ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 660 ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਪੰਨਾ 660} ਪਦਅਰਥ: ਜੀਉ—ਜਿੰਦ। ਕੈ ਸਿਉ—ਕਿਸ ਪਾਸ? ਕਰੀ—ਮੈਂ ਕਰਾਂ। ਦੂਖ ਵਿਸਾਰਣੁ—ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ—ਮੈਂ ਸਿਮਰਿਆ ਹੈ।੧। ਨੀਤ—ਨਿੱਤ। ਨਵਾ—(ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ)। ਦਾਤਾਰੁ—ਦਾਤਾਂ ਦੇਣ ਵਾਲਾ।੧।ਰਹਾਉ। ਅਨਦਿਨੁ—ਹਰ ਰੋਜ਼, ਸਦਾ। ਅੰਤਿ—ਆਖ਼ਰ ਨੂੰ। ਮੇਰੀ ਕਾਮਣੀ—ਹੇ ਮੇਰੀ ਜਿੰਦੇ!।੨। ਦਇਆਲ—ਹੇ ਦਇਆ ਦੇ ਘਰ! ਨਾਮਿ—ਨਾਮ ਦੀ ਰਾਹੀਂ। ਤਰਾ—ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।੧।ਰਹਾਉ। ਸਰਬੰ—ਹਰ ਥਾਂ। ਸਾਚਾ—ਸਦਾ ਕਾਇਮ ਰਹਿਣ ਵਾਲਾ। ਕਉ—ਨੂੰ। ਨਦਰਿ—ਮੇਹਰ ਦੀ ਨਜ਼ਰ। ਕਰੇਇ—ਕਰਦਾ ਹੈ।੩। ਕੇਵ ਰਹਾ—ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ—ਜਿਸ ਦੀ ਰਾਹੀਂ। ਜਾਇ—ਜਾ ਕੇ।੧।ਰਹਾਉ। ਸੇਵੀ—ਮੈਂ ਸੇਂਵਦਾ ਹਾਂ। ਜਾਚੰਉ—ਮੈਂ ਮੰਗਦਾ ਹਾਂ। ਬਿੰਦ ਬਿੰਦ—ਖਿਨ ਖਿਨ। ਚੁਖ ਚੁਖ—ਟੋਟੇ ਟੋਟੇ, ਕੁਰਬਾਨ।੪। ਵਿਟਹੁ—ਤੋਂ। ਸਾਹਿਬ—ਹੇ ਸਾਹਿਬ! ਅਰਥ: (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧। (ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ। ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨। ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ। ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩। ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ। (ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪। ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ। ਧਨਾਸਰੀ ਮਹਲਾ ੧ ॥ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥ ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥ ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥ ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥ ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ {ਪੰਨਾ 660} ਪਦਅਰਥ: ਹਮ—ਅਸੀ। ਇਕ ਦਮੀ—ਇਕ ਦਮ ਵਾਲੇ। ਦਮ—ਸੁਆਸ, ਸਾਹ। ਮੁਹਲਤਿ—(ਜ਼ਿੰਦਗੀ ਦੀ) ਮਿਆਦ। ਮੁਹਤੁ—(ਮੌਤ ਦਾ) ਸਮਾ। ਨ ਜਾਣਾ—ਅਸੀ ਨਹੀਂ ਜਾਣਦੇ। ਸਰੇਵਹੁ—ਸਿਮਰੋ। ਜੀਅ ਪਰਾਣਾ—ਜਿੰਦ ਤੇ ਪ੍ਰਾਣ।੧। ਅੰਧੇ—ਹੇ ਅੰਨ੍ਹੇ ਜੀਵ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਜੀਵਨਾ ਕੇਤੇ ਕੇ ਦਿਨਾ—ਕਿਤਨੇ ਕੁ ਦਿਨ ਦਾ ਜੀਵਨ? ਥੋੜੇ ਹੀ ਦਿਨਾਂ ਦਾ ਜੀਵਨ।੧।ਰਹਾਉ। ਸਾਸੁ—ਸਾਹ, ਸੁਆਸ। ਮਾਸੁ—ਸਰੀਰ। ਜੀਉ—ਜਿੰਦ। ਮੈ—ਮੈਨੂੰ। ਤੂ ਮੈ ਖਰਾ ਪਿਆਰਾ—ਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ! ਤੂੰ ਆਪਣਾ ਪਿਆਰ ਦੇਹ। ਸਾਇਰੁ—ਕਵੀ, ਢਾਢੀ। ਏਵ—ਇਹ ਹੀ।੨। ਕਿਆ—ਕੀਹ? ਕੋ—ਕੋਈ ਜੀਵ। ਕਢੈ—ਪੇਸ਼ ਕਰੇ, ਦੇਵੇ। ਗਹਣਾ—ਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼। ਸੋ ਕਿਛੁ—ਉਹੀ ਕੁਝ। ਪੁਰਬਿ—ਪਹਿਲੇ ਸਮੇ ਵਿਚ। ਲਹਣਾ—ਮਿਲਣ—ਜੋਗ ਚੀਜ਼।੩। ਚਿਤਿ—ਚਿੱਤ ਵਿਚ। ਕਪਟੁ—ਫਲ ਦੇ ਕੰਮ। ਜਮ ਦੁਆਰਿ—ਜਮ ਦੇ ਦਰ ਤੇ। ਜਾ—ਜਦੋਂ। ਪਕੜਿ—ਪਕੜ ਕੇ। ਚਲਾਇਆ—ਤੋਰਿਆ ਗਿਆ। ਤਾ—ਤਦੋਂ।੪। ਨਾਨਕ—ਹੇ ਨਾਨਕ! {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਵੇਖੋ। 'ਨਾਨਕੁ'—ਕਰਤਾ ਕਾਰਕ, ਇਕ-ਵਚਨ। 'ਨਾਨਕ'—ਸੰਬੋਧਨ}। ਕਿਛੁ—(ਪ੍ਰਭੂ ਦੀ) ਕੁਝ (ਸਿਫ਼ਤਿ-ਸਾਲਾਹ)। ਰਹਣੁ—ਸਦਾ ਦਾ ਟਿਕਾਣਾ। ਭਾਲਿ ਰਹੇ—ਢੂੰਢ ਕੇ ਥੱਕ ਗਏ ਹਾਂ। ਮਰਿ—(ਦੁਨੀਆ ਦੀਆਂ ਵਾਸਨਾਂ ਵਲੋਂ) ਮਰ ਕੇ। ਰਹੀਐ—ਇਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।੫। ਅਰਥ: ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ।੧।ਰਹਾਉ। ਨਾਨਕ ਬੇਨਤੀ ਕਰਦਾ ਹੈ-(ਹੇ ਭਾਈ!) ਅਸੀ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ। (ਇਸ ਵਾਸਤੇ) ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ।੧। (ਪਰ ਜੀਵਾਂ ਦੇ ਭੀ ਕੀਹ ਵੱਸ? ਹੇ ਪ੍ਰਭੂ!) ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ-ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।੨। ਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ। ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ)।੩। (ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ। (ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ।੪। ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)। ਅਸੀ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।੫।੨। |
![]() |
![]() |
![]() |
![]() |
Sri Guru Granth Darpan, by Professor Sahib Singh |