ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 642

ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ {ਪੰਨਾ 642}

ਪਦਅਰਥ: ਅਰਚਾਮੂਰਤੀ ਦੀ ਪੂਜਾ। ਬੰਧਨਨਮਸਕਾਰ। ਡੰਡਉਤਡੰਡੇ ਵਾਂਗ ਸਿੱਧੇ ਲੰਮੇ ਪੈ ਕੇ ਨਮਸਕਾਰ ਕਰਨੀ। ਖਟੁਛੇ। ਖਟੁ ਕਰਮਾਬ੍ਰਾਹਮਣ ਵਾਸਤੇ ਛੇ ਜ਼ਰੂਰੀ ਧਾਰਮਿਕ ਕਰਮਵਿੱਦਿਆ ਪੜ੍ਹਾਣੀ ਤੇ ਪੜ੍ਹਨੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਰਤੁ ਰਹਤਾਮਗਨ ਰਹਿੰਦਾ ਹੈ। ਹਉ ਹਉਮੈਂ ਮੈਂ। ਇਹ ਜੁਗਤਾਇਸ ਤਰੀਕੇ ਨਾਲ।੫।

ਸਿਧਜੋਗਆਸਣਾਂ ਵਿਚ ਪੁੱਗੇ ਹੋਏ ਜੋਗੀ। ਰਹਿਆਥੱਕ ਗਿਆ। ਆਰਜਾਉਮਰ। ਸੰਗੁਸਾਥ। ਗਹਿਆਲੱਭਾ।੬।

ਲੀਲਾਰੰਗਤਮਾਸ਼ੇ। ਰਚਨਾਠਾਠਬਾਠ। ਅਫਾਰਾਜਿਸ ਨੂੰ ਕੋਈ ਮੋੜ ਨਾਹ ਸਕੇ। ਚੋਆਅਤਰ। ਘੋਰਭਿਆਨਕ।੭।

ਕੀਰਤਿਸਿਫ਼ਤਿ-ਸਾਲਾਹ। ਕਰਮਨ ਕੈ ਸਿਰਿਸਭ (ਧਾਰਮਿਕ) ਕੰਮਾਂ ਦੇ ਸਿਰ ਉਤੇ, ਸਭ ਕਰਮਾਂ ਨਾਲੋਂ ਸ੍ਰੇਸ਼ਟ। ਪੁਰਬ ਲਿਖੇ ਕਾਪਹਿਲੇ ਜਨਮ ਵਿਚ ਕੀਤੇ ਕਰਮਾਂ ਦੇ ਲਿਖੇ ਲੇਖ ਅਨੁਸਾਰ।੮।

ਰੰਗਿਰੰਗ ਵਿਚ। ਮਾਤਾਮਸਤ। ਕੀਰਤਨਿਕੀਰਤਨ ਵਿਚ। ਰਾਤਾਰੰਗਿਆ ਹੋਇਆ।ਰਹਾਉ ਦੂਜਾ।

ਅਰਥ: ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫।

ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬।

ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭।

ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮।

ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।

ਰਾਗੁ ਸੋਰਠਿ ਵਾਰ ਮਹਲੇ ੪ ਕੀ

ਵਾਰ ਦਾ ਭਾਵ

ਪਉੜੀ-ਵਾਰ-

() ਪਰਮਾਤਮਾ ਨੇ ਇਹ ਜਗਤ-ਖੇਡ ਆਪ ਹੀ ਬਣਾਈ ਹੈ, ਤੇ ਹਰ ਥਾਂ ਉਸ ਦੀ ਆਪਣੀ ਹੀ ਜੀਵਨ-ਰੌ ਰੁਮਕ ਰਹੀ ਹੈ; ਪਰ, ਇਹ ਸਮਝ ਗੁਰੂ ਦੀ ਰਾਹੀਂ ਹੀ ਪੈਂਦੀ ਹੈ ਤੇ ਗੁਰੂ ਦੇ ਦੱਸੇ ਰਾਹ ਤੇ ਹੀ ਤੁਰ ਕੇ ਪ੍ਰਭੂ ਦੀ ਇਹ ਵਡਿਆਈ ਕੀਤੀ ਜਾ ਸਕਦੀ ਹੈ।

() ਭਾਵੇਂ ਮਾਇਆ-ਰਹਿਤ ਪ੍ਰਭੂ ਦੀ ਹੀ ਜੀਵਨ-ਰੌ ਹਰ ਥਾਂ ਹੈ, ਪਰ ਜੀਵ ਮਾਇਆ ਦੇ ਕਾਰਨ ਮੂਰਖ-ਪੁਣੇ ਵਿਚ ਲੱਗ ਪੈਂਦਾ ਹੈ; ਜਿਸ ਉੱਤੇ ਪ੍ਰਭੂ ਦੀ ਮੇਹਰ ਦੀ ਨਜ਼ਰ ਹੁੰਦੀ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਾਰ ਕਰਦਾ ਹੈ।

() ਇਹ ਜਗਤ-ਰਚਨਾ ਵਿਚ ਤ੍ਰੈ-ਗੁਣੀ ਮਾਇਆ ਭੀ ਕਰਤਾਰ ਨੇ ਆਪ ਹੀ ਬਣਾਈ ਹੈ, ਇਸ ਦੇ ਮੋਹ ਵਿਚ ਫਸ ਕੇ ਹਉਮੈ ਦੇ ਕਾਰਨ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ; ਪਰ, ਜਿਸ ਉਤੇ ਪ੍ਰਭੂ ਦੀ ਮੇਹਰ ਹੋਵੇ ਉਸ ਨੂੰ ਸਤਿਗੁਰੂ ਇਹ ਭੁਲੇਖਾ ਸਮਝਾ ਦੇਂਦਾ ਹੈ।

() ਪਰਮਾਤਮਾ ਦਾ ਕੋਈ ਖ਼ਾਸ ਐਸਾ ਰੂਪ ਨਹੀਂ, ਕੋਈ ਰੇਖ ਨਹੀਂ ਜਿਸ ਦੀ ਜੀਵ ਨੂੰ ਸਮਝ ਪੈ ਸਕੇ, ਇਸ ਲਈ ਜੀਵ ਆਪਣੇ ਆਪ ਉਸ ਦੀ ਸਿਫ਼ਤਿ-ਸਾਲਾਹ ਕਰ ਹੀ ਨਹੀਂ ਸਕਦਾ; ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।

