ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 641

ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥ ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥ ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥ ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥੩॥ ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥ ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥ ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੁ ॥ ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥੪॥ {ਪੰਨਾ 641}

ਪਦਅਰਥ: ਤਿਨਿਉਸ (ਮਿੱਠੇ) ਨੇ। ਤਨਿਸਰੀਰ ਵਿਚ। ਕਉੜਾਦੁਖਦਾਈ। ਪਤਿਸਟਿਆਟਿਕ ਗਿਆ {प्रस्था = to stand firmly}ਤਿਸ ਤੇ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਤੇ' ਕਾਰਨ ਉੱਡ ਗਿਆ ਹੈ}ਸੋਗੁਗ਼ਮ, ਚਿੰਤਾ। ਭੋਗਦੁਨੀਆ ਦੇ ਸੁਆਦਲੇ ਪਦਾਰਥ। ਭੁੰਚਾਇਖਵਾ ਕੇ। ਭੁਲਾਇਅਨੁਉਸ (ਪ੍ਰਭੂ) ਨੇ ਕੁਰਾਹੇ ਪਾ ਦਿੱਤਾ। ਵਿਜੋਗੁਵਿਛੋੜਾ। ਗੁਰ ਮੇਲਿਗੁਰੂ ਨੂੰ ਮਿਲਾ ਕੇ। ਉਧਾਰਿਆਵਿਕਾਰਾਂ ਤੋਂ ਬਚਾ ਲਿਆ। ਤਿਨ ਸੰਜੋਗੁਉਹਨਾਂ ਦਾ (ਪ੍ਰਭੂ ਨਾਲ) ਮਿਲਾਪ। ਧੁਰੇਧੁਰ ਤੋਂ ਹੀ, ਪ੍ਰਭੂ ਦੀ ਹਜ਼ੂਰੀ ਵਿਚੋਂ ਹੀ। ਪਇਆਲਿਖਿਆ ਪਿਆ ਸੀ।੩।

ਲਾਲਚਿਲਾਲਚ ਵਿਚ। ਅਟਿਆਲਿਬੜਿਆ। ਚਿਤਿਚਿੱਤ ਵਿਚ। ਮੂਲਿਬਿਲਕੁਲ ਹੀ। ਪਾਰਬ੍ਰਹਮਹੇ ਪਰਮਾਤਮਾ! ਸੇ ਤਨ—{ਬਹੁ-ਵਚਨ} ਉਹ ਸਰੀਰ। ਧੂੜਿਮਿੱਟੀ, ਖ਼ਾਕ। ਬਿਲਲਾਟਵਿਰਲਾਪ। ਕਰਹਿਕਰਦੇ ਹਨ। ਸੂਲੁਪੀੜ। ਤਿਨ ਕਾ ਮੂਲੁਉਹਨਾਂ ਦਾ ਆਤਮਕ ਜੀਵਨ ਦਾ ਸਰਮਾਇਆ। ਰਹਿਆਬਚਿਆ ਰਹਿੰਦਾ ਹੈ।੪।

ਅਰਥ: ਹੇ ਭਾਈ! ਮਨੁੱਖ ਨੇ (ਸਾਰੀ ਉਮਰ ਦੁਨੀਆ ਦੇ ਪਦਾਰਥਾਂ ਨੂੰ) ਮਿੱਠੇ ਮੰਨ ਕੇ ਖਾਧਾ, ਉਸ ਮਿੱਠੇ ਨੇ (ਉਸ ਦੇ) ਸਰੀਰ ਵਿਚ ਰੋਗ ਪੈਦਾ ਕਰ ਦਿੱਤਾ। ਉਹ ਰੋਗ ਦੁਖਦਾਈ ਹੋ ਕੇ ਸਰੀਰ ਵਿਚ ਪੱਕਾ ਟਿਕ ਜਾਂਦਾ ਹੈ ਉਸ (ਰੋਗ) ਤੋਂ ਚਿੰਤਾ-ਗ਼ਮ ਪੈਦਾ ਹੁੰਦੀ ਹੈ। ਦੁਨੀਆ ਦੇ ਪਦਾਰਥ ਖਵਾ ਖਵਾ ਕੇ ਉਸ ਪਰਮਾਤਮਾ ਨੇ (ਆਪ ਹੀ ਜੀਵ ਨੂੰ) ਕੁਰਾਹੇ ਪਾ ਰੱਖਿਆ ਹੈ। (ਪਰਮਾਤਮਾ ਨਾਲੋਂ ਜੀਵ ਦਾ) ਵਿਛੋੜ ਮੁੱਕਣ ਵਿਚ ਨਹੀਂ ਆਉਂਦਾ। ਜਿਨ੍ਹਾਂ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਪ੍ਰਭੂ ਨੇ (ਪਦਾਰਥਾਂ ਦੇ ਭੋਗਾਂ ਤੋਂ) ਬਚਾ ਲਿਆ, ਧੁਰੋਂ ਲਿਖੇ ਅਨੁਸਾਰ ਉਹਨਾਂ ਦਾ (ਪਰਮਾਤਮਾ ਨਾਲ) ਮਿਲਾਪ ਹੋ ਗਿਆ।੩।

