ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 661 ਧਨਾਸਰੀ ਮਹਲਾ ੧ ਘਰੁ ਦੂਜਾ ੴ ਸਤਿਗੁਰ ਪ੍ਰਸਾਦਿ ॥ ਕਿਉ ਸਿਮਰੀ ਸਿਵਰਿਆ ਨਹੀ ਜਾਇ ॥ ਤਪੈ ਹਿਆਉ ਜੀਅੜਾ ਬਿਲਲਾਇ ॥ ਸਿਰਜਿ ਸਵਾਰੇ ਸਾਚਾ ਸੋਇ ॥ ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥ ਹਿਕਮਤਿ ਹੁਕਮਿ ਨ ਪਾਇਆ ਜਾਇ ॥ ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥ ਵਖਰੁ ਨਾਮੁ ਦੇਖਣ ਕੋਈ ਜਾਇ ॥ ਨਾ ਕੋ ਚਾਖੈ ਨਾ ਕੋ ਖਾਇ ॥ ਲੋਕਿ ਪਤੀਣੈ ਨਾ ਪਤਿ ਹੋਇ ॥ ਤਾ ਪਤਿ ਰਹੈ ਰਾਖੈ ਜਾ ਸੋਇ ॥੨॥ ਜਹ ਦੇਖਾ ਤਹ ਰਹਿਆ ਸਮਾਇ ॥ ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੇ ਕੋ ਕਰੇ ਕੀਤੈ ਕਿਆ ਹੋਇ ॥ ਜਿਸ ਨੋ ਬਖਸੇ ਸਾਚਾ ਸੋਇ ॥੩॥ ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥ ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥ ਜੈਸੀ ਨਦਰਿ ਕਰੇ ਤੈਸਾ ਹੋਇ ॥ ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥ {ਪੰਨਾ 661} ਪਦਅਰਥ: ਸਿਮਰੀ—ਮੈਂ ਸਿਮਰਾਂ। ਹਿਆਉ—ਹਿਰਦਾ। ਜੀਅੜਾ—ਜਿੰਦ। ਬਿਲਲਾਇ—ਵਿਲਕਦਾ ਹੈ। ਸਿਰਜਿ—ਪੈਦਾ ਕਰ ਕੇ। ਸਵਾਰੇ—ਸਵਾਰਦਾ ਹੈ, ਚੰਗੇ ਜੀਵਨ ਵਾਲਾ ਬਣਾਂਦਾ ਹੈ। ਸਾਚਾ—ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਤਿਸੁ ਵਿਸਰਿਐ—ਜੇ ਉਸ (ਪ੍ਰਭੂ) ਨੂੰ ਭੁਲਾ ਦੇਈਏ। ਕਿਉ ਹੋਇ—ਨਹੀਂ ਹੋ ਸਕਦਾ।੧। ਹਿਕਮਤਿ—ਚਲਾਕੀ। ਹੁਕਮਿ—ਹੁਕਮ ਨਾਲ, ਧੱਕੇ ਨਾਲ, ਕੋਈ ਹੱਕ ਜਤਾਣ ਨਾਲ। ਸਾਚਿ—ਸਦਾ-ਥਿਰ ਪ੍ਰਭੂ ਵਿਚ। ਮਿਲਉ—ਮੈਂ ਮਿਲਾਂ। ਮਾਇ—ਹੇ ਮਾਂ!।੧।ਰਹਾਉ। ਵਖਰੁ—ਸੌਦਾ। ਕੋਈ—ਕੋਈ ਵਿਰਲਾ। ਲੋਕਿ ਪਤੀਣੈ—ਜੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਏ। ਪਤਿ—ਇੱਜ਼ਤ। ਸੋਇ—ਉਹ ਪਰਮਾਤਮਾ ਹੀ।੨। ਜਹ—ਜਿੱਥੇ। ਦੇਖਾ—ਮੈਂ ਵੇਖਦਾ ਹਾਂ। ਜਾਇ—ਥਾਂ। ਕੀਤੈ—(ਹਿਕਮਤਿ ਆਦਿਕ ਵਾਲਾ ਜਤਨ) ਕੀਤਿਆਂ।