ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 655

ਘਰੁ ੨ ॥ ਦੁਇ ਦੁਇ ਲੋਚਨ ਪੇਖਾ ॥ ਹਉ ਹਰਿ ਬਿਨੁ ਅਉਰੁ ਨ ਦੇਖਾ ॥ ਨੈਨ ਰਹੇ ਰੰਗੁ ਲਾਈ ॥ ਅਬ ਬੇ ਗਲ ਕਹਨੁ ਨ ਜਾਈ ॥੧॥ ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥ ਬਾਜੀਗਰ ਡੰਕ ਬਜਾਈ ॥ ਸਭ ਖਲਕ ਤਮਾਸੇ ਆਈ ॥ ਬਾਜੀਗਰ ਸ੍ਵਾਂਗੁ ਸਕੇਲਾ ॥ ਅਪਨੇ ਰੰਗ ਰਵੈ ਅਕੇਲਾ ॥੨॥ ਕਥਨੀ ਕਹਿ ਭਰਮੁ ਨ ਜਾਈ ॥ ਸਭ ਕਥਿ ਕਥਿ ਰਹੀ ਲੁਕਾਈ ॥ ਜਾ ਕਉ ਗੁਰਮੁਖਿ ਆਪਿ ਬੁਝਾਈ ॥ ਤਾ ਕੇ ਹਿਰਦੈ ਰਹਿਆ ਸਮਾਈ ॥੩॥ ਗੁਰ ਕਿੰਚਤ ਕਿਰਪਾ ਕੀਨੀ ॥ ਸਭੁ ਤਨੁ ਮਨੁ ਦੇਹ ਹਰਿ ਲੀਨੀ ॥ ਕਹਿ ਕਬੀਰ ਰੰਗਿ ਰਾਤਾ ॥ ਮਿਲਿਓ ਜਗਜੀਵਨ ਦਾਤਾ ॥੪॥੪॥ {ਪੰਨਾ 655}

ਪਦਅਰਥ: ਦੁਇ ਦੁਇ ਲੋਚਨਦੁਹੀਂ ਦੁਹੀਂ ਅੱਖੀਂ, (ਭਾਵ, ਚੰਗੀ, ਤਰ੍ਹਾਂ ਅੱਖਾਂ ਖੋਲ੍ਹ ਕੇ, ਗਹੁ ਨਾਲ)ਪੇਖਾਪੇਖਾਂ, ਮੈਂ ਵੇਖਦਾ ਹਾਂ। ਹਉਮੈਂ। ਅਉਰੁਕੋਈ ਹੋਰ, ਕਿਸੇ ਹੋਰ ਨੂੰ। ਨ ਦੇਖਾਨ ਦੇਖਾਂ, ਮੈਂ ਨਹੀਂ ਵੇਖਦਾ। ਨੈਨਅੱਖਾਂ। ਰੰਗੁਪਿਆਰ। ਰਹੇ ਲਾਈਲਾਇ ਰਹੇ, ਲਾ ਰਹੇ ਹਨ। ਬੇ ਗਲਕੋਈ ਹੋਰ ਗੱਲ।੧।

ਭਰਮੁਭੁਲੇਖਾ।ਰਹਾਉ।

ਬਾਜੀਗਰਤਮਾਸ਼ਾ ਕਰਨ ਵਾਲੇ (ਪ੍ਰਭੂ) ਨੇ। ਡੰਕਡੁਗਡੁਗੀ। ਖਲਕਖ਼ਲਕਤ। ਤਮਾਸੇਤਮਾਸ਼ਾ ਵੇਖਣ। ਸ੍ਵਾਂਗੁਸਾਂਗ, ਤਮਾਸ਼ਾ। ਸਕੇਲਾਸਮੇਟਿਆ, ਸਾਂਭਦਾ ਹੈ। ਰੰਗ ਰਵੈਮੌਜ ਵਿਚ ਰਹਿੰਦਾ ਹੈ।੨।