() ਇਸ ਜਗਤ ਦਾ ਬਨਾਣ ਵਾਲਾ ਪਰਮਾਤਮਾ ਭਾਵੇਂ ਹਰੇਕ ਦੇ ਅੰਦਰ ਆਪ ਮੌਜੂਦ ਹੈ, ਪਰ ਜੀਵ ਮਾਇਆ ਦੇ ਧੰਧਿਆਂ ਵਿਚ ਲੱਗ ਕੇ ਉਸ ਨੂੰ ਭੁਲਾਈ ਰੱਖਦੇ ਹਨ ਤੇ ਕੁਰਾਹੇ ਪਏ ਰਹਿੰਦੇ ਹਨ; ਜਿਸ ਮਨੁੱਖ ਤੇ ਉਹ ਮੇਹਰ ਕਰਦਾ ਹੈ ਉਹ ਮਾਇਆ ਦੇ ਮੋਹ ਵਿਚੋਂ ਨਿਕਲ ਕੇ ਗੁਰੂ-ਚਰਨਾਂ ਨਾਲ ਪਿਆਰ ਪਾਂਦਾ ਹੈ ਤੇ ਭਗਤੀ ਕਰਦਾ ਹੈ।

() ਜਿਸ ਮਾਇਆ ਦੀਆਂ ਮੌਜਾਂ ਵਿਚ ਰੁੱਝ ਕੇ ਮਨੁੱਖ ਪ੍ਰਭੂ ਨੂੰ ਵਿਸਾਰਦਾ ਹੈ ਤੇ ਪਾਪ ਕਮਾਂਦਾ ਹੈ ਉਸ ਦਾ ਸਾਥ ਕਸੁੰਭੇ ਦੇ ਰੰਗ ਵਾਂਗ ਥੋਹੜੇ ਹੀ ਦਿਨ ਰਹਿੰਦਾ ਹੈ; ਜਗਤ ਤੋਂ ਤੁਰਨ ਵੇਲੇ ਕੀਤੇ ਵਿਕਾਰਾਂ ਦੇ ਕਾਰਨ ਘਬਰਾਂਦਾ ਹੈ ਤੇ ਪਛੁਤਾਂਦਾ ਹੈ।

() ਪਰ, ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਉਸ ਨੂੰ ਮੌਤ ਤੋਂ ਕੋਈ ਘਬਰਾਹਟ ਨਹੀਂ ਹੁੰਦੀ, ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਖੱਟ ਕੇ ਜਾਂਦਾ ਹੈ; ਕੋਈ ਡਰ, ਕੋਈ ਭਟਕਣਾ, ਉਸ ਨੂੰ ਨਹੀਂ ਰਹਿੰਦੀ; ਪਰ, ਇਸ ਰਾਹੇ ਉਹੀ ਤੁਰਦਾ ਹੈ ਜੋ ਪ੍ਰਭੂ ਦੀ ਮੇਹਰ ਨਾਲ ਗੁਰੂ ਦੇ ਦਰ ਤੇ ਆਉਂਦਾ ਹੈ।

() ਜੋ ਭਾਗਾਂ ਵਾਲੇ ਬੰਦੇ ਗੁਰੂ ਦੀ ਸ਼ਰਨ ਆਉਂਦੇ ਹਨ, ਉਹ ਰਲ ਕੇ ਸਤਸੰਗ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਸੁਣਦੇ ਹਨ, ਵਿਕਾਰਾਂ ਵਿਚ ਪੈਣ ਦੇ ਥਾਂ ਉਹਨਾਂ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਿਆ ਰਹਿੰਦਾ ਹੈ। ਅਜੇਹੇ ਸਤਸੰਗੀਆਂ ਦਾ ਦਰਸ਼ਨ ਮੁਬਾਰਿਕ ਹੈ, ਉਹ ਹੋਰਨਾਂ ਨੂੰ ਭੀ ਪਰਮਾਤਮਾ ਵਾਲੇ ਪਾਸੇ ਜੋੜਦੇ ਹਨ।

() ਜੋ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਨਾਮ ਸਿਮਰਨ ਦੀ ਬਰਕਤਿ ਨਾਲ ਪ੍ਰਭੂ ਹਰ ਥਾਂ ਵੱਸਦਾ ਸਹੀ ਹੁੰਦਾ ਹੈ, ਇਸ ਵਾਸਤੇ ਉਹਨਾਂ ਨੂੰ ਕੋਈ ਡਰ ਨਹੀਂ ਵਿਆਪਦਾ; ਪਰ, ਇਹ ਦਾਤਿ ਪ੍ਰਭੂ ਦੀ ਆਪਣੀ ਮੇਹਰ ਨਾਲ ਗੁਰੂ ਦੇ ਸਨਮੁਖ ਹੋਇਆਂ ਹੀ ਮਿਲਦੀ ਹੈ।

(੧੦) ਮਾਇਆ ਦਾ ਪਿਆਰ ਤੇ ਨਾਮ ਦੀ ਲਗਨ-ਦੋਹਾਂ ਦਾ ਮੇਲ ਨਹੀਂ ਹੋ ਸਕਦਾ; ਜਿਸ ਮਨੁੱਖ ਦਾ ਮਨ ਦੁਨੀਆ ਦੇ ਮੌਜ-ਮੇਲੇ ਤੋਂ ਵਿਕ ਗਿਆ ਹੈ, ਉਸ ਦੀ ਸੁਰਤਿ ਓਧਰੇ ਹੀ ਰਹਿੰਦੀ ਹੈ; ਪਰ, ਜਿਸ ਉਤੇ ਮੇਹਰ ਹੋਵੇ, ਉਹ ਗੁਰੂ ਦੀ ਸ਼ਰਨ ਪੈ ਕੇ 'ਨਾਮ' ਨਾਲ ਪਿਆਰ ਕਰਦਾ ਹੈ ਤੇ ਮਾਇਆ ਦਾ ਮੋਹ ਉਸ ਨੂੰ ਕੋਈ ਖਿੱਚ ਨਹੀਂ ਪਾ ਸਕਦਾ।

