ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 656

ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥੧॥ ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥ ਲਉਕੀ ਅਠਸਠਿ ਤੀਰਥ ਨ੍ਹ੍ਹਾਈ ॥ ਕਉਰਾਪਨੁ ਤਊ ਨ ਜਾਈ ॥੨॥ ਕਹਿ ਕਬੀਰ ਬੀਚਾਰੀ ॥ ਭਵ ਸਾਗਰੁ ਤਾਰਿ ਮੁਰਾਰੀ ॥੩॥੮॥ {ਪੰਨਾ 656}

ਪਦਅਰਥ: ਗਿਆਨੀਗਿਆਨ ਦੀਆਂ ਗੱਲਾਂ ਕਰਨ ਵਾਲਾ। ਕਹਾਕੀਹ ਲਾਭ ਹੈ? ਬਿਲੋਵਸਿਤੂੰ ਰਿੜਕਦਾ ਹੈਂ।੧।

ਕਾਂਇਆਸਰੀਰ। ਮਾਂਜਸਿਤੂੰ ਮਾਂਜਦਾ ਹੈਂ। ਕਉਨ ਗੁਨਾਂਇਸ ਦਾ ਕੀਹ ਲਾਭ? ਜਉਜੇ। ਘਟਹਿਰਦਾ। ਮਲਨਾਂਮੈਲ, ਵਿਕਾਰ, ਖੋਟ।੧।ਰਹਾਉ।

ਲਉਕੀਤੂੰਬੀ। ਅਠਸਠਿਅਠਾਹਠ। ਤਊਤਾਂ ਭੀ।੨।

ਕਹਿਕਹੇ, ਆਖਦਾ ਹੈ। ਬੀਚਾਰੀਵਿਚਾਰ ਕੇ, ਸੋਚ ਕੇ। ਭਵ ਸਾਗਰੁਸੰਸਾਰਸਮੁੰਦਰ। ਮੁਰਾਰੀਹੇ ਮੁਰਾਰੀ! ਹੇ ਪ੍ਰਭੂ!੩।

ਅਰਥ: (ਹੇ ਝੂਠੇ!) ਜੇ ਤੇਰੇ ਹਿਰਦੇ ਵਿਚ (ਕਪਟ ਦੀ) ਮੈਲ ਹੈ ਤਾਂ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈਂ (ਭਾਵ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ)੧।ਰਹਾਉ।

ਹੇ ਪਖੰਡੀ ਮਨੁੱਖ! ਤੇਰੇ ਮਨ ਵਿਚ ਤਾਂ ਠੱਗੀ ਹੈ, ਪਰ ਤੂੰ ਮੂੰਹੋਂ (ਬ੍ਰਹਮ) ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ। ਤੈਨੂੰ ਇਸ ਪਾਣੀ ਰਿੜਕਣ ਤੋਂ ਕੋਈ ਲਾਭ ਨਹੀਂ ਹੋ ਸਕਦਾ।੧।

(ਵੇਖ,) ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ, ਤਾਂ ਭੀ ਉਸ ਦੀ (ਅੰਦਰਲੀ) ਕੁੜਿੱਤਣ ਦੂਰ ਨਹੀਂ ਹੁੰਦੀ।੨।

(ਇਸ ਅੰਦਰਲੀ ਮੈਲ ਨੂੰ ਦੂਰ ਕਰਨ ਲਈ) ਕਬੀਰ ਤਾਂ ਸੋਚ ਵਿਚਾਰ ਕੇ (ਪ੍ਰਭੂ ਅੱਗੇ ਹੀ ਇਉਂ) ਅਰਦਾਸ ਕਰਦਾ ਹੈ-ਹੇ ਪ੍ਰਭੂ! ਤੂੰ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।੩।੮।

ਸ਼ਬਦ ਦਾ ਭਾਵ: ਮਨ ਦੀ ਮੈਲ ਤੀਰਥ-ਇਸ਼ਨਾਨ ਜਾਂ ਗਿਆਨ-ਚਰਚਾ ਨਾਲ ਦੂਰ ਨਹੀਂ ਹੁੰਦੀ। ਇਸ ਦਾ ਇਲਾਜ ਇੱਕੋ ਹੀ ਹੈ-ਪ੍ਰਭੂ ਦੇ ਦਰ ਤੇ ਢਹਿ ਪੈਣਾ।੮।