ਹੇ ਪਿਆਰੇ ਪ੍ਰਭੂ! ਜੇਹੜੇ ਮਨੁੱਖ (ਸਦਾ) ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਚਿੱਤ ਵਿਚ ਤੂੰ ਉੱਕਾ ਹੀ ਨਹੀਂ ਵੱਸਦਾ। ਹੇ ਮਾਲਕ ਪ੍ਰਭੂ! ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਜਾਂਦੀ ਹੈ ਉਹ ਸਰੀਰ (ਆਤਮਕ ਜੀਵਨ ਦੀ ਪੂੰਜੀ ਬਣਾਣ ਤੋਂ ਬਿਨਾ ਹੀ) ਮਿੱਟੀ ਹੋ ਜਾਂਦੇ ਹਨ। (ਮਾਇਆ ਦੇ ਮੋਹ ਕਾਰਨ ਦੁੱਖੀ ਹੋ ਹੋ ਕੇ) ਉਹ ਬਥੇਰੇ ਵਿਲਕਦੇ ਹਨ, ਪਰ ਉਹਨਾਂ ਦੇ ਅੰਦਰ ਦਾ ਉਹ ਦੁੱਖ ਦੂਰ ਨਹੀਂ ਹੁੰਦਾ।

ਹੇ ਭਾਈ! ਗੁਰੂ ਨਾਲ ਮਿਲਾ ਕੇ ਜਿਨ੍ਹਾਂ ਦਾ ਜੀਵਨ ਪਰਮਾਤਮਾ ਸੋਹਣਾ ਬਣਾ ਦੇਂਦਾ ਹੈ, ਉਹਨਾਂ ਦਾ ਆਤਮਕ ਜੀਵਨ ਦਾ ਸਰਮਾਇਆ ਬਚਿਆ ਰਹਿੰਦਾ ਹੈ।੪।

ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥ ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸਮੁਹਿ ਕਾਲੈ ਉਠਿ ਜਾਇ ॥ ਮਨਮੁਖਿ ਢੋਈ ਨਹ ਮਿਲੈ ਪਿਆਰੇ ਦਰਗਹ ਮਿਲੈ ਸਜਾਇ ॥ ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨਾ ਪੂਰੀ ਪਾਇ ॥੫॥ ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥ ਹੋਦੀ ਵਸਤੁ ਨ ਜਾਤੀਆ ਪਿਆਰੇ ਕੂੜੁ ਨ ਚਲੀ ਨਾਲਿ ॥ ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ ਸਾਚਾ ਨਾਮੁ ਸਮਾਲਿ ॥੬॥ {ਪੰਨਾ 641}

