ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 665

ਧਨਾਸਰੀ ਮਹਲਾ ੩ ॥ ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥੧॥ ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥ ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥ ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥ ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥ ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥ ਨ ਸਬਦੁ ਬੂਝੈ ਨ ਜਾਣੈ ਬਾਣੀ ॥ ਮਨਮੁਖਿ ਅੰਧੇ ਦੁਖਿ ਵਿਹਾਣੀ ॥ ਸਤਿਗੁਰੁ ਭੇਟੇ ਤਾ ਸੁਖੁ ਪਾਏ ॥ ਹਉਮੈ ਵਿਚਹੁ ਠਾਕਿ ਰਹਾਏ ॥੩॥ ਕਿਸ ਨੋ ਕਹੀਐ ਦਾਤਾ ਇਕੁ ਸੋਇ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ ਨਾਨਕ ਸਾਚੇ ਸਾਚਾ ਭਾਵਾ ॥੪॥੫॥ {ਪੰਨਾ 665}

ਪਦਅਰਥ: ਸੇਵਹਿਸੇਂਵਦੇ ਹਨ, ਸਿਮਰਦੇ ਹਨ। ਜਾਉਜਾਉਂ, ਮੈਂ ਜਾਂਦਾ ਹਾਂ। ਬਲਿਕੁਰਬਾਨ। ਹਿਰਦੈਹਿਰਦੇ ਵਿਚ। ਸਾਚੁਸਦਾ ਕਾਇਮ ਰਹਿਣ ਵਾਲਾ ਹਰੀ। ਮੁਖਿਮੂੰਹ ਵਿਚ। ਸਚਾਸਦਾ-ਥਿਰ। ਸਾਚੋ ਸਾਚੁਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ ਹੀ। ਸਮਾਲਿਹੁ—(ਹੇ ਭਾਈ!) ਸਾਂਭ ਕੇ ਰੱਖਿਆ ਕਰੋ। ਸਬਦਿਸ਼ਬਦ ਦੀ ਰਾਹੀਂ।੧।

ਸੁਣਿ—(ਹੇ ਭਾਈ!) ਸੁਣਿਆ ਕਰ। ਸਹਜੇਆਤਮਕ ਅਡੋਲਤਾ ਵਿਚ। ਮੰਨਿਮਨਿ, ਮਨ ਵਿਚ।੧।ਰਹਾਉ।

ਕੂੜੁ ਕੁਸਤੁਝੂਠ ਫ਼ਰੇਬ। ਅਗਨਿਅੱਗ। ਭਾਣੈਰਜ਼ਾ ਵਿਚ। ਆਪੁਆਪਾਭਾਵ। ਮਹਲੁਟਿਕਾਣਾ।੨।

ਬੂਝੈਸਮਝਦਾ। ਜਾਣੈਸਾਂਝ ਪਾਂਦਾ। ਦੁਖਿਦੁੱਖ ਵਿਚ। ਵਿਹਾਣੀਬੀਤਦੀ ਹੈ। ਭੇਟੇਮਿਲਦਾ ਹੈ। ਤਾਂਤਦੋਂ। ਵਿਚਹੁਮਨ ਵਿਚੋਂ। ਠਾਕਿਰੋਕ ਕੇ।੩।

ਕਿਸ ਨੋ—{ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਸਬਦਿਸ਼ਬਦ ਦੀ ਰਾਹੀਂ। ਮਿਲਿਮਿਲ ਕੇ। ਸਾਚੇ ਭਾਵਾਸਦਾ-ਥਿਰ ਪ੍ਰਭੂ ਨੂੰ ਚੰਗੀ ਲੱਗਾਂ {ਭਾਵਾਂ}ਗਾਵਾਗਾਵਾਂ।੪।

ਅਰਥ: ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ। (ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ।੧।ਰਹਾਉ।

(ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ।੧।

(ਹੇ ਭਾਈ! ਗੁਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮੁਕਾ ਦੇਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦੀ ਹੈ। (ਗੁਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। (ਜਦੋਂ ਮਨੁੱਖ ਗੁਰਬਾਣੀ ਅਨੁਸਾਰ) ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਤਦੋਂ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ (ਪ੍ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ)੨।

ਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ, ਤੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਉਸ ਮਨੁੱਖ ਦੀ ਉਮਰ) ਦੁੱਖ ਵਿਚ ਹੀ ਗੁਜ਼ਰਦੀ ਹੈ। ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ, ਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ।

ਪਰ, ਹੇ ਭਾਈ! (ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ। ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ। ਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ। ਹੇ ਨਾਨਕ! (ਆਖ-ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ, ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ।੪।੫।

ਧਨਾਸਰੀ ਮਹਲਾ ੩ ॥ ਮਨੁ ਮਰੈ ਧਾਤੁ ਮਰਿ ਜਾਇ ॥ ਬਿਨੁ ਮਨ ਮੂਏ ਕੈਸੇ ਹਰਿ ਪਾਇ ॥ ਇਹੁ ਮਨੁ ਮਰੈ ਦਾਰੂ ਜਾਣੈ ਕੋਇ ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥ ਜਿਸ ਨੋ ਬਖਸੇ ਹਰਿ ਦੇ ਵਡਿਆਈ ॥ ਗੁਰ ਪਰਸਾਦਿ ਵਸੈ ਮਨਿ ਆਈ ॥ ਰਹਾਉ ॥ ਗੁਰਮੁਖਿ ਕਰਣੀ ਕਾਰ ਕਮਾਵੈ ॥ ਤਾ ਇਸੁ ਮਨ ਕੀ ਸੋਝੀ ਪਾਵੈ ॥ ਮਨੁ ਮੈ ਮਤੁ ਮੈਗਲ ਮਿਕਦਾਰਾ ॥ ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥ ਮਨੁ ਅਸਾਧੁ ਸਾਧੈ ਜਨੁ ਕੋਈ ॥ ਅਚਰੁ ਚਰੈ ਤਾ ਨਿਰਮਲੁ ਹੋਈ ॥ ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥ ਹਉਮੈ ਵਿਚਹੁ ਤਜੈ ਵਿਕਾਰ ॥੩॥ ਜੋ ਧੁਰਿ ਰਖਿਅਨੁ ਮੇਲਿ ਮਿਲਾਇ ॥ ਕਦੇ ਨ ਵਿਛੁੜਹਿ ਸਬਦਿ ਸਮਾਇ ॥ ਆਪਣੀ ਕਲਾ ਆਪੇ ਪ੍ਰਭੁ ਜਾਣੈ ॥ ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੬॥ {ਪੰਨਾ 665}

ਪਦਅਰਥ: ਮਰੈ—(ਵਿਕਾਰਾਂ ਵਲੋਂ) ਮਰ ਜਾਂਦਾ ਹੈ (ਵਿਕਾਰਾਂ ਦਾ ਅਸਰ ਨਹੀਂ ਕਬੂਲਦਾ)ਧਾਤੁਦੌੜ ਭੱਜ, ਤ੍ਰਿਸ਼ਨਾ। ਕੈਸੇ ਪਾਇਕਿਵੇਂ ਪ੍ਰਾਪਤ ਕਰੇ? ਨਹੀਂ ਮਿਲ ਸਕਦਾ। ਕੋਇਕੋਈ ਵਿਰਲਾ। ਸਬਦਿਗੁਰੂ ਦੇ ਸ਼ਬਦ ਦੀ ਰਾਹੀਂ। ਸੋਇ ਜਨੁਉਹੀ ਮਨੁੱਖ।੧।

ਜਿਸ ਨੋ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਦੇਦੇਂਦਾ ਹੈ। ਵਡਿਆਈਇੱਜ਼ਤ। ਪਰਸਾਦਿਕਿਰਪਾ ਨਾਲ। ਮਨਿਮਨ ਵਿਚ। ਆਈਆਇ, ਆ ਕੇ।ਰਹਾਉ।

