ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 637

ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥ ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥੧॥ ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥ ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥ ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥ ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ ਰੂੜੌ ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲੁ ॥ ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥੩॥ ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ ॥ ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥੪॥ ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥ ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੫॥ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥ ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥ ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੭॥ ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥ ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥੮॥ ਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥ ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥੯॥ ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥ ਖਿਨੁ ਪਲੁ ਨਾਮੁ ਰਿਦੈ ਵਸੈ ਭਾਈ ਨਾਨਕ ਮਿਲਣੁ ਸੁਭਾਇ ॥੧੦॥੪॥ {ਪੰਨਾ 636-637}

ਪਦਅਰਥ: ਗੁਣਦਾਤੌ—(ਜੀਵਾਂ ਨੂੰ) ਗੁਣਾਂ ਦੀ ਦਾਤਿ ਦੇਣ ਵਾਲਾ। ਨਿਰਗੁਣੇਗੁਣ-ਹੀਨ। ਤੇਤੋਂ। ਸੋਇ ਗੁਣੁਉਹ (ਨਿਰਮਲਤਾ ਦਾ) ਗੁਣ।੧।

ਵੇਖੁਸੰਭਾਲ ਕਰ (ਮੇਰੀ)ਹਉਮੈਂ। ਭਾਈਹੇ ਪ੍ਰਭੂ! ਨਾਮ ਵਿਸੇਖੁਨਾਮ ਦੀ ਵਿਸ਼ੇਸ਼ਤਾ, ਨਾਮ ਦੀ ਮਹੱਤਤਾ।੧।ਰਹਾਉ।

ਬਿਖੁਜ਼ਹਰ, ਆਤਮਕ ਮੌਤ ਦਾ ਮੂਲ। ਪਤਿਇੱਜ਼ਤ। ਖੋਇਗਵਾ ਲੈਂਦਾ ਹੈ। ਸਚਿਸਦਾ-ਥਿਰ ਪ੍ਰਭੂ ਵਿਚ। ਸਮੋਇ—(ਮਨ ਵਿਚ) ਟਿਕੇ।੨।

ਰੂੜੌਸੁੰਦਰ, ਸੋਹਣਾ। ਆਖੀਐਸਿਮਰਨਾ ਚਾਹੀਦਾ ਹੈ। ਬੈਰਾਗੀਐਪਿਆਰ ਕਰੇ। ਦਰਿਮਨ ਦੇ ਅੰਦਰ। ਘਰਿਹਿਰਦੇ ਵਿਚ। ਅਭੂਲੁਅਭੁੱਲ ਪ੍ਰਭੂ (ਦਿੱਸ ਪੈਂਦਾ ਹੈ)੩।

ਆਕਾਸਿਆਕਾਸ਼ ਵਿਚ। ਘਰਿ ਘਰਿਹਰੇਕ ਹਿਰਦੇ ਵਿਚ। ਗੁਣ ਗਿਆਨੁਗੁਣਾਂ ਦੀ ਜਾਣ-ਪਛਾਣ। ਮਨਹੁਮਨ ਤੋਂ।੪।

ਜਲਿਜਲ ਨਾਲ। ਮਲਿਮਲ ਕੇ। ਕਾਇਆਸਰੀਰ। ਗਿਆਨਿਗਿਆਨ ਵਿਚ।੫।

ਮਾਗਉਮੈਂ ਮੰਗਾਂ। ਦੇਹਿ—(ਦੇਵੀ ਦੇਵਤੇ) ਦੇ ਸਕਦੇ ਹਨ। ਪਾਹਣੁਪੱਥਰ। ਨੀਰਿਪਾਣੀ ਵਿਚ। ਪਖਾਲੀਐਧੋਈਏ। ਬੂਡਹਿਡੁੱਬਦੇ ਹਨ। ਤੇਹਿਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ)੬।

ਅਲਖੁਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਬੂਡੈਡੁੱਬਦਾ ਹੈ।੭।

ਬਈਅਰਿਇਸਤ੍ਰੀ {ਬਾਂਗਰ ਦੀ ਬੋਲੀ}, ਜੀਵਇਸਤ੍ਰ। ਪਿਰ ਭਾਇਪਤੀ ਦੇ ਪ੍ਰੇਮ ਵਿਚ। ਬਿਰਹੈਤੀਬਰ ਵਿਛੋੜੇ ਨਾਲ। ਸਚਿਸਦਾ-ਥਿਰ ਪ੍ਰਭੂ ਵਿਚ। ਨਾਇਨਾਮ ਵਿਚ।੮।

ਸਭੁ ਕੋਹਰੇਕ ਜੀਵ। ਤੇਤੋਂ। ਬੀਧੇਵਿੱਝ ਗਏ।੯।

ਈਧਨੁਬਾਲਣ। ਅਧਿਕਬਹੁਤ। ਸਕੇਲੀਐਇਕੱਠਾ ਕਰੀਏ। ਪਾਵਕੁਅੱਗ। ਮਿਲਣੁਮਿਲਾਪ। ਸੁਭਾਇਸਹਿਜੇ ਹੀ।੧੦।

ਅਰਥ: ਹੇ ਮੇਰੇ ਪ੍ਰੀਤਮ ਪ੍ਰਭੂ! ਤੂੰ ਮੇਰਾ ਕਰਤਾਰ ਹੈਂ, ਮੈਨੂੰ ਪੈਦਾ ਕਰ ਕੇ (ਹੁਣ ਤੂੰ ਹੀ) ਮੇਰੀ ਸੰਭਾਲ ਕਰ (ਤੇ ਮੈਨੂੰ ਵਿਕਾਰਾਂ ਤੋਂ ਬਚਾ)ਮੈਂ ਪਾਪੀ ਹਾਂ, ਪਖੰਡੀ ਹਾਂ। ਹੇ ਪਿਆਰੇ! ਮੇਰੇ ਮਨ ਵਿਚ ਮੇਰੇ ਤਨ ਵਿਚ ਆਪਣੇ ਨਾਮ ਦੀ ਮਹੱਤਤਾ (ਪੈਦਾ ਕਰ)੧।ਰਹਾਉ।

ਹੇ ਪ੍ਰਭੂ! ਤੂੰ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਣ ਵਾਲਾ ਹੈਂ, ਤੂੰ ਪਵਿਤ੍ਰ-ਸਰੂਪ ਹੈਂ। (ਪਰ ਵਿਕਾਰਾਂ ਦੇ ਕਾਰਨ) ਸਾਡਾ ਜੀਵਾਂ ਦਾ ਮਨ ਪਵਿਤ੍ਰ ਨਹੀਂ ਹੈ। ਅਸੀ ਪਾਪੀ ਹਾਂ, ਗੁਣ-ਹੀਣ ਹਾਂ। ਹੇ ਪ੍ਰਭੂ! (ਪਵਿਤ੍ਰਤਾ ਦਾ) ਉਹ ਗੁਣ ਤੇਰੇ ਪਾਸੋਂ ਹੀ ਮਿਲ ਸਕਦਾ ਹੈ।੧।

ਹੇ ਪ੍ਰਭੂ! (ਜੀਵ ਦਾ) ਚਿੱਤ ਆਤਮਕ ਮੌਤ ਲਿਆਉਣ ਵਾਲੀ ਮਾਇਆ ਵਿਚ ਮੋਹਿਆ ਰਹਿੰਦਾ ਹੈ (ਮਾਇਆ ਰੁਚੀ ਵਾਲੀ) ਸਿਆਣਪ ਨਾਲ ਆਪਣੀ ਇੱਜ਼ਤ ਗਵਾ ਲੈਂਦਾ ਹੈ। ਪਰ ਜੇ ਗੁਰੂ ਦਾ (ਦਿੱਤਾ) ਗਿਆਨ ਜੀਵ (ਦੇ ਮਨ ਵਿਚ) ਟਿਕ ਜਾਏ ਤਾਂ ਇਸ ਦੇ ਚਿੱਤ ਵਿਚ ਠਾਕੁਰ ਵੱਸ ਪੈਂਦਾ ਹੈ, ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ।੨।

