ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 633

ਸੋਰਠਿ ਮਹਲਾ ੯ ॥ ਰੇ ਨਰ ਇਹ ਸਾਚੀ ਜੀਅ ਧਾਰਿ ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥ {ਪੰਨਾ 633}

ਪਦਅਰਥ: ਸਾਚੀ, ਅਟੱਲ, ਸਦਾ ਕਾਇਮ ਰਹਿਣ ਵਾਲੀ। ਜੀਅਦਿਲ ਵਿਚ। ਧਾਰਿਟਿਕਾ ਲੈ। ਸਗਲਸਾਰਾ। ਬਿਨਸਤਨਾਸ ਹੁੰਦਿਆਂ। ਬਾਰਚਿਰ, ਦੇਰ।੧।ਰਹਾਉ।

ਬਾਰੂਰੇਤ। ਭੀਤਿਕੰਧ। ਰਚਿਰਚ ਕੇ, ਉਸਾਰ ਕੇ। ਪਚਿਪੋਚ ਕੇ। ਉਰਝਿਓਮਸਤ ਹੋਇਆ। ਕਹਾਕਿਉਂ? ਗਵਾਰਹੇ ਮੂਰਖ!੧।

ਅਜਹੂਅੱਜ ਹੀ, ਹੁਣ ਹੀ। ਨਾਹਿਨਿਨਹੀਂ। ਮੁਰਾਰਿ—{ਮੁਰਅਰਿ} ਪਰਮਾਤਮਾ। ਕਹੁਆਖ। ਨਿਜਆਪਣਾ। ਮਤੁਖ਼ਿਆਲ। ਕੋਦਾ। ਤੋਹਿਤੈਨੂੰ। ਪੁਕਾਰਿਪੁਕਾਰ ਕੇ।੨।

ਅਰਥ: ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ, (ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।

ਹੇ ਭਾਈ! (ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ। ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ?੧।

ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਨਾਨਕ! ਆਖ-(ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ।੨।੮।

ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ {ਪੰਨਾ 633}

ਪਦਅਰਥ: ਜਗਿਜਗਤ ਵਿਚ। ਸੁਖਿਸੁਖ ਵਿਚ। ਸੰਗਿਨਾਲ।੧।ਰਹਾਉ।

ਦਾਰਾਇਸਤ੍ਰੀ। ਸਨਬੰਧੀਰਿਸ਼ਤੇਦਾਰ। ਸਗਰੇਸਾਰੇ। ਸਿਉਨਾਲ। ਨਿਰਧਨਕੰਗਾਲ। ਕਉਨੂੰ। ਸੰਗੁਸਾਥ। ਛਾਡਿਛੱਡ ਕੇ। ਸਭਿਸਾਰੇ।੧।

ਕਹਂਉ ਕਹਾਮੈਂ ਕੀਹ ਆਖਾਂ? ਯਿਆ ਮਨ ਕਉਇਸ ਮਨ ਨੂੰ। ਦੀਨਾ ਨਾਥਗਰੀਬਾਂ ਦਾ ਖਸਮ। ਸਕਲਸਾਰੇ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਭੈ ਭੰਜਨਡਰਾਂ ਦਾ ਨਾਸ ਕਰਨ ਵਾਲਾ। ਤਾ ਕੋਉਸ ਦਾ।੨।

ਸੁਆਨ ਪੂਛਕੁੱਤੇ ਦੀ ਪੂਛਲ। ਸੂਧਉਸਿੱਧੀ। ਮੈ ਕੀਨਉਮੈਂ ਕੀਤਾ ਹੈ। ਬਿਰਦਮੁੱਢਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਲੀਨਉਮੈਂ ਲੈ ਸਕਦਾ ਹਾਂ।੩।

ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ।੧।ਰਹਾਉ।

ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ।੧।

ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ (ਇਸ ਨੇ) ਭੁਲਾਈ ਹੋਈ ਹੈ।੨।

ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ! (ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।