ਪਦਅਰਥ: ਸਾਕਤ ਸੰਗੁਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ। ਕੀਜਈਕਰਨਾ ਚਾਹੀਦਾ। ਜੇ ਕਾਜਿਤਨਾ ਕੁ। ਪਾਰਿ ਵਸਾਇਵੱਸ ਚੱਲ ਸਕੇ। ਜਿਸੁ ਮਿਲਿਐਜਿਸ (ਸਾਕਤ) ਨੂੰ ਮਿਲਿਆਂ। ਸ—{ਅਸਲ ਲਫ਼ਜ਼ 'ਸੋ' ਹੈ, ਇਥੇ 'ਸੁ' ਪੜ੍ਹਨਾ ਹੈ}ਮੁਹਿ ਕਾਲੈਕਾਲੇ ਮੂੰਹ ਨਾਲ, ਬਦਨਾਮੀ ਖੱਟ ਕੇ। ਉਠਿਉੱਠ ਕੇ। ਮਨਮੁਖਿਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਢੋਈਥਾਂ, ਆਸਰਾ। ਗੁਰ ਮੇਲਿਗੁਰੂ ਨੂੰ ਮਿਲਾ ਕੇ। ਪੂਰੀ ਪਾਇਸਫਲਤਾ ਪ੍ਰਾਪਤ ਹੁੰਦੀ ਹੈ।੫।

ਸੰਜਮਜੁਗਤਿ। ਸਹਸਹਜ਼ਾਰਾਂ। ਨਾਲਿ ਨ ਚਲੀਮਦਦ ਨਹੀਂ ਕਰਦੀ। ਤੇਤੋਂ। ਕੁਲਿਕੁਲ ਵਿਚ, ਖ਼ਾਨਦਾਨ ਵਿਚ। ਗਾਲਿਕਲੰਕ। ਕੂੜੁਝੂਠ। ਮਿਲਾਇਓਨੁਉਸ (ਪਰਮਾਤਮਾ) ਨੇ ਮਿਲਾ ਦਿੱਤਾ। ਸਾਚਾਸਦਾ-ਥਿਰ। ਸਮਾਲਿਸਮਾਲਹਿ, ਸੰਭਾਲਦੇ ਹਨ, ਹਿਰਦੇ ਵਿਚ ਵਸਾਂਦੇ ਹਨ।੬।

ਅਰਥ: ਹੇ ਭਾਈ! ਜਿਥੋਂ ਤਕ ਵੱਸ ਲੱਗੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਮਨੁੱਖ ਨੂੰ ਮਿਲਿਆਂ ਪਰਮਾਤਮਾ ਵਿਸਰ ਜਾਂਦਾ ਹੈ। (ਜੇਹੜਾ ਮਨੁੱਖ ਸਾਕਤ ਦਾ ਸੰਗ ਕਰਦਾ ਹੈ) ਉਹ ਬਦਨਾਮੀ ਖੱਟ ਕੇ ਹੀ ਦੁਨੀਆ ਤੋਂ ਚਲਾ ਜਾਂਦਾ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਵਿਚ ਥਾਂ ਨਹੀਂ ਮਿਲਦੀ, (ਉਸ ਨੂੰ ਸਗੋਂ ਉਥੇ) ਸਜ਼ਾ ਮਿਲਦੀ ਹੈ। ਪਰ, ਹੇ ਭਾਈ! ਗੁਰੂ ਦੇ ਨਾਲ ਮਿਲਾ ਕੇ ਜਿਨ੍ਹਾਂ ਮਨੁੱਖਾਂ ਦਾ ਜੀਵਨ ਪਰਮਾਤਮਾ ਨੇ ਸੋਹਣਾ ਬਣਾ ਦਿੱਤਾ ਹੈ, ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ।੫।

