ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 653

ਸਲੋਕੁ ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ {ਪੰਨਾ 653}

ਪਦਅਰਥ: ਮਨਿ ਤਨਿਮਨ ਨਾਲ ਤੇ ਸਰੀਰ ਨਾਲ। ਨਾਮਿਨਾਮ ਵਿਚ। ਨਾਮੋਨਾਮ ਹੀ। ਬਿਲਾਇ ਗਈਦੂਰ ਹੋ ਗਈ।

ਅਰਥ: ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ; ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ; ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।

ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ {ਪੰਨਾ 653}

ਪਦਅਰਥ: ਪਲੈ ਪਾਇਮਿਲਦਾ ਹੈ।

ਅਰਥ: ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ। ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ।੧।

ਮਃ ੪ ॥ ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ {ਪੰਨਾ 653}

ਅਰਥ: ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ। ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ।

ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ {ਪੰਨਾ 653}

ਪਦਅਰਥ: ਅਰਲੁ ਬਰਲੁਬਕਵਾਸ। ਝਗੂ ਸੁਟਦਾ—(ਭਾਵ) ਨਿੰਦਾ ਕਰਦਾ। ਕਿਰਤੁਪਿਛਲੀ ਕੀਤੀ ਕਮਾਈ।

ਅਰਥ: ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ। ਕਿਸੇ ਦੇ ਭੀ ਕੀਤਿਆਂ ਕੁਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ।

ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ {ਪੰਨਾ 653}

ਅਰਥ: ਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ। ਹੇ ਸੰਤ ਜਨੋਂ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ)੨।

ਪਉੜੀ ॥ ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥ ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥ ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥ ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥ {ਪੰਨਾ 653}

ਪਦਅਰਥ: ਥੇਹੁਸਤਸੰਗਰੂਪ ਪਿੰਡ। ਗੁਰਿਗੁਰੂ ਨੇ। ਹਤੇਨਾਸ ਕਰ ਦਿੱਤੇ। ਇਤੇਇਤਨੇ।

ਅਰਥ: ਸੱਚੇ ਸਤਿਗੁਰੂ ਨੇ (ਸਤਸੰਗ-ਰੂਪ) ਪਿੰਡ ਵਸਾਇਆ ਹੈ, (ਉਸ ਪਿੰਡ ਲਈ ਸਤਸੰਗੀ) ਰਾਖੇ ਭੀ ਸਤਿਗੁਰੂ ਨੇ ਹੀ ਦਿੱਤੇ ਹਨ, ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿਚ ਜੁੜੇ ਹਨ, ਉਹਨਾਂ ਦੀ ਆਸ ਪੂਰਨ ਹੋ ਗਈ ਹੈ (ਭਾਵ, ਤ੍ਰਿਸ਼ਨਾ ਮਿਟ ਗਈ ਹੈ); ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ; ਆਪਣੀ ਮੇਹਰ ਕਰ ਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ। ਹੇ ਨਾਨਕ! ਮੈਂ ਸਦਾ ਉਸ ਸਤਿਗੁਰੂ ਤੋਂ ਸਦਕੇ ਹਾਂ, ਜਿਸ ਵਿਚ ਇਤਨੇ ਗੁਣ ਹਨ।੨੭।

ਸਲੋਕ ਮਃ ੧ ॥ ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥ {ਪੰਨਾ 653}

ਪਦਅਰਥ: ਰਜਾਇਰਜ਼ਾ ਵਿਚ। ਪਾਇਪਾਈਦਾ ਹੈ। ਪਾਂਡੇਹੇ ਪੰਡਿਤ! ਹੰਢਹਿਫਿਰਦੇ ਹਨ। ਜੀਅਜੀਵ।

ਅਰਥ: ਹੇ ਪੰਡਿਤ! ਐਸ ਵੇਲੇ (ਝੁਰਿਆਂ) ਕੁਝ ਨਹੀਂ ਬਣਦਾ; ਪ੍ਰਭੂ ਦੀ ਰਜ਼ਾ ਵਿਚ (ਆਪਣੇ ਹੀ ਪਿਛਲੇ ਕੀਤੇ ਅਨੁਸਾਰ) ਲਿਖਿਆ (ਲੇਖ) ਪਾਈਦਾ ਹੈ; ਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫ਼ੈਸਲਾ ਹੋਇਆ ਤੇ (ਉਸ ਲੇਖ-ਅਨੁਸਾਰ) ਜੀਵ (ਕਰਮ) ਕਮਾਂਦੇ ਫਿਰਦੇ ਹਨ।੧।