ਸੋਰਠਿ    ੴ ਸਤਿਗੁਰ ਪ੍ਰਸਾਦਿ ॥ ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥ {ਪੰਨਾ 656}

ਪਦਅਰਥ: ਬਹੁ ਪਰਪੰਚਕਈ ਠੱਗੀਆਂ। ਕਰਿਕਰ ਕੇ। ਪਰਪਰਾਇਆ। ਸੁਤਪੁੱਤਰ। ਦਾਰਵਹੁਟੀ। ਪਹਿਕੋਲ। ਆਨਿਲਿਆ ਕੇ। ਲੁਟਾਵੈਹਵਾਲੇ ਕਰ ਦੇਂਦਾ ਹੈਂ।੧।

ਕਪਟੁਧੋਖਾ, ਠੱਗੀ। ਅੰਤਿਆਖ਼ਰ ਨੂੰ। ਨਿਬੇਰਾਫ਼ੈਸਲਾ, ਲੇਖਾ, ਹਿਸਾਬ। ਤੇਰੇ ਜੀਅ ਪਹਿਤੇਰੀ ਜਿੰਦ ਪਾਸੋਂ।੧।ਰਹਾਉ।

ਛਿਨੁ ਛਿਨੁਪਲ ਪਲ ਵਿਚ। ਛੀਜੈਕਮਜ਼ੋਰ ਹੋ ਰਿਹਾ ਹੈ। ਜਰਾਬੁਢੇਪਾ। ਜਣਾਵੈਆਪਣਾ ਆਪ ਵਿਖਾ ਰਿਹਾ ਹੈ। ਓਕਬੁੱਕ। ਪਾਨੀਓਪਾਣੀ ਭੀ।੨।

ਹਿਰਦੈਹਿਰਦੇ ਵਿਚ। ਕੀ ਨਕਿਉਂ ਨਹੀਂ? ਸਵੇਰਾਵੇਲੇ ਸਿਰ।੩।

ਅਰਥ: ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।੧।ਰਹਾਉ।

ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ।੧।

(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ (ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ।੨।

(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ। (ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ?੩।੯।

ਸ਼ਬਦ ਦਾ ਭਾਵ: ਵਿਹਾਰ-ਕਾਰ ਵਿਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਜਿਨ੍ਹਾਂ ਪੁੱਤਰ, ਇਸਤ੍ਰੀ ਆਦਿਕ ਲਈ ਮਨੁੱਖ ਠੱਗੀ-ਚੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਭਾਉਣਾ ਤਾਂ ਕਿਤੇ ਰਿਹਾ, ਬੁਢੇਪਾ ਆਇਆਂ ਹੀ ਉਹ ਖ਼ੁਸ਼ ਹੋ ਕੇ ਪਾਣੀ ਦਾ ਘੁੱਟ ਭੀ ਨਹੀਂ ਦੇਂਦੇ।੯।

ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ {ਪੰਨਾ 656}

ਪਦਅਰਥ: ਸੰਤਹੁਹੇ ਸੰਤ ਜਨੋ! ਮਨ ਪਵਨੈਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ ਪਰਾਪਤਿਪਰਾਪਤਿ ਜੋਗੁ, ਹਾਸਲ ਕਰਨ ਜੋਗਾ {ਨੋਟ:ਕਈ ਸੱਜਣਾਂ ਨੇ ਇਸ ਦਾ ਅਰਥ ਕੀਤਾ ਹੈ—"ਜੋਗ ਦੀ ਪ੍ਰਾਪਤੀ ਹੋ ਗਈ ਹੈ"ਪਰ ਲਫ਼ਜ਼ 'ਜੋਗੁ' ਦੇ ਅੰਤ ਵਿਚ () ਹੈ, ਇਸ ਦਾ ਅਰਥ "ਜੋਗ ਦੀ" ਨਹੀਂ ਹੋ ਸਕਦਾ। ਜਿਵੇਂ 'ਗੁਰ ਪਰਸਾਦੁ ਕਰੈ', ਇੱਥੇ ਲਫ਼ਜ਼ 'ਗੁਰੁ' ਦਾ ਅਰਥ 'ਗੁਰ ਦਾ' ਨਹੀਂ ਹੋ ਸਕਦਾ; ਹਾਂ, 'ਗੁਰ ਪ੍ਰਸਾਦਿ' ਵਿਚ ਲਫ਼ਜ਼ 'ਗੁਰ' ਦਾ ਅਰਥ 'ਗੁਰ ਦੀ' ਹੋਵੇਗਾ}ਕਿਛੁਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ {ਨੋਟ:ਆਪਣੇ ਕਿਸੇ ਬਣਾਏ ਹੋਏ ਖ਼ਿਆਲ ਅਨੁਸਾਰ ਕਬੀਰ ਜੀ ਦੀ ਬਾਣੀ ਵਿਚ ਵਰਤੇ ਹੋਏ ਲਫ਼ਜ਼ 'ਜੋਗ' ਨੂੰ ਹਰ ਥਾਂ 'ਜੋਗਸਾਧਨ' ਵਿਚ ਵਰਤਿਆ ਸਮਝ ਲੈਣਾ ਠੀਕ ਨਹੀਂ ਹੈ। ਸ਼ਬਦ ਵਿਚ ਜੋ ਲਫ਼ਜ਼ ਜਿਸ ਸ਼ਕਲ ਵਿਚ ਵਰਤੇ ਹੋਏ ਹਨ, ਉਹਨਾਂ ਨੂੰ ਨਿਰਪੱਖ ਹੋ ਕੇ ਸਮਝਣ ਦਾ ਜਤਨ ਕਰੀਏ। ਭਗਤ ਕਬੀਰ ਜੀ ਆਦਿਕ ਨਿਰੇ ਬੰਦਗੀ ਵਾਲੇ ਮਹਾਂਪੁਰਖ ਨਹੀਂ ਸਨ, ਉਹ ਉੱਚੇ ਦਰਜੇ ਦੇ ਕਵੀ ਭੀ ਸਨ। ਇਹਨਾਂ ਦੀ 'ਰੱਬੀ ਕਵਿਤਾ' ਸਹੀ ਤਰੀਕੇ ਨਾਲ ਸਮਝਣ ਲਈ ਇਹਨਾਂ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਵੇਖ ਕੇ ਸਮਝਣ ਦੀ ਲੋੜ ਹੈ}ਰਹਾਉ।

ਗੁਰਿਗੁਰੂ ਨੇ। ਮੋਰੀਕਮਜ਼ੋਰੀ। ਜਿਤੁਜਿਸ ਕਮਜ਼ੋਰੀ ਦੀ ਰਾਹੀਂ। ਮਿਰਗਕਾਮਾਦਿਕ ਪਸ਼ੂ। ਚੋਰੀਚੁਪਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ। ਮੂੰਦਿ ਲੀਏਬੰਦ ਕਰ ਦਿੱਤੇ ਹਨ। ਦਰਵਾਜੇਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ। ਅਨਹਦਇੱਕਰਸ। ਬਾਜੀਅਲੇਵੱਜਣ ਲੱਗ ਪਏ ਹਨ। {ਨੋਟ: ਗੁਰੂ ਦੇ ਹਿਦਾਇਤ ਕਰਨ ਤੋਂ ਪਹਿਲਾਂ, ਇੱਕ ਤਾਂ ਗਿਆਨਇੰਦ੍ਰੇ ਖੁਲ੍ਹੇ ਰਹਿੰਦੇ ਸਨ ਤੇ ਕਾਮਾਦਿਕ ਇਹਨਾਂ ਦੀ ਰਾਹੀਂ ਅੰਦਰ ਲੰਘ ਆਉਂਦੇ ਸਨ; ਦੂਜੇ ਅੰਦਰ ਮਨ ਵੀ ਬਾਹਰਲੀਆਂ ਉਕਸਾਹਟਾਂ ਲਈ ਤਿਆਰ ਰਹਿੰਦਾ ਸੀ। ਹੁਣ, ਗੁਰੂ ਦੀ ਸਹਾਇਤਾ ਨਾਲ ਗਿਆਨਇੰਦ੍ਰੇ ਪਰਾਇਆ ਰੂਪ ਨਿੰਦਿਆ ਆਦਿਕ ਨੂੰ ਸ੍ਵੀਕਾਰ ਕਰਨ ਵਲੋਂ ਰੋਕ ਲਏ ਗਏ ਹਨ; ਦੂਜੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ ਵਾਜੇ ਇਤਨੇ ਜ਼ੋਰ ਨਾਲ ਵੱਜ ਰਹੇ ਹਨ ਕਿ ਅੰਦਰ ਬੈਠੇ ਮਨ ਨੂੰ ਬਾਹਰੋਂ ਕਾਮਾਦਿਕਾਂ ਦਾ ਖੜਾਕ ਸੁਣਾਈ ਹੀ ਨਹੀਂ ਦੇਂਦਾ}੧।