(੧੧) ਇਹ ਮਨੁੱਖਾ ਸਰੀਰ, ਮਾਨੋ, ਚੋਲੀ ਹੈ ਜੋ ਪਰਮਾਤਮਾ ਨੇ ਆਪਣੇ ਪਹਿਨਣ ਲਈ ਬਣਾਈ ਹੈ; ਇਹ ਚੋਲੀ ਉਸ ਨੂੰ ਤਾਂ ਹੀ ਚੰਗੀ ਲੱਗ ਸਕਦੀ ਹੈ ਜੇ ਇਸ ਨੂੰ ਭਗਤੀ ਦੀ ਰੰਗਣ ਨਾਲ ਸੰਵਾਰਿਆ ਜਾਏ, ਜਿਵੇਂ ਜ਼ਨਾਨੀਆਂ ਪੱਟ ਨਾਲ ਕਸੀਦਾ ਕੱਢ ਕੇ ਫੁਲਕਾਰੀ ਨੂੰ ਸਾਂਭ ਕੇ ਵਰਤਦੀਆਂ ਹਨ। ਪਰ, ਇਹ ਭਗਤੀ ਗੁਰੂ ਦੀ ਸ਼ਰਨ ਪਿਆਂ ਹੀ ਹੋ ਸਕਦੀ ਹੈ।

(੧੨) ਪਰਮਾਤਮਾ ਨੂੰ ਮਿਲਣ ਦਾ ਰਸਤਾ ਗੁਰਮੁਖਾਂ ਦਾ ਸੰਗ ਕੀਤਿਆਂ ਲੱਭਦਾ ਹੈ; ਜਿਉਂ ਜਿਉਂ ਉਹਨਾਂ ਨਾਲ ਰਲ ਕੇ ਗੁਣ ਗ੍ਰਹਿਣ ਕਰੀਏ ਤੇ ਨਾਮ ਸਿਮਰੀਏ ਤਿਉਂ ਤਿਉਂ ਜੀਵਨ ਸੁਖੀ ਹੁੰਦਾ ਹੈ। ਗੁਰੂ ਦੇ ਦੱਸੇ ਰਾਹ ਦੀ ਸਮਝ ਸਤਸੰਗੀਆਂ ਪਾਸੋਂ ਪੈਂਦੀ ਹੈ।

(੧੩) ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਲੋਕ ਪਰਲੋਕ ਦੋਹੀਂ ਥਾਈਂ ਸੋਭਾ ਖੱਟਦਾ ਹੈ; ਜਿਸ ਨੂੰ ਨਾਮ ਅੰਮ੍ਰਿਤ ਦਾ ਰਸ ਆਇਆ ਹੈ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ; ਪਰ ਇਸ ਰਾਹੇ ਉਹੀ ਤੁਰਦਾ ਹੈ ਜਿਸ ਉਤੇ ਮੇਹਰ ਹੋਵੇ ਤੇ ਜੋ ਗੁਰੂ ਦੀ ਸ਼ਰਨ ਪਏ।

(੧੪) ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦਾ ਹੈ, ਉਹ ਪਰਮਾਤਮਾ ਦੇ ਰਚੇ ਸਭ ਬੰਦਿਆਂ ਨਾਲ ਉਸੇ ਤਰ੍ਹਾਂ ਪਿਆਰ ਕਰਨ ਲੱਗ ਪੈਂਦਾ ਹੈ ਜਿਵੇਂ ਉਹ ਆਪਣੇ ਮਿੱਤ੍ਰਾਂ ਪੁੱਤ੍ਰਾਂ ਤੇ ਭਰਾਵਾਂ ਨਾਲ ਕਰਦਾ ਹੈ; ਆਪਣਾ ਜ਼ਾਤੀ ਸੁਖ ਤਿਆਗ ਕੇ ਉਹਨਾਂ ਦੇ ਸੁਖ ਲਈ ਕਾਰ ਕਰਦਾ, ਸੇਵਾ ਕਰਦਾ ਹੈ; ਇਹ ਨਵਾਂ ਆਤਮਕ-ਜੀਵਨ ਉਸ ਨੂੰ ਮਿਲਦਾ ਹੈ।

(੧੫) ਦੁਨੀਆ ਦਾ ਧਨ-ਪਦਾਰਥ, ਮਹਲ-ਮਾੜੀਆਂ, ਘੋੜੇ ਆਦਿਕ-ਇਹਨਾਂ ਵਿਚੋਂ ਕਿਸੇ ਨਾਲ ਸਾਥ ਤੋੜ ਨਹੀਂ ਨਿਭਦਾ, ਅੰਤ ਵੇਲੇ ਸਾਥ ਟੁੱਟਣ ਲੱਗਿਆਂ ਮਨ ਬਹੁਤ ਦੁਖੀ ਹੁੰਦਾ ਹੈ। ਇਕ ਹਰੀ-ਨਾਮ ਹੀ ਹੈ ਜੋ ਅਖ਼ੀਰ ਵੇਲੇ ਸਾਥੀ ਬਣਾਂਦਾ ਹੈ ਤੇ ਸੁਖਦਾਈ ਹੁੰਦਾ ਹੈ; ਇਹ ਨਾਮ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦਾ ਹੈ।

(੧੬) ਧਨ-ਪਦਾਰਥ, ਮਹਲ-ਮਾੜੀਆਂ, ਘੋੜੇ ਆਦਿਕ ਤੇ ਹੋਰ ਕਾਰ-ਵਿਹਾਰ ਵਰਜਿਤ ਨਹੀਂ ਹਨ; ਸਗੋਂ ਇਹਨਾਂ ਦੀ ਰਾਹੀਂ ਭਲਿਆਂ ਦੀ ਸੇਵਾ ਕਰੇ ਤੇ ਪ੍ਰਭੂ ਦਾ ਨਾਮ ਭੀ ਸਿਮਰੋ। ਜੋ ਮਨੁੱਖ ਸਤਿਗੁਰੂ ਪਾਸੋਂ ਅਜੇਹੀ ਰਹਿਣੀ ਸਿੱਖਦਾ ਹੈ ਉਹ ਭਾਗਾਂ ਵਾਲਾ ਹੈ।

(੧੭) ਅਸਲ ਸੋਭਾ-ਵਡਿਆਈ ਉਹ ਮਨੁੱਖ ਖੱਟਦੇ ਹਨ ਜੋ ਪੂਰੇ ਗੁਰੂ ਦੀ ਰਾਹੀਂ ਆਪਾ-ਭਾਵ ਮਿਟਾ ਕੇ ਪਰਮਾਤਮਾ ਦੇ ਨਾਮ ਵਿਚ ਇਤਨਾ ਲੀਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ।

