ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 669

ਧਨਾਸਰੀ ਮਹਲਾ ੪ ॥ ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥ ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥ ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥ ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥ ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥ {ਪੰਨਾ 669}

ਪਦਅਰਥ: ਗੁਨਪਰਮਾਤਮਾ ਦੇ ਗੁਣ। ਕਹੁਯਾਦ ਕਰਿਆ ਕਰ। ਲਹੁਲੱਭ, ਮਿਲਣ ਦਾ ਜਤਨ ਕਰਦਾ ਰਹੁ। ਇਵਇਸ ਤਰ੍ਹਾਂ। ਧਿਆਈਧਿਆਈਂ; ਤੂੰ ਸਿਮਰਦਾ ਰਹੁ। ਭਾਵਹਿਤੂੰ ਚੰਗਾ ਲੱਗੇਂਗਾ। ਨ ਆਵਹਿਤੂੰ ਨਹੀਂ ਆਵੇਂਗਾ। ਸਮਾਈਲੀਨਤਾ।੧।

ਮਨਹੇ ਮਨ! ਹੋਹਿਤੂੰ ਹੋਵੇਂਗਾ। ਤੇਤੋਂ। ਸੇਵਿਸੇਵਾਭਗਤੀ ਕਰ।ਰਹਾਉ।

ਕ੍ਰਿਪਾ ਨਿਧਿਕਿਰਪਾ ਦਾ ਖ਼ਜ਼ਾਨਾ ਪ੍ਰਭੂ। ਗੁਰਿਗੁਰੂ ਨੇ। ਸਿਉਨਾਲ। ਵਿਸਾਰਿਭੁਲਾ ਦਿੱਤੀ। ਉਰਿਹਿਰਦੇ ਵਿਚ। ਸਖਾਈਮਿੱਤਰ, ਸਾਥੀ।੨।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਤੂੰ ਹਰ ਥਾਂ ਸੁਖੀ ਰਹੇਂਗਾ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਬੜਾ ਸ੍ਰੇਸ਼ਟ ਕੰਮ ਹੈ, ਹੋਰ ਸਭ ਕੰਮਾਂ ਨਾਲੋਂ ਵਧੀਆ ਕੰਮ ਹੈ। ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਰਹੁ, (ਇਹ ਸੇਵਾ-ਭਗਤੀ ਸਭ ਦੁੱਖਾਂ ਵਿਕਾਰਾਂ ਤੋਂ) ਬਚਾ ਲੈਂਦੀ ਹੈ।ਰਹਾਉ।

ਹੇ ਭਾਈ! ਪਰਮਾਤਮਾ ਦੇ ਗੁਣ ਯਾਦ ਕਰਿਆ ਕਰ। (ਇਸ ਤਰ੍ਹਾਂ) ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਾ ਰਹੁ। ਗੁਰੂ ਦੀ (ਦੱਸੀ) ਸੇਵਾ ਕਰਿਆ ਕਰ। ਇਸ ਤਰੀਕੇ ਨਾਲ ਸਦਾ ਹਰੀ ਦਾ ਨਾਮ ਸਿਮਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਦਰਗਾਹ ਵਿਚ ਪਸੰਦ ਆ ਜਾਏਂਗਾ, ਮੁੜ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਵੇਂਗਾ, ਤੂੰ ਪਰਮਾਤਮਾ ਦੀ ਜੋਤਿ ਵਿਚ ਸਦਾ ਲੀਨ ਰਹੇਂਗਾ।੧।

ਪਰ, ਹੇ ਭਾਈ! ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ, ਗੁਰੂ ਨੇ ਉਸ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਦੀ ਦਾਤਿ ਬਖ਼ਸ਼ ਦਿੱਤੀ, ਤਦੋਂ ਉਸ ਮਨੁੱਖ ਦਾ ਪ੍ਰੇਮ ਪਰਮਾਤਮਾ ਨਾਲ ਬਣ ਗਿਆ। ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ, ਉਸ ਨੇ (ਦੁਨੀਆ ਵਾਲੀ ਹੋਰ) ਬਹੁਤੀ ਚਿੰਤਾ ਭੁਲਾ ਲਈ, ਪਰਮਾਤਮਾ ਉਸ ਦਾ ਸਾਥੀ-ਮਿੱਤਰ ਬਣ ਗਿਆ।੨।੨।੮।

