ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 647

ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ {ਪੰਨਾ 647}

ਪਦਅਰਥ: ਸਾਖੀਸਿੱਖਿਆ ਦਾ ਬਚਨ।

ਅਰਥ: ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)

ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ {ਪੰਨਾ 647}

ਅਰਥ: ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧।

ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ {ਪੰਨਾ 647}

ਅਰਥ: ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿ੍ਹਆਂ ਨੂੰ ਕੋਈ ਸਮਝ ਨਹੀਂ ਆਉਂਦੀ। (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ।

ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ {ਪੰਨਾ 647}

ਪਦਅਰਥ: ਕੂਕ ਪੂਕਾਰਰੋਣਾਚੀਕਣਾ, ਗਿਲੇਗੁਜ਼ਾਰੀ। ਸੰਸਾਤੌਖ਼ਲਾ। ਮੁਹਿ ਕਾਲੈਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ।

ਅਰਥ: ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ। ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ।੨।

ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ {ਪੰਨਾ 647}

ਪਦਅਰਥ: ਸਜਣਗੁਰਮੁਖ। ਮਿਲਿਮਿਲਿ ਕੇ। ਪੰਥੁਰਾਹ। ਦਸਾਈਮੈਂ ਪੁੱਛਾਂ। ਕਰੀਮੈਂ ਕਰਾਂ। ਧਿਆਈਮੈਂ ਸਿਮਰਾਂ।

ਅਰਥ: ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ।

ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥ {ਪੰਨਾ 647}

ਅਰਥ: ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।

ਸਲੋਕੁ ਮਃ ੩ ॥ ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥ ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥ ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥ ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥ {ਪੰਨਾ 647}

ਅਰਥ: ਪੰਡਿਤ ਦੀ (ਭੀ) ਮੈਲ ਦੂਰ ਨਹੀਂ ਹੁੰਦੀ, ਭਾਵੇਂ ਚਾਰੇ ਜੁਗ ਵੇਦ ਪੜ੍ਹਦਾ ਰਹੇ (ਕਿਉਂਕਿ) ਤਿੰਨਾਂ ਗੁਣਾਂ ਵਾਲੀ ਮਾਇਆ (ਇਸ ਮੈਲ ਦਾ) ਕਾਰਨ ਹੈ, (ਜਿਸ ਕਰਕੇ ਪੰਡਿਤ) ਹਉਮੈ ਵਿਚ ਨਾਮ ਵਿਸਾਰ ਦੇਂਦਾ ਹੈ; ਭੁੱਲੇ ਹੋਏ ਪੰਡਿਤ ਮਾਇਆ ਦੇ ਵਪਾਰ ਵਿਚ ਤੇ ਮਾਇਆ ਦੇ ਮੋਹ ਵਿਚ ਲੱਗੇ ਹੋਏ ਹਨ, ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਭੁੱਖ ਹੈ, ਗਵਾਰ ਮੂਰਖ ਭੁੱਲੇ ਹੀ ਮਰ ਗਏ ਹਨ (ਭਾਵੇਂ ਧਰਮ ਪੁਸਤਕਾਂ ਪੜ੍ਹਦੇ ਹਨ) (ਭਾਵ, ਮਾਇਆ ਦੇ ਲਾਲਚ ਵਿਚ ਰਹਿ ਕੇ ਆਤਮਕ ਮੌਤ ਸਹੇੜ ਗਏ)

ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥ ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥ {ਪੰਨਾ 647}

ਅਰਥ: ਸਤਿਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਤੇ ਸੱਚੇ ਸ਼ਬਦ ਵਿਚ ਵਿਚਾਰ ਕੀਤਿਆਂ ਸੁਖ ਮਿਲਦਾ ਹੈ; ਸੱਚੇ ਨਾਮ ਵਿਚ ਪਿਆਰ ਕਰਨ ਨਾਲ ਅੰਦਰੋਂ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ। ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਤੇ ਜਿਨ੍ਹਾਂ ਨੇ ਹਰੀ ਨੂੰ ਹਿਰਦੇ ਵਿਚ ਪਰੋਇਆ ਹੋਇਆ ਹੈ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੰਤੋਖੀ ਹੋ ਗਏ ਹਨ।੧।

ਮਃ ੩ ॥ ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥ ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥ ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥ ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥ {ਪੰਨਾ 647}