ਹੇ ਭਾਈ! ਪਰਮਾਤਮਾ ਸੁੰਦਰ-ਸਰੂਪ ਹੈ, ਉਸ ਨੂੰ (ਮਾਨੋ ਪਿਆਰ ਦਾ) ਗੂੜ੍ਹਾ ਲਾਲ ਰੰਗ ਚੜ੍ਹਿਆ ਰਹਿੰਦਾ ਹੈ, ਉਸ ਸੁੰਦਰ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ। ਜੇ ਜੀਵ ਦਾ ਮਨ ਉਸ ਪਰਮਾਤਮਾ ਨਾਲ ਪ੍ਰੇਮ ਕਰੇ, ਤਾਂ, ਹੇ ਭਾਈ! ਉਸ ਦੇ ਅੰਦਰ ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਤੇ ਅਭੁੱਲ ਪ੍ਰਭੂ (ਪਰਗਟ ਹੋ ਜਾਂਦਾ ਹੈ)੩।

ਹੇ ਪ੍ਰਭੂ! ਪਾਤਾਲਾਂ ਵਿਚ ਆਕਾਸ਼ ਵਿਚ ਹਰ ਥਾਂ (ਤੇ) ਹਰੇਕ ਦੇ ਹਿਰਦੇ ਵਿਚ ਤੂੰ ਮੌਜੂਦ ਹੈਂ, ਆਪਣੇ ਗੁਣਾਂ ਦੀ ਜਾਣ-ਪਛਾਣ (ਗੁਰੂ ਦੀ ਰਾਹੀਂ) ਤੂੰ (ਜੀਵਾਂ ਨੂੰ) ਆਪ ਹੀ ਦੇਂਦਾ ਹੈਂ। ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ (ਪ੍ਰਭੂ ਦੇ ਗੁਣਾਂ ਦੀ ਬਰਕਤਿ ਨਾਲ) ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਂਦਾ ਹੈ।੪।

ਹੇ ਭਾਈ! ਜੇ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ ਤਾਂ ਭੀ ਸਰੀਰ ਮੈਲਾ ਹੀ ਰਹਿੰਦਾ ਹੈ। ਪਰ ਜੇ ਪਰਮਾਤਮਾ ਦੇ ਗਿਆਨ (-ਰੂਪ ਜਲ ਵਿਚ) ਪਰਮਾਤਮਾ ਦੇ ਨਾਮ (-ਅੰਮ੍ਰਿਤ) ਵਿਚ ਇਸ਼ਨਾਨ ਕਰੀਏ, ਤਾਂ ਮਨ ਭੀ ਪਵਿਤ੍ਰ ਤੇ ਸਰੀਰ ਭੀ ਪਵਿਤ੍ਰ ਹੋ ਜਾਂਦਾ ਹੈ।੫।

ਹੇ ਭਾਈ! ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁਝ ਭੀ ਨਹੀਂ ਦੇ ਸਕਦੇ, ਮੈਂ ਇਹਨਾਂ ਪਾਸੋਂ ਕੁਝ ਭੀ ਨਹੀਂ ਮੰਗਦਾ। ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ?੬।

ਪਰਮਾਤਮਾ ਦੀ ਹਸਤੀ ਬਿਆਨ ਤੋਂ ਪਰੇ ਹੈ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਗੁਰੂ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਡੁੱਬਦਾ ਹੈ ਤੇ ਆਪਣੀ ਇੱਜ਼ਤ ਗਵਾਂਦਾ ਹੈ। (ਪਰ ਜੀਵਾਂ ਦੇ ਕੀਹ ਵੱਸ?) ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ। ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਦੇਂਦਾ ਹੈ।੭।

ਜੇਹੜੀ ਜੀਵ-ਇਸਤ੍ਰੀ, ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮਿੱਠੇ ਬੋਲ ਬੋਲਦੀ ਹੈ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਪਤੀ-ਪ੍ਰਭੂ ਦੇ ਪ੍ਰੇਮ ਵਿਚ (ਮਗਨ ਰਹਿੰਦੀ ਹੈ), ਉਹ ਪ੍ਰਭੂ-ਪ੍ਰੇਮ ਵਿਚ ਵਿੱਝੀ ਹੋਈ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਜੁੜੀ ਰਹਿੰਦੀ ਹੈ।੮।