(੧੮) ਉਹ ਮਨੁੱਖ ਭਾਗਾਂ ਵਾਲੇ ਹਨ ਜੋ ਗੁਰੂ ਦੀ ਸ਼ਰਨ ਪੈ ਕੇ ਆਪਣੀ ਮਰਜ਼ੀ ਦੇ ਥਾਂ ਗੁਰੂ ਦੀ ਮਰਜ਼ੀ ਤੇ ਤੁਰਦੇ ਹਨ; ਇਹੀ ਇੱਕ ਤਰੀਕਾ ਹੈ ਜਿਸ ਨਾਲ ਨਾਮ ਸਿਮਰਿਆ ਜਾ ਸਕਦਾ ਹੈ, ਸਿਫ਼ਤਿ-ਸਾਲਾਹ ਹੋ ਜਾਂਦੀ ਹੈ ਤੇ ਮਨ ਵੱਸ ਵਿਚ ਆ ਸਕਦਾ ਹੈ।

(੧੯) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਗੁਰੂ ਦਾ ਨਿਵਾਸ ਹੈ ਉਹ ਮੁਬਾਰਿਕ ਹਨ; ਉਹਨਾਂ ਦਾ ਦਰਸ਼ਨ ਕਰ ਕੇ ਹੋਰ ਲੋਕ ਭੀ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ ਤੇ ਆਪਣੇ ਅੰਦਰੋਂ ਪਾਪ ਕੱਟ ਲੈਂਦੇ ਹਨ।

(੨੦) ਉਹਨਾਂ ਮਨੁੱਖਾਂ ਨੂੰ ਅਸਲ ਧਨੀ ਸਮਝੋ, ਜੋ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦਾ ਸਿਮਰਨ ਕਰਦੇ ਹਨ ਜੋ ਪੱਥਰਾਂ ਦੇ ਅੰਦਰ ਵੱਸਦੇ ਕੀੜਿਆਂ ਤੋਂ ਲੈ ਕੇ ਮਨੁੱਖਾਂ ਤਕ ਸਾਰੇ ਜੀਅ-ਜੰਤਾਂ ਨੂੰ ਰੋਜ਼ੀ ਦੇਣ ਵਾਲਾ ਹੈ।

(੨੧) ਜਿਸ ਮਨੁੱਖ ਉਤੇ ਮਾਲਕ ਦੀ ਮੇਹਰ ਹੋਵੇ ਉਹ ਗੁਰੂ ਦੇ ਸਨਮੁਖ ਹੋ ਕੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ ਕਿਉਂਕਿ ਉਹ ਭਗਤੀ ਖਿਮਾ ਤੇ ਪ੍ਰੇਮ ਦਾ ਸਿੰਗਾਰ ਬਣਾਂਦਾ ਹੈ ਜੋ ਪ੍ਰਭੂ ਨੂੰ ਪਿਆਰਾ ਲੱਗਦਾ ਹੈ।

(੨੨) ਅਸਲ ਮੁਕੰਮਲ ਇਨਸਾਨ ਉਹ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਸੁਆਸ ਸੁਆਸ ਨਾਮ ਸਿਮਰਦੇ ਹਨ; ਨਾਮ-ਰੂਪ ਦਵਾਈ ਵਰਤਿਆਂ ਉਹਨਾਂ ਦੇ ਸਾਰੇ ਆਤਮਕ ਰੋਗ ਤੇ ਦੁੱਖ ਦੂਰ ਹੋ ਜਾਂਦੇ ਹਨ; ਨਾਹ ਉਹਨਾਂ ਨੂੰ ਜਗਤ ਦੀ ਮੁਥਾਜੀ ਰਹਿੰਦੀ ਹੈ ਤੇ ਨਾਹ ਜਮਾਂ ਦੀ।

(੨੩) ਜੋ ਮਨੁੱਖ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਦੀ ਸੁਰਤਿ ਵਿਕਾਰਾਂ ਵਲ ਹੀ ਰਹਿੰਦੀ ਹੈ, ਨਿੰਦਿਆ ਦੀ ਵਾਦੀ ਉਸ ਦੀ ਇਤਨੀ ਵਧ ਜਾਂਦੀ ਹੈ ਕਿ ਘਰ ਘਰ ਕਿਸੇ ਨ ਕਿਸੇ ਦੀ ਨਿੰਦਾ ਕਰਦਾ ਫਿਰਦਾ ਹੈ; ਪਰ ਭਾਗਾਂ ਵਾਲਾ ਹੈ ਉਹ ਬੰਦਾ ਜੋ ਸਤਿਗੁਰੂ ਦੇ ਸਵਾਰੇ ਹੋਏ ਗੁਰਸਿੱਖਾਂ ਦੀ ਸੰਗਤਿ ਵਿਚ ਆਉਂਦਾ ਹੈ।

(੨੪) ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਪਰਮਾਤਮਾ ਦਾ ਸਿਮਰਨ ਕਰਨ ਲਈ ਮਨ ਵਿਚ ਚਾਉ ਪੈਦਾ ਹੁੰਦਾ ਹੈ, ਕਿਉਂਕਿ ਉਹ ਗੁਰਮੁਖ ਗੁਰੂ ਦੀ ਸ਼ਰਨ ਆ ਕੇ ਦਿਨ ਰਾਤ ਪ੍ਰਭੂ ਦੇ ਸਿਮਰਨ ਵਿਚ ਉਮਰ ਗੁਜ਼ਾਰਦੇ ਹਨ; ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ-ਚਰਨਾਂ ਵਿਚ ਸਦਾ ਜੁੜੇ ਰਹਿੰਦੇ ਹਨ।

(੨੫) ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਦੀ ਸੰਗਤਿ ਕੀਤਿਆਂ ਪਾਪ ਵਿਕਾਰ ਦੂਰ ਹੋ ਜਾਂਦੇ ਹਨ ਤੇ ਉਸ ਪ੍ਰਭੂ ਨੂੰ ਹਰ ਵੇਲੇ ਸਿਮਰਨ ਦਾ ਉਤਸ਼ਾਹ ਪੈਦਾ ਹੁੰਦਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਦੇ ਰਿਹਾ ਹੈ ਤੇ ਜਿਸ ਦੇ ਦਰ ਤੋਂ ਸਭ ਜੀਵ ਮੰਗਦੇ ਹਨ।

(੨੬) ਜੋ ਮਨੁੱਖ ਭਗਤੀ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਮੱਥੇ ਤੇ ਲਾਂਦੇ ਹਨ ਉਹ ਭੀ ਪ੍ਰਭੂ ਦਾ ਸਿਮਰਨ ਕਰਨ ਲੱਗ ਪੈਂਦੇ ਹਨ, ਹਰੀ-ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾ ਲੈਂਦੇ ਹਨ ਜਿਵੇਂ ਰੋਟੀ ਸਰੀਰ ਦਾ ਆਸਰਾ ਹੈ, ਹਰੀ-ਨਾਮ ਤੀਰਥ ਤੇ ਇਸ਼ਨਾਨ ਕਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਤੇ ਪ੍ਰਭੂ-ਦਰ ਤੇ ਕਬੂਲ ਪੈਂਦੇ ਹਨ।