ਗੁਰਮੁਖਿਗੁਰੂ ਦੇ ਸਨਮੁਖ ਰਹਿ ਕੇ। ਕਰਣੀਕਰਣੀਯ, ਕਰਨਯੋਗ। ਤਾਤਦੋਂ। ਮੈ ਮਤੁਨਸ਼ੇ ਵਿਚ ਮਸਤ। ਮੈਸ਼ਰਾਬ, ਹਉਮੈ ਦੀ ਸ਼ਰਾਬ। ਮੈਗਲਹਾਥੀ। ਮਿਕਦਾਰਾਜੇਡਾ, ਬਰਾਬਰ। ਅੰਕਸੁਲੋਹੇ ਦੀ ਸੀਖ਼ ਜਿਸ ਨਾਲ ਹਾਥੀ ਨੂੰ ਮਹਾਵਤ ਤੋਰਦਾ ਹੈ। ਜੀਵਾਲਣਹਾਰਾਜਿਵਾਲਣ ਦੀ ਸਮਰਥਾ ਵਾਲਾ।੨।

ਅਸਾਧੁਵੱਸ ਵਿਚ ਇਹ ਨਾਹ ਆ ਸਕਣ ਵਾਲਾ। ਸਾਧੈਵੱਸ ਵਿਚ ਲਿਆਉਂਦਾ ਹੈ। ਕੋਈਕੋਈ ਵਿਰਲਾ। ਚਰੈਖਾ ਲੈਂਦਾ ਹੈ, ਮਾਰ ਮੁਕਾਂਦਾ ਹੈ। ਅਚਰੁਜੇਹੜਾ ਖਾਧਾ ਨਾਹ ਜਾ ਸਕੇ।੩।

ਰਖਿਅਨੁਉਸ (ਪਰਮਾਤਮਾ) ਨੇ ਰੱਖੇ ਹਨ। ਮਿਲਾਇ ਰਖਿਅਨੁਉਸ ਨੇ ਮਿਲਾ ਰੱਖੇ ਹਨ। ਜੋਜਿਨ੍ਹਾਂ (ਮਨੁੱਖਾਂ) ਨੂੰ। ਵਿਛੁੜਹਿਵਿਛੁੜਦੇ। ਸਬਦਿਸ਼ਬਦ ਵਿਚ। ਸਮਾਇਲੀਨ ਹੋ ਕੇ। ਕਲਾਸੱਤਿਆ, ਤਾਕਤ। ਆਪੇਆਪ ਹੀ। ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।੪।

ਅਰਥ: ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਜਿਸ ਨੂੰ ਇੱਜ਼ਤ ਦੇਂਦਾ ਹੈ, ਉਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ।ਰਹਾਉ।

(ਹੇ ਭਾਈ! ਉਸ ਹਰਿ-ਨਾਮ ਦੀ ਬਰਕਤਿ ਨਾਲ ਮਨੁੱਖ ਦਾ) ਮਨ ਵਿਕਾਰਾਂ ਦਾ ਅਸਰ ਨਹੀਂ ਕਬੂਲਦਾ, ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਜਦ ਤਕ ਮਨ ਵਿਕਾਰਾਂ ਵਲੋਂ ਅਛੋਹ ਨਹੀਂ ਹੁੰਦਾ, ਮਨੁੱਖ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦਾ। ਹੇ ਭਾਈ! ਕੋਈ ਵਿਰਲਾ ਮਨੁੱਖ ਉਹ ਦਵਾਈ ਜਾਣਦਾ ਹੈ, ਜਿਸ ਦੇ ਵਰਤਣ ਨਾਲ ਇਹ ਮਨ ਵਿਕਾਰਾਂ ਦਾ ਅਸਰ ਕਬੂਲਣੋਂ ਹਟ ਜਾਏ। (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ) ਉਹ ਮਨੁੱਖ ਸਮਝ ਲੈਂਦਾ ਹੈ ਕਿ ਗੁਰੂ ਦੇ ਸ਼ਬਦ ਵਿਚ ਜੁੜਿਆਂ ਮਨ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ।੧।