ਸੋਰਠਿ ਮਹਲਾ ੯ ॥ ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥ ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥ ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥ ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥ {ਪੰਨਾ 633}

ਪਦਅਰਥ: ਗਹਿਓਫੜਿਆ, ਗ੍ਰਹਿਣ ਕੀਤਾ। ਕਹਾ ਭਇਓਕੀਹ ਹੋਇਆ? ਮੂਡੁਸਿਰ। ਭੇਸੁਭੇਖ।੧।ਰਹਾਉ।

ਸਾਚਸਦਾ-ਥਿਰ ਹਰਿਨਾਮ। ਝੂਠਹਨਾਸਵੰਤ (ਪਦਾਰਥਾਂ) ਵਿਚ। ਅਕਾਰਥੁਵਿਅਰਥ। ਪਰਪੰਚਪਖੰਡ, ਛਲ। ਉਦਰ ਨਿਜਆਪਣਾ ਪੇਟ। ਪੋਖਿਓਪਾਲਿਆ। ਪਸੁ ਕੀ ਨਿਆਈਪਸ਼ੂਆਂ ਵਾਂਗ।੧।

ਗਤਿਜੁਗਤਿ। ਹਾਥਿਹੱਥ ਵਿਚ। ਉਰਝਿ ਰਹਿਓਮਗਨ ਰਿਹਾ। ਬਿਖਿਅਨ ਸੰਗਿਮਾਇਕ ਪਦਾਰਥਾਂ ਨਾਲ।੨।

ਅਚੇਤੁਗ਼ਾਫ਼ਿਲ, ਅਵੇਸਲਾ। ਅਉਧਉਮਰ। ਸਿਰਾਨੀਗੁਜ਼ਾਰ ਦਿੱਤੀ। ਹਰਿਹੇ ਹਰੀ! ਬਿਰਦੁਮੁੱਢਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਰਾਨੀਜੀਵ।੩।

ਅਰਥ: ਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ। (ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ)੧।ਰਹਾਉ।

(ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ, (ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ।੧।

ਹੇ ਭਾਈ! (ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ। ਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ।੨।

(ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ। ਹੇ ਨਾਨਕ! ਆਖ-ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ।੩।੧੦।

ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}

ਪਦਅਰਥ: ਦੁਖ ਮੈਦੁੱਖਾਂ ਵਿਚ (ਘਿਰਿਆ ਹੋਇਆ ਭੀ)ਨਹੀ ਮਾਨੈਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁਸੁਖਾਂ ਦਾ ਮੋਹ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਜਾ ਕੈਜਿਸ ਦੇ ਮਨ ਵਿਚ। ਕੰਚਨਸੋਨਾ।੧।ਰਹਾਉ।

ਨਿੰਦਿਆਚੁਗ਼ਲੀਬੁਰਾਈ। ਉਸਤਤਿਖ਼ੁਸ਼ਾਮਦ। ਹਰਖ ਸੋਗ ਤੇਖ਼ੁਸ਼ੀ ਗ਼ਮੀ ਤੋਂ। ਮਾਨਆਦਰ। ਅਪਮਾਨਾਨਿਰਾਦਰੀ।੧।

ਮਨਸਾ—{मनीषा} ਮਨੋਕਾਮਨਾ। ਤੇਤੋਂ। ਪਰਸੈਛੁੰਹਦਾ। ਤਿਹ ਘਟਿਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾਪਰਮਾਤਮਾ ਦਾ ਨਿਵਾਸ।੨।

ਗੁਰਗੁਰੂ ਨੇ। ਜਿਹ ਨਰ ਕਉਜਿਸ ਮਨੁੱਖ ਉਤੇ। ਤਿਹਉਸ ਨੇ। ਸਿਉਨਾਲ, ਵਿਚ। ਸੰਗਿਨਾਲ।੩।

ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ)੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ)੧।

ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।

(ਪਰ) ਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।

TOP OF PAGE

Sri Guru Granth Darpan, by Professor Sahib Singh