ਕੁੰਭਹਿਰਦਾਰੂਪ ਘੜਾ। ਜਲਿਵਿਕਾਰਰੂਪ ਪਾਣੀ ਨਾਲ। ਮੇਟਿਆਡੋਲ੍ਹ ਦਿੱਤਾ ਹੈ। ਊਭਾਉੱਚਾ, ਸਿੱਧਾ। ਜਾਨਿਆਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ। ਮਾਨਿਆਪਤੀਜ ਗਿਆ ਹੈ।੨।

ਅਰਥ: ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਰਹਾਉ।

(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ।੧।

(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਹੇ ਦਾਸ ਕਬੀਰ! (ਹੁਣ) ਆਖ-ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ।੨।੧੦।

ਸ਼ਬਦ ਦਾ ਭਾਵ: ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ।੧੦।

ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥੧॥ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥੨॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀਧਾ ॥੩॥ ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥ {ਪੰਨਾ 656}

ਪਦਅਰਥ: ਭੂਖਰੋਜ਼ੀ ਮਾਇਆ ਆਦਿਕ ਦੀ ਤਾਂਘ। ਭੂਖਾਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ। ਭੂਖੇਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਕੀਜੈਨਹੀਂ ਕੀਤੀ ਜਾ ਸਕਦੀ। ਯਹਇਹ। ਲੀਜੈਕਿਰਪਾ ਕਰ ਕੇ ਲੈ ਲਉ। ਯਹ.........ਲੀਜੈਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ।

ਨੋਟ: ਕੀ ਭਗਤ ਕਬੀਰ ਜੀ ਮਾਲਾ ਨਾਲ ਭਗਤੀ ਕਰਿਆ ਕਰਦੇ ਸਨ? ਬਿਲਾਵਲ ਰਾਗ ਦੇ ਇਕ ਸ਼ਬਦ ਵਿਚ ਭੀ ਕਬੀਰ ਜੀ ਦੀ ਮਾਲਾ ਦਾ ਜ਼ਿਕਰ ਆਉਂਦਾ ਹੈ ਜਦੋਂ ਉਹਨਾਂ ਦੀ ਮਾਂ ਗਿਲਾ ਕਰਦੀ ਹੈ ਕਿ-

"ਹਮਾਰੈ ਕੁਲ ਕਉਨੈ ਰਾਮੁ ਕਹਿਓ ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥ਰਹਾਉ॥"

ਪਰ ਮਾਲਾ ਬਾਰੇ ਕਬੀਰ ਜੀ ਦੇ ਆਪਣੇ ਖ਼ਿਆਲ ਤਾਂ ਇਉਂ ਹਨ:

() "ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ ॥" {ਸਲੋਕ

() "ਮਾਥੇ ਤਿਲਕੁ ਹਥ ਮਾਲਾ ਬਾਨਾ ॥ ਲੋਗਨ ਰਾਮ ਖਿਲਉਨਾ ਜਾਨਾ ॥" {ਭੈਰਉ

ਇਹਨਾਂ ਪ੍ਰਮਾਣਾਂ ਤੋਂ ਇਉਂ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਮਾਲਾ ਨੂੰ ਦਿਖਲਾਵਾ ਸਮਝਦੇ ਸਨ। ਜੀਭ ਉੱਤੇ ਹਰ ਵੇਲੇ ਰਾਮ ਦਾ ਨਾਮ ਟਿਕਿਆ ਰਹਿਣਾ-ਇਹ ਉਹਨਾਂ ਦੀ ਮਾਲਾ ਸੀ।