ਕਥਨੀ ਕਹਿਨਿਰੀਆਂ ਗੱਲਾਂ ਕਰ ਕੇ। ਸਭ ਲੁਕਾਈਸਾਰੀ ਲੋਕਾਈ, ਸਾਰੀ ਸ੍ਰਿਸ਼ਟੀ। ਰਹੀਥੱਕ ਗਈ। ਗੁਰਮੁਖਿਗੁਰੂ ਦੀ ਰਾਹੀਂ। ਆਪਿਪ੍ਰਭੂ ਆਪ। ਬੁਝਾਈਸਮਝ ਬਖ਼ਸ਼ਦਾ ਹੈ।੩।

ਕਿੰਚਤਥੋੜੀ ਜਿਹੀ। ਹਰਿ ਲੀਨੀਹਰੀ ਵਿਚ ਲੀਨ ਹੋ ਜਾਂਦਾ ਹੈ। ਰੰਗਿਪਿਆਰ ਵਿਚ। ਰਾਤਾਰੰਗਿਆ ਜਾਂਦਾ ਹੈ।੪।

ਅਰਥ: ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਗਿਆ ਹੈ (ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿਚ ਹੈ; ਇਸ ਭੁਲੇਖੇ ਦੇ ਦੂਰ ਹੋਣ ਨਾਲ) ਹੁਣ ਕੋਈ ਡਰ ਨਹੀਂ ਰਹਿ ਗਿਆ (ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ)੧।ਰਹਾਉ।

(ਹੁਣ ਤਾਂ) ਮੈਂ (ਜਿੱਧਰ) ਅੱਖਾਂ ਖੋਲ੍ਹ ਕੇ ਤੱਕਦਾ ਹਾਂ, ਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ; ਮੇਰੀਆਂ ਅੱਖਾਂ (ਪ੍ਰਭੂ ਨਾਲ) ਪਿਆਰ ਲਾਈ ਬੈਠੀਆਂ ਹਨ (ਮੈਨੂੰ ਹਰ ਪਾਸੇ ਪ੍ਰਭੂ ਹੀ ਦਿੱਸਦਾ ਹੈ), ਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ (ਭਾਵ, ਮੈਂ ਹੁਣ ਇਹ ਆਖਣ-ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਭੀ ਕਿਤੇ ਹੈ)੧।

(ਮੈਨੂੰ ਹੁਣ ਇਉਂ ਦਿੱਸਦਾ ਹੈ ਕਿ) ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ, ਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ, ਤੇ ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ, ਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ।੨।

(ਪਰ ਇਹ ਦ੍ਵੈਤ ਦਾ) ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ, ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ, ਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ।੩।

ਕਬੀਰ ਆਖਦਾ ਹੈ-ਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ, ਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ।੪।੪।੪।

ਸ਼ਬਦ ਦਾ ਭਾਵ: ਪ੍ਰਭੂ ਨਾਲ ਮਿਲਾਪ-ਅਵਸਥਾ ਵਿਚ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ, ਇਹ ਜਗਤ ਉਸੇ ਦੀ ਹੀ ਬਣਾਈ ਹੋਈ ਖੇਡ ਪ੍ਰਤੀਤ ਹੁੰਦੀ ਹੈ। ਪਰ ਇਹ ਅਵਸਥਾ ਗੁਰੂ ਦੀ ਮਿਹਰ ਨਾਲ ਆਪਾ-ਭਾਵ ਦੂਰ ਕੀਤਿਆਂ ਮਿਲਦੀ ਹੈ।੪।

