ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 625

ਸੋਰਠਿ ਮਹਲਾ ੫ ॥ ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥ ਜਗਜੀਵਨ ਨਾਮੁ ਤੁਮਾਰਾ ॥ ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥ ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥ ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥ ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥ ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥ ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥ ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥ {ਪੰਨਾ 625}

ਪਦਅਰਥ: ਸਿਮਰਿ ਸਿਮਰਿਮੁੜ ਮੁੜ ਸਿਮਰ ਕੇ। ਕਲੇਸਝਗੜੇ। ਸਭਿਸਾਰੇ। ਸਾਂਠੇਸਾਧ ਲਏ। ਸਗਲੇਸਾਰੇ।੧।

ਜਗ ਜੀਵਨਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ। ਜਪਿਜਪ ਕੇ। ਭਉਜਲੁਸੰਸਾਰਸਮੁੰਦਰ।ਰਹਾਉ।

ਮੰਤ੍ਰੀਸਲਾਹਕਾਰ। ਸੁਨਹਿਤੂੰ ਸੁਣਦਾ ਹੈਂ। ਕਰਣੈਹਾਰਾਕਰ ਸਕਣ ਦੀ ਸਮਰਥਾ ਵਾਲਾ। ਆਪੇਆਪ ਹੀ। ਭੁਗਤਾਭੋਗਣ ਵਾਲਾ। ਕਿਆ ਵਿਚਾਰਾਕੋਈ ਪਾਂਇਆਂ ਨਹੀਂ।੨।

ਵਖਾਣੀਵਖਾਣੀਂ, ਮੈਂ ਬਿਆਨ ਕਰਾਂ। ਪੇਖਿਵੇਖ ਕੇ। ਜੀਵੈਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਤੁਮਹਿਤੇਰੀ। ਵਡਾਈਵਡੱਪਣ।੩।

ਅਨੁਗ੍ਰਹੁਕਿਰਪਾ। ਧਾਰਿਕਰ ਕੇ। ਪ੍ਰਭਹੇ ਪ੍ਰਭੂ। ਪਤਿਇੱਜ਼ਤ। ਮਤਿਅਕਲ। ਬਲਿਹਾਰੀਸਦਕੇ। ਬਾਛਹੁਬਾਛਉਂ, ਮੈਂ ਚਾਹੁੰਦਾ ਹਾਂ। ਧੂਰੀਚਰਨਧੂੜ।੪।

ਅਰਥ: ਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ। ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ) ਉਪਦੇਸ਼ ਦਿੱਤਾ, (ਉਹ ਮਨੁੱਖ) ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।ਰਹਾਉ।

ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ। (ਹੇ ਭਾਈ! ਵਡ-ਭਾਗੀ ਮਨੁੱਖ) ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ।੧।

ਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ (ਹਰੇਕ ਜੀਵ ਨੂੰ) ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਹਰੇਕ ਜੀਵ ਵਿਚ ਬੈਠਾ ਪਦਾਰਥਾਂ ਨੂੰ) ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ।੨।

ਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ। ਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। (ਹੇ ਭਾਈ! ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ।੩।

ਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ (ਜੀਵ ਉਤੇ) ਕਿਰਪਾ ਕਰ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੧੩।੬੩।

ਸੋਰਠਿ ਮਃ ੫ ॥ ਗੁਰੁ ਪੂਰਾ ਨਮਸਕਾਰੇ ॥ ਪ੍ਰਭਿ ਸਭੇ ਕਾਜ ਸਵਾਰੇ ॥ ਹਰਿ ਅਪਣੀ ਕਿਰਪਾ ਧਾਰੀ ॥ ਪ੍ਰਭ ਪੂਰਨ ਪੈਜ ਸਵਾਰੀ ॥੧॥ ਅਪਨੇ ਦਾਸ ਕੋ ਭਇਓ ਸਹਾਈ ॥ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥ ਕਰਤੈ ਪੁਰਖਿ ਤਾਲੁ ਦਿਵਾਇਆ ॥ ਪਿਛੈ ਲਗਿ ਚਲੀ ਮਾਇਆ ॥ ਤੋਟਿ ਨ ਕਤਹੂ ਆਵੈ ॥ ਮੇਰੇ ਪੂਰੇ ਸਤਗੁਰ ਭਾਵੈ ॥੨॥ ਸਿਮਰਿ ਸਿਮਰਿ ਦਇਆਲਾ ॥ ਸਭਿ ਜੀਅ ਭਏ ਕਿਰਪਾਲਾ ॥ ਜੈ ਜੈ ਕਾਰੁ ਗੁਸਾਈ ॥ ਜਿਨਿ ਪੂਰੀ ਬਣਤ ਬਣਾਈ ॥੩॥ ਤੂ ਭਾਰੋ ਸੁਆਮੀ ਮੋਰਾ ॥ ਇਹੁ ਪੁੰਨੁ ਪਦਾਰਥੁ ਤੇਰਾ ॥ ਜਨ ਨਾਨਕ ਏਕੁ ਧਿਆਇਆ ॥ ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥ {ਪੰਨਾ 625}

