ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 622

ਸੋਰਠਿ ਮਹਲਾ ੫ ॥ ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥ ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ {ਪੰਨਾ 621-622}

ਪਦਅਰਥ: ਗੁਰਿਗੁਰੂ ਨੇ। ਪ੍ਰਭਿਪ੍ਰਭੂ ਨੇ। ਲੋਚਤਾਂਘ। ਕਰਿ ਇਸਨਾਨੁਮਨ ਨੂੰ ਨਾਮ ਜਲ ਨਾਲ ਪਵਿਤ੍ਰ ਕਰ ਕੇ। ਗ੍ਰਿਹਿ ਆਏਅੰਤਰਆਤਮੇ ਟਿਕ ਗਏ ਹਾਂ, ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਗਏ ਹਾਂ।੧।

ਨਾਮਿਨਾਮ ਵਿਚ (ਜੁੜ ਕੇ ਹੀ)ਨਿਸਤਰੀਐਪਾਰ ਲੰਘ ਸਕੀਦਾ ਹੈ। ਧਿਆਈਐਧਿਆਉਣਾ ਚਾਹੀਦਾ ਹੈ। ਅਨਦਿਨੁਹਰਿ ਰੋਜ਼, ਹਰ ਵੇਲੇ। ਸੁਕ੍ਰਿਤੁਨੇਕ ਕਰਮ। ਕਰੀਐਕਰਨਾ ਚਾਹੀਦਾ ਹੈ।੧।ਰਹਾਉ।

ਮਾਰਗੁ—(ਜੀਵਨ ਦਾ) ਰਸਤਾ। ਕੋਕੋਈ ਵਿਰਲਾ। ਕੋਟਿਕ੍ਰੋੜਾਂ। ਕਿਲਬਿਖਪਾਪ।੨।

ਉਸਤਤਿਸਿਫ਼ਤਿ-ਸਾਲਾਹ। ਜਿਨਿਜਿਸ (ਪ੍ਰਭੂ) ਨੇ। ਕਲਕਲਾ, ਤਾਕਤ। ਸਭਿਸਾਰੇ। ਸਾਖੀਸਿੱਖਿਆ। ਸਚੁਸਦਾ-ਥਿਰ ਹਰਿਨਾਮ (ਦਾ ਸਿਮਰਨ)੩।

ਸਤਿਗੁਰਿਗੁਰੂ ਨੇ। ਦ੍ਰਿੜਾਇਆਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿਸਾਰੇ। ਪਾਵਨਪਵਿੱਤ੍ਰ। ਸੁਖਿਆਨੰਦ ਨਾਲ। ਘਰਿਘਰ ਵਿਚ, ਹਿਰਦੇ ਵਿਚ, ਅੰਤਰਆਤਮੇ।੪।

ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।

(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ।੧।

(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ। ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।

ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ। ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ।੩।

ਹੇ ਨਾਨਕ! (ਆਖ-ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।੪।੩।੫੩।

ਸੋਰਠਿ ਮਹਲਾ ੫ ॥ ਸਾਹਿਬੁ ਗੁਨੀ ਗਹੇਰਾ ॥ ਘਰੁ ਲਸਕਰੁ ਸਭੁ ਤੇਰਾ ॥ ਰਖਵਾਲੇ ਗੁਰ ਗੋਪਾਲਾ ॥ ਸਭਿ ਜੀਅ ਭਏ ਦਇਆਲਾ ॥੧॥ ਜਪਿ ਅਨਦਿ ਰਹਉ ਗੁਰ ਚਰਣਾ ॥ ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥ ਤੇਰਿਆ ਦਾਸਾ ਰਿਦੈ ਮੁਰਾਰੀ ॥ ਪ੍ਰਭਿ ਅਬਿਚਲ ਨੀਵ ਉਸਾਰੀ ॥ ਬਲੁ ਧਨੁ ਤਕੀਆ ਤੇਰਾ ॥ ਤੂ ਭਾਰੋ ਠਾਕੁਰੁ ਮੇਰਾ ॥੨॥ ਜਿਨਿ ਜਿਨਿ ਸਾਧਸੰਗੁ ਪਾਇਆ ॥ ਸੋ ਪ੍ਰਭਿ ਆਪਿ ਤਰਾਇਆ ॥ ਕਰਿ ਕਿਰਪਾ ਨਾਮ ਰਸੁ ਦੀਆ ॥ ਕੁਸਲ ਖੇਮ ਸਭ ਥੀਆ ॥੩॥ ਹੋਏ ਪ੍ਰਭੂ ਸਹਾਈ ॥ ਸਭ ਉਠਿ ਲਾਗੀ ਪਾਈ ॥ ਸਾਸਿ ਸਾਸਿ ਪ੍ਰਭੁ ਧਿਆਈਐ ॥ ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥ {ਪੰਨਾ 622}