ਹੇ ਭਾਈ! (ਵਰਤ ਨੇਮ ਆਦਿਕ) ਹਜ਼ਾਰਾਂ ਸੰਜਮ ਤੇ ਹਜ਼ਾਰਾਂ ਸਿਆਣਪਾਂ (ਜੇ ਮਨੁੱਖ ਕਰਦਾ ਰਹੇ, ਤਾਂ ਇਹਨਾਂ ਵਿਚੋਂ) ਇੱਕ ਭੀ (ਪਰਲੋਕ ਵਿਚ) ਮਦਦ ਨਹੀਂ ਕਰਦੀ। ਜੇਹੜੇ ਮਨੁੱਖ ਪਰਮਾਤਮਾ ਵਲੋਂ ਆਪਣਾ ਮੂੰਹ ਭਵਾਈ ਰੱਖਦੇ ਹਨ, ਉਹਨਾਂ ਦੇ (ਤਾਂ) ਖ਼ਾਨਦਾਨ ਵਿਚ (ਭੀ) ਕਲੰਕ ਦਾ ਟਿੱਕਾ ਲੱਗ ਜਾਂਦਾ ਹੈ। (ਸਾਕਤ ਮਨੁੱਖ ਹਿਰਦੇ ਵਿਚ) ਵੱਸਦੇ (ਕੀਮਤੀ ਹਰਿ-ਨਾਮ) ਪਦਾਰਥ ਨਾਲ ਸਾਂਝ ਨਹੀਂ ਪਾਂਦਾ (ਦੁਨੀਆ ਦੇ ਨਾਸਵੰਤ ਪਦਾਰਥਾਂ ਨਾਲ ਹੀ ਮੋਹ ਪਾਈ ਰੱਖਦਾ ਹੈ, ਪਰ ਕੋਈ ਭੀ) ਨਾਸਵੰਤ ਪਦਾਰਥ (ਪਰਲੋਕ ਵਿਚ) ਨਾਲ ਨਹੀਂ ਜਾਂਦਾ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਉਸ ਪਰਮਾਤਮਾ ਨੇ ਗੁਰੂ ਮਿਲਾ ਦਿੱਤਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਆਪਣੇ ਹਿਰਦੇ ਵਿਚ) ਵਸਾਈ ਰੱਖਦੇ ਹਨ।੬।

ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ ॥ ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ ਅੰਮ੍ਰਿਤਿ ਪੂਰ ਭਰੇ ॥ ਦੁਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ ॥ ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ ਸੇਈ ਸਦਾ ਖਰੇ ॥੭॥ ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ ਭਗਤਾ ਤਿਸ ਕਾ ਤਾਣੁ ॥ ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥ ਹਲਤੁ ਪਲਤੁ ਸਵਾਰਿਆ ਪਿਆਰੇ ਮਸਤਕਿ ਸਚੁ ਨੀਸਾਣੁ ॥ ਸੋ ਪ੍ਰਭੁ ਕਦੇ ਨ ਵੀਸਰੈ ਪਿਆਰੇ ਨਾਨਕ ਸਦ ਕੁਰਬਾਣੁ ॥੮॥੨॥ {ਪੰਨਾ 641}

ਪਦਅਰਥ: ਸਤੁਦਾਨ, ਸੇਵਾ। ਗਿਆਨੁਆਤਮਕ ਜੀਵਨ ਦੀ ਸੂਝ। ਧਿਆਨੁਪ੍ਰਭੂਚਰਨਾਂ ਵਿਚ ਸੁਰਤਿ ਦਾ ਜੁੜੇ ਰਹਿਣਾ। ਜਿਸ ਨੋਜਿਸ ਉਤੇ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਅਨਦਿਨੁਹਰ ਰੋਜ਼, ਹਰ ਵੇਲੇ। ਰਵੈਚੇਤੇ ਕਰਦਾ ਹੈ। ਅੰਮ੍ਰਿਤਿਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮਜਲ ਨਾਲ ਨਾਲ। ਪੂਰ ਭਰੇਭਰਪੂਰ। ਸਾਗਰੁਸਮੁੰਦਰ। ਭਵਜਲੁਸੰਸਾਰਸਮੁੰਦਰ। ਪਰੇਪਹੁੰਚ ਗਏ। ਜਿਸੁ ਭਾਵੈਜੋ ਤੈਨੂੰ ਚੰਗਾ ਲੱਗਦਾ ਹੈ। ਮੇਲਿ ਲੈਹਿਤੂੰ ਮੇਲ ਲੈਂਦਾ ਹੈਂ। ਖਰੇਚੰਗੇ, ਚੰਗੇ ਜੀਵਨ ਵਾਲੇ।੭।

ਸੰਮ੍ਰਥਸਾਰੀਆਂ ਤਾਕਤਾਂ ਦਾ ਮਾਲਕ। ਪੁਰਖੁਸਰਬਵਿਆਪਕ। ਦੇਉਪ੍ਰਕਾਸ਼ਰੂਪ। ਤਿਸ ਕਾ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਤਾਣੁਆਸਰਾ। ਜਿਜੇਹੜਾ। ਅੰਤਰਜਾਮੀਦਿਲ ਦੀ ਜਾਣਨ ਵਾਲਾ। ਜਾਣੁਸੁਜਾਨ, ਸਿਆਣਾ। ਹਲਤੁਇਹ ਲੋਕ। ਪਲਤੁਪਰਲੋਕ। ਮਸਤਕਿਮੱਥੇ ਉਤੇ। ਸਚੁਸਦਾ-ਥਿਰ ਰਹਿਣ ਵਾਲਾ। ਨੀਸਾਨੁਨਿਸ਼ਾਨ, ਮੋਹਰ। ਸਦਸਦਾ।੮।