ਜਾ ਕੇ ਨਿਗਮ ਦੂਧ ਕੇ ਠਾਟਾ ॥ ਸਮੁੰਦੁ ਬਿਲੋਵਨ ਕਉ ਮਾਟਾ ॥ ਤਾ ਕੀ ਹੋਹੁ ਬਿਲੋਵਨਹਾਰੀ ॥ ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥ ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥ ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥ ਤੇਰੇ ਗਲਹਿ ਤਉਕੁ ਪਗ ਬੇਰੀ ॥ ਤੂ ਘਰ ਘਰ ਰਮਈਐ ਫੇਰੀ ॥ ਤੂ ਅਜਹੁ ਨ ਚੇਤਸਿ ਚੇਰੀ ॥ ਤੂ ਜਮਿ ਬਪੁਰੀ ਹੈ ਹੇਰੀ ॥੨॥ ਪ੍ਰਭ ਕਰਨ ਕਰਾਵਨਹਾਰੀ ॥ ਕਿਆ ਚੇਰੀ ਹਾਥ ਬਿਚਾਰੀ ॥ ਸੋਈ ਸੋਈ ਜਾਗੀ ॥ ਜਿਤੁ ਲਾਈ ਤਿਤੁ ਲਾਗੀ ॥੩॥ ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥ ਜਾ ਤੇ ਭ੍ਰਮ ਕੀ ਲੀਕ ਮਿਟਾਈ ॥ ਸੁ ਰਸੁ ਕਬੀਰੈ ਜਾਨਿਆ ॥ ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥ {ਪੰਨਾ 655}

ਪਦਅਰਥ: ਨਿਗਮਵੇਦ ਆਦਿਕ ਧਰਮਪੁਸਤਕ। ਠਾਟਾਠਣ, {Skt. स्तन}ਦੂਧ ਕੇ ਠਾਟਾਦੁੱਧ ਦੇ ਥਣ, ਦੁੱਧ ਦਾ ਸੋਮਾ, ਅੰਮ੍ਰਿਤ ਦਾ ਸੋਮਾ। ਸਮੁੰਦੁ—(ਭਾਵ,) ਸਤਸੰਗ। ਬਿਲੋਵਨ ਕਉਰਿੜਕਣ ਲਈ। ਮਾਟਾਚਾਟੀ (ਨੋਟ:ਜਿਵੇਂ ਚਾਟੀ ਵਿਚ ਦੁੱਧ ਰਿੜਕਦੀ ਹੈ, ਤਿਵੇਂ ਸਤਸੰਗ ਵਿਚ ਧਰਮਪੁਸਤਕ ਵਿਚਾਰੀਦੇ ਹਨ)ਹੋਹੁਬਣ। ਤਾ ਕੀ—(ਜਾ ਕੇ..........ਜਿਸ ਪ੍ਰਭੂ ਦੇ.........) ਉਸ ਪ੍ਰਭੂ ਦੀ। ਛਾਛਿਲੱਸੀ, (ਭਾਵ, ਸਾਧਾਰਨ ਅਨੰਦ ਜੋ ਬਾਣੀ ਦੀ ਵਿਚਾਰ ਤੋਂ ਮਿਲ ਸਕਦਾ ਹੈ)੧।

ਚੇਰੀਹੇ ਦਾਸੀ! ਹੇ ਜੀਵਇਸਤ੍ਰੀ! ਹੇ ਜਿੰਦੇ! ਨ ਕਰਸਿਤੂੰ (ਕਿਉਂ) ਨਹੀਂ ਕਰਦੀ? ਅਧਾਰਾਆਸਰਾ।੧।ਰਹਾਉ।

ਅਜਹੁਅਜੇ ਤਕ। ਗਲਹਿਗਲ ਵਿਚ। ਤਉਕੁਲੋਹੇ ਦਾ ਕੜਾ ਜੋ ਗ਼ੁਲਾਮਾਂ ਦੇ ਗਲ ਵਿਚ ਪਾਇਆ ਜਾਂਦਾ ਸੀ, ਮੋਹ ਦਾ ਪਟਾ। ਪਗਪੈਰਾਂ ਵਿਚ। ਬੇਰੀਆਸਾਂ ਦੀ ਬੇੜੀ। ਤੂ ਬਪੁਰੀਤੈਨੂੰ ਨਿਮਾਣੀ ਨੂੰ। ਜਮਿਜਮ ਨੇ। ਹੇਰੀਤੱਕ ਵਿਚ ਰੱਖਿਆ ਹੋਇਆ ਹੈ।੨।