ਨੋਟ: 'ਘਰੁ ੫' ਦਾ ਇਹ ਦੂਜਾ ਸ਼ਬਦ ਹੈ। ਕੁੱਲ ਜੋੜ ੮ ਹੈ।

ਧਨਾਸਰੀ ਮਹਲਾ ੪ ॥ ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥ ਮਨਿ ਜਪੀਐ ਹਰਿ ਜਗਦੀਸ ॥ ਮਿਲਿ ਸੰਗਤਿ ਸਾਧੂ ਮੀਤ ॥ ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥ ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥ ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥ {ਪੰਨਾ 669}

ਪਦਅਰਥ: ਭਉਜਲੁਸੰਸਾਰਸਮੁੰਦਰ। ਮਨਿਮਨ ਦੀ ਰਾਹੀਂ। ਬਚਨਿਬਚਨ ਨਾਲ। ਰਿਦੈਹਿਰਦੇ ਵਿਚ। ਹੋਇ ਸੰਤੁਸਟੁਸੰਤੋਖੀ ਹੋ ਕੇ। ਇਵਇਸ ਤਰ੍ਹਾਂ। ਭਣੁਉਚਾਰਦਾ ਰਹੁ। ਮੁਰਾਰੀ—(ਮੁਰਅਰਿ) ਪਰਮਾਤਮਾ।੧।

ਮਨਿਮਨ ਵਿਚ। ਜਪੀਐਜਪਣਾ ਚਾਹੀਦਾ ਹੈ। ਜਗਦੀਸਜਗਤ ਦਾ ਈਸ਼੍ਵਰ। ਮਿਲਿਮਿਲ ਕੇ। ਮੀਤਹੇ ਮਿੱਤਰ! ਕੀਰਤਿਸਿਫ਼ਤਿ-ਸਾਲਾਹ। ਬਨਵਾਰੀ—{वनमालिन्} ਪਰਮਾਤਮਾ (ਦੀ)ਰਹਾਉ।

ਦ੍ਰਿਸਟਿਨਜ਼ਰ, ਨਿਗਾਹ। ਮਨਿਮਨ ਵਿਚ। ਗਤਿਉੱਚੀ ਆਤਮਕ ਅਵਸਥਾ। ਪਤਿਇੱਜ਼ਤ। ਸੁਆਮੀਹੇ ਸੁਆਮੀ!੨।

ਅਰਥ: ਹੇ ਮਿੱਤਰ! ਗੁਰੂ ਦੀ ਸੰਗਤਿ ਵਿਚ ਮਿਲ ਕੇ ਜਗਤ ਦੇ ਮਾਲਕ ਹਰੀ ਦਾ ਨਾਮ ਮਨ ਵਿਚ ਜਪਣਾ ਚਾਹੀਦਾ ਹੈ। ਹੇ ਮਿੱਤਰ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, (ਇਸ ਤਰ੍ਹਾਂ) ਦਿਨ ਰਾਤ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਪੜ੍ਹਿਆ ਕਰ, ਪਰਮਾਤਮਾ ਦਾ ਨਾਮ ਲਿਖਦਾ ਰਹੁ, ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਹੇ ਭਾਈ! ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਯਾਦ ਕਰਿਆ ਕਰ। ਹੇ ਭਾਈ! ਸੰਤੋਖੀ ਹੋ ਕੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਉਚਾਰਿਆ ਕਰ।੧।