ਪਦਅਰਥ: ਗੁਨੀਗੁਣਾਂ ਦਾ ਮਾਲਕ। ਗਹੇਰਾਗਹਿਰਾ, ਡੂੰਘਾ। ਘਰੁ ਲਸਕਰੁਘਰ ਅਤੇ ਪਰਵਾਰ ਆਦਿਕ। ਗੁਰਹੇ ਗੁਰੂ! ਗੋਪਾਲਾਹੇ ਗੋਪਾਲਾ! ਰਖਵਾਲਾਹੇ ਰਾਖੇ! ਸਭਿ ਜੀਅਸਾਰੇ ਜੀਵਾਂ ਉੱਤੇ।੧।

ਅਨਦਿਆਤਮਕ ਆਨੰਦ ਵਿਚ। ਰਹਉਰਹਉਂ, ਮੈਂ ਰਹਿੰਦਾ ਹਾਂ। ਕਤਹਿਕਿਤੇ ਭੀ।ਰਹਾਉ।

ਮੁਰਾਰੀ—{ਮੁਰਅਰਿ} ਪਰਮਾਤਮਾ। ਰਿਦੈਹਿਰਦੇ ਵਿਚ। ਪ੍ਰਭਿਪ੍ਰਭੂ ਨੇ। ਅਬਿਚਲ ਨੀਵ—(ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ। ਤਕੀਆਆਸਰਾ। ਭਾਰੋਵੱਡਾ। ਠਾਕੁਰੁਮਾਲਕ।੨।

ਜਿਨਿਜਿਸ (ਮਨੁੱਖ) ਨੇ। ਪ੍ਰਭਿਪ੍ਰਭੂ ਨੇ। ਤਰਾਇਆਪਾਰ ਲੰਘਾ ਲਿਆ। ਰਸੁਸੁਆਦ। ਕੁਸਲ ਖੇਮਸੁਖ ਆਨੰਦ।੩।

ਸਹਾਈਮਦਦਗਾਰ। ਪਾਈਪੈਰੀਂ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਮੰਗਲੁਸਿਫ਼ਤਿ-ਸਾਲਾਹ ਦਾ ਗੀਤ।੪।

ਅਰਥ: ਹੇ ਭਾਈ! ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹਾਂ। ਹੇ ਭਾਈ! ਪ੍ਰਭੂ ਦੀ ਸ਼ਰਨ ਪਿਆਂ ਕਿਤੇ ਭੀ ਕੋਈ ਡਰ ਪੋਹ ਨਹੀਂ ਸਕਦਾ।ਰਹਾਉ।

ਹੇ ਸਭ ਤੋਂ ਵੱਡੇ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਭ ਜੀਵਾਂ ਦੇ ਰਾਖੇ! ਤੂੰ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈਂ। ਤੂੰ ਸਭ ਦਾ ਮਾਲਕ ਹੈਂ, ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। (ਜੀਵਾਂ ਨੂੰ) ਸਾਰਾ ਘਰ-ਘਾਟ ਤੇਰਾ ਹੀ ਦਿੱਤਾ ਹੋਇਆ ਹੈ।੧।