ਹੇ ਭਾਈ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਵਲੋਂ ਮਿਲੀ) ਕਰਨ-ਜੋਗ ਕਾਰ ਕਰਨੀ ਸ਼ੁਰੂ ਕਰ ਦੇਂਦਾ ਹੈ, ਤਦੋਂ ਉਸ ਨੂੰ ਇਸ ਮਨ (ਨੂੰ ਵੱਸ ਵਿਚ ਰੱਖਣ) ਦੀ ਸਮਝ ਆ ਜਾਂਦੀ ਹੈ। (ਤਦੋਂ ਮਨੁੱਖ ਸਮਝ ਲੈਂਦਾ ਹੈ ਕਿ) ਮਨ (ਹਉਮੈ ਦੇ) ਨਸ਼ੇ ਵਿਚ ਮਸਤ ਹੋ ਕੇ (ਮਸਤ) ਹਾਥੀ ਵਰਗਾ ਹੋਇਆ ਰਹਿੰਦਾ ਹੈ, ਗੁਰੂ ਹੀ (ਆਪਣੇ ਸ਼ਬਦ ਦਾ) ਕੁੰਡਾ ਵਰਤ ਕੇ (ਵਿਕਾਰਾਂ ਵਿਚ ਆਤਮਕ ਮੌਤੇ ਮਰੇ ਹੋਏ ਮਨ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦਾ ਹੈ।੨।

ਹੇ ਭਾਈ! ਇਹ ਮਨ ਬੜੀ ਮੁਸ਼ਕਿਲ ਨਾਲ ਵੱਸ ਵਿਚ ਆਉਂਦਾ ਹੈ, ਕੋਈ ਵਿਰਲਾ ਮਨੁੱਖ ਇਸ ਨੂੰ ਵੱਸ ਵਿਚ ਲਿਆਉਂਦਾ ਹੈ। ਜਦੋਂ ਮਨੁੱਖ (ਗੁਰੂ ਦੀ ਸਰਨ ਪੈ ਕੇ ਮਨ ਦੇ) ਅਸਾਧ ਰੋਗ (ਕਾਮਾਦਿਕ) ਨੂੰ ਮੁਕਾ ਲੈਂਦਾ ਹੈ, ਤਦੋਂ (ਇਸ ਦਾ ਮਨ) ਪਵਿੱਤਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ, ਤੇ ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰਾਂ ਨੂੰ ਕੱਢ ਦੇਂਦਾ ਹੈ।੩।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਉਸ (ਪਰਮਾਤਮਾ) ਨੇ ਧੁਰ ਤੋਂ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਭੀ (ਪ੍ਰਭੂ ਤੋਂ) ਨਹੀਂ ਵਿਛੁੜਦੇ। ਪਰ, ਹੇ ਭਾਈ! ਪ੍ਰਭੂ ਆਪ ਹੀ ਆਪਣੀ ਗੁੱਝੀ ਤਾਕਤ ਜਾਣਦਾ ਹੈ (ਕਿ ਕਿਸ ਨੂੰ ਉਹ ਆਪਣੇ ਨਾਲ ਜੋੜੀ ਰੱਖਦਾ ਹੈ)ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾਈ ਰੱਖਦਾ ਹੈ।੪।੬।

ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਸਤਿਗੁਰੁ ਭੇਟੇ ਪੂਰੈ ਭਾਗਿ ॥ ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥ ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰੈ ਭਾਗਿ ਪਰਾਪਤਿ ਹੋਇ ॥੩॥ ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ {ਪੰਨਾ 665}