੩। ਹੁਣਿ—ਝਬਦੇ ਹੀ। ਮੁਹਤਿ—ਮੁਹਤ ਵਿਚ, ਪਲ ਵਿਚ। ਤਾਲਿ—ਤਾਲ (ਦੇਣ ਜਿਤਨੇ ਸਮੇ) ਵਿਚ। ਦੇਸਾ—ਮੈਂ ਦਿਆਂਗਾ। ਵਿਣੁ ਨਦਰੀ—ਮੇਹਰ ਦੀ ਨਜ਼ਰ ਤੋਂ ਬਿਨਾ।੪। ਅਰਥ: ਹੇ ਮੇਰੀ ਮਾਂ! ਕਿਸੇ ਚਲਾਕੀ ਨਾਲ ਜਾਂ ਕੋਈ ਹੱਕ ਜਤਾਣ ਨਾਲ ਪਰਮਾਤਮਾ ਨਹੀਂ ਮਿਲਦਾ। ਹੋਰ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਮਿਲ ਸਕਦਾ ਹਾਂ?।੧।ਰਹਾਉ। (ਚਲਾਕੀ ਜਾਂ ਧੱਕੇ ਨਾਲ) ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਕਿਵੇਂ ਉਸ ਦਾ ਸਿਮਰਨ ਕਰਾਂ? ਤੇ, ਜੇ ਉਸ ਪ੍ਰਭੂ ਨੂੰ ਭੁਲਾ ਦੇਈਏ, ਤਾਂ ਭੀ ਜੀਵਨ ਚੰਗਾ ਕਦੇ ਨਹੀਂ ਬਣ ਸਕਦਾ, ਦਿਲ ਸੜਦਾ ਰਹਿੰਦਾ ਹੈ, ਜਿੰਦ ਦੁਖੀ ਰਹਿੰਦੀ ਹੈ। (ਕੀਹ ਕੀਤਾ ਜਾਏ?) (ਅਸਲ ਗੱਲ ਇਹ ਹੈ ਕਿ) ਸਦਾ-ਥਿਰ ਰਹਿਣ ਵਾਲਾ ਪ੍ਰਭੂ ਜੀਵਾਂ ਨੂੰ ਪੈਦਾ ਕਰ ਕੇ ਆਪ ਹੀ (ਸਿਮਰਨ ਦੀ ਦਾਤਿ ਦੇ ਕੇ) ਚੰਗੇ ਜੀਵਨ ਵਾਲਾ ਬਣਾਂਦਾ ਹੈ।੧। (ਜੇ ਉਸ ਦੀ ਮੇਹਰ ਨ ਹੋਵੇ ਤਾਂ) ਇਸ ਨਾਮ-ਵੱਖਰ ਨੂੰ ਨਾਹ ਕੋਈ ਪਰਖਣ ਲਈ ਜਾਂਦਾ ਹੈ, ਨਾਹ ਕੋਈ ਇਸ ਨੂੰ ਖਾ ਕੇ ਵੇਖਦਾ ਹੈ। (ਚਲਾਕੀਆਂ ਵਰਤ ਕੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਂਦੀ ਹੈ ਕਿ ਅਸੀਂ ਨਾਮ-ਵੱਖਰ ਵਿਹਾਝ ਰਹੇ ਹਾਂ) ਪਰ ਨਿਰਾ ਜਗਤ ਦੀ ਤਸੱਲੀ ਕਰਾਇਆਂ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ (ਲੋਕ-ਵਿਖਾਵੇ ਵਾਲੀ ਭਗਤੀ ਪਰਵਾਨ ਨਹੀਂ ਹੁੰਦੀ)। ਇੱਜ਼ਤ ਤਦੋਂ ਹੀ ਮਿਲਦੀ ਹੈ ਜੇ ਪ੍ਰਭੂ (ਆਪ ਮੇਹਰ ਕਰ ਕੇ ਨਾਮ ਦੀ ਦਾਤਿ ਦੇਵੇ ਤੇ) ਇੱਜ਼ਤ ਰੱਖੇ।੨। (ਹੇ ਪ੍ਰਭੂ!) ਜਿੱਧਰ ਮੈਂ ਵੇਖਦਾ ਹਾਂ ਉਧਰ ਹੀ ਤੂੰ ਮੌਜੂਦ ਹੈਂ, (ਤੈਨੂੰ ਮਿਲਣ ਵਾਸਤੇ) ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। ਜੋ ਕੋਈ ਜੀਵ (ਪ੍ਰਭੂ ਨੂੰ ਮਿਲਣ ਵਾਸਤੇ ਹਿਕਮਤਿ ਆਦਿਕ ਵਾਲਾ ਕੋਈ ਜਤਨ) ਕਰੇ, ਤਾਂ ਅਜੇਹੇ ਜਤਨ ਨਾਲ ਕੋਈ ਲਾਭ ਨਹੀਂ ਹੁੰਦਾ। (ਸਿਰਫ਼ ਉਹੀ ਜੀਵ ਪ੍ਰਭੂ ਨੂੰ ਮਿਲ ਸਕਦਾ ਹੈ) ਜਿਸ ਉਤੇ ਉਹ ਸਦਾ-ਥਿਰ ਪ੍ਰਭੂ ਆਪ (ਸਿਮਰਨ ਦੀ) ਬਖ਼ਸ਼ਸ਼ ਕਰੇ।