ਪਰ, ਉੱਪਰਲੇ ਸ਼ਬਦ ਵਿਚ ਉਹ ਆਪ ਪ੍ਰਭੂ ਨੂੰ ਆਖਦੇ ਹਨ ਕਿ ਆਪਣੀ ਮਾਲਾ ਲੈ ਲਉ, ਤੇ ਬਿਲਾਵਲ ਰਾਗ ਵਾਲੇ ਸ਼ਬਦ ਵਿਚ ਉਹਨਾਂ ਦੀ ਮਾਂ ਸ਼ਿਕਾਇਤ ਕਰਦੀ ਹੈ ਕਿ "ਜਬ ਕੀ ਮਾਲਾ ਲਈ ਨਿਪੂਤੇ"

ਸੁਆਦਲੀ ਗੱਲ ਇਹ ਹੈ ਕਿ ਦੋਹੀਂ ਥਾਈਂ ਗਿਲਾ ਕਰਨ ਦੇ ਸੰਬੰਧ ਵਿਚ ਹੀ 'ਮਾਲਾ' ਦਾ ਜ਼ਿਕਰ ਆਇਆ ਹੈ। ਕਦੇ ਪ੍ਰਭੂ-ਪਿਆਰ ਵਿਚ ਆ ਕੇ ਭਗਤ ਜੀ ਨੇ ਕਿਤੇ 'ਮਾਲਾ' ਦੀ ਗੱਲ ਨਹੀਂ ਕੀਤੀ। ਇਉਂ ਜਾਪਦਾ ਹੈ ਕਿ ਇਹਨੀਂ ਦੋਹੀਂ ਥਾਈਂ ਲਫ਼ਜ਼ 'ਮਾਲਾ' ਦੀ ਰਾਹੀਂ ਕਿਸੇ ਐਸੇ ਕੰਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਜੋ ਲਫ਼ਜ਼ 'ਮਾਲਾ' ਵਰਤਣ ਵਾਲੇ ਨੂੰ ਪਸੰਦ ਨਹੀਂ ਹੈ। ਜਗਤ ਵਿਚ ਕਈ ਲਫ਼ਜ਼ ਤਾਂ ਪਿਆਰ ਦਾ 'ਚਿਹਨ' ਬਣ ਜਾਂਦੇ ਹਨ ਤੇ ਕਈ ਲਫ਼ਜ਼ ਨਫ਼ਰਤ ਦਾ। ਕ੍ਰਿਸ਼ਨ ਜੀ ਦੇ ਉਪਾਸ਼ਕ ਵਾਸਤੇ ਲਫ਼ਜ਼ 'ਬਾਂਸਰੀ ਵਾਲਾ' ਤੇ 'ਕੰਬਲੀ ਵਾਲਾ' ਤਾਂ ਦਿਲ ਨੂੰ ਪਿਆਰ ਦੀ ਖਿੱਚ ਪਾਉਂਦੇ ਹਨ; ਪਰ, 'ਬ੍ਰਾਹਮਣ' ਸਭ ਤੋਂ ਉੱਚੀ ਜਾਤ ਦਾ ਹੁੰਦਿਆਂ ਭੀ, ਜੇ ਪਿੰਡਾਂ ਵਿਚ ਕਿਸੇ ਬੰਦੇ ਦੇ ਮੱਥੇ ਸਵੇਰੇ ਉਠਦਿਆਂ ਲੱਗ ਜਾਏ ਤਾਂ ਭਰਮੀ ਲੋਕਾਂ ਵਿਚ ਇਹ ਭੈੜਾ ਲੱਛਣ ਗਿਣਿਆ ਜਾਂਦਾ ਹੈ।