ਹੇ ਭਾਈ! ਜਦੋਂ ਪਰਮਾਤਮਾ ਨੇ ਮੇਹਰ ਦੀ ਨਜ਼ਰ ਕੀਤੀ, ਤਦੋਂ ਮਨ ਵਿਚ ਉੱਦਮ ਪੈਦਾ ਹੋਇਆ, ਤਦੋਂ ਹੀ ਅਸਾਂ ਨਾਮ ਜਪਿਆ, ਤੇ, ਸਾਡੀ ਉੱਚੀ ਆਤਮਕ ਅਵਸਥਾ ਬਣ ਗਈ।

ਹੇ ਮੇਰੇ ਮਾਲਕ-ਪ੍ਰਭੂ! ਆਪਣੇ ਦਾਸ ਨਾਨਕ ਦੀ ਇੱਜ਼ਤ ਰੱਖ, ਤੇਰਾ ਇਹ ਦਾਸ ਤੇਰੀ ਸਰਨ ਆ ਪਿਆ ਹੈ (ਆਪਣੇ ਦਾਸ ਨੂੰ ਨਾਮ ਜਪਣ ਦੀ ਦਾਤਿ ਬਖ਼ਸ਼)੨।੩।੯।

ਧਨਾਸਰੀ ਮਹਲਾ ੪ ॥ ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥ ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥ ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥ ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥ ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥ ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥ {ਪੰਨਾ 669}

ਪਦਅਰਥ: ਸਿਧਕਰਾਮਾਤੀ ਜੋਗੀ, ਜੋਗ ਮਤ ਦੇ ਆਗੂ। ਬੁਧਮਹਾਤਮਾ ਗੋਤਮ ਬੁਧ ਵਰਗੇ ਗਿਆਨਵਾਨ। ਤੇਤੀਸ ਕੋਟਿਤੇਤੀ ਕ੍ਰੋੜ ਦੇਵਤੇ। ਸਭਿਸਾਰੇ। ਪ੍ਰਸਾਦਿਕਿਰਪਾ ਨਾਲ। ਲਿਲਾਟਿਮੱਥੇ ਉਤੇ। ਧੁਰਿਧੁਰ ਦਰਗਾਹ ਤੋਂ। ਭਾਉਪ੍ਰੇਮ।੧।

ਮਨਹੇ ਮਨ! ਰਾਮੈ ਨਾਮੁਪਰਮਾਤਮਾ ਦਾ ਹੀ ਨਾਮ। ਜਸੁਸਿਫ਼ਤਿ-ਸਾਲਾਹ। ਸੁਆਮੀਹੇ ਸੁਆਮੀ! ਹਉਮੈਂ। ਸਦਸਦਾ। ਜਾਉਜਾਉਂ, ਮੈਂ ਜਾਂਦਾ ਹਾਂ।ਰਹਾਉ।

ਪਾਉਪਾਉਂ, ਮੈਂ ਲੈਂਦਾ ਹਾਂ।੨।

ਅਰਥ: ਹੇ ਮਨ! ਪਰਮਾਤਮਾ ਦਾ ਨਾਮ ਹੀ ਜਪਿਆ ਕਰ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸਭ ਤੋਂ ਸ੍ਰੇਸ਼ਟ ਕੰਮ ਹੈ। ਹੇ ਮਾਲਕ-ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਗਾਂਦੇ ਹਨ ਸੁਣਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।ਰਹਾਉ।

ਹੇ ਪ੍ਰਭੂ! ਜੋਗ-ਮਤ ਦੇ ਚੌਰਾਸੀ ਆਗੂ, ਮਹਾਤਮਾ ਬੁਧ ਵਰਗੇ ਗਿਆਨਵਾਨ, ਤੇਤੀ ਕ੍ਰੋੜ ਦੇਵਤੇ, ਅਨੇਕਾਂ ਰਿਸ਼ੀ ਮੁਨੀ-ਇਹ ਸਾਰੇ ਤੇਰਾ ਨਾਮ (ਪ੍ਰਾਪਤ ਕਰਨਾ) ਚਾਹੁੰਦੇ ਹਨ, ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਦਾਤਿ) ਹਾਸਲ ਕਰਦਾ ਹੈ। (ਨਾਮ ਦੀ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਵਾਸਤੇ ਮੱਥੇ ਉਤੇ ਧੁਰ ਦਰਗਾਹ ਤੋਂ ਹਰਿ-ਨਾਮ ਦਾ ਪ੍ਰੇਮ ਲਿਖਿਆ ਹੋਇਆ ਹੈ।੧।