(੨੭) ਸਾਧ ਸੰਗਤਿ, ਮਾਨੋ, ਇਕ ਨਗਰ ਹੈ ਜੋ ਗੁਰੂ ਨੇ ਵਸਾਇਆ ਹੈ; ਇਸ ਨਗਰ ਵਿਚ ਸਤਸੰਗੀ, ਮਾਨੋ, ਰਾਖੇ ਹਨ। ਜੋ ਮਨੁੱਖ ਇਸ ਨਗਰ ਵਿਚ ਆ ਕੇ ਵੱਸਦਾ ਹੈ, ਸਤਸੰਗੀ ਰਾਖਿਆਂ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ ਤੇ ਹੋਰ ਅਉਗੁਣ ਕੋਈ ਭੀ ਉਸ ਮਨੁੱਖ ਦੇ ਨੇੜੇ ਨਹੀਂ ਢੁਕ ਸਕਦਾ।

(੨੮) ਸਾਰੇ ਜਗਤ ਨੂੰ ਪੈਦਾ ਕਰ ਕੇ ਪਰਮਾਤਮਾ ਸਭ ਜੀਵਾਂ ਦੀ ਪਾਲਣਾ ਭੀ ਆਪ ਹੀ ਕਰਦਾ ਹੈ; ਪਰ, ਖ਼ੁਸ਼ੀ-ਭਰਿਆ ਜੀਵਨ ਕੇਵਲ ਉਹਨਾਂ ਬੰਦਿਆਂ ਦਾ ਹੁੰਦਾ ਹੈ ਜੋ ਪ੍ਰਭੂ ਦੀ ਭਗਤੀ ਕਰਦੇ ਹਨ, ਕਿਉਂਕਿ ਪ੍ਰਭੂ ਸਿਮਰਨ ਕਰਨ ਵਾਲਿਆਂ ਤੇ ਤ੍ਰੱੁਠਦਾ ਹੈ, ਉਹਨਾਂ ਦੇ ਮਨ ਵਿਚੋਂ ਆਪ ਪ੍ਰਭੂ ਮਾਇਆ ਦਾ ਮੋਹ ਸਾੜ ਦੇਂਦਾ ਹੈ।

(੨੯) ਸਾਰੇ ਜਗਤ ਵਿਚ ਪਰਮਾਤਮਾ ਦਾ ਹੀ ਹੁਕਮ ਵਰਤ ਰਿਹਾ ਹੈ; ਉਸ ਦੀ ਰਜ਼ਾ ਇਉਂ ਹੀ ਹੈ ਕਿ ਜੋ ਮਨੁੱਖ ਸਤਿਗੁਰੂ ਦੀ ਮਰਜ਼ੀ ਵਿਚ ਤੁਰਦਾ ਹੈ ਉਸ ਨੂੰ ਪ੍ਰਭੂ-ਦਰ ਤੋਂ ਵਡਿਆਈ ਮਿਲਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ। ਸੋ, ਸਤਿਗੁਰੂ ਦੀ ਸ਼ਰਨ ਪੈਣਾ ਹੀ ਜੀਵਨ ਦਾ ਸਹੀ ਰਸਤਾ ਹੈ।

ਸਮੁੱਚਾ-ਭਾਵ-

() (੧ ਤੋਂ ੬ ਤਕ) ਇਹ ਸਾਰੀ ਜਗਤ-ਖੇਡ ਵਿਚ ਕਰਤਾਰ ਦੀ ਆਪਣੀ ਹੀ ਜੀਵਨ-ਰੌ ਰੁਮਕ ਰਹੀ ਹੈ, ਤ੍ਰੈ-ਗੁਣੀ ਮਾਇਆ ਭੀ ਉਸ ਨੇ ਆਪ ਹੀ ਬਣਾਈ ਹੈ; ਪਰ, ਜੀਵ ਨੂੰ ਇਸ ਗੱਲ ਦੀ ਪਰਤੀਤ ਗੁਰੂ ਦੀ ਸ਼ਰਨ ਤੋਂ ਬਿਨਾ ਨਹੀਂ ਆ ਸਕਦੀ; ਕਿਉਂਕਿ ਇਕ ਤਾਂ, ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੂਰਖਪੁਣੇ ਵਿਚ ਲੱਗ ਪੈਂਦਾ ਹੈ, ਦੂਜੇ ਪਰਮਾਤਮਾ ਦਾ ਕੋਈ ਐਸਾ ਖ਼ਾਸ ਰੂਪ ਰੇਖ ਨਹੀਂ ਜਿਸ ਦੀ ਜੀਵ ਨੂੰ ਸਮਝ ਪੈ ਸਕੇ; ਤੇ ਜਿਸ ਮਾਇਆ ਦੇ ਮੋਹ ਵਿਚ ਫਸ ਕੇ ਵਿਕਾਰਾਂ ਵਿਚ ਰੁੱਝਦਾ ਹੈ, ਉਸ ਦਾ ਸਾਥ ਭੀ ਨਹੀਂ ਨਿਭਦਾ।

() (੭ ਤੋਂ ੧੪ ਤਕ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰਿਆਂ ਮਨੁੱਖ ਦਾ ਮਨ ਇਕ ਤਾਂ ਵਿਕਾਰਾਂ ਵਿਚ ਪੈਣ ਦੇ ਥਾਂ 'ਨਾਮ' ਵਿਚ ਪਤੀਜਿਆ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ ਕੋਈ ਖਿੱਚ ਨਹੀਂ ਪਾ ਸਕਦਾ; ਦੂਜੇ, ਸਿਮਰਨ ਨਾਲ ਪ੍ਰਭੂ ਦਾ ਥਾਂ ਵੱਸਦਾ ਸਹੀ ਹੋਣ ਕਰਕੇ ਕਿਸੇ ਤਰ੍ਹਾਂ ਦਾ ਕੋਈ ਡਰ ਉਸ ਨੂੰ ਨਹੀਂ ਵਿਆਪਦਾ; ਐਸਾ ਵਡਭਾਗੀ ਜੀਵ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜੀਵਨ ਸੁਖੀ ਹੋ ਜਾਂਦਾ ਹੈ, ਨਾਮ-ਅੰਮ੍ਰਿਤ ਦਾ ਰਸ ਆਇਆਂ ਤ੍ਰਿਸ਼ਨਾ ਮਿਟ ਜਾਂਦੀ ਹੈ, ਤੇ ਪ੍ਰਭੂ ਦੇ ਰਚੇ ਬੰਦਿਆਂ ਨਾਲ ਇਉਂ ਪਿਆਰ ਕਰਨ ਲੱਗ ਪੈਂਦਾ ਹੈ ਜਿਵੇਂ ਆਪਣੇ ਮਿੱਤ੍ਰਾਂ ਪੁੱਤ੍ਰਾਂ ਤੇ ਭਰਾਵਾਂ ਨਾਲ ਕਰੀਦਾ ਹੈ।