ਅਰਥ: ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਸੇਵਾ ਸੰਤੋਖ ਗਿਆਨ ਧਿਆਨ (ਆਦਿਕ ਗੁਣ ਪੈਦਾ ਹੋ ਜਾਂਦੇ ਹਨ)ਉਹ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ, (ਉਸ ਦਾ ਹਿਰਦਾ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨੱਕ ਭਰਿਆ ਰਹਿੰਦਾ ਹੈ। (ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ) ਉਹ ਮਨੁੱਖ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਸੰਸਾਰ-ਸਮੁੰਦਰ ਤੋਂ ਪਾਰ ਪਹੁੰਚ ਜਾਂਦੇ ਹਨ।

ਹੇ ਪਿਆਰੇ ਪ੍ਰਭੂ! ਜੇਹੜਾ ਜੇਹੜਾ ਮਨੁੱਖ ਤੈਨੂੰ ਚੰਗਾ ਲੱਗਦਾ ਹੈ, ਉਸ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ। ਉਹ ਬੰਦੇ ਸਦਾ ਲਈ ਚੰਗੇ ਜੀਵਨ ਵਾਲੇ ਹੋ ਜਾਂਦੇ ਹਨ।੭।

ਹੇ ਭਾਈ! ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬ-ਵਿਆਪਕ ਹੈ, ਦਇਆ ਦਾ ਘਰ ਹੈ, ਪ੍ਰਕਾਸ਼-ਰੂਪ ਹੈ। ਭਗਤਾਂ ਨੂੰ (ਸਦਾ) ਉਸ ਦਾ ਆਸਰਾ ਰਹਿੰਦਾ ਹੈ। ਹੇ ਭਾਈ! ਭਗਤ ਉਸ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜੇਹੜਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਤੇ, ਸਿਆਣਾ ਹੈ। ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਸਦਾ ਕਾਇਮ ਰਹਿਣ ਵਾਲੀ ਮੋਹਰ ਲਾ ਦੇਂਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਸੰਵਰ ਜਾਂਦਾ ਹੈ।

ਹੇ ਨਾਨਕ! ਆਖ-ਹੇ ਭਾਈ (ਮੇਰੀ ਤਾਂ ਸਦਾ ਇਹੀ ਤਾਂਘ ਹੈ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ। ਮੈਂ (ਉਸ ਤੋਂ) ਸਦਾ ਸਦਕੇ ਜਾਂਦਾ ਹਾਂ।੮।੨।

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}

ਪਦਅਰਥ: ਪੜਿਓਪੜ੍ਹਿਆ (ਕਈਆਂ ਨੇ)ਅਰੁਅਤੇ। ਨਿਵਲਿਖਲੋ ਕੇ, ਗੋਡਿਆਂ ਉਤੇ ਹੱਥ ਰੱਖ ਕੇ, ਸਾਹ ਬਾਹਰ ਵਲ ਖਿੱਚ ਕੇ, ਆਂਦਰਾਂ ਨੂੰ ਭਵਾਣਾਇਸ ਨਾਲ ਪੇਟ ਦੀਆਂ ਆਂਦਰਾਂ ਸਾਫ਼ ਰਹਿੰਦੀਆਂ ਹਨ, ਕਬਜ਼ ਨਹੀਂ ਰਹਿੰਦੀ। ਨਿਉਲੀ ਕਰਮ ਸਵੇਰੇ ਖ਼ਾਲੀਪੇਟ ਕਰੀਦਾ ਹੈ। ਭੁਅੰਗਮਭੁਇਅੰਗਮ, ਭੁਯੰਗਮ। ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ ਜਿਸ ਦੀ ਸ਼ਕਲ ਸਰਪਣੀ ਵਰਗੀ ਹੈ। ਇਸ ਦੇ ਰਾਹ ਸੁਆਸ ਚੜ੍ਹਾਂਦੇ ਹਨ। ਸਾਧੇਸਾਧਨ ਕੀਤੇ (ਕਈਆਂ ਨੇ)ਸਿਉਨਾਲ। ਸੰਗੁਸਾਥ। ਛੁਟਕਿਓਮੁੱਕ ਸਕਿਆ। ਅਧਿਕਬਹੁਤ ਵਧੀਕ। ਅਹੰਬੁਧਿਅਹੰਕਾਰਭਰੀ ਮਤਿ। ਬਾਧੇਬੱਝ ਗਏ।੧।