੩। (ਇਥੇ ਸਦਾ ਨਹੀਂ ਬੈਠੇ ਰਹਿਣਾ, ਇਥੋਂ) ਝਬਦੇ ਹੀ (ਹਰੇਕ ਜੀਵ ਨੇ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਇਕ ਪਲ ਵਿਚ ਜਾਂ ਇਕ ਤਾਲ ਵਿਚ (ਕਹਿ ਲਵੋ। ਇਥੇ ਪੱਕੇ ਡੇਰੇ ਨਹੀਂ ਹਨ)। (ਫਿਰ, ਇਸ ਸਮੇ ਵਿਚ ਜੇ ਮੈਂ ਲੋਕ-ਵਿਖਾਵਾ ਹੀ ਕਰਦਾ ਰਿਹਾ, ਤਾਂ) ਮੈਂ ਕੀਹ ਮੂੰਹ ਵਿਖਾਵਾਂਗਾ? ਮੇਰੇ ਪੱਲੇ ਗੁਣ ਨਹੀਂ ਹੋਣਗੇ। (ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਜੇਹੋ ਜੇਹੀ ਨਿਗਾਹ ਕਰਦਾ ਹੈ ਜੀਵ ਉਹੋ ਜੇਹੇ ਜੀਵਨ ਵਾਲਾ ਬਣ ਜਾਂਦਾ ਹੈ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੋਈ ਜੀਵ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ।੪।੧।੩। ਨੋਟ: ਅੰਕ ੧ ਦੱਸਦਾ ਹੈ ਕਿ "ਘਰੁ ਦੂਜਾ" ਦੇ ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਧਨਾਸਰੀ ਮਹਲਾ ੧ ॥ ਨਦਰਿ ਕਰੇ ਤਾ ਸਿਮਰਿਆ ਜਾਇ ॥ ਆਤਮਾ ਦ੍ਰਵੈ ਰਹੈ ਲਿਵ ਲਾਇ ॥ ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥ ਗੁਰ ਪਰਸਾਦੀ ਪਾਇਆ ਜਾਇ ॥ ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥ ਸਚਿ ਸਿਮਰਿਐ ਹੋਵੈ ਪਰਗਾਸੁ ॥ ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥ ਸਤਿਗੁਰ ਕੀ ਐਸੀ ਵਡਿਆਈ ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥ ਐਸੀ ਸੇਵਕੁ ਸੇਵਾ ਕਰੈ ॥ ਜਿਸ ਕਾ ਜੀਉ ਤਿਸੁ ਆਗੈ ਧਰੈ ॥ ਸਾਹਿਬ ਭਾਵੈ ਸੋ ਪਰਵਾਣੁ ॥ ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥ ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥ ਜੋ ਇਛੈ ਸੋਈ ਫਲੁ ਪਾਏ ॥ ਸਾਚਾ ਸਾਹਿਬੁ ਕਿਰਪਾ ਕਰੈ ॥ ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥ ਭਨਤਿ ਨਾਨਕੁ ਕਰੇ ਵੀਚਾਰੁ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥ {ਪੰਨਾ 661} ਪਦਅਰਥ: ਨਦਰਿ—ਕ੍ਰਿਪਾ-ਦ੍ਰਿਸ਼ਟੀ। ਦ੍ਰਵੈ—ਨਰਮ ਹੋ ਜਾਂਦਾ ਹੈ, ਪੰਘਰਦਾ ਹੈ। ਪਰਾਤਮਾ—ਪਰ ਆਤਮਾ, ਦੂਜਿਆਂ ਦਾ ਆਤਮਾ, ਦੂਜਿਆਂ ਦਾ ਆਪਾ। ਦੁਬਿਧਾ—ਮੇਰ-ਤੇਰ। ਅੰਤਰ ਕੀ—ਅੰਦਰਲੇ ਦੀ। ਅੰਤਰਿ—ਅੰਦਰ ਹੀ {ਲਫ਼ਜ਼ 'ਅੰਦਰ' ਨਾਂਵ ਹੈ, 'ਅੰਤਰਿ' ਕ੍ਰਿਆ ਵਿਸ਼ੇਸ਼ਣ ਹੈ}।੧। ਪਦਸਾਦੀ—ਕਿਰਪਾ ਨਾਲ। ਕਾਲੁ—ਮੌਤ, ਮੌਤ ਦਾ ਡਰ।੧।ਰਹਾਉ। ਸਚਿ ਸਿਮਰਿਐ—ਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ। ਪਰਗਾਸੁ—ਚਾਨਣ, ਅਸਲੀ ਜੀਵਨ ਦੀ ਸੂਝ। ਤਾ ਤੇ—ਉਸ ('ਪਰਗਾਸ') ਦੀ ਰਾਹੀਂ। ਬਿਖਿਆ—ਮਾਇਆ। ਉਦਾਸੁ—ਨਿਰਲੇਪ। ਕਲਤ੍ਰ—ਇਸਤ੍ਰੀ। ਗਤਿ—ਉੱਚੀ ਆਤਮਕ ਅਵਸਥਾ।੨। ਜੀਉ—ਜਿੰਦ। ਜਿਸ ਕਾ—ਜਿਸ ਪ੍ਰਭੂ ਦਾ ਦਿੱਤਾ ਹੋਇਆ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}।੩। ਸਤਿਗੁਰ ਕੀ ਮੂਰਤਿ—ਗੁਰੂ ਦਾ ਸਰੂਪ, ਗੁਰੂ ਦਾ ਆਤਮਕ ਸਰੂਪ, ਗੁਰੂ ਦੀ ਬਾਣੀ। ਸਾਚਾ—ਸਦਾ-ਥਿਰ ਰਹਿਣ ਵਾਲਾ।੪। ਭਨਤਿ—ਆਖਦਾ ਹੈ। ਤਾ—ਤਦੋਂ ਹੀ। ਕੋ—ਕੋਈ (ਮਨੁੱਖ)। ਮੋਹ—ਮੋਹ ਤੋਂ ਖ਼ਲਾਸੀ। ਅਰਥ: ਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਹਾਸਲ ਹੁੰਦਾ ਹੈ, ਤੇ, ਜਿਸ ਮਨੁੱਖ ਦਾ ਚਿੱਤ ਪਰਮਾਤਮਾ ਨਾਲ ਪਰਚ ਜਾਂਦਾ ਹੈ ਉਸ ਨੂੰ ਮੁੜ ਮੌਤ ਦਾ ਡਰ ਨਹੀਂ ਪੋਂਹਦਾ।੧।ਰਹਾਉ। ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰੇ ਤਾਂ (ਗੁਰੂ ਦੀ ਰਾਹੀਂ) ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। (ਜੋ ਮਨੁੱਖ ਸਿਮਰਦਾ ਹੈ ਉਸ ਦਾ) ਆਤਮਾ (ਦੂਜਿਆਂ ਦੇ ਦੁੱਖ ਵੇਖ ਕੇ) ਨਰਮ ਹੁੰਦਾ ਹੈ (ਕਠੋਰਤਾ ਮੁੱਕ ਜਾਣ ਕਰਕੇ) ਉਹ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ। ਉਹ ਮਨੁੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਇਕੋ ਜਿਹਾ ਸਮਝਦਾ ਹੈ, ਉਸ ਦੇ ਅੰਦਰ ਦੀ ਮੇਰ-ਤੇਰ ਅੰਦਰ ਹੀ ਮਿਟ ਜਾਂਦੀ ਹੈ।