ਸੋਈ ਸੋਈਕਈ ਜਨਮਾਂ ਦੀ ਸੁੱਤੀ ਹੋਈ। ਜਿਤੁਜਿੱਧਰ।੩।

ਸੁਮਤਿਚੰਗੀ ਮੱਤ। ਜਾ ਤੇਜਿਸ ਦੀ ਬਰਕਤਿ ਨਾਲ। ਭ੍ਰਮ ਕੀ ਲੀਕਭਰਮ ਭਟਕਣਾਂ ਦੀ ਲਕੀਰ, ਉਹ ਸੰਸਕਾਰ ਜੋ ਭਟਕਣਾਂ ਵਿਚ ਪਾਈ ਰੱਖਦੇ ਸਨ। ਰਸੁਆਤਮਕ ਅਨੰਦ।੪।

ਅਰਥ: ਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ ਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ?੧।ਰਹਾਉ।

(ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ (ਭਾਵ, ਤੂੰ ਉਸ ਪ੍ਰਭੂ ਦੇ ਨਾਮ ਵਿਚ ਚਿੱਤ ਜੋੜ), ਵੇਦ ਆਦਿਕ ਧਰਮ-ਪੁਸਤਕ ਜਿਸ ਦੇ (ਨਾਮ-ਅੰਮ੍ਰਿਤ) ਦੁੱਧ ਦੇ ਸੋਮੇ ਹਨ ਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ। (ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ।੧।

ਹੇ ਜਿੰਦੇ! ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ ਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ, (ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ, ਹੇ ਭਾਗ-ਹੀਣ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਭਾਵ, ਮੌਤ ਆਇਆਂ ਫਿਰ ਪਤਾ ਨਹੀਂ ਕਿਸ ਲੰਮੇ ਗੇੜ ਵਿਚ ਪੈ ਜਾਇਂਗੀ)੨।

ਪਰ ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ? ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ, ਕਿਉਂਕਿ) ਜਿੱਧਰ ਉਹ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਲੱਗਦੀ ਹੈ।੩।

(ਉਸ ਦੀ ਮਿਹਰ ਨਾਲ ਜਾਗੀ ਹੋਈ ਜਿੰਦ ਨੂੰ ਜੱਗਿਆਸੂ ਜਿੰਦ ਪੁੱਛਦੀ ਹੈ) ਹੇ (ਭਾਗਾਂ ਵਾਲੀਏ) ਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ, ਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ; (ਅੱਗੋਂ ਜਾਗੀ ਹੋਈ ਜਿੰਦ ਉੱਤਰ ਦੇਂਦੀ ਹੈ) ਹੇ ਕਬੀਰ! ਸਤਿਗੁਰੂ ਦੀ ਕਿਰਪਾ ਨਾਲ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ, ਤੇ ਮੇਰਾ ਮਨ ਉਸ ਵਿਚ ਪਰਚ ਗਿਆ ਹੈ।੪।੫।

ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ, ਉਹ ਗੁਰੂ ਦੀ ਸ਼ਰਨ ਪੈ ਕੇ ਨਾਮ-ਰਸ ਮਾਣਦਾ ਹੈ ਤੇ ਜਨਮ-ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।

ਜਿਹ ਬਾਝੁ ਨ ਜੀਆ ਜਾਈ ॥ ਜਉ ਮਿਲੈ ਤ ਘਾਲ ਅਘਾਈ ॥ ਸਦ ਜੀਵਨੁ ਭਲੋ ਕਹਾਂਹੀ ॥ ਮੂਏ ਬਿਨੁ ਜੀਵਨੁ ਨਾਹੀ ॥੧॥ ਅਬ ਕਿਆ ਕਥੀਐ ਗਿਆਨੁ ਬੀਚਾਰਾ ॥ ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥ ਘਸਿ ਕੁੰਕਮ ਚੰਦਨੁ ਗਾਰਿਆ ॥ ਬਿਨੁ ਨੈਨਹੁ ਜਗਤੁ ਨਿਹਾਰਿਆ ॥ ਪੂਤਿ ਪਿਤਾ ਇਕੁ ਜਾਇਆ ॥ ਬਿਨੁ ਠਾਹਰ ਨਗਰੁ ਬਸਾਇਆ ॥੨॥ ਜਾਚਕ ਜਨ ਦਾਤਾ ਪਾਇਆ ॥ ਸੋ ਦੀਆ ਨ ਜਾਈ ਖਾਇਆ ॥ ਛੋਡਿਆ ਜਾਇ ਨ ਮੂਕਾ ॥ ਅਉਰਨ ਪਹਿ ਜਾਨਾ ਚੂਕਾ ॥੩॥ ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥ ਕਬੀਰੈ ਸੋ ਧਨੁ ਪਾਇਆ ॥ ਹਰਿ ਭੇਟਤ ਆਪੁ ਮਿਟਾਇਆ ॥੪॥੬॥ {ਪੰਨਾ 655}