ਹੇ ਪ੍ਰਭੂ! ਤੇਰੇ ਸੇਵਕਾਂ ਦੇ ਹਿਰਦੇ ਵਿਚ ਹੀ ਨਾਮ ਵੱਸਦਾ ਹੈ। ਹੇ ਪ੍ਰਭੂ! ਤੂੰ (ਆਪਣੇ ਦਾਸਾਂ ਦੇ ਹਿਰਦੇ ਵਿਚ ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖ ਦਿੱਤੀ ਹੋਈ ਹੈ। ਹੇ ਪ੍ਰਭੂ! ਤੂੰ ਹੀ ਮੇਰਾ ਬਲ ਹੈਂ, ਤੂੰ ਹੀ ਮੇਰਾ ਧਨ ਹੈ, ਤੇਰਾ ਹੀ ਮੈਨੂੰ ਆਸਰਾ ਹੈ। ਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈਂ।੨।

ਹੇ ਭਾਈ! ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ, ਉਸ ਉਸ ਨੂੰ ਪ੍ਰਭੂ ਨੇ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ। ਜਿਸ ਮਨੁੱਖ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ, ਉਸ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੩।

ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਸਾਰੀ ਲੁਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ। ਹੇ ਨਾਨਕ! ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।੪।੪।੫੪।

ਸੋਰਠਿ ਮਹਲਾ ੫ ॥ ਸੂਖ ਸਹਜ ਆਨੰਦਾ ॥ ਪ੍ਰਭੁ ਮਿਲਿਓ ਮਨਿ ਭਾਵੰਦਾ ॥ ਪੂਰੈ ਗੁਰਿ ਕਿਰਪਾ ਧਾਰੀ ॥ ਤਾ ਗਤਿ ਭਈ ਹਮਾਰੀ ॥੧॥ ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ ਹਰਿ ਚਰਣ ਕੀ ਓਟ ਸਤਾਣੀ ॥ ਸਭ ਚੂਕੀ ਕਾਣਿ ਲੋਕਾਣੀ ॥ ਜਗਜੀਵਨੁ ਦਾਤਾ ਪਾਇਆ ॥ ਹਰਿ ਰਸਕਿ ਰਸਕਿ ਗੁਣ ਗਾਇਆ ॥੨॥ ਪ੍ਰਭ ਕਾਟਿਆ ਜਮ ਕਾ ਫਾਸਾ ॥ ਮਨ ਪੂਰਨ ਹੋਈ ਆਸਾ ॥ ਜਹ ਪੇਖਾ ਤਹ ਸੋਈ ॥ ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥ ਕਰਿ ਕਿਰਪਾ ਪ੍ਰਭਿ ਰਾਖੇ ॥ ਸਭਿ ਜਨਮ ਜਨਮ ਦੁਖ ਲਾਥੇ ॥ ਨਿਰਭਉ ਨਾਮੁ ਧਿਆਇਆ ॥ ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥ {ਪੰਨਾ 622}

ਪਦਅਰਥ: ਸਹਜਆਤਮਕ ਅਡੋਲਤਾ। ਮਨਿਮਨ ਵਿਚ। ਭਾਵੰਦਾਪਿਆਰਾ ਲੱਗਣ ਵਾਲਾ। ਗੁਰਿਗੁਰੂ ਨੇ। ਗਤਿਉੱਚੀ ਆਤਮਕ ਅਵਸਥਾ।੧।

ਪ੍ਰੇਮ ਭਗਤਿਪਿਆਰਭਰੀ ਭਗਤੀ। ਬਾਜੇਵੱਜਦੀ ਹੈ। ਅਨਹਦਇਕ-ਰਸ, ਲਗਾਤਾਰ।ਰਹਾਉ।

ਓਟਆਸਰਾ। ਸਤਾਣੀਤਾਣੀ, ਤਾਣ ਵਾਲੀ, ਤਕੜੀ। ਕਾਣਿਮੁਥਾਜੀ। ਲੋਕਾਣੀਲੋਕਾਂ ਦੀ। ਜਗਜੀਵਨੁਜਗਤ ਦਾ ਜੀਵਨ, ਜਗਤ ਦਾ ਜੀਵਨਦਾਤਾ। ਰਸਕਿਪ੍ਰੇਮ ਨਾਲ, ਰਸ ਲੈ ਲੈ ਕੇ।੨।