੧। ਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ ਤਾਂ ਸਹੀ ਜੀਵਨ ਦੀ ਸੂਝ ਪੈ ਜਾਂਦੀ ਹੈ, ਉਸ 'ਪਰਗਾਸ' ਦੀ ਰਾਹੀਂ ਮਾਇਆ ਵਿਚ ਵਰਤਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਗੁਰੂ ਦੀ ਸਰਨ ਪੈਣ ਵਿਚ ਅਜੇਹੀ ਖ਼ੂਬੀ ਹੈ ਕਿ ਪੁਤ੍ਰ ਇਸਤ੍ਰੀ (ਆਦਿਕ ਪਰਵਾਰ) ਵਿਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।੨। ਸੇਵਕ ਉਹ ਹੈ ਜੋ (ਮਾਲਕ ਦੀ) ਇਹੋ ਜਿਹੀ ਸੇਵਾ ਕਰੇ ਕਿ ਜਿਸ ਮਾਲਕ ਦੀ ਦਿੱਤੀ ਹੋਈ ਜਿੰਦ ਹੈ ਉਸੇ ਦੇ ਅੱਗੇ ਇਸ ਨੂੰ ਭੇਟਾ ਦੇ ਦੇਵੇ। ਅਜੇਹਾ ਸੇਵਕ ਮਾਲਕ ਨੂੰ ਪਸੰਦ ਆ ਜਾਂਦਾ ਹੈ, (ਮਾਲਕ ਦੇ ਘਰ ਵਿਚ) ਕਬੂਲ ਪੈ ਜਾਂਦਾ ਹੈ, ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪਾਂਦਾ ਹੈ।੩। ਜੇਹੜਾ ਸੇਵਕ ਆਪਣੇ ਸਤਿਗੁਰੂ ਦੇ ਆਤਮਕ-ਸਰੂਪ (ਸ਼ਬਦ) ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ ਗੁਰੂ ਦੇ ਦਰ ਤੋਂ ਮਨ-ਇੱਛਤ ਫਲ ਹਾਸਲ ਕਰਦਾ ਹੈ, ਸਦਾ-ਥਿਰ ਰਹਿਣ ਵਾਲਾ ਮਾਲਕ-ਪ੍ਰਭੂ ਉਸ ਉਤੇ (ਇਤਨੀ) ਮੇਹਰ ਕਰਦਾ ਹੈ ਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹਿ ਜਾਂਦਾ।੪। ਨਾਨਕ ਆਖਦਾ ਹੈ-ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਇਸ ਗੁਰ-ਬਾਣੀ ਨਾਲ ਪਿਆਰ ਪਾਂਦਾ ਹੈ, ਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ। (ਸਿਫ਼ਤਿ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ।੫।੨।੪। ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ ਜਿਨਿ ਕਨ ਕੀਤੇ ਅਖੀ ਨਾਕੁ ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਨਿ ਮਨੁ ਰਾਖਿਆ ਅਗਨੀ ਪਾਇ ॥ ਵਾਜੈ ਪਵਣੁ ਆਖੈ ਸਭ ਜਾਇ ॥੨॥ ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥੩॥ ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥ {ਪੰਨਾ 661-662} ਪਦਅਰਥ: ਤਪਤੁ ਹੈ—ਦੁਖੀ ਹੁੰਦਾ ਹੈ। ਬਾਰੋ ਬਾਰ—ਬਾਰ ਬਾਰ, ਮੁੜ ਮੁੜ। ਤਪਿ ਤਪਿ—ਤਪ ਕੇ ਤਪ ਕੇ, ਦੁਖੀ ਹੋ ਹੋ ਕੇ। ਬੇਕਾਰ—ਵਿਕਾਰਾਂ ਵਿਚ। ਜੈ ਤਨਿ—ਜਿਸ ਸਰੀਰ ਵਿਚ। ਵਿਸਰਿ ਜਾਇ—ਭੁੱਲ ਜਾਂਦੀ ਹੈ। ਪਕਾ ਰੋਗੀ—ਕੋੜ੍ਹ ਦੇ ਰੋਗ ਵਾਲਾ।੧। ਬਹੁਤਾ ਬੋਲਣੁ—(ਸਹੇੜੇ ਹੋਏ ਦੁੱਖਾਂ ਬਾਰੇ) ਬਹੁਤੇ ਗਿਲੇ। ਝਖਣੁ—ਵਿਅਰਥ ਬਕਵਾਸ। ਸੋਇ—ਉਹ ਪ੍ਰਭੂ।੧।ਰਹਾਉ। ਜਿਨਿ—ਜਿਸ (ਪਰਮਾਤਮਾ) ਨੇ। ਤਾਤੁ—ਤੁਰਤ, ਛੇਤੀ ਛੇਤੀ। ਅਗਨੀ ਪਾਇ—(ਸਰੀਰ ਵਿਚ) ਅੱਗ (ਨਿੱਘ) ਪਾ ਕੇ। ਮਨੁ—ਜਿੰਦ। ਪਵਣੁ—ਸੁਆਸ। ਵਾਜੈ—ਵੱਜਦਾ ਹੈ, ਚੱਲਦਾ ਹੈ। ਆਖੈ—(ਜੀਵ) ਬੋਲਦਾ ਹੈ। ਸਭ ਜਾਇ—ਹੋਰ ਥਾਂ।੨। ਦਾਗ ਦੋਸ—ਦੋਸਾਂ ਦੇ ਦਾਗ਼। ਮੁਹਿ—ਮੂੰਹ ਉਤੇ। ਲਾਇ—ਲਾ ਕੇ। ਜਾਇ—ਥਾਂ।੩। ਕਰਮਿ—ਮੇਹਰ ਨਾਲ, ਬਖ਼ਸ਼ਸ਼ ਨਾਲ। ਜਿਤੁ ਲਗਿ—ਜਿਸ ਵਿਚ ਲੱਗ ਕੇ। ਕੋ—ਕੋਈ ਜੀਵ। ਸਾਰ—ਸੰਭਾਲ।੪। ਅਰਥ: (ਸਿਫ਼ਤਿ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।੧। (ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ।੧।ਰਹਾਉ। (ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; (ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ।੨। ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ, ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ। (ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ।੩। (ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ, ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ। ਹੇ ਨਾਨਕ! (ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ)।੪।੩।੫। |
![]() |
![]() |
![]() |
![]() |
Sri Guru Granth Darpan, by Professor Sahib Singh |