ਪਦਅਰਥ: ਜਿਹ ਬਾਝੁ—(ਉਹ "ਜੀਵਨੁ ਮੂਏ ਬਿਨੁ ਨਾਹੀ") ਜਿਸ ਆਤਮਕ ਜੀਵਨ ਤੋਂ ਬਿਨਾ। ਜਉਜੇ (ਉਹ ਰੱਬੀ ਜੀਵਨ)ਘਾਲ ਅਘਾਈਮਿਹਨਤ ਰੱਜ ਜਾਂਦੀ ਹੈ, ਘਾਲਕਮਾਈ ਸਫਲ ਹੋ ਜਾਂਦੀ ਹੈ। ਕਹਾਂਹੀ—(ਲੋਕ) ਆਖਦੇ ਹਨ, ਕਹਹਿ। ਭਲੋਭਲਾ, ਚੰਗਾ, ਸੁਹਣਾ। ਸਦ ਜੀਵਨੁ—(ਇਸ) ਅਟੱਲ ਜੀਵਨ (ਨੂੰ)ਮੂਏ ਬਿਨੁ—(ਚਸਕਿਆਂ ਵਲੋਂ) ਮਰਨ ਤੋਂ ਬਿਨਾ, ਆਪਾਭਾਵ ਛੱਡਣ ਤੋਂ ਬਿਨਾ।੧।

ਅਬਹੁਣ (ਜਦੋਂ "ਗਿਆਨੁ ਬੀਚਾਰਾ") ਗਿਆਨੁ ਬੀਚਾਰਾ—(ਜਦੋਂ ਉਸ ਸਦਜੀਵਨ) ਦੇ ਗਿਆਨ ਨੂੰ ਵਿਚਾਰ ਲਿਆ ਹੈ, ਜਦੋਂ ਉਸ ਅਟੱਲ ਜੀਵਨ ਦੀ ਸਮਝ ਪੈ ਗਈ ਹੈ। ਨਿਜ ਨਿਰਖਤਮੇਰੇ ਵੇਂਹਦਿਆਂ। ਗਤ ਬਿਉਹਾਰਾਬਦਲਣ ਵਾਲਾ ਵਿਹਾਰ, ਬਦਲਣ ਵਾਲੀ ਚਾਲ।੧।ਰਹਾਉ।