ਪਦਅਰਥ: ਕਾਚਾਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿਇਕੱਠਾ ਕਰਦੇ ਹਨ। ਮਨਮੁਖਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇਕੁਰਾਹੇ ਪਏ ਹੋਏ। ਅੰਧ—(ਮਾਇਆ ਦੇ ਮੋਹ ਵਿਚ) ਅੰਨ੍ਹੇ। ਬਿਖਿਆਮਾਇਆ। ਕੈ ਧਨਿਦੇ ਧਨ ਨਾਲ। ਪਰਾਪਤਿਰਜੇਵਾਂ, ਤਸੱਲੀ, ਸੰਤੋਖ।੧।

ਸਾਚਾਸਦਾ ਕਾਇਮ ਰਹਿਣ ਵਾਲਾ। ਗੁਰਮਤੀਗੁਰੂ ਦੀ ਮਤਿ ਉੱਤੇ ਤੁਰ ਕੇ। ਫੁਨਿਮੁੜ ਮੁੜ। ਆਵੈਮਿਲਦਾ ਹੈ, ਲੱਭਦਾ ਹੈ। ਜਾਏਹੱਥੋਂ ਖੁੱਸ ਜਾਂਦਾ ਹੈ।ਰਹਾਉ।

ਸਭਿਸਾਰੇ। ਮਰਹਿਆਤਮਕ ਜੀਵਨ ਗਵਾ ਲੈਂਦੇ ਹਨ। ਭਵਜਲਿਸੰਸਾਰਸਮੁੰਦਰ ਵਿਚ। ਉਰਵਾਰਿਉਰਲੇ ਬੰਨੇ। ਪਾਰਿਪਾਰਲੇ ਬੰਨੇ। ਭੇਟੇਮਿਲਦਾ ਹੈ। ਭਾਗਿਕਿਸਮਤ ਨਾਲ। ਸਾਚਿਸਦਾ-ਥਿਰ ਹਰਿਨਾਮ ਵਿਚ। ਰਤੇਮਸਤ। ਅਹਿਦਿਨ। ਨਿਸਿਰਾਤ। ਬੈਰਾਗਿਵੈਰਾਗ ਵਿਚ।੨।

ਚਹੁ ਜੁਗ ਮਹਿਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਨਾਮਿਨਾਮ ਵਿਚ। ਸਿਧਕਰਾਮਾਤੀ ਜੋਗੀ। ਸਾਧਿਕਸਾਧਨਾਂ ਕਰਨ ਵਾਲੇ। ਸਭਿਸਾਰੇ। ਲੋਇਲੋਕ ਵਿਚ, ਜਗਤ ਵਿਚ।੩।

ਸਭੁ ਕਿਛੁਹਰੇਕ ਚੀਜ਼। ਸਾਚਾਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇਉਹ (ਪ੍ਰਭੂ) ਹੀ। ਕੋਇਕੋਈ ਵਿਰਲਾ ਮਨੁੱਖ। ਪਛਾਣੈਸਾਂਝ ਪਾਂਦਾ ਹੈ। ਸਚੁ ਸਾਚਾਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁਸਦਾ-ਥਿਰ ਹਰਿਨਾਮ। ਦ੍ਰਿੜਾਏ—(ਹਿਰਦੇ ਵਿਚ) ਪੱਕਾ ਕਰਦਾ ਹੈ। ਆਪੇਆਪ ਹੀ। ਵੇਖੈਸੰਭਾਲ ਕਰਦਾ ਹੈ। ਸਚਿਸਦਾ-ਥਿਰ ਨਾਮ ਵਿਚ।੪।

ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ।ਰਹਾਉ।

ਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।੧।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ)ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ।੨।

ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ), ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ, ਪਰ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ।੩।

ਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ। ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ।੪।੭।

TOP OF PAGE

Sri Guru Granth Darpan, by Professor Sahib Singh