ਅਰਥ: ਮਨਮੁਖ ਨੇ ਹਰੀ ਦਾ ਨਾਮ ਨਹੀਂ ਸਿਮਰਿਆ, ਇਸ ਕਰਕੇ ਬਹੁਤਾ ਦੁਖੀ ਹੁੰਦਾ ਹੈ। ਉਸ ਦੇ ਹਿਰਦੇ ਵਿਚ ਅਗਿਆਨ (-ਰੂਪ) ਹਨੇਰਾ ਹੁੰਦਾ ਹੈ (ਇਸ ਲਈ) ਉਸ ਨੂੰ ਕੋਈ ਸੋਝੀ ਨਹੀਂ ਪੈਂਦੀ; ਮਨ ਦੇ ਹਠ ਕਰਕੇ ਉਹ ਅਡੋਲ ਅਵਸਥਾ ਵਿਚ ਕੁਝ ਨਹੀਂ ਬੀਜਦਾ (ਨਾਮ ਨਹੀਂ ਜਪਦਾ), (ਇਸ ਆਤਮਕ ਖ਼ੁਰਾਕ ਤੋਂ ਸੱਖਣਾ) ਭੁੱਖਾ ਅੱਗੇ ਕੀਹ ਖਾਏਗਾ? (ਮਨਮੁਖ) ਨਾਮ-ਖ਼ਜ਼ਾਨਾ ਵਿਸਾਰ ਕੇ ਮਾਇਆ ਵਿਚ ਜਾ ਲੱਗਾ ਹੈ।

ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥ {ਪੰਨਾ 647}

ਅਰਥ: ਹੇ ਨਾਨਕ! ਸਤਿਗੁਰੂ ਦੇ ਸਨਮੁਖ ਹੋਏ ਮਨੁੱਖਾਂ ਨੂੰ ਵਡਿਆਈ ਮਿਲਦੀ ਹੈ, ਜੇ ਹਰੀ ਆਪ ਹੀ ਸੰਗਤਿ ਵਿਚ ਮਿਲਾ ਲਏ।੨।

ਪਉੜੀ ॥ ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥ ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥ ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥ ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥ ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥ {ਪੰਨਾ 647}

ਅਰਥ: ਜੋ ਜੀਭ ਹਰੀ ਦਾ ਜਸ ਗਾਉਂਦੀ ਹੈ, ਉਹ ਬੜੀ ਸੁੰਦਰ ਲਗਦੀ ਹੈ; ਜੋ ਮਨੋਂ ਤਨੋਂ ਹੋ ਕੇ ਮੂੰਹੋਂ ਹਰੀ-ਨਾਮ ਬੋਲਦੀ ਹੈ ਉਹ ਹਰੀ ਨੂੰ ਪਿਆਰੀ ਲੱਗਦੀ ਹੈ; ਜੋ ਸਤਿਗੁਰੂ ਦੇ ਸਨਮੁਖ ਹੋ ਕੇ ਸੁਆਦ ਚੱਖਦੀ ਹੈ, ਉਹ ਰੱਜ ਜਾਂਦੀ ਹੈ (ਭਾਵ, ਉਹ ਜੀਭ ਹੋਰ ਰਸਾਂ ਵੱਲ ਨਹੀਂ ਦੌੜਦੀ), ਪਿਆਰੇ ਹਰੀ ਦੇ ਗੁਣ ਸਦਾ ਗਾਉਂਦੀ ਹੈ ਤੇ ਗੁਣ ਗਾ ਕੇ ਗੁਣੀ (ਹਰੀ) ਦੀ (ਹੋਰਨਾਂ ਨੂੰ) ਸਿੱਖਿਆ ਦੇਂਦੀ ਹੈ। ਜਿਸ (ਜੀਭ) ਤੇ ਹਰੀ ਆਪ ਦਿਆਲ ਹੁੰਦਾ ਹੈ, ਉਹ 'ਗੁਰੂ ਗੁਰੂ' ਜਪਦੀ ਹੈ।੧੩।

ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}

ਪਦਅਰਥ: ਸਿਰਿਸਿਰ ਉਤੇ। ਅੰਕਸੁਮਹਾਵਤ ਦਾ ਕੁੰਡਾ। ਊਭੀਖਲੋ ਕੇ, ਸੁਚੇਤ ਹੋ ਕੇ। ਆਪੁਆਪਾਭਾਵ, ਅਪਣੱਤ। ਨਿਵਾਰੀਐਦੂਰ ਕੀਤੀ ਜਾਂਦੀ ਹੈ।

ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

TOP OF PAGE

Sri Guru Granth Darpan, by Professor Sahib Singh