ਪਦਅਰਥ: ਨਮਸਕਾਰੇਸਿਰ ਨਿਵਾਂਦਾ ਹੈ, ਸ਼ਰਨ ਪੈਂਦਾ ਹੈ। ਪ੍ਰਭਿਪ੍ਰਭੂ ਨੇ। ਪੈਜਇੱਜ਼ਤ।੧।

ਕੋਦਾ। ਸਹਾਈਮਦਦਗਾਰ। ਕਰਤੈਕਰਤਾਰ ਨੇ। ਊਣੀ ਬਾਤਘਾਟ, ਕਮੀ।ਰਹਾਉ।

ਪੁਰਖਿਪੁਰਖ ਨੇ, ਸਰਬਵਿਆਪਕ ਪ੍ਰਭੂ ਨੇ। ਤਾਲੁਤਾਲਾ, ਜੰਦ੍ਰਾ, ਗੁਪਤ ਨਾਮਖ਼ਜ਼ਾਨਾ। ਦਿਵਾਇਆਦਿਵਾ ਦਿੱਤਾ (ਗੁਰੂ ਦੀ ਰਾਹੀਂ)ਤੋਟਿਕਮੀ। ਕਤਹੂਕਿਤੇ ਭੀ। ਸਤਗੁਰ ਭਾਵੈਗੁਰੂ ਨੂੰ ਚੰਗੀ ਲੱਗਦੀ ਹੈ।੨।

ਦਇਆਲਾਦਇਆਦਾਘਰ ਪ੍ਰਭੂ। ਸਭਿਸਾਰੇ। ਜੀਅ—{ਲਫ਼ਜ਼ 'ਜੀਉ' ਤੋਂ ਬਹੁ-ਵਚਨ}ਕਿਰਪਾਲਾਕਿਰਪਾ ਦੇ ਘਰ ਪ੍ਰਭੂ ਦਾ ਰੂਪ। ਜੈ ਜੈ ਕਾਰੁਸੋਭਾ, ਸਿਫ਼ਤਿ-ਸਾਲਾਹ। ਗੁਸਾਈਸ੍ਰਿਸ਼ਟੀ ਦਾ ਮਾਲਕ। ਜਿਨਿਜਿਸ (ਗੁਸਾਈ) ਨੇ। ਬਣਤਵਿਓਂਤ।੩।

ਮੋਰਾਮੇਰਾ। ਪੁੰਨੁਬਖ਼ਸ਼ੀਸ਼। ਪਦਾਰਥੁਨਾਮਵਸਤ। ਸਰਬ ਫਲਾਸਾਰੇ ਫਲ ਦੇਣ ਵਾਲਾ।੪।

ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ। ਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ।ਰਹਾਉ।

ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ (ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ, ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ, ਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ।੧।

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ, (ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। (ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ। ਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ।੨।

ਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ) ਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ। (ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ, ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ।੩।

ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ। ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ।੪।੧੪।੬੪।

ਸੋਰਠਿ ਮਹਲਾ ੫ ਘਰੁ ੩ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥ ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥ {ਪੰਨਾ 625}

ਪਦਅਰਥ: ਰਾਮਦਾਸ ਸਰੋਵਰਿਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ ਜਿਥੇ ਨਾਮਜਲ ਦਾ ਪ੍ਰਵਾਹ ਚੱਲਦਾ ਹੈ। ਨਾਤੇਨ੍ਹਾਤੇ। ਸਭਿਸਾਰੇ। ਕਮਾਤੇਕਮਾਏ ਹੋਏ, ਕੀਤੇ ਹੋਏ। ਕਰਿਕਰ ਕੇ। ਗੁਰਿਗੁਰੂ ਨੇ। ਦਾਨਾਬਖ਼ਸ਼ਸ਼।੧।

ਸਭਿਸਾਰੇ। ਕੁਸਲ ਖੇਮਸੁਖ ਆਨੰਦ। ਪ੍ਰਭਿਪ੍ਰਭੂ ਨੇ। ਸਭਿ ਥੋਕਸਾਰੀਆਂ ਚੀਜ਼ਾਂ, ਆਤਮਕ ਜੀਵਨ ਦੇ ਸਾਰੇ ਗੁਣ। ਉਬਾਰੇਬਚਾ ਲਏ। ਬੀਚਾਰੇਬੀਚਾਰਿ, ਵਿਚਾਰ ਕੇ, ਸੋਚਮੰਡਲ ਵਿਚ ਟਿਕਾ ਕੇ।ਰਹਾਉ।

ਸਾਧ ਸੰਗਿਸਾਧ ਸੰਗਤਿ ਵਿਚ। ਮਲੁਵਿਕਾਰਾਂ ਦੀ ਮੈਲ। ਸਾਥੀਸਹਾਈ। ਪੁਰਖਸਰਬਵਿਆਪਕ।੨।

ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ, ਪ੍ਰਭੂ ਨੇ (ਉਸ ਦੇ ਹਿਰਦੇ ਵਿਚ) ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ।ਰਹਾਉ।

ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।੧।

ਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ।੨।੧।੬੫।

ਨੋਟ: ਇਥੋਂ 'ਘਰੁ ੩' ਦੇ ਸ਼ਬਦ ਦੋ ਬੰਦਾਂ ਵਾਲੇ ਸ਼ੁਰੂ ਹੋਏ ਹਨ। ਦੁ-ਪਦੇ-ਦੋ ਬੰਦਾਂ ਵਾਲੇ।

TOP OF PAGE

Sri Guru Granth Darpan, by Professor Sahib Singh