ਘਸਿਰਗੜ ਕੇ, (ਭਾਵ, ਆਪਾਭਾਵ ਮਿਟਾਉਣ ਦੀ ਮਿਹਨਤ ਕਰ ਕੇ)ਕੁੰਕਮਕੇਸਰ। ਗਾਰਿਆਗਾਲ ਲਿਆ ਹੈ, ਰਲਾ ਕੇ ਇੱਕ ਕਰ ਦਿੱਤਾ ਹੈ। ਕੁੰਕਮ ਚੰਦਨੁ—(ਜੀਵਨਸੁਗੰਧੀ ਦੇਣ ਵਾਲੇ) ਆਤਮਾ ਤੇ ਪਰਮਾਤਮਾ। ਬਿਨੁ ਨੈਨਹੁਅੱਖਾਂ ਤੋਂ ਬਿਨਾ, ਇਹਨਾਂ ਅੱਖਾਂ ਨੂੰ ਰੂਪ ਆਦਿਕ ਤੱਕਣ ਦੀ ਬਾਣ ਵਲੋਂ ਹਟਾ ਕੇ। ਨਿਹਾਰਿਆਵੇਖ ਲਿਆ ਹੈ। ਪੂਤਿਪੁੱਤਰ ਨੇ, ਜੀਵਾਤਮਾ ਨੇ। ਇਕੁ ਪਿਤਾਇੱਕ ਪ੍ਰਭੂ-ਪਿਤਾ ਨੂੰ। ਜਾਇਆਪੈਦਾ ਕਰ ਲਿਆ ਹੈ, (ਆਪਣੇ ਅੰਦਰ) ਪਰਗਟ ਕਰ ਲਿਆ ਹੈ। ਬਿਨੁ ਠਾਹਰਜਿਸ ਦਾ ਕੋਈ ਥਾਂ ਨਹੀਂ ਸੀ, ਜੋ ਕਿਸੇ ਇੱਕ ਥਾਂ ਟਿਕਦਾ ਨਹੀਂ ਸੀ, ਜੋ ਸਦਾ ਭਟਕਦਾ ਰਹਿੰਦਾ ਸੀ।੨।

ਜਾਚਕਮੰਗਤਾ। ਨ ਜਾਈ ਖਾਇਆਖਾਧਿਆਂ ਮੁੱਕਦਾ ਨਹੀਂ। ਸੋਉਹ ਕੁਝ, ਇਤਨੀ ਆਤਮਕ ਦਾਤ। ਨ ਮੂਕਾਨਹੀਂ ਮੁੱਕਦਾ। ਪਹਿਪਾਸ, ਕੋਲ। ਚੂਕਾਖ਼ਤਮ ਹੋ ਗਿਆ ਹੈ।੩।

ਜੋਜੋ ਮਨੁੱਖ। ਜੀਵਨ ਮਰਨਾ—(ਇਸ ਸਦ-) ਜੀਵਨ ਲਈ ਆਪਾਭਾਵ ਮਿਟਾਉਣਾ। ਸੈਲਸਿਲਾ ਵਰਗਾ, ਪਹਾੜ ਵਰਗਾ ਅਟੱਲ। ਮਾਨੈਮਾਣਦਾ ਹੈ। ਪੰਚਸੰਤ। ਕਬੀਰੈਕਬੀਰ ਨੇ। ਆਪੁਆਪਾਭਾਵ।੪।

ਅਰਥ: ਜਿਸ (ਸਦਾ-ਥਿਰ ਰਹਿਣ ਵਾਲੇ ਆਤਮਕ ਜੀਵਨ) ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ, ਤੇ ਜੇ ਉਹ ਜੀਵਨ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ, ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ, ਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ।੧।

ਜਦੋਂ ਉਸ 'ਸਦ-ਜੀਵਨ' ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ। (ਉਂਞ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਆਪਣੇ ਵੇਂਹਦਿਆਂ ਹੀ (ਜਗਤ ਦੀ ਸਦਾ) ਬਦਲਦੇ ਰਹਿਣ ਦੀ ਚਾਲ ਵੇਖ ਲਈਦੀ ਹੈ (ਭਾਵ, ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ)੧।ਰਹਾਉ।

ਜਿਸ ਪੁੱਤਰ (ਜੀਵਾਤਮਾ) ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ, ਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ। ਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ, ਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ)੨।

ਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ, ਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ। ਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ, (ਤੇ ਉਸ ਦੀ ਬਰਕਤਿ ਨਾਲ) ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ।੩।

ਜੋ ਮਨੁੱਖ ਇਸ ਆਤਮਕ ਅਟੱਲ ਜੀਵਨ ਦੀ ਖ਼ਾਤਰ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ, ਉਹ ਸੰਤਾਂ ਵਾਲੇ ਅਟੱਲ ਆਤਮਕ ਸੁਖ ਨੂੰ ਮਾਣਦਾ ਹੈ। ਮੈਂ ਕਬੀਰ ਨੇ (ਭੀ) ਉਹ (ਆਤਮਕ ਜੀਵਨ-ਰੂਪ) ਧਨ ਪ੍ਰਾਪਤ ਕਰ ਲਿਆ ਹੈ, ਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ।੪।੬।