ਹੇ ਸਰਨ ਆਇਆਂ ਦੀ ਪਾਲਣਾ ਕਰਨ ਵਾਲੇ ਮਾਲਕ-ਪ੍ਰਭੂ! ਮੈਂ (ਤੇਰੇ ਦਰ ਤੋਂ) ਉਹੀ ਕੁਝ ਲੈ ਸਕਦਾ ਹਾਂ ਜੋ ਤੂੰ ਆਪ ਦੇਂਦਾ ਹੈਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਕਿਰਪਾ ਕਰ ਕੇ ਨਾਨਕ ਨੂੰ ਆਪਣੇ ਨਾਮ ਦੀ ਦਾਤਿ ਦੇਹ, (ਨਾਨਕ ਨੂੰ) ਤੇਰਾ ਨਾਮ ਸਿਮਰਨ ਦਾ ਚਾਉ ਹੈ।੨।੪।੧੦।

ਧਨਾਸਰੀ ਮਹਲਾ ੪ ॥ ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥ ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥ ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥ {ਪੰਨਾ 669}

ਪਦਅਰਥ: ਸਭਿਸਾਰੇ। ਉਤਮਸ੍ਰੇਸ਼ਟ। ਬਾਨੀਗੁਰਬਾਣੀ। ਥਾਇ ਪਾਵੈਥਾਂ ਵਿਚ ਪਾਂਦਾ ਹੈ, ਕਬੂਲ ਕਰਦਾ ਹੈ। ਸਤਿ ਸਤਿਬਿਲਕੁਲ ਠੀਕ। ਕਰਿਕਰ ਕੇ, ਸਮਝ ਕੇ। ਮਾਨੀਮੰਨੀ ਹੈ, ਅਮਲ ਕੀਤਾ ਹੈ।੧।

ਭਾਈਹੇ ਭਾਈ! ਕੀਰਤਿਸਿਫ਼ਤਿ-ਸਾਲਾਹ। ਤੀਰਥਿਤੀਰਥ ਦੀ ਰਾਹੀਂ। ਭਵਜਲ ਤੀਰਥਿਸੰਸਾਰਸਮੁੰਦਰ ਦੇ ਤੀਰਥ ਦੀ ਰਾਹੀਂ, ਸੰਸਾਰਸਮੁੰਦਰ ਤੋਂ ਪਾਰ ਲੰਘਾਣ ਵਾਲੇ ਤੀਰਥ (-ਗੁਰੂ) ਦੀ ਰਾਹੀਂ। ਦਰਿਦਰ ਤੇ। ਬਾਤਗੱਲ, ਸੋਭਾ। ਸੰਤਹੁਹੇ ਸੰਤ ਜਨੋ! ਜਿਨ ਜਨਹੁਜਿਨ੍ਹਾਂ ਮਨੁੱਖਾਂ ਨੇ। ਜਾਨੀਡੂੰਘੀ ਸਾਂਝ ਪਾਈ।ਰਹਾਉ।

ਆਪੇ—(ਪ੍ਰਭੂ) ਆਪ ਹੀ। ਚੋਜ ਵਿਡਾਨੀਅਚਰਜ ਕੌਤਕ ਕਰਨ ਵਾਲਾ। ਸੋਈਉਹੀ ਮਨੁੱਖ। ਮਿਲਸੀਮਿਲੇਗਾ। ਤਿਆਗਿਛੱਡ ਦੇਹ। ਓਹਾਉਹ ਸਿਫ਼ਤਿ-ਸਾਲਾਹ ਹੀ। ਭਾਨੀਚੰਗੀ ਲੱਗਦੀ ਹੈ।੨।