{ਮੇਰਾ ਇਕ ਗ਼ਰੀਬ-ਹਿੰਦੂ ਘਰ ਵਿਚ ਜਨਮ ਹੋਇਆ ਸੀ। ਨਾਵੀਂ ਜਮਾਤ ਵਿਚ ਅੱਪੜਨ ਤੋਂ ਚਾਰ-ਪੰਜ ਮਹੀਨੇ ਪਹਿਲਾਂ ਮੈਂ ਸਿੱਖ ਬਣਿਆ ਸਾਂ। ਸਾਡੇ ਸਕੂਲ ਦਾ ਹੈੱਡ ਮਾਸਟਰ ਇਕ ਵਹਿਮੀ ਜਿਹਾ ਸੱਜਣ ਸੀ; ਉਸ ਨੂੰ ਮੇਰੀ ਇਹ ਤਬਦੀਲੀ ਚੰਗੀ ਨਾਹ ਲੱਗੀ। ਪਰ, ਸਾਰੀ ਜਮਾਤ ਵਿਚ ਚੂੰਕਿ ਮੈਂ ਇਕੱਲਾ ਹੀ ਵਜ਼ਫ਼ਿਾ ਲੈਣ ਵਾਲਾ ਮੁੰਡਾ ਸਾਂ, ਇਸ ਗੱਲ ਦਾ ਉਹਨਾਂ ਨੂੰ ਲਿਹਾਜ਼ ਸੀ। ਅਸੀ ਸਿੱਖ ਮੁੰਡੇ ਰਲ ਕੇ ਹਫ਼ਤੇ ਵਿਚ ਇੱਕ ਵਾਰੀ ਸ਼ਹਿਰ ਦੇ ਗੁਰਦੁਆਰੇ ਵਿਚ ਜਾ ਕੇ ਸ਼ਬਦ ਪੜ੍ਹਿਆ ਕਰਦੇ ਸਾਂ, ਇਹ ਗੱਲ ਹੈੱਡਮਾਸਟਰ ਨੂੰ ਭਾਉਂਦੀ ਨਹੀਂ ਸੀ। ਇੱਕ ਵਾਰੀ ਰੋਕਿਓ ਨੇ, ਪਰ ਉਸ ਦਾ ਅਸਰ ਉਹਨਾਂ ਦੀ ਮਰਜ਼ੀ ਦੇ ਉਲਟ ਹੋਇਆ। ਸੋ, ਰੋਕਣੋਂ ਤਾਂ ਹਟ ਗਏ, ਪਰ ਜੇ ਕਿਸੇ ਦਿਨ ਮੈਂ ਜਮਾਤ ਵਿਚ ਬਾਕੀ ਮੁੰਡਿਆਂ ਤੋਂ ਪਿੱਛੇ ਜਾ ਬੈਠਾਂ ਤਾਂ ਉਹ ਝੱਟ ਮੈਨੂੰ ਅੱਗੇ ਸੱਦ ਕੇ ਬਿਠਾ ਦੇਂਦੇ ਤੇ ਕਹਿੰਦੇ-ਬੱਸ! ਤੈਨੂੰ ਹੋਰ ਕੀਹ ਕੰਮ ਹੈ? ਤੂੰ ਧਰਮਸਾਲੇ ਜਾ ਕੋ ਢੋਲਕੀ ਵਜਾ ਕੇ ਮਾਲਾ ਫੇਰ। ਮੈਨੂੰ ਢੋਲਕੀ ਵਜਾਉਣੀ ਨਹੀਂ ਸੀ ਆਉਂਦੀ, ਨਾਹ ਮੈਨੂੰ ਵਜਾਉਂਦਿਆਂ ਉਹਨਾਂ ਕਦੇ ਵੇਖਿਆ ਸੀ, ਨਾਹ ਹੀ ਮੇਰੇ ਪਾਸ ਕੋਈ ਮਾਲਾ ਸੀ। ਇਹ ਲਫ਼ਜ਼ ਮਾਲਾ ਤੇ ਢੋਲਕੀ ਉਹਨਾਂ ਦੇ ਦਿਲ ਦੀ ਨਫ਼ਰਤ ਦਾ ਬਾਹਰਲਾ ਵਿਕਾਸ ਸੀ।

