ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 652

ਪਉੜੀ ॥ ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ {ਪੰਨਾ 652}

ਅਰਥ: ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ, ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ {ਪੰਨਾ 652}

ਅਰਥ: ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ, ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।

ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ {ਪੰਨਾ 652}

ਪਦਅਰਥ: ਸੈਣੀਰਿਸ਼ਤੇਦਾਰ।

ਅਰਥ: ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ।੨੪।

ਸਲੋਕੁ ਮਃ ੪ ॥ ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥  {ਪੰਨਾ 652}

ਪਦਅਰਥ: ਜੰਤੁਜੰਤ੍ਰ, ਵਾਜਾ। ਜੰਤੀਵਾਜਾ ਵਜਾਉਣ ਵਾਲਾ।

ਅਰਥ: ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ, ਪ੍ਰਭੂ ਆਪਣੇ ਸੇਵਕਾਂ ਦਾ ਮਿੱਤ੍ਰ ਹੈ, ਜਿਵੇਂ ਵਾਜਾ ਵਜੰਤ੍ਰੀ ਦੇ ਵੱਸ ਵਿਚ ਹੁੰਦਾ ਹੈ (ਜਿਵੇਂ ਚਾਹੇ ਵਜਾਏ) ਤਿਵੇਂ ਪ੍ਰਭੂ ਆਪਣੇ ਸੇਵਕਾਂ ਦੇ ਅਧੀਨ ਹੁੰਦਾ ਹੈ।

ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥  {ਪੰਨਾ 652}

ਅਰਥ: ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ, (ਤੇ ਬੇਨਤੀ ਕਰਦੇ ਹਨ, ਕਿ) ਹੇ ਪ੍ਰਭੂ ਮੇਹਰ ਕਰ ਕੇ ਸੁਣ, ਸਾਰੇ ਸੰਸਾਰ ਵਿਚ (ਨਾਮ ਦੀ) ਵਰਖਾ ਹੋਵੇ (ਇਸ ਪਿਆਰ ਕਰਕੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰਦਾ ਹੈ)

ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ {ਪੰਨਾ 652}

ਪਦਅਰਥ: ਉਸਤਤਿਵਡਿਆਈ। ਜੈਕਾਰੁਸੋਭਾ।

ਅਰਥ: ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ; ਹਰੀ ਨੂੰ ਆਪਣੀ ਇਹ ਵਡਿਆਈ (ਜੋ ਉਸ ਦੇ ਸੇਵਕਾਂ ਦੀ ਹੁੰਦੀ ਹੈ) ਚੰਗੀ ਲੱਗਦੀ ਹੈ। (ਸੋ) ਉਹ ਆਪਣੇ ਸੇਵਕ ਦੀ ਜੈ ਜੈਕਾਰ ਕਰਾ ਦੇਂਦਾ ਹੈ।

ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ {ਪੰਨਾ 652}

ਪਦਅਰਥ: ਇਕ ਸਮਾਨਿਇਕੋ ਜਿਹੇ। ਪੈਜਲਾਜ।

ਅਰਥ: ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹੈ, ਹਰੀ ਤੇ ਹਰੀ ਦਾ ਸੇਵਕ ਇਕ-ਰੂਪ ਹਨ। ਹੇ ਹਰੀ! ਹੇ ਭਗਵਾਨ! ਦਾਸ ਨਾਨਕ ਤੇਰਾ ਸੇਵਕ ਹੈ, (ਇਸ ਸੇਵਕ ਦੀ ਭੀ) ਲਾਜ ਰੱਖ (ਆਪਣੇ ਨਾਮ ਦੀ ਦਾਤਿ ਦੇਹ)੧।

ਮਃ ੪ ॥ ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ {ਪੰਨਾ 652}

ਪਦਅਰਥ: ਰਸਿਰਸ ਵਿਚ, ਸੁਆਦ ਵਿਚ। ਰਸਨਜੀਭ।

ਅਰਥ: ਉਸ ਸੱਚੇ ਹਰੀ ਨੇ ਨਾਨਕ ਦੇ (ਹਿਰਦੇ ਵਿਚ) ਪ੍ਰੇਮ ਪੈਦਾ ਕੀਤਾ ਹੈ, (ਹੁਣ) ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ; (ਕਿਵੇਂ ਮਿਲੇ?) ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ-ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ।੨।

ਪਉੜੀ ॥ ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ {ਪੰਨਾ 652}

ਅਰਥ: ਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ) ਤੂੰ ਹੀ ਗਾਵਣ-ਜੋਗ ਹੈਂ; ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ; ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ, ਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ। ਹੇ ਦਾਸ ਨਾਨਕ! (ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ।੨੫।

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ {ਪੰਨਾ 652}

ਪਦਅਰਥ: ਮਧਿਮਨਿੰਮੀ, ਭੈੜੀ। ਕਪਟੁਧੋਖਾ। ਸੁਆਇਸੁਆਰਥ ਲਈ।

ਅਰਥ: (ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲਿ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਹੇ ਨਾਨਕ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ।੧।

ਮਃ ੪ ॥ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ {ਪੰਨਾ 652}

ਪਦਅਰਥ: ਵਿਆਪੇਗ੍ਰਸੇ ਹੋਏ। ਗੁਬਾਰਾਹਨੇਰਾ। ਨਿਕਟਿਨੇੜੇ।

ਅਰਥ: ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ; ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ, ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ, ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ; ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਹੇ ਨਾਨਕ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ।੨।

ਪਉੜੀ ॥ ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ {ਪੰਨਾ 652}

ਅਰਥ: ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ।

ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥ {ਪੰਨਾ 652}

ਪਦਅਰਥ: ਬਿਚਖਣਸਿਆਣੇ। ਧਿਆਇਆਸਿਮਰਿਆ ਹੈ। ਭੋਜਨੁ ਖਾਇਆਭਾਵ, ਆਤਮਾ ਦਾ ਆਸਰਾ ਬਣਾਇਆ ਹੈ (ਜਿਵੇਂ ਭੋਜਨ ਸਰੀਰ ਦਾ ਆਸਰਾ ਹੈ)ਮਸਤਕਿਮੱਥੇ ਤੇ। ਭਏ ਪੁਨੀਤਪਵਿੱਤ੍ਰ ਹੋ ਗਏ ਹਨ। ਨਾਇਆਨ੍ਹਾਤੇ ਹਨ।

ਅਰਥ: ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ। ਹੇ ਨਾਨਕ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ।੨੬।

TOP OF PAGE

Sri Guru Granth Darpan, by Professor Sahib Singh