ਸ਼ਬਦ ਦਾ ਭਾਵ: ਉੱਚਾ ਆਤਮਕ ਜੀਵਨ ਆਪਾ-ਭਾਵ ਮਿਟਾਇਆਂ ਹੀ ਮਿਲਦਾ ਹੈ। ਜਿਸ ਮਨੁੱਖ ਨੇ ਆਪਾ-ਭਾਵ ਮਿਟਾ ਲਿਆ ਹੈ, ਉਸ ਦਾ ਮਨ ਜਗਤ ਦੇ ਰੰਗ-ਤਮਾਸ਼ਿਆਂ ਵਿਚ ਨਹੀਂ ਫਸਦਾ।

ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ਅੰਧਿਆਰੇ ਦੀਪਕੁ ਚਹੀਐ ॥ ਇਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ ॥ ਘਟਿ ਦੀਪਕੁ ਰਹਿਆ ਸਮਾਈ ॥੨॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ {ਪੰਨਾ 655-656}

ਪਦਅਰਥ: ਕਿਆਕੀਹ ਲਾਭ? ਗੁਨੀਐ {Skt. गण्} ਵਿਚਾਰੀਏ। ਕਿਆ ਹੋਈਕੋਈ ਲਾਭ ਨਹੀਂ ਹੋਵੇਗਾ। ਜਉਜੇ। ਸਹਜ—{Skt. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈਉਹ ਪ੍ਰਭੂ।੧।

ਨ ਜਪਸਿਤੂੰ ਨਹੀਂ ਜਪਦਾ। ਗਵਾਰਾਹੇ ਗੰਵਾਰ! ਹੇ ਮੂਰਖ! ਬਾਰੰ ਬਾਰਾਮੁੜ ਮੁੜ।੧।ਰਹਾਉ।

ਅੰਧਿਆਰੇਹਨੇਰੇ ਵਿਚ। ਚਹੀਐਚਾਹੀਦਾ ਹੈ, ਲੋੜ ਹੁੰਦੀ ਹੈ। ਅਗੋਚਰਜਿਸ ਤਕ ਗਿਆਨਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਗੋਚਰ}ਲਹੀਐਲੱਭ ਪਏ। ਪਾਈ—(ਜਿਸ ਨੇ) ਲੱਭ ਲਈ। ਘਟਿ—(ਉਸ ਦੇ) ਹਿਰਦੇ ਵਿਚ। ਸਮਾਈ ਰਹਿਆਅਡੋਲ ਜਗਦਾ ਰਹਿੰਦਾ ਹੈ।੨।

ਕਹਿਕਹੇ, ਕਹਿੰਦਾ ਹੈ। ਅਬਹੁਣ (ਜਦੋਂ 'ਅਗੋਚਰ ਬਸਤੁ' ਲੱਭ ਪਈ ਹੈ)ਜਾਨਿਆਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ। ਮਾਨਿਆਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਤਉਤਾਂ। ਕਿਆ ਕੀਜੈਕੀਹ ਕੀਤਾ ਜਾਏ? ਕੋਈ ਮੁਥਾਜੀ ਨਹੀਂ ਹੁੰਦੀ।੩।

ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ (ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ?੧।ਰਹਾਉ।

(ਹੇ ਗੰਵਾਰ!) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੇ ਪੜ੍ਹਨ ਸੁਣਨ ਤੋਂ ਕੋਈ ਫ਼ਾਇਦਾ ਨਹੀਂ, ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾਹ ਹੋਵੇ।੧।

ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ (ਤਾਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ)ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ।੨।

ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ। ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ। (ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ; (ਦੂਜੇ ਪਾਸੇ,) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ)੩।੭।

ਸ਼ਬਦ ਦਾ ਭਾਵ: ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣਦੀ ਤਾਂ ਧਰਮ-ਪੁਸਤਕਾਂ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।੭।

TOP OF PAGE

Sri Guru Granth Darpan, by Professor Sahib Singh