ਹੇ ਭਾਈ! ਹਰੇਕ ਜੀਵ ਮਾਇਆ ਦੀ ਅਪਣੱਤ ਦੀਆਂ ਗੱਲਾਂ ਹੀ ਕਰਦਾ ਹੈ, ਪਰ ਜੇਹੜਾ ਮਨੁੱਖ ਗੁਰੂ ਪਾਸੋਂ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਉਹ ਸਿਆਣਾ ਹੋ ਜਾਂਦਾ ਹੈ (ਉਹ ਮਾਇਆ-ਮੋਹ ਦੇ ਥਾਂ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ)ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ ਵਿਚ ਵਿੱਝਦੇ ਹਨ ਉਹ (ਮਾਇਆ ਦੇ ਮੋਹ ਵਿਚ ਡੁੱਬਣ ਤੋਂ, ਵਿਕਾਰਾਂ ਵਿਚ ਫਸਣ ਤੋਂ) ਬਚ ਜਾਂਦੇ ਹਨ। ਗੁਰੂ ਦਾ ਸ਼ਬਦ ਉਹਨਾਂ ਪਾਸ ਸਦਾ ਟਿਕਿਆ ਰਹਿਣ ਵਾਲਾ ਪਰਵਾਨਾ ਹੈ।੯।

ਹੇ ਭਾਈ! ਜੇ ਬਹੁਤ ਸਾਰਾ ਬਾਲਣ ਇਕੱਠਾ ਕਰ ਲਈਏ, ਤੇ ਉਸ ਵਿਚ ਰਤਾ ਕੁ ਅੱਗ ਪਾ ਦੇਈਏ (ਤਾਂ ਉਹ ਸਾਰਾ ਬਾਲਣ ਸੜ ਕੇ ਸੁਆਹ ਹੋ ਜਾਂਦਾ ਹੈ)ਇਸੇ ਤਰ੍ਹਾਂ, ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਘੜੀ ਪਲ ਵਾਸਤੇ ਭੀ ਮਨੁੱਖ ਦੇ ਮਨ ਵਿਚ ਵੱਸ ਪਏ (ਤਾਂ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਤੇ) ਸਹਿਜੇ ਹੀ ਉਸ ਦਾ ਮਿਲਾਪ (ਪਰਮਾਤਮਾ ਦੇ ਚਰਨਾਂ ਵਿਚ) ਹੋ ਜਾਂਦਾ ਹੈ।੧੦।੪।

ਸੋਰਠਿ ਮਹਲਾ ੩ ਘਰੁ ੧ ਤਿਤੁਕੀ    ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ {ਪੰਨਾ 637}

ਨੋਟ: ਤਿ-ਤੁਕੀ-ਤਿੰਨ ਤੁਕਾਂ ਵਾਲੀ, ਉਹ ਅਸ਼ਟਪਦੀ ਜਿਸ ਦੇ ਹਰੇਕ ਬੰਦ ਵਿਚ ਤਿੰਨ ਤੁਕਾਂ ਹਨ।

ਪਦਅਰਥ: ਹਰਿ ਜੀਉਹੇ ਪ੍ਰਭੂ ਜੀ! ਧੁਰਿਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ। ਪ੍ਰਹਿਲਾਦ ਜਨਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿਮਾਰ ਕੇ। ਪਚਾਇਆਖ਼ੁਆਰ ਕੀਤਾ, ਤਬਾਹ ਕਰ ਦਿੱਤਾ। ਪਰਤੀਤਿਸਰਧਾ। ਮਨਮੁਖਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿਭਟਕਣਾ ਵਿਚ।੧।