ਫਾਹਾਫਾਹੀ। ਜਹਜਿੱਥੇ। ਪੇਖਾਪੇਖਾਂ, ਮੈਂ ਵੇਖਦਾ ਹਾਂ। ਤਹਉੱਥੇ।੩।

ਪ੍ਰਭਿਪ੍ਰਭੂ ਨੇ। ਸਭਿਸਾਰੇ। ਅਟਲਕਦੇ ਨਾਹ ਮੁੱਕਣ ਵਾਲਾ।੪।

ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ।ਰਹਾਉ।

(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ, (ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ, ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।੧।

ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ, ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ। ਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।੨।

ਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ, ਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ।੩।

ਹੇ ਨਾਨਕ! ਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ। ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ।੪।੫।੫੫।

ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥ {ਪੰਨਾ 622}

ਪਦਅਰਥ: ਠਾਢਿਠੰਢ, ਸ਼ਾਂਤੀ। ਕਰਤਾਰੇਕਰਤਾਰਿ, ਕਰਤਾਰ ਨੇ। ਪਰਵਾਰੇਪਰਵਾਰ ਨੂੰ, ਜੀਵ ਦੇ ਸਾਰੇ ਗਿਆਨਇੰਦ੍ਰਿਆਂ ਨੂੰ। ਗੁਰਿਗੁਰੂ ਨੇ। ਸਚੇ ਕੀਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ। ਤਾਕੀਤੱਕੀ।੧।

ਰਖਵਾਲਾਰਾਖਾ। ਸਹਜ ਸੁਖਆਤਮਕ ਅਡੋਲਤਾ ਦੇ ਸੁਖ। ਉਪਜੇਪੈਦਾ ਹੋ ਗਏ। ਸੁਖਾਲਾਸੁਖੀ।ਰਹਾਉ।

ਦਾਰੂਦਵਾਈ। ਤਿਨਿਉਸ (ਦਾਰੂ) ਨੇ। ਬਿਦਾਰੂਨਾਸ ਕਰ ਦਿੱਤਾ। ਬਾਤ—(ਜੀਵਨ ਦੀ) ਕਹਾਣੀ।੨।

ਪ੍ਰਭਿਪ੍ਰਭੂ ਨੇ। ਬਿਰਦੁਮੁੱਢਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਰਿਆਚੇਤੇ ਰੱਖਿਆ। ਹਮਰਾਅਸਾਂ ਜੀਵਾਂ ਦਾ। ਸਾਖੀਸਾਖਿਆਤ। ਤਿਨਿਉਸ (ਸ਼ਬਦ) ਨੇ। ਲਾਜਇੱਜ਼ਤ।੩।

ਬੋਲੀਬੋਲੀਂ, ਮੈਂ ਬੋਲਦਾ ਹਾਂ, ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ। ਗੁਣੀਗੁਣਾਂ ਦਾ ਮਾਲਕ। ਗਹੇਰਾਡੂੰਘਾ। ਸਚੁ ਸਾਖੀਸਦਾ ਨਾਲ ਨਿਭਣ ਵਾਲਾ ਮਦਦਗਾਰ। ਸਾਖੀਸਾਖ ਭਰਨ ਵਾਲਾ। ਪੈਜਇੱਜ਼ਤ।੪।

ਅਰਥ: ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ।੧।

ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ ਉਸ ਨਾਮ-ਦਾਰੂ ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ। ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ)੨।

ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ। ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ। (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ)੩।

ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ। ਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ। ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ।੪।੬।੫੬।

TOP OF PAGE

Sri Guru Granth Darpan, by Professor Sahib Singh