ਪਿਆਰੇਹੇ ਸੱਜਣ! ਇਨ ਬਿਧਿਇਹਨਾਂ ਤਰੀਕਿਆਂ ਨਾਲ। ਮੈਮੇਰੇ ਵੇਖਦਿਆਂ। ਹਾਰਿਹਾਰ ਕੇ, ਇਹਨਾਂ ਕਰਮਾਂ ਦਾ ਆਸਰਾ ਛੱਡ ਕੇ। ਪਰਿਓਪਿਆ ਹਾਂ। ਕੈ ਦੁਆਰੈਦੇ ਦਰ ਉਤੇ। ਬਿਬੇਕਾਪਰਖ।ਰਹਾਉ।

ਮੋਨਿ ਭਇਓਕੋਈ ਚੁੱਪ ਸਾਧੀ ਬੈਠਾ ਹੈ। ਕਰਪਾਤੀ—{ਕਰਹੱਥ। ਪਾਤ੍ਰਭਾਂਡਾ} ਹੱਥਾਂ ਨੂੰ ਹੀ ਭਾਂਡਾ ਬਣਾ ਰੱਖਣ ਵਾਲਾ। ਮਾਹੀਵਿਚ। ਤਟਦਰੀਆ ਦਾ ਕੰਢਾ। ਸਭਸਾਰੀ। ਭ੍ਰਮਿਓਭਟਕਦਾ ਫਿਰਿਆ। ਦੁਬਿਧਾਦੁਚਿੱਤਾਪਨ, ਮੇਰਤੇਰ, ਡਾਵਾਂ ਡੋਲ ਮਾਨਸਕ ਦਸ਼ਾ। ਛੁਟਕੈ ਨਾਹੀਮੁੱਕਦੀ ਨਹੀਂ।੨।

ਕਾਮਨਾਇੱਛਾ, ਫੁਰਨਾ। ਸਿਰਿਸਿਰ ਉਤੇ। ਕਰਵਤਆਰਾ, ਸ਼ਿਵ ਜੀ ਵਾਲਾ ਆਰਾ ਜੋ ਬਨਾਰਸ ਦੇ ਸ਼ਿਵਮੰਦਰ ਵਿਚ ਹੈ। ਸ਼ਿਵਲੋਕ ਵਿਚ ਪਹੁੰਚਣ ਦੀ ਤਾਂਘ ਵਾਲੇ ਕਈ ਭੁੱਲੜ ਮਨੁੱਖ ਆਪਣੇ ਆਪ ਨੂੰ ਇਸ ਆਰੇ ਨਾਲ ਚਿਰਾ ਲੈਂਦੇ ਸਨ। ਇਹ ਬਿਧਿਇਸ ਤਰੀਕੇ ਨਾਲ।੩।

ਕਨਿਕਸੋਨਾ। ਕਾਮਿਨੀਇਸਤ੍ਰੀ। ਹੈਵਰ—{हयवर} ਵਧੀਆ ਘੋੜੇ। ਗੈਵਰ—{गजवर} ਵਧੀਆ ਹਾਥੀ। ਦਾਤਾਰਾਦੇਣ ਵਾਲਾ। ਅਰਪੇਦਾਨ ਕਰਦਾ ਹੈ। ਹਰਿ ਦੁਆਰਾਹਰੀ ਦੇ ਦਰ ਤੇ।੪।

ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।

ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।

ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।

ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ)ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।

ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।

TOP OF PAGE

Sri Guru Granth Darpan, by Professor Sahib Singh