ਮਃ ੨ ॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ {ਪੰਨਾ 653}

ਪਦਅਰਥ: ਨਕਿਨੱਕ ਵਿਚ। ਹਥਿਹੱਥ ਵਿਚ। ਦੇਦੇਂਦਾ ਹੈ।

ਅਰਥ: ਹੇ ਨਾਨਕ! ਜੀਵ ਦੇ ਨੱਕ ਵਿਚ (ਰਜ਼ਾ ਦੀ) ਨੱਥ (ਨਕੇਲ) ਹੈ ਜੋ ਖਸਮ ਪ੍ਰਭੂ ਦੇ (ਆਪਣੇ) ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ। ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਖਾਣਾ ਪੈਂਦਾ ਹੈ।੨।

ਪਉੜੀ ॥ ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥ ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥ ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥ ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥ ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥ {ਪੰਨਾ 653}

ਪਦਅਰਥ: ਬਹਾਲੀਓਨੁਉਸ ਪ੍ਰਭੂ ਨੇ ਆਪ ਕਾਇਮ ਕੀਤੀਆਂ ਹਨ। ਘਾਲਿਓਨੁਉਸ (ਹਰੀ) ਨੇ ਨਾਸ ਕੀਤਾ ਹੈ। ਪ੍ਰਤਿਪਾਲਿਓਨੁਉਸ ਨੇ (ਹਰੇਕ ਜੀਵ ਨੂੰ) ਪਾਲਿਆ ਹੈ। ਨਿਹਾਲਿਓਨੁਉਸ ਨੇ ਵੇਖਿਆ ਹੈ। ਜਾਲਿਓਨੁਉਸ ਨੇ ਸਾੜਿਆ ਹੈ।

ਅਰਥ: ਪ੍ਰਭੂ ਨੇ ਆਪ ਹੀ ਸਾਰੀਆਂ (ਜਗਤ-) ਵਿਓਂਤਾਂ ਬਣਾ ਕੇ ਕਾਇਮ ਕੀਤੀਆਂ ਹਨ; ਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈ; ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਹੀ ਪਾਲਦਾ ਹੈ; ਆਪੇ ਹੀ ਆਪਣੇ ਸੇਵਕਾਂ ਨੂੰ ਗਲ ਲਾ ਕੇ ਰੱਖਦਾ ਹੈ, ਆਪ ਹੀ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ। ਹੇ ਨਾਨਕ! ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ, (ਕਿਉਂਕਿ) ਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ।੨੮।

ਸਲੋਕੁ ਮਃ ੩ ॥ ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ {ਪੰਨਾ 653}

ਪਦਅਰਥ: ਇਕ ਮਨਿਇਕ ਮਨ ਨਾਲ। ਇਕ ਚਿਤਿਇਕ ਚਿੱਤ ਨਾਲ। ਭਾਇਪ੍ਰੇਮ ਨਾਲ। ਦੇਇਦੇਂਦਾ ਹੈ।

ਅਰਥ: ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ; ਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥ {ਪੰਨਾ 653}

ਅਰਥ: ਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ; ਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ।੧।

ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ {ਪੰਨਾ 653}

ਪਦਅਰਥ: ਲਾਇਅਨਲਾਏ ਹਨ ਉਸ (ਹਰੀ) ਨੇ। ਸਾਰਸੰਭਾਲ।

ਅਰਥ: ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ {ਪੰਨਾ 653}

ਅਰਥ: ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ, ਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ।੨।

ਪਉੜੀ ॥ ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ {ਪੰਨਾ 653-654}

ਪਦਅਰਥ: ਗੋਈਨਾਸ ਕੀਤੀ ਹੈ।

ਅਰਥ: ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂ; ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾ; ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ।

TOP OF PAGE

Sri Guru Granth Darpan, by Professor Sahib Singh