ਵਡਿਆਈਇੱਜ਼ਤ। ਪੈਜਲਾਜ। ਸੁਆਮੀਹੇ ਸੁਆਮੀ!ਰਹਾਉ।

ਜਮੁਮੌਤ, ਮੌਤ ਦਾ ਡਰ। ਜੋਹਿ ਨ ਸਾਕੈਤੱਕ ਨਹੀਂ ਸਕਦਾ। ਕਾਲੁਮੌਤ ਦਾ ਡਰ। ਮਨਿਮਨ ਵਿਚ। ਨਾਮੇ ਹੀਨਾਮ ਵਿਚ ਜੁੜ ਕੇ ਹੀ। ਮੁਕਤਿਮੌਤ ਦੇ ਡਰ ਤੋਂ ਖ਼ਲਾਸੀ। ਰਿਧਿ ਸਿਧਿਕਰਾਮਾਤੀ ਤਾਕਤਾਂ। ਗੁਰ ਕੈਗੁਰੂ ਦੀ ਰਾਹੀਂ। ਸਹਜਿਆਤਮਕ ਅਡੋਲਤਾ ਵਿਚ। ਸੁਭਾਈਸੁਭਾਇ, ਪ੍ਰੇਮ ਵਿਚ।੨।

ਅਰਥ: ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ।

ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧।

ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।

ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥ ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥ ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥ ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥ ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥ {ਪੰਨਾ 637-638}

ਪਦਅਰਥ: ਨੋਨੂੰ। ਆਵੀਆਵੈ, ਆਉਂਦੀ। ਲੋਭ ਸੁਆਉਲੋਭ ਦਾ ਸੁਆਰਥ, ਲੋਭਭਰੀ ਗ਼ਰਜ਼। ਗੁਰਮੁਖਿਗੁਰੂ ਦੀ ਸ਼ਰਨ ਪੈ ਕੇ। ਹਿਰਦੈਹਿਰਦੇ ਵਿਚ। ਭੇਦਿਓਵਿੱਝਿਆ। ਨਾਮਿਨਾਮ ਵਿਚ। ਭਾਉਪਿਆਰ। ਪਾਜੁਮੁਲੰਮਾ। ਲਹਿ ਜਾਸੀਉਤਰ ਜਾਏਗਾ। ਅਲਾਉਅਲਾਪ, ਬੋਲ।੩।

ਵਰਤਦਾਕੰਮ ਕਰਦਾ। ਭਗਤੀਭਗਤਾਂ ਨੇ। ਤੂਤੈਨੂੰ। ਲੋਕਸ੍ਰਿਸ਼ਟੀ। ਬਿਧਾਤਾਰਚਨਹਾਰ। ਮਨਸਾ—{मनीषा} ਮਨੋਕਾਮਨਾ। ਮਨਹਿਮਨਿ ਹੀ, ਮਨ ਵਿਚ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਸਬਦਿਸ਼ਬਦ ਦੀ ਰਾਹੀਂ।੪।

ਅਚਿੰਤਚਿੰਤਾ ਤੋਂ ਬਿਨਾ ਹੀ। ਪ੍ਰਭਹੇ ਪ੍ਰਭੂ! ਪਰਸਾਦਿਕਿਰਪਾ ਨਾਲ। ਮਨਿਮਨ ਵਿਚ। ਸਭਿਸਾਰੇ। ਸੁਉਹ (ਮਨੁੱਖ)ਵਿਗੁਚੈਖ਼ੁਆਰ ਹੁੰਦਾ ਹੈ।੫।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ। ਗੁਰੂ ਦੀ ਸਰਨ ਪੈ ਕੇ ਉਹਨਾਂ (ਮਨਮੁਖਾਂ) ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ। ਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ।੩।

ਹੇ ਪ੍ਰਭੂ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ। ਪਰ, ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿਚ ਹੀ ਲੀਨ ਕਰ ਦਿੱਤਾ ਹੈ, ਉਹਨਾਂ ਨੇ (ਹੇ ਪ੍ਰਭੂ! ਤੇਰੇ ਨਾਲ) ਸਾਂਝ ਪਾ ਲਈ।੪।

ਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ।੫।

TOP OF PAGE

Sri Guru Granth Darpan, by Professor Sahib Singh