ਇਹ ਹੱਡ-ਬੀਤੀ ਇੱਥੇ ਇਹ ਦੱਸਣ ਲਈ ਲਿਖੀ ਗਈ ਹੈ ਕਿ ਜਦੋਂ ਕਿਸੇ ਦਾ ਵੇਖਣ-ਨੂੰ-ਦਿੱਸਦਾ ਧਾਰਮਿਕ ਕੰਮ ਪਸੰਦ ਨਾਹ ਆਵੇ, ਤਾਂ ਮੁਹਾਵਰੇ ਦੇ ਤੌਰ ਤੇ ਲਫ਼ਜ਼ 'ਮਾਲਾ' ਆਦਿਕ ਵਰਤਿਆ ਜਾਂਦਾ ਹੈ}

ਸੋ, "ਯਹ ਮਾਲਾ ਅਪਨੀ ਲੀਜੈ" ਦਾ ਅਰਥ ਹੈ ਕਿ ਮੈਨੂੰ ਇਹ ਉਪਰੋਂ-ਦਿੱਸਦਾ ਧਾਰਮਿਕ ਕੰਮ ਪਸੰਦ ਨਹੀਂ ਹੈ। "ਭੂਖੇ.........ਲੀਜੈ"-ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਇਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ, ਤੇ ਇਹ ਮੈਨੂੰ ਪਸੰਦ ਨਹੀਂ। ਹਉ-ਮੈਂ। ਰੇਨਾ-ਚਰਨ-ਧੂੜ। ਕਿਸੀ ਕਾ ਦੇਨਾ-ਕਿਸੇ ਦੀ ਮੁਥਾਜੀ, ਕਿਸੇ ਦੇ ਦਬਾਉ ਹੇਠ ਹੋਣਾ।੧।

ਕੈਸੀ ਬਨੈ-ਕਿਵੇਂ ਨਿਭ ਸਕਦੀ ਹੈ? ਤੁਮ ਸੰਗੇ-ਤੈਥੋਂ ਸੰਗਿਆਂ, ਤੈਥੋਂ ਸ਼ਰਮ ਕੀਤਿਆਂ। ਲੇਵਉ ਮੰਗੇ-ਮੈਂ ਮੰਗ ਕੇ ਲੈ ਲਵਾਂਗਾ।ਰਹਾਉ।

ਚੂਨਾ-ਆਟਾ। ਜਿਵਾਲੇ-ਜੀਊਂਦਿਆਂ ਰੱਖੇ।੨।

ਖਾਟ-ਮੰਜੀ। ਚਉਪਾਈ-ਚਾਰ ਪਾਵਿਆਂ ਵਾਲੀ, ਸਾਬਤ। ਖੀਂਧਾ-ਰਜ਼ਾਈ। ਥੀਧਾ-ਥਿੰਧਾ, ਪ੍ਰੇਮ ਵਿਚ ਰਸ ਕੇ।੩।

ਲਬੋ-ਲਾਲਚ। ਮੈ ਫਬੋ-ਮੈਨੂੰ ਪਸੰਦ ਹੈ। ਜਾਨਿਆ-ਸਾਂਝ ਪਾ ਲਈ ਹੈ।੪।

ਅਰਥ: ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ; ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ।ਰਹਾਉ।

ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ) ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ, ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ।੧।

ਮੈਨੂੰ ਦੋ ਸੇਰ ਆਟੇ ਦੀ ਲੋੜ ਹੈ, ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ, ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ।੨।

ਸਾਬਤ ਮੰਜੀ ਮੰਗਦਾ ਹਾਂ, ਸਿਰਾਣਾ ਤੇ ਤੁਲਾਈ ਭੀ। ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ।੩।

ਕਬੀਰ ਆਖਦਾ ਹੈ-ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ, ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ। ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ, ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ।੪।੧੧।

ਸ਼ਬਦ ਦਾ ਭਾਵ: ਜਦ ਤਕ ਮਨੁੱਖ ਦਾ ਮਨ ਤ੍ਰਿਸ਼ਨਾ ਦੇ ਅਧੀਨ ਹੈ, ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਤ੍ਰਿਸ਼ਨਾ ਤੇ ਭਗਤੀ ਦਾ ਕਦੇ ਜੋੜ ਨਹੀਂ ਹੋ ਸਕਦਾ।

TOP OF PAGE

Sri Guru Granth Darpan, by Professor Sahib Singh