ਅਰਥ: ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ (ਗੁਰੂ-) ਤੀਰਥ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਪਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।ਰਹਾਉ।

ਹੇ ਭਾਈ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।੧।

ਹੇ ਭਾਈ! ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਪ੍ਰਭੂ ਆਪ ਹੀ ਅਚਰਜ ਤਮਾਸ਼ੇ ਕਰਨ ਵਾਲਾ ਹੈ। ਹੇ ਦਾਸ ਨਾਨਕ! ਉਹੀ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਲਾਂਦਾ ਹੈ। ਹੇ ਭਾਈ! ਹੋਰ ਸਾਰਾ (ਆਸਰਾ-ਪਰਨਾ) ਛੱਡ (ਗੁਰੂ ਦੀ ਆਗਿਆ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਿਆ ਕਰ) ਪ੍ਰਭੂ ਨੂੰ ਉਹ ਸਿਫ਼ਤਿ-ਸਾਲਾਹ ਹੀ ਪਿਆਰੀ ਲੱਗਦੀ ਹੈ।੨।੫।੧੧।

ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ {ਪੰਨਾ 669-670}

ਪਦਅਰਥ: ਪੂਰਕੁਪੂਰੀਆਂ ਕਰਨ ਵਾਲਾ। ਦਾਤਾਦੇਣ ਵਾਲਾ। ਸਰਬਸਾਰੇ। ਜਾ ਕੈ ਵਸਿਜਿਸ ਦੇ ਇਖ਼ਤਿਆਰ ਵਿਚ। ਧੇਨਗਾਂ। ਕਾਮਵਾਸਨਾ। ਕਾਮਧੇਨਸ੍ਵਰਗ ਦੀ ਉਹ ਗਾਂ ਜੋ ਸਾਰੀਆਂ ਵਾਸਨਾਂ ਪੂਰੀਆਂ ਕਰ ਦੇਂਦੀ ਹੈ। ਜੀਅੜੇਹੇ ਸੋਹਣੀ ਜਿੰਦੇ! ਤਾਤਦੋਂ। ਪਾਵਹਿਪਾ ਲਏਂਗਾ।੧।

ਮਨਹੇ ਮਨ! ਸਤਿ ਨਾਮੁਸਦਾ-ਥਿਰ ਰਹਿਣ ਵਾਲਾ ਹਰਿਨਾਮ। ਹਲਤਿ—{अत्र} ਇਸ ਲੋਕ ਵਿਚ। ਪਲਤਿ—{परत्र} ਪਰਲੋਕ ਵਿਚ। ਮੁਖ ਊਜਲਉੱਜਲ ਮੂੰਹ ਵਾਲੇ, ਸੁਰਖ਼ਰੂ। ਪੁਰਖੁਸਰਬਵਿਆਪਕ। ਨਿਰੰਜਨਾਮਾਇਆ ਤੋਂ ਨਿਰਲੇਪ ਪ੍ਰਭੂ।ਰਹਾਉ।

ਜਹਜਿਥੇ, ਜਿਸ ਹਿਰਦੇ ਵਿਚ। ਤਹਉਸ ਹਿਰਦੇ ਵਿਚੋਂ। ਉਪਾਧਿਝਗੜਾਬਖੇੜਾ। ਗਤੁ ਕੀਨੀਚਾਲੇ ਪਾ ਜਾਂਦਾ ਹੈ। ਕਉਨੂੰ। ਗੁਰਿਗੁਰੂ ਨੇ। ਭਵਜਲੁਸੰਸਾਰਸਮੁੰਦਰ।੨।

ਅਰਥ: ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ।

ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧।

ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।

TOP OF PAGE

Sri Guru Granth Darpan, by Professor Sahib Singh