() (੧੫ ਤੋਂ ੨੩ ਤਕ) ਧਨ ਪਦਾਰਥ ਆਦਿਕ ਇਕੱਠਾ ਕਰਨਾ ਜ਼ਿੰਦਗੀ ਦਾ ਅਸਲ ਮਨੋਰਥ ਨਹੀਂ, ਇਹਨਾਂ ਨਾਲ ਸਾਥ ਤੋੜ ਨਹੀਂ ਨਿਭਦਾ; ਪਰ ਇਹ ਵਰਜਿਤ ਭੀ ਨਹੀਂ, ਇਹਨਾਂ ਦੀ ਰਾਹੀਂ ਖ਼ਲਕਤਿ ਦੀ ਸੇਵਾ ਕਰੇ; ਇਹਨਾਂ ਦਾ ਮਾਣ ਕਰਨ ਦੇ ਥਾਂ ਆਪਾ-ਭਾਵ ਮਿਟਾ ਕੇ ਆਪਣੇ ਸਤਿਗੁਰੂ ਦੀ ਰਜ਼ਾ ਵਿਚ ਮਨੁੱਖ ਤੁਰੇ ਤੇ ਪ੍ਰਭੂ ਦਾ ਨਾਮ ਸਿਮਰ ਕੇ ਅੰਦਰੋਂ ਵਿਕਾਰ ਦੂਰ ਕਰੇ-ਐਸਾ ਮਨੁੱਖ ਹੈ ਅਸਲ ਧਨੀ; ਅਜਿਹਾ ਮਨੁੱਖ ਹੀ ਇਸ ਜਗਤ-ਚੌਪੜ ਵਿਚੋਂ ਬਾਜ਼ੀ ਜਿੱਤ ਕੇ ਜਾਂਦਾ ਹੈ, ਇਹੀ ਹੈ ਮੁਕੰਮਲ ਇਨਸਾਨ, ਕਿਉਂਕਿ ਨਾਮ ਸਿਮਰਿਆਂ ਸਾਰੇ ਆਤਮਕ ਰੋਗ ਦੁੱਖ ਦੂਰ ਹੋ ਜਾਂਦੇ ਹਨ। ਪਰ, ਧਨ ਪਦਾਰਥ ਆਦਿਕ ਦੀ ਟੇਕ ਤੇ ਜਿਸ ਦੀ ਮਨੁੱਖ ਨੂੰ ਸਤਿਗੁਰੂ ਦੀ ਚਰਨੀ ਲੱਗਣੋਂ ਘ੍ਰਿਣਾ ਹੁੰਦੀ ਹੈ ਉਸ ਨੂੰ ਖ਼ਲਕਤਿ ਵਲੋਂ ਭੀ ਸੂਗ ਹੀ ਬਣੀ ਰਹਿੰਦੀ ਹੈ ਤੇ ਉਸ ਦੀ ਸੁਰਤ ਵਿਕਾਰਾਂ ਵਲ ਪਰਤੀ ਰਹਿੰਦੀ ਹੈ।

() (੨੪ ਤੋਂ ੨੭ ਤਕ) ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰਨ ਵਾਲੇ ਮਨੁੱਖਾਂ ਦੀ ਸੰਗਤਿ ਕਰਨ ਵਾਲਿਆਂ ਦੇ ਮਨ ਵਿਚ ਭੀ ਸਿਮਰਨ ਦਾ ਇਤਨਾ ਚਾਅ ਤੇ ਉਤਸ਼ਾਹ ਪੈਦਾ ਹੋ ਜਾਂਦਾ ਹੈ ਕਿ ਵਿਕਾਰਾਂ ਵਲ ਉਹਨਾਂ ਦਾ ਮਨ ਪਰਤਣੋਂ ਹਟ ਜਾਂਦਾ ਹੈ; ਉਹ ਹਰੀ-ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾ ਲੈਂਦੇ ਹਨ, ਜਿਵੇਂ ਰੋਟੀ ਸਰੀਰ ਦਾ ਆਸਰਾ ਹੈ। ਬੰਦਗੀ ਵਾਲਿਆਂ ਦੀ ਸੰਗਤਿ ਇਕ ਐਸਾ ਨਗਰ ਸਮਝੋ ਜਿੱਥੇ ਵੱਸਿਆਂ ਕਿਸੇ ਵਿਕਾਰ-ਰੂਪ ਚੋਰ ਡਾਕੂ ਦਾ ਡਰ ਨਹੀਂ ਰਹਿੰਦਾ।

() ਕਰਤਾਰ ਨੇ ਜਗਤ-ਰਚਨਾ ਵਿਚ ਨਿਯਮ ਹੀ ਇਹ ਰੱਖਿਆ ਹੈ ਕਿ ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਤੁਰ ਕੇ ਭਗਤੀ ਕਰੇ, ਉਸੇ ਮਨੁੱਖ ਦਾ ਜੀਵਨ ਖ਼ੁਸ਼ੀ-ਭਰਿਆ ਹੋ ਸਕਦਾ ਹੈ; ਸਤਿਗੁਰੂ ਦੀ ਸ਼ਰਨ ਪੈਣਾ ਹੀ ਜੀਵਨ ਦਾ ਸਹੀ ਰਸਤਾ ਹੈ। (੨੮, ੨੯)

ਮੁੱਖ ਭਾਵ-

ਕਰਤਾਰ ਦੀ ਰਚੀ ਹੋਈ ਤ੍ਰੈਗੁਣੀ ਮਾਇਆ ਜੀਵਾਂ ਉੱਤੇ ਪ੍ਰਭਾਵ ਪਾ ਕੇ ਇਹਨਾਂ ਨੂੰ ਕੁਰਾਹੇ ਪਾ ਦੇਂਦੀ ਹੈ; ਪਰ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਭਗਤੀ ਕਰਦੇ ਹਨ, ਉਹਨਾਂ ਨੂੰ ਵਿਕਾਰ ਪੋਹ ਨਹੀਂ ਸਕਦੇ। ਸਤਿਗੁਰੂ ਦੀ ਸ਼ਰਨ ਪੈਣਾ ਹੀ ਜੀਵਨ ਦਾ ਸਹੀ ਰਸਤਾ ਹੈ।

