾਣੇ ਪੇਟੇ ਵਾਂਗ। ਓਤਉਣਿਆ ਹੋਇਆ। ਪੋਤਪ੍ਰੋਤਾ ਹੋਇਆ। ਸੰਗਿਨਾਲ। ਗਪਾਲਾ—{ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ} ਪਰਮਾਤਮਾ।੪।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ, ਉਸ ਨੂੰ ਖਾਣ-ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ, ਕੋਈ ਹੋਰ ਭੁੱਖ ਉਸ ਦੇ ਚਿੱਤ ਵਿਚ ਨਹੀਂ ਟਿਕ ਸਕਦੀ।ਰਹਾਉ।

ਹੇ ਭਾਈ! ਇਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹਨਾਂ ਵਿਚੋਂ ਕੋਈ ਭੀ ਚੀਜ਼ (ਪਰਮਾਤਮਾ ਦੇ ਨਾਮ-ਅੰਮ੍ਰਿਤ ਦੀ) ਬਰਾਬਰੀ ਨਹੀਂ ਕਰ ਸਕਦੀ। ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ।੧।

ਹੇ ਭਾਈ! ਜਿਸ ਮਨੁੱਖ ਨੇ (ਨਾਮ-ਜਲ ਦੀ) ਸਿਰਫ਼ ਇਕ ਬੂੰਦ ਹੀ ਹਾਸਲ ਕਰ ਲਈ, ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ (ਆਤਮਕ ਜਲ ਨਾਲ) ਹਰਾ ਹੋ ਆਉਂਦਾ ਹੈ। ਹੇ ਭਾਈ! ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਉਸ ਮਨੁੱਖ (ਦੇ ਆਤਮਕ ਜੀਵਨ) ਦੀ ਕੀਮਤ ਨਹੀਂ ਦੱਸੀ ਜਾ ਸਕਦੀ।੨।

ਹੇ ਭਾਈ! ਇਹ ਨਾਮ-ਰਸ (ਆਪਣੀ ਕਿਸੇ) ਮੇਹਨਤ ਨਾਲ ਨਹੀਂ ਮਿਲਦਾ, ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ। ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ, ਤੇ, ਉਸ ਨੂੰ ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ ਪ੍ਰਾਪਤ ਹੋ ਗਿਆ।੩।

ਹੇ ਨਾਨਕ! ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਹੀ ਮੇਹਰਬਾਨ ਰਹਿੰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿਚ ਟਿਕਾ ਰੱਖਦੀ ਹੈ, ਇਸੇ ਤਰ੍ਹਾਂ ਉਹ ਗੋਪਾਲ-ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ (ਜਿਸ ਨੂੰ ਹਰਿ-ਨਾਮ ਦਾ ਸੁਆਦ ਆ ਜਾਂਦਾ ਹੈ)੪।੭।

ਧਨਾਸਰੀ ਮਹਲਾ ੫ ॥ ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜ੍ਹ੍ਹਾਯਾ ॥ ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥੧॥ ਹਮਰੇ ਪ੍ਰਾਨ ਗੁਪਾਲ ਗੋਬਿੰਦ ॥ ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥ ਜਾ ਕੈ ਸਿਮਰਨਿ ਸਰਬ ਨਿਧਾਨਾ ਮਾਨੁ ਮਹਤੁ ਪਤਿ ਪੂਰੀ ॥ ਨਾਮੁ ਲੈਤ ਕੋਟਿ ਅਘ ਨਾਸੇ ਭਗਤ ਬਾਛਹਿ ਸਭਿ ਧੂਰੀ ॥੨॥ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ ॥ ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥੩॥ ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਓ ਓਲ੍ਹ੍ਹਾ ॥ ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲ੍ਹ੍ਹਾ ॥੪॥੮॥ {ਪੰਨਾ 672}

ਪਦਅਰਥ: ਬਾਰਿ ਜਾਉ—{ਜਾਉਂ} ਮੈਂ ਸਦਕੇ ਜਾਂਦਾ ਹਾਂ। ਜਿਨਿਜਿਸ (ਗੁਰੂ) ਨੇ। ਉਦਿਆਨਜੰਗਲ। ਅੰਧਕਾਰਘੁੱਪ ਹਨੇਰਾ। ਮਾਰਗੁਰਸਤਾ।੧।

ਪ੍ਰਾਨਜਿੰਦ, ਜਿੰਦ ਦਾ ਆਸਰਾ। ਗੁਪਾਲਗੋਪਾਲ, ਸ੍ਰਿਸ਼ਟੀ ਦਾ ਪਾਲਣ ਵਾਲਾ। ਈਹਾਇਸ ਲੋਕ ਵਿਚ। ਊਹਾਪਰਲੋਕ ਵਿਚ। ਜਿਸਹਿਜਿਸ (ਪ੍ਰਭੂ) ਨੂੰ। ਚਿੰਦਚਿੰਤਾ, ਫ਼ਿਕਰ, ਧਿਆਨ।੧।ਰਹਾਉ।

ਕੈ ਸਿਮਰਨਿਦੇ ਸਿਮਰਨ ਦੀ ਰਾਹੀਂ। ਨਿਧਾਨਖ਼ਜ਼ਾਨੇ। ਮਾਨੁਆਦਰ। ਮਹਤੁਵਡਿਆਈ। ਪਤਿਇੱਜ਼ਤ। ਲੈਤਲੈਂਦਿਆਂ, ਸਿਮਰਦਿਆਂ। ਅਘਪਾਪ। ਬਾਛਹਿਚਾਹੁੰਦੇ ਹਨ। ਸਭਿਸਾਰੇ। ਧੂਰੀਚਰਨਧੂੜ।੨।

ਮਨੋਰਥਮਨੋਕਾਮਨਾ, ਮਨ ਦੀਆਂ ਮੁਰਾਦਾਂ। ਕੋਕੋਈ ਮਨੁੱਖ। ਸੇਵੈਸਿਮਰਨ ਕਰੇ। ਅਪਰੰਪਰਬੇਅੰਤ। ਪਾਰਿ ਪਰਨਾਪਾਰ ਲੰਘ ਜਾਈਦਾ ਹੈ।੩।

ਸੀਤਲਠੰਢਾ। ਸੰਗਿਸੰਗਤਿ ਵਿਚ। ਓਲ੍ਹ੍ਹਾਪਰਦਾ, ਇੱਜ਼ਤ। ਸੰਚਨੁਇਕੱਠਾ ਕਰਨਾ। ਚੋਲ੍ਹ੍ਹਾਸੁਆਦਲਾ ਖਾਣਾ।੪।

ਅਰਥ: ਹੇ ਭਾਈ! ਜਿਸ ਪਰਮਾਤਮਾ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫ਼ਿਕਰ ਹੈ ਉਹ ਸਾਡੀ ਜਿੰਦ ਦਾ ਆਸਰਾ ਹੈ।੧।ਰਹਾਉ।

ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ; ਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ।੧।

ਹੇ ਭਾਈ! (ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ, ਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। (ਹੇ ਭਾਈ!) ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ।੨।

ਹੇ ਭਾਈ! ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ। ਹੇ ਭਾਈ! ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ।੩।

ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ, (ਉਸ ਦਾ ਹਿਰਦਾ) ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ। ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ (ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦੇ)੪।੮।

TOP OF PAGE

Sri Guru Granth Darpan, by Professor Sahib Singh