'ਵਾਰ' ਦੀ ਬਣਤਰ

ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਇਸ 'ਵਾਰ' ਵਿਚ ੨੯ ਪਉੜੀਆਂ ਹਨ ਤੇ ੫੮ ਸ਼ਲੋਕ; ਹਰੇਕ ਪਉੜੀ ਦੇ ਨਾਲ ਦੋ ਦੋ ਸਲੋਕ। ਸਲੋਕਾਂ ਦਾ ਵੇਰਵਾ:

ਸਲੋਕ ਮ: ---- ੪੮
ਸਲੋਕ ਮ: -----
ਸਲੋਕ ਮ: -----
ਸਲੋਕ ਮ: -----
 . . . . . . . . . . ----
 . ਜੋੜ . . . . . . . . ੫੮

ਇਹ 'ਵਾਰ' ਗੁਰੂ ਰਾਮਦਾਸ ਜੀ ਦੀ ਹੈ, ਪਰ ੫੮ ਸਲੋਕਾਂ ਵਿਚੋਂ ਉਹਨਾਂ ਦੇ ਆਪਣੇ ਸਿਰਫ਼ ੭ ਹਨ। ਜੇ ਸਲੋਕਾਂ-ਸਮੇਤ 'ਵਾਰ' ਉਚਾਰੀ ਹੁੰਦੀ, ਤਾਂ ਸ਼ਲੋਕ ਤਕਰੀਬਨ ਸਾਰੇ ਹੀ ਗੁਰੂ ਅਮਰਦਾਸ ਜੀ ਦੇ ਹੋਣ ਕਰ ਕੇ, ਇਸ ਦਾ ਸਿਰ-ਲੇਖ "ਸੋਰਠਿ ਕੀ ਵਾਰ ਮਹਲੇ ੪ ਕੀ" ਫਬ ਨਾਹ ਸਕਦਾ, ਕਿਉਂਕਿ ਗੁਰੂ ਰਾਮਦਾਸ ਜੀ ਦੀਆਂ ੨੯ ਪਉੜੀਆਂ ਦੇ ਟਾਕਰੇ ਤੇ ਗੁਰੂ ਅਮਰਦਾਸ ਜੀ ਦੇ ੪੮ ਸਲੋਕ ਆ ਗਏ ਹਨ, ਦੋਹਾਂ ਗੁਰ-ਵਿਅਕਤੀਆਂ ਦੀ ਬਾਣੀ ਵਿਚੋਂ ਗਿਣਤੀ ਦੇ ਲਿਹਾਜ਼ ਨਾਲ ਸਗੋਂ ਗੁਰੂ ਅਮਰਦਾਸ ਜੀ ਦੀ ਬਾਣੀ ਵਧੀਕ ਹੋ ਗਈ। ਸੋ, ਅਸਲੀਅਤ ਇਹ ਹੈ ਕਿ ਸਿਰਫ਼ ਪਉੜੀਆਂ ਦੇ ਹੀ ਸੰਗ੍ਰਹਿ ਦਾ ਨਾਮ 'ਵਾਰ' ਹੈ।

ਰਾਗੁ ਸੋਰਠਿ ਵਾਰ ਮਹਲੇ ੪ ਕੀ    ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੧ ॥ ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥ ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥ ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥ ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥ ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥ {ਪੰਨਾ 642}

ਪਦਅਰਥ: ਮਨਿਮਨ ਵਿਚ। ਦੰਦੀ ਮੈਲੁਦੰਦਾਂ ਵਿਚ ਮੈਲ, ਦੰਦਕਥਾ, ਨਿੰਦਿਆ। ਕਤੁਚੀਰ, ਵਿੱਥ, ਵੈਰਵਿਰੋਧ। ਸਸੁਰੈਸਹੁਰੇ ਘਰ, ਪਰਲੋਕ ਵਿਚ। ਪੇਈਐਪੇਕੇ ਘਰ, ਇਸ ਲੋਕ ਵਿਚ। ਨਿਸੰਗਨਿਝੱਕ। ਪਰਹਰਿਛੱਡ ਕੇ। ਕਪੜੁਵਿਖਾਵਾ। ਪਿਰ ਮਿਲੈਪਤੀ ਨੂੰ ਮਿਲੇ। ਪਿਰੁ ਰਾਵੈਪਤੀ ਮਾਣਦਾ ਹੈ। ਖੁਸੀ ਸੰਗਿ ਪ੍ਰਸੰਨਤਾ ਨਾਲ, ਤ੍ਰੁੱਠ ਕੇ। ਪਤੰਗੁਰਤਾ ਭਰ ਭੀ। ਸਸੂਮਾਇਆ। ਦੇਵਰ ਜੇਠ—(ਸੱਸ) ਮਾਇਆ ਦੇ ਪੁਤ੍ਰ, ਕਾਮਾਦਿਕ ਵਿਕਾਰ। ਪਿਰ ਭਾਵੈਪਤੀ ਨੂੰ ਚੰਗੀ ਲੱਗੇ। ਕਰਮ ਮਣੀਭਾਗਾਂ ਦੀ ਮਣੀ।

ਅਰਥ: ਸੋਰਠਿ ਰਾਗਣੀ ਸਦਾ ਸੋਹਣੀ ਲੱਗੇ ਜੇ (ਇਸ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਵਿਆਂ) ਸਦ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਵੱਸ ਪਏ, ਨਿੰਦਿਆ ਕਰਨ ਦੀ ਵਾਦੀ ਨਾਹ ਰਹੇ, ਮਨ ਵਿਚ ਕਿਸੇ ਨਾਲ ਵੈਰ-ਵਿਰੋਧ ਨਾਹ ਹੋਵੇ, ਤੇ ਜੀਭ ਉਤੇ ਉਹ ਸੱਚਾ ਮਾਲਕ ਹੋਵੇ। (ਇਸ ਤਰ੍ਹਾਂ ਜੀਵ-ਇਸਤ੍ਰੀ) ਲੋਕ ਪਰਲੋਕ ਵਿਚ (ਪਰਮਾਤਮਾ ਦੇ) ਡਰ ਵਿਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰ ਕੇ ਨਿਝੱਕ ਹੋ ਜਾਂਦੀ ਹੈ (ਭਾਵ, ਕੋਈ ਸਹਿਮ ਦੱਬਾ ਨਹੀਂ ਪਾਂਦਾ)ਵਿਖਾਵਾ ਛੱਡ ਕੇ ਜੇ ਪਤੀ-ਪ੍ਰਭੂ ਨੂੰ ਮਿਲ ਪਏ ਤਾਂ ਪਤੀ ਭੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਂਦਾ ਹੈ; ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦਾ ਨਾਮ ਟਿਕ ਜਾਏ ਉਹ (ਇਸ ਨਾਮ-ਸਿੰਗਾਰ ਨਾਲ) ਸਦਾ ਸਜੀ ਰਹਿੰਦੀ ਹੈ ਤੇ ਕਦੇ (ਵਿਕਾਰਾਂ ਦੀ ਉਸ ਨੂੰ) ਰਤਾ ਭਰ ਭੀ ਮੈਲ ਨਹੀਂ ਲੱਗਦੀ। ਉਸ ਜੀਵ-ਇਸਤ੍ਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ, ਮਾਇਆ ਦਾ ਭੀ ਕੋਈ ਦਬਾਅ ਉਸ ਉਤੇ ਨਹੀਂ ਰਹਿ ਜਾਂਦਾ। ਹੇ ਨਾਨਕ! (ਪ੍ਰਭੂ-ਪਤੀ ਨੂੰ ਮਨ ਵਿਚ ਵਸਾ ਕੇ) ਜੇ ਜੀਵ-ਇਸਤ੍ਰੀ ਪਤੀ-ਪ੍ਰਭੂ ਨੂੰ ਚੰਗੀ ਲੱਗੇ ਤਾਂ ਉਸ ਦੇ ਮੱਥੇ ਤੇ ਭਾਗਾਂ ਦਾ ਟਿੱਕਾ (ਸਮਝੋ) ਉਸ ਨੂੰ ਹਰ ਥਾਂ ਸੱਚਾ ਪ੍ਰਭੂ ਹੀ (ਦਿੱਸਦਾ ਹੈ)੧।

ਮਃ ੪ ॥ ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥ ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥ ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ {ਪੰਨਾ 642}

ਪਦਅਰਥ: ਤਾਮਿਤਦੋਂ। ਪ੍ਰੇਮਿਪ੍ਰੇਮ ਦੀ ਰਾਹੀਂ। ਕਸਾਈਖਿੱਚੀ ਹੋਈ। ਚੋਲਾਸਰੀਰ।

ਅਰਥ: ਸੋਰਠਿ ਰਾਗਣੀ ਤਦੋਂ ਸੋਹਣੀ ਹੈ, ਜੇ (ਇਸ ਦੀ ਰਾਹੀਂ ਜੀਵ-ਇਸਤ੍ਰੀ) ਹਰੀ ਦੇ ਨਾਮ ਦੀ ਖੋਜ ਕਰੇ, ਆਪਣੇ ਵੱਡੇ ਪਤੀ ਹਰੀ ਨੂੰ ਪ੍ਰਸੰਨ ਕਰੇ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਸਿਮਰਨ ਕਰੇ; ਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ (ਸਰੀਰ-ਰੂਪ) ਚੋਲੇ ਨੂੰ ਹਰੀ ਦੇ ਰੰਗ ਵਿਚ ਰੰਗੀ ਰੱਖੇ।

ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ {ਪੰਨਾ 642}

ਅਰਥ: ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਪਰਮਾਤਮਾ ਜਿਹਾ ਕੋਈ ਪੁਰਖ ਨਹੀਂ ਲੱਭਾ।

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥ {ਪੰਨਾ 642}

ਪਦਅਰਥ: ਅਨਤਕਿਸੇ ਹੋਰ ਪਾਸੇ। ਗੋਲ ਗੋਲੇਗੋਲਿਆਂ ਦਾ ਗੋਲਾ।

ਅਰਥ: ਗੁਰੂ ਸਤਿਗੁਰੂ ਨੇ ਹਰੀ ਦਾ ਨਾਮ (ਮੇਰੇ ਹਿਰਦੇ ਵਿਚ) ਦ੍ਰਿੜ੍ਹ ਕੀਤਾ ਹੈ, (ਇਸ ਕਰ ਕੇ ਹੁਣ) ਮੇਰਾ ਮਨ ਕਿਧਰੇ ਡੋਲਦਾ ਨਹੀਂ; ਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਿਗੁਰੂ ਦੇ ਦਾਸਾਂ ਦਾ ਦਾਸ ਹੈ।

ਪਉੜੀ ॥ ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥ ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥ ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥ ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥ ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥ {ਪੰਨਾ 642}

ਪਦਅਰਥ: ਸਬਦੁਹੁਕਮ, ਜੀਵਨਰੌ। ਹਉਮੈਂ। ਗੁਰਮੁਖਿਗੁਰੂ ਦੀ ਰਾਹੀਂ।

ਅਰਥ: ਹੇ ਸਿਰਜਣਹਾਰ! ਤੂੰ ਆਪ ਹੀ ਸੰਸਾਰ ਦੇ ਰਚਣ ਵਾਲਾ ਹੈਂ; (ਸੰਸਾਰ-ਰੂਪ) ਖੇਡ ਬਣਾ ਕੇ ਤੂੰ ਆਪ ਹੀ ਇਸ ਨੂੰ ਸੋਹਣਾ ਬਣਾਇਆ ਹੈ; ਸੰਸਾਰ ਰਚਣ ਵਾਲਾ ਤੂੰ ਆਪ ਹੈਂ। ਇਸ ਨੂੰ ਦਾਤਾਂ ਬਖ਼ਸ਼ਣ ਵਾਲਾ ਭੀ ਤੂੰ ਆਪ ਹੀ ਹੈਂ, ਉਹਨਾਂ ਦਾਤਾਂ ਨੂੰ ਭੋਗਣ ਵਾਲਾ ਭੀ ਤੂੰ ਹੀ ਹੈਂ; ਹੇ ਪੈਦਾ ਕਰਨ ਵਾਲੇ! ਸਭ ਥਾਈਂ ਤੇਰੀ ਜੀਵਨ-ਰੌ ਵਰਤ ਰਹੀ ਹੈ। (ਪਰ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਦੇ ਸਨਮੁਖ ਹੋ ਕੇ ਤੇਰੀ ਸਿਫ਼ਤਿ-ਸਾਲਾਹ ਸਦਾ ਕਰ ਸਕਦਾ ਹਾਂ।੧।

TOP OF PAGE

Sri Guru Granth